(1) 1਼ ਅਲਿਫ਼, ਲਾਮ, ਮੀਮ।
(2) 2਼ ਉਹ ਅੱਲਾਹ ਹੇ, ਉਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ (ਸਦਾ ਤੋਂ ਅਤੇ ਸਦਾ ਲਈ) ਜਿਉਂਦਾ ਹੇ ਅਤੇ (ਸ੍ਰਿਸ਼ਟੀ ਦੀ ਵਿਵਸਥਾ ਨੂੰ) ਸਾਂਭਣ ਵਾਲਾ ਹੇ।
(3) 3਼ (ਹੇ ਨਬੀ!) ਉਸੇ ਨੇ ਤੁਹਾਡੇ ’ਤੇ ਹੱਕ ਸੱਚ ਦੇ ਨਾਲ ਕਿਤਾਬ (.ਕੁਰਆਨ) ਉਤਾਰੀ ਜਿਹੜੀ ਆਪਣੇ ਤੋਂ ਪਹਿਲੀਆਂ (ਰੱਬ ਵੱਲੋਂ ਨਾਜ਼ਿਲ ਹੋਣ ਵਾਲੀਆਂ) ਕਿਤਾਬਾਂ ਦੀ ਪੁਸ਼ਟੀ ਕਰਦੀ ਹੇ। ਉਸੇ (ਅੱਲਾਹ) ਨੇ ਤੌਰੈਤ ਅਤੇ ਇੰਜੀਲ ਨੂੰ ਨਾਜ਼ਿਲ ਕੀਤਾ।
(4) 4਼ ਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ।
(5) 5਼ ਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ।
(6) 6਼ ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ।
(7) 7਼ (ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।
(8) 8਼ (ਅਕਲ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬ! ਹਿਦਾਇਤ ਦੇਣ ਮਗਰੋਂ ਸਾਡੇ ਦਿਲਾਂ ਵਿਚ ਵਿੰਗ-ਵਲ ਨਾ ਪਾਈਂ ਅਤੇ ਸਾਡੇ ਉੱਤੇ ਆਪਣੇ ਕੋਲੋਂ ਰਹਿਮਤ ਦੀ ਬਖ਼ਸ਼ਿਸ਼ ਕਰ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਸਖ਼ੀ ਦਾਤਾ ਹੇ।
(9) 9਼ ਹੇ ਸਾਡੇ ਰੱਬ! ਬੇਸ਼ੱਕ ਤੂੰ ਇਕ ਦਿਨ ਸਾਰੇ ਲੋਕਾਂ ਨੂੰ (ਆਪਣੀ ਹਜ਼ੂਰੀ ਵਿਚ) ਜਮ੍ਹਾਂ ਕਰਨ ਵਾਲਾ ਹੇ ਜਿਸ ਦੇ ਆਉਣ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਆਪਣੇ ਬਚਨਾਂ ਤੋਂ ਟਲਣ ਵਾਲਾ ਨਹੀਂ।
(10) 10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ (ਰੱਬ ਦਾ) ਇਨਕਾਰ ਕੀਤਾ ਉਹਨਾਂ ਦੇ ਮਾਲ ਅਤੇ ਔਲਾਦ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ ਕੁੱਝ ਕੰਮ ਨਹੀਂ ਆਵੇਗੀ, ਉਹ ਲੋਕੀਂ ਤਾਂ (ਨਰਕ ਦੀ) ਅੱਗ ਦਾ ਬਾਲਣ ਹਨ।
(11) 11਼ (ਉਹਨਾਂ ਦਾ ਅੰਤ) ਫ਼ਿਰਔਨ ਦੇ ਸਾਥੀਆਂ ਅਤੇ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਵਾਂਗ ਹੋਵੇਗਾ। ਉਹਨਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੂੰ ਝੁਠਲਾਇਆ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਕਾਰਨ (ਸਜ਼ਾ ਲਈ) ਨੱਪ ਲਿਆ। ਅੱਲਾਹ ਸਜ਼ਾ ਦੇਣ ਵਿਚ ਬਹੁਤ ਸਖ਼ਤ ਹੇ।
(12) 12਼ (ਹੇ ਨਬੀ!) ਜਿਹਨਾਂ ਲੋਕਾਂ ਨੇ ਕੁਫ਼ਰ ਕੀਤਾ ਹੇ ਉਹਨਾਂ ਨੂੰ ਆਖ ਦਿਓ ਕਿ ਛੇਤੀ ਹੀ ਤੁਸੀਂ (ਅੱਲਾਹ ਦੇ) ਅਧੀਨ ਹੋ ਜਾਓਗੇ ਅਤੇ ਤੁਹਾਨੂੰ ਨਰਕ ਵੱਲ ਹੱਕਿਆ ਜਾਵੇਗਾ ਜੋ ਕਿ ਬਹੁਤ ਹੀ ਬੁਰਾ ਟਿਕਾਣਾ ਹੇ।
(13) 13਼ ਹਕੀਕਤ ਵਿਚ ਤੁਹਾਡੇ ਲਈ ਉਹਨਾਂ ਦੋ ਧੜ੍ਹਿਆਂ (ਮੋਮਿਨ ਤੇ ਕਾਫ਼ਿਰਾਂ) ਵਿਚ (ਸਿੱਖਿਆ ਲਈ) ਇਕ ਅਹਿਮ ਨਿਸ਼ਾਨੀ ਸੀ ਜਿਹੜੇ (ਬਦਰ ਦੇ ਮੈਦਾਨ ਵਿਚ) ਇਕ ਦੂਜੇ ਨਾਲ ਭਿੜੇ ਸੀ (ਉਹਨਾਂ ਵਿਚ) ਇਕ ਧੜਾ ਅੱਲਾਹ ਦੀ ਰਾਹ ਵਿਚ ਲੜ ਰਿਹਾ ਸੀ ਅਤੇ ਦੂਜਾ (ਰੱਬ ਦਾ) ਇਨਕਾਰੀ ਸੀ। ਵੇਖਣ ਵਾਲੀਆਂ ਅੱਖਾਂ ਉਹਨਾਂ (ਕਾਫ਼ਿਰਾਂ) ਦੇ ਧੜੇ ਨੂੰ (ਮੁਸਲਮਾਨਾਂ ਦੇ ਧੜੇ ਤੋਂ) ਦੋ ਗੁਣਾ ਵੇਖ ਰਹੀਆਂ ਸਨ। (ਜਦ ਕਿ) ਅੱਲਾਹ ਜਿਸ ਨੂੰ ਚਾਹੁੰਦਾ ਹੇ ਆਪਣੀ ਮਦਦ ਦੁਆਰਾ ਸ਼ਕਤੀ (ਸਹਾਇਤਾ) ਪ੍ਰਦਾਨ ਕਰਦਾ ਹੇ। ਬੇਸ਼ੱਕ ਇਸ (ਜੰਗ ਵਿਚ) ਸੂਝ-ਬੂਝ ਰੱਖਣ ਵਾਲਿਆਂ ਲਈ ਇਕ ਵੱਡੀ ਨਸੀਹਤ ਹੇ।
(14) 14਼ ਲੋਕਾਂ ਲਈ ਮਨ ਭਾਂਉਂਦੀਆਂ ਚੀਜ਼ਾਂ ਡਾਢੀਆਂ ਸੋਹਣੀਆਂ ਬਣਾ ਛੱਡੀਆਂ ਹਨ ਜਿਵੇਂ ਪਤਨੀਆਂ, ਪੁੱਤਰ, ਸੋਨੇ ਚਾਂਦੀ ਦੇ ਭੰਡਾਰ, ਚੋਣਵੇ ਘੋੜੇ, (ਪਾਲਤੂ) ਜਾਨਵਰ ਅਤੇ (ਹਰੀ ਭਰੀ) ਖੇਤੀ, ਜਦ ਕਿ ਇਹ ਸਭ ਸੰਸਾਰਿਕ ਜੀਵਨ ਦੀ ਹੀ ਸਮੱਗਰੀ ਹੇ, ਪਰ ਵਧੀਆ ਟਿਕਾਣਾ ਅੱਲਾਹ ਦੇ ਕੋਲ ਹੀ ਹੇ।
(15) 15਼ (ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ।
(16) 16਼ ਜਿਹੜੇ ਲੋਕ ਦੁਆ ਕਰਦੇ ਹਨ ਕਿ ਹੇ ਸਾਡੇ ਰੱਬ! ਬੇਸ਼ੱਕ ਅਸੀਂ ਈਮਾਨ ਲਿਆਏ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਸੁਰੱਖਿਅਤ ਰੱਖ।
(17) 17਼ ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।
(18) 18਼ ਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੇ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੇ।
(19) 19਼ ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੇ ਅਤੇ ਅਹਲੇ ਕਿਤਾਬ (ਭਾਵ ਯਹੂਦੀ ਤੇ ਈਸਾਈ) ਨੇ (ਰੱਬੀ) ਗਿਆਨ ਆਉਣ ਤੋਂ ਬਾਅਦ ਕੇਵਲ ਇਸ ਲਈ ਇਸਦਾ ਵਿਰੋਧ ਕੀਤਾ ਕਿਉਂ ਜੋ ਉਹ ਆਪਸ ਵਿਚ ਹਟਧਰਮੀ ਅਤੇ ਈਰਖਾ ਵਾਲਾ ਵਤੀਰਾ ਰਖਦੇ ਸਨ। ਜਿਹੜਾ ਵੀ ਕੋਈ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰੇਗਾ ਅੱਲਾਹ ਛੇਤੀ ਹੀ (ਉਸ ਤੋਂ) ਹਿਸਾਬ ਲੈਣ ਵਾਲਾ ਹੇ।
(20) 20਼ (ਹੇ ਮੁਹੰਮਦ!) ਜੇ ਉਹ (ਅਹਲੇ ਕਿਤਾਬ) ਤੁਹਾਡੇ ਨਾਲ ਝਗੜਾ ਕਰਨ ਤਾਂ ਆਖ ਦਿਓ ਕਿ ਮੈਂ ਅਤੇ ਮੇਰੇ ਪੈਰੋਕਾਰਾਂ ਨੇ ਵੀ ਆਪਣਾ ਸੀਸ ਅੱਲਾਹ ਦੇ ਅੱਗੇ ਝੁਕਾ ਦਿੱਤਾ ਹੇ। ਤੁਸੀਂ ਅਹਲੇ ਕਿਤਾਬ (ਯਹੂਦੀ ਅਤੇ ਈਸਾਈ) ਅਤੇ ਅਣਪੜ੍ਹ (ਕਾਫ਼ਿਰ ਅਤੇ ਮੁਸ਼ਰਿਕ) ਲੋਕਾਂ ਨੂੰ ਪੁੱਛੋ ਕੀ ਤੁਸੀਂ ਇਸਲਾਮ ਕਬੂਲ ਕਰਦੇ ਹੋ? ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਹਿਦਾਇਤ ਮਿਲ ਜਾਵੇਗੀ। ਜੇ ਉਹ ਮੂੰਹ ਮੋੜਣਗੇ ਤਾਂ (ਕੋਈ ਗੱਲ ਨਹੀਂ) ਤੁਹਾਡੇ ਜ਼ਿੰਮੇਂ ਤਾਂ ਕੇਵਲ ਰੱਬੀ ਪੈਗ਼ਾਮ ਪਹੁੰਚਾਉਣ ਦੀ ਹੀ ਜ਼ਿੰਮੇਵਾਰੀ ਹੇ। ਅੱਲਾਹ ਆਪਣੇ ਬੰਦਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੇ।
(21) 21਼ ਬੇਸ਼ੱਕ ਜਿਹੜੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰਦੇ ਹਨ, ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਹਨ ਅਤੇ ਉਹਨਾਂ ਲੋਕਾਂ ਨੂੰ ਵੀ (ਨਾ-ਹੱਕਾ) ਕਤਲ ਕਰਦੇ ਹਨ ਜਿਹੜੇ ਹੱਕ ਇਨਸਾਫ਼ ਦੀਆਂ ਗੱਲਾਂ ਕਰਦੇ ਹਨ ਤਾਂ ਤੁਸੀਂ (ਹੇ ਨਬੀ!) ਉਹਨਾਂ (ਜ਼ਾਲਮਾਂ) ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
(22) 22਼ ਇਹ ਉਹ ਲੋਕ ਹਨ ਜਿਨ੍ਹਾਂ ਦੇ ਅਮਲ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋ ਗਏ ਅਤੇ ਉਹਨਾਂ ਦੀ ਕੋਈ ਮਦਦ ਕਰਨ ਵਾਲਾ ਵੀ ਨਹੀਂ ਹੇ।
(23) 23਼ ਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ।
(24) 24਼ ਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ।
(25) 25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ।
(26) 26਼ ਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ।
(27) 27਼ ਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ।
(28) 28਼ ਮੋਮਿਨਾਂ ਨੂੰ ਚਾਹੀਦਾ ਹੇ ਕਿ ਈਮਾਨ ਵਾਲਿਆਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ (ਰਾਜ਼ਦਾਰ) ਨਾ ਬਣਾਉਣ ਅਤੇ ਜੋ ਵੀ ਇੰਜ ਕਰੇਗਾ ਫੇਰ ਅੱਲਾਹ ਦਾ ਉਸ ਨਾਲ ਕੋਈ ਸੰਬੰਧ ਨਹੀਂ। ਹਾਂ! ਉਸ ਸਮੇਂ ਮੁਆਫ਼ੀ ਹੇ ਜਦੋਂ ਤੁਹਾਨੂੰ ਉਹਨਾਂ ਦੀਆਂ ਸ਼ਰਾਰਤਾਂ ਤੋਂ ਬਚਾਓ ਕਰਨਾ ਹੋਵੇ (ਤਾਂ ਦੋਸਤੀ ਕਰ ਸਕਦੇ ਹੋ) ਅੱਲਾਹ ਤੁਹਾ` ਆਪਣੀ ਜ਼ਾਤ ਤੋਂ ਡਰਾ ਰਿਹਾ ਹੇ1 ਅਤੇ ਤੁਸੀਂ ਪਰਤ ਕੇ ਅੱਲਾਹ ਵੱਲ ਹੀ ਜਾਣਾ ਹੇ।
1 ਅਤੇ ਅੱਲਾਹ ਦਾ ਇਹ ਬਿਆਨ ਹੇ ਕਿ ਉਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾਉਂਦਾ ਹੇ ਭਾਵ ਆਪਣੀ ਸਜ਼ਾ ਤੋਂ, ਨਬੀ ਕਰੀਮ ਸ: ਨੇ ਫ਼ਰਮਾਇਆ ਅੱਲਾਹ ਤੋਂ ਵੱਧ ਕੇ ਕੋਈ ਗ਼ੈਰਤਮੰਦ ਨਹੀਂ ਹੇ ਇਸੇ ਲਈ ਉਸ ਨੇ ਅਸ਼ਲੀਲਤਾ ਵਾਲੇ ਸਾਰੇ ਕੰਮਾਂ ਨੂੰ ਹਰਾਮ ਕਿਹਾ ਹੇ ਅਤੇ ਅੱਲਾਹ ਤੋਂ ਵੱਧ ਕੇ ਕੋਈ ਅਜਿਹਾਂ ਵੀ ਨਹੀਂ ਜਿਹੜਾ ਇਹ ਪਸੰਦ ਕਰਦਾ ਹੋਵੇ ਕਿ ਉਸ ਦੀ ਸ਼ਲਾਘਾਂ ਕੀਤੀ ਜਾਵੇ ਭਾਵ ਅੱਲਾਹ ਇਸ ਨੂੰ ਬਹੁਤ ਪਸੰਦ ਕਰਦਾ ਹੇ ਕਿ ਵੱਧ ਤੋਂ ਵੱਧ ਉਸ ਦੀ ਪ੍ਰਸ਼ੰਸ਼ਾ ਕੀਤੀ ਜਾਵੇ। (ਸਹੀ ਬੁਖ਼ਾਰੀ, ਹਦੀਸ: 7403)
(29) 29਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਲੁਕਾਵੋ ਭਾਵੇਂ ਜ਼ਾਹਰ ਕਰੋ, ਅੱਲਾਹ ਸਭ ਕੁੱਝ ਜਾਣਦਾ ਹੇ। ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਉਹ ਉਸ ਨੂੰ ਵੀ ਜਾਣਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਕਾਬੂ ਵਿਚ ਹੇ।
(30) 30਼ ਜਦੋਂ (ਕਿਆਮਤ ਦਿਹਾੜੇ) ਹਰ ਕੋਈ ਆਪਣੀਆਂ ਕੀਤੀਆਂ ਹੋਈਆਂ ਨੇਕੀਆਂ ਤੇ ਗੁਨਾਹਾਂ ਨੂੰ ਆਪਣੇ ਸਾਹਮਣੇ ਹਾਜ਼ਰ ਵੇਖੇਗਾ ਤਾਂ ਉਹ ਇੱਛਾ ਕਰੇਗਾ ਕਿ ਕਾਸ਼ ਉਸ ਦੇ ਅਤੇ ਉਸ ਦੀਆਂ ਬੁਰਾਈਆਂ ਵਿਚਾਲੇ ਦੂਰੀ ਹੋ ਜਾਵੇ। ਅੱਲਾਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾ ਰਿਹਾ ਹੇ ਅਤੇ ਅੱਲਾਹ ਆਪਣੇ ਬੰਦਿਆਂ ’ਤੇ ਬੜਾ ਹੀ ਦਿਆਲੂ ਹੇ।
(31) 31਼ (ਹੇ ਨਬੀ!) ਕਹਿ ਦਿਓ ਕਿ ਜੇ ਤੁਸੀਂ ਅੱਲਾਹ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੀ ਤਾਬੇਦਾਰੀ ਕਰੋ ਅੱਲਾਹ ਤੁਹਾਡੇ ਨਾਲ ਮਹੁੱਬਤ ਕਰੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਵੀ ਮੁਆਫ਼ ਕਰ ਦੇਵੇਗਾ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਬਹੁਤ ਹੀ ਮਿਹਰਬਾਨ ਹੇ।
(32) 32਼ (ਹੇ ਨਬੀ!) ਕਹਿ ਦਿਓ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ, ਜੇ ਉਹ ਗੱਲ ਨਹੀਂ ਮੰਨਦੇ ਤਾਂ ਅੱਲਾਹ ਵੀ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।
(33) 33਼ ਬੇਸ਼ੱਕ ਅੱਲਾਹ ਨੇ ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਆਦਮ, ਨੂਹ, ਇਬਰਾਹੀਮ ਅਤੇ ਇਮਰਾਨ ਦੇ ਘਰਾਣਿਆਂ ਨੂੰ (ਨਬੀ ਬਣਾਉਣ ਲਈ) ਚੁਣ ਲਿਆ ਹੇ।
(34) 34਼ ਇਹ ਸਾਰੇ ਇੱਕ ਦੂਜੇ ਦੀ ਨਸਲ ਵਿੱਚੋਂ ਸਨ ਅੱਲਾਹ ਸਭ ਕੁੱਝ ਸੁਣਦਾ ਹੇ (ਕਿ ਕਾਫ਼ਿਰ ਤੁਹਾਡੇ ਨਬੀ ਹੋਣ ਤੋਂ ਇਨਕਾਰ ਕਰਦੇ ਹਨ) ਅਤੇ ਜਾਣਦਾ ਹੇ (ਕਿ ਉਹ ਕੇਵਲ ਈਰਖਾ ਕਾਰਨ ਹੀ ਅਜਿਹਾ ਕਰਦੇ ਹਨ)।
(35) 35਼ (ਅੱਲਾਹ ਉਸ ਵੇਲੇ ਵੀ ਸੁਣਦਾ ਸੀ) ਜਦੋਂ ਇਮਰਾਨ ਦੀ ਪਤਨੀ ਆਖ ਰਹੀ ਸੀ ਕਿ ਹੇ ਮੇਰੇ ਰੱਬ! ਮੇਰੇ ਗਰਭ ਵਿਚ ਜੋ (ਬਾਲ) ਹੇ, ਮੈਂ ਉਸ ਨੂੰ ਤੇਰੇ ਨਾਂ ’ਤੇ ਵਕਫ਼ ਕਰਨ ਦੀ ਸੁੱਖ ਸੁੱਖੀ ਹੇ, ਤੂੰ ਇਸ ਨੂੰ ਕਬੂਲ ਕਰ ਲੈ। ਬੇਸ਼ੱਕ ਤੂੰ ਹੀ ਸੁਣਨ ਵਾਲਾ ਅਤੇ (ਮਨ ਦੀ) ਹਾਲਤ ਨੂੰ ਜਾਣਨ ਵਾਲਾ ਹੇ।
(36) 36਼ ਜਦੋਂ ਉਸ (ਇਮਰਾਨ ਦੀ ਪਤਨੀ ਨੇ) ਧੀ ਨੂੰ ਜਨਮ ਦਿੱਤਾ ਤਾਂ ਕਹਿਣ ਲੱਗੀ ਕਿ ਹੇ ਪਾਲਣਹਾਰ! ਮੈ ਤਾਂ ਧੀ ਜਨਮੀ ਹੇ। ਅੱਲਾਹ ਨੂੰ ਸਭ ਪਤਾ ਸੀ ਜੋ ਉਸ ਨੇ ਜਣਿਆ ਸੀ (ਅਤੇ ਕਿਹਾ ਕਿ) ਪੁੱਤਰ ਧੀ ਜਿਹਾ ਨਹੀਂ ਹੁੰਦਾ। ਮੈਂ ਇਸ ਦਾ ਨਾਂ ਮਰੀਅਮ 1 ਰੱਖਿਆ ਹੇ। ਬੇਸ਼ੱਕ ਮੈਂ ਇਸ ਨੂੰ ਅਤੇ ਇਸ ਦੀ ਆਉਣ ਵਾਲੀ ਪੀੜ੍ਹੀ ਨੂੰ ਸ਼ੈਤਾਨ ਮਰਦੂਦ ਤੋਂ ਬਚਣ ਲਈ ਤੇਰੀ ਸ਼ਰਨ ਵਿਚ ਦਿੰਦੀ ਹਾਂ।
1 ਮਰੀਅਮ ਦਾ ਸਹੀ ਅਰਥ ਹੇ ਅੱਲਾਹ ਦੀ ਬੰਦੀ ਅਤੇ ਉਸ ਦੀ ਸੇਵਾਦਾਰ ਹੇ।
(37) 37਼ ਉਸ (ਲੜਕੀ) ਨੂੰ ਉਸ ਦੇ ਪਾਲਣਹਾਰ ਨੇ ਖ਼ੁਸ਼ੀ ਨਾਲ ਕਬੂਲ ਕਰ ਲਿਆ ਅਤੇ ਚੰਗੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕੀਤਾ ਅਤੇ ਉਸ ਦਾ ਸਰਪ੍ਰਸਤ ਜ਼ਕਰੀਆ ਨੂੰ ਬਣਾਇਆ। ਜਦੋਂ ਕਦੇ ਜ਼ਕਰੀਆ ਉਸ ਦੇ ਕਮਰੇ ਵਿਚ ਜਾਂਦਾ ਤਾਂ ਉਸ ਦੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਵੇਖਦਾ। ਉਹ ਪੁੱਛਦਾ ਕਿ ਹੇ ਮਰੀਅਮ! ਇਹ ਰੋਜ਼ੀ ਤੇਰੇ ਕੋਲ ਕਿਥੋਂ ਆਉਂਦੀ ਹੇ, ਉਹ ਜਵਾਬ ਦਿੰਦੀ ਕਿ ਇਹ ਰੱਬ ਵੱਲੋਂ ਆਉਂਦੀ ਹੇੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਬੇਹਿਸਾਬ ਰੋਜ਼ੀ ਦਿੰਦਾ ਹੇ।
(38) 38਼ ਉਸੇ ਥਾਂ ਜ਼ਕਰੀਆ ਨੇ ਆਪਣੇ ਰੱਬ ਤੋਂ ਦੁਆ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ ਆਪਣੇ ਵੱਲੋਂ ਨੇਕ ਔਲਾਦ ਦੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹੀ ਦੁਆਵਾਂ ਨੂੰ ਸੁਣਨ ਵਾਲਾ ਹੇ।
(39) 39਼ ਜਦੋਂ ਉਹ (ਜ਼ਕਰੀਆ) ਕਮਰੇ ਵਿਚ ਖੜ੍ਹਾ ਨਮਾਜ਼ ਪੜ੍ਹ ਰਿਹਾ ਸੀ ਤਾਂ ਫਰਿਸ਼ਤਿਆਂ ਨੇ ਉਸ ਨੂੰ ਆਵਾਜ਼ ਦਿੱਤੀ ਕਿ ਅੱਲਾਹ ਤੁਹਾਨੂੰ ਯਾਹੀਯਾ (ਨਾਂ ਦੇ ਪੁੱਤਰ) ਦੀ ਖ਼ੁਸ਼ਖ਼ਬਰੀ ਦਿੰਦਾ ਹੇ ਜੋ ਅੱਲਾਹ ਦੇ ਕਲਮੇ (ਈਸਾ) ਦੀ ਪੁਸ਼ਟੀ ਕਰੇਗਾ, ਉਸ ਵਿਚ ਸਰਦਾਰੀ ਹੋਵੇਗੀ, ਸੰਪੂਰਨ ਸੰਜਮ ਹੋਵੇਗਾ, ਅਤੇ ਨੇਕ ਲੋਕਾਂ ਵਿੱਚੋਂ ਹੋਵੇਗਾ।
(40) 40਼ ਜ਼ਕਰੀਆ (ਜੋ ਕਿ ਰੱਬ ਦਾ ਇਕ ਨਬੀ ਸੀ) ਰੁਰਾਨ ਹੋ ਕੇ ਆਖਣ ਲੱਗਾ ਕਿ ਹੇ ਮੇਰੇ ਰੱਬ! ਮੇਰੇ ਘਰ ਬੱਚਾ ਕਿਵੇਂ ਪੈਦਾ ਹੋਵੇਗਾ? ਮੈਂ ਤਾਂ ਬਹੁਤ ਬਿਰਧ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਾਂਝ ਹੇ? ਤਾਂ ਫ਼ਰਿਸ਼ਤੇ ਨੇ ਕਿਹਾ ਕਿ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।
(41) 41਼ ਜ਼ਕਰੀਆ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬਾ ਮੇਰੇ ਲਈ ਕੋਈ ਨਿਸ਼ਾਨੀ ਨਿਯਤ ਕਰ ਦੇ। ਅੱਲਾਹ ਨੇ ਕਿਹਾ ਕਿ ਤੂੰ ਤਿੰਨ ਦਿਨਾਂ ਤਕ ਲੋਕਾਂ ਨਾਲ ਗੱਲ ਬਾਤ ਨਹੀਂ ਕਰੇਂਗਾ ਕੇਵਲ ਇਸ਼ਾਰਿਆਂ ਨਾਲ ਹੀ (ਆਪਣੀ ਗੱਲ ਲੋਕਾਂ ਨੂੰ) ਸਮਝਾਵੇਂਗਾ। ਤੂੰ ਆਪਣੇ ਰੱਬ ਦਾ ਨਾਂ ਵੱਧ ਤੋਂ ਵੱਧ ਯਾਦ ਕਰ ਅਤੇ ਸਵੇਰੇ ਸ਼ਾਮ (ਭਾਵ ਹਰ ਵੇਲੇ) ਉਸ ਦੀ ਹੀ ਤਸਬੀਹ ਕਰ।
(42) 42਼ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਨੇ ਤੈਨੂੰ ਵਡਿਆਈ ਤੇ ਪਵਿੱਤਰਤਾ ਬਖ਼ਸ਼ੀ ਹੇ ਅਤੇ ਸਾਰੀ ਦੁਨੀਆਂ ਦੀਆਂ ਔਰਤਾਂ ਵਿੱਚੋਂ ਆਪਣੀ ਸੇਵਾ ਲਈ ਤੇਰੀ ਚੋਣ ਕੀਤੀ ਹੇ।
(43) 43਼ ਹੇ ਮਰੀਅਮ! ਤੂੰ ਆਪਣੇ ਰੱਬ ਦੀ ਆਗਿਆਕਾਰੀ ਬਣ ਕੇ ਰਹਿ ਅਤੇ ਉਸੇ ਨੂੰ ਸਿਜਦਾ ਕਰ ਅਤੇ ਉਸੇ ਦੇ ਅੱਗੇ ਝੁਕਣ ਵਾਲਿਆਂ ਨਾਲ ਮਿਲਕੇ ਝੁਕਦੀ ਰਹਿ।
(44) 44਼ (ਹੇ ਨਬੀ!) ਇਹ ਸਾਰੀਆਂ ਗ਼ੈਬ ਦੀਆਂ ਖ਼ਬਰਾਂ ਹਨ ਜਿਨ੍ਹਾਂ ਨੂੰ ਅਸੀਂ ਵਹੀ ਦੁਆਰਾ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਉਸ ਸਮੇਂ ਉਹਨਾਂ ਦੇ ਕੋਲ ਮੌਜੂਦ ਨਹੀਂ ਸੀ ਜਦੋਂ ਕਿ ਉਹ (ਰੁਕਲ ਦੇ ਸੇਵਾਦਾਰ) ਇਹ ਫ਼ੈਸਲਾ ਕਰਨ ਲਈ ਆਪਣੀਆਂ ਕਲਮਾਂ ਸੁੱਟ ਰਹੇ ਸੀ ਕਿ ਮਰੀਅਮ ਦਾ ਵਾਲੀ-ਵਾਰਿਸ ਕੌਣ ਹੋਵੇਗਾ ਅਤੇ ਨਾ ਹੀ ਤੁਸੀਂ ਉਸ ਸਮੇਂ ਹਾਜ਼ਰ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ।
(45) 45਼ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਤੈਨੂੰ ਆਪਣੇ ਇਕ ਕਲਮੇ (ਭਾਵ ਬੱਚੇ ਦੀ) ਖ਼ੁਸ਼ਖ਼ਬਰੀ ਦਿੰਦਾ ਹੇ ਜਿਸ ਦਾ ਨਾਂ ਮਸੀਹ ਈਸਾ ਬਿਨ ਮਰੀਅਮ ਹੋਵੇਗਾ ਜੋ ਦੁਨੀਆਂ ਅਤੇ ਆਖ਼ਿਰਤ ਵਿਚ ਇੱਜ਼ਤ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜਲੇ ਬੰਦਿਆਂ ਵਿੱਚੋਂ ਹੋਵੇਗਾ।
(46) 46਼ ਉਹ (ਬੱਚਾ) ਆਪਣੇ ਪੰਘੂੜੇ ਵਿਚ ਵੀ ਅਤੇ ਵੱਡੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰੇਗਾ 1 ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।
1 ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਬਨੀ ਇਸਰਾਈਲ ਵਿੱਚੋਂ ਮਾਂ ਦੀ ਕੁੱਖ ਵਿਚ ਕੇਵਲ ਤਿੰਨ ਬੱਚਿਆਂ ਨੇ ਗੱਲਾਂ ਕੀਤੀਆਂ (1) ਹਜ਼ਰਤ ਈਸਾ, ਬਨੀ ਇਸਰਾਈਲ ਦਾ ਜਰੀਜ ਨਾਂ ਦਾ ਇਕ ਵਿਅਕਤੀ ਜਦੋਂ ਉਹ ਨਮਾਜ਼ ਪੜ੍ਹ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਤਾਂ ਉਸ ਨੇ ਮਨ ਵਿਚ ਸੋਚਿਆ ਕਿ ਮੈਂ ਆਪਣੀ ਮਾਂ ਦਾ ਜਵਾਬ ਦਵਾਂ ਜਾਂ ਨਮਾਜ਼ ਪੂਰੀ ਕਰਾਂ ਉਸ ਨੇ ਨਮਾਜ਼ ਜਾਰੀ ਰੱਖੀ ਅਤੇ ਮਾਂ ਨੂੰ ਉੱਤਰ ਨਹੀਂ ਦਿੱਤਾ ਤਾਂ ਉਸ ਦੀ ਮਾਂ ਨੇ ਉਸ ਨੂੰ ਬੱਦ-ਦੁਆ ਦਿੱਤੀ ਕਿ ਹੇ ਅੱਲਾਹ! ਜਦੋਂ ਤੀਕ ਉਹ ਕਿਸੇ ਬਦਕਾਰ ਔੌਰਤ ਦਾ ਮੂੰਹ ਨਾ ਵੇਖ ਲਵੇ ਉਸ ਨੂੰ ਮੌਤ ਨਾ ਦਈਂ। ਇਕ ਦਿਨ ਜਰੀਜ ਆਪਣੇ ਇਬਾਦਤਖ਼ਾਨੇ ਵਿਚ ਸੀ ਕਿ ਬਦਕਾਰ ਔੌਰਤ ਨੇ ਉਸ ਨੂੰ ਬਦਕਾਰੀ ਲਈ ਬੁਲਾਇਆ ਪਰ ਜਰੀਜ ਨੇ ਇਨਕਾਰ ਕਰ ਦਿੱਤਾ ਉਹ ਔੌਰਤ ਇਕ ਚਰਵਾਹੇ ਕੋਲ ਗਈ ਅਤੇ ਉਸ ਤੋਂ ਭੈੜਾ ਕੰਮ ਕਰਵਾਇਆ ਜਿਸ ਤੋਂ ਇਕ ਬੱਚਾ ਪੈਦਾ ਹੋਇਆ ਲੋਕਾਂ ਦੇ ਪੁੱਛਣ ’ਤੇ ਔੌਰਤ ਨੇ ਕਿਹਾ ਕਿ ਇਹ ਜਰੀਜ ਦਾ ਪੁੱਤਰ ਹੇ ਲੋਕ ਇਹ ਸੁਣ ਕੇ ਜਰੀਜ ਨੂੰ ਗਾਲਾਂ ਦੇਣ ਲੱਗ ਪਏ ਉਸ ਦਾ ਇਬਾਦਖ਼ਾਨਾ ਤੋੜ ਦਿੱਤਾ ਇਸ ਮੁਸੀਬਤ ਦੇ ਸਮੇਂ ਜਰੀਜ ਨੇ ਵਜ਼ੂ ਕੀਤਾ ਅਤੇ ਨਮਾਜ਼ ਅਦਾ ਕੀਤੀ ਅਤੇ ਬੱਚੇ ਨੂੰ ਆਕੇ ਪੁੱਛਿਆ ਕਿ × ਤੇਰਾ ਬਾਪ ਕੌਣ ਹੇ ਬੱਚਾ ਬੋਲਿਆ ਕਿ ਫਲਾਂ ਚਰਵਾਹਾ ਹੇ ਤਾਂ ਲੋਕ ਸ਼ਰਮਿੰਦਾ ਹੋਏ ਅਤੇ ਕਿਹਾ ਕਿ ਅਸੀਂ ਤੇਰੀ ਇਬਾਦਤਗਾਹ ਨੂੰ ਸੋਨੇ ਦੀ ਬਣਾਵਾਂਗੇ ਤਾਂ ਜਰੀਜ ਨੇ ਕਿਹਾ ਕਿ ਨਹੀਂ ਬਸ ਮਿੱਟੀ ਦੀ ਹੀ ਹੋਵੇ। ਤੀਜਾ ਉਹ ਬੱਚਾ ਜਿਸ ਨੂੰ ਇਕ ਜ਼ਨਾਨੀ ਅਪਣਾ ਦੁੱਧ ਪਿਲਾ ਰਹੀ ਸੀ ਕਿ ਇਕ ਸੋਹਣਾ ਮਨੁੱਖ ਸਵਾਰ ਲੰਘਿਆ, ਜ਼ਨਾਨੀ ਨੇ ਉਸ ਨੂੰ ਵੇਖ ਕੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੇਰੇ ਪੁੱਤਰ ਨੂੰ ਵੀ ਅਜਿਹਾ ਬਣਾ ਦੇ। ਬੱਚੇ ਨੇ ਦੁੱਧ ਪੀਣਾ ਛੱਡ ਕੇ ਸਵਾਰ ਵੱਲ ਵੇਖਿਆ ਅਤੇ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਨਾ ਬਣਾਉਣਾ ਅਤੇ ਫੇਰ ਦੁੱਧ ਪੀਣ ਲੱਗ ਪਿਆ। ਇਹ ਕਿੱਸਾ ਦੱਸਣ ਵਾਲੇ ਹਜ਼ਰਤ ਅਬੂ-ਹੁਰੈਰਾ ਬਿਆਨ ਕਰਦੇ ਹਨ ਕਿ ਆਪ ਸ: ਨੇ ਉਸ ਬੱਚੇ ਵਾਂਗ ਆਪਣੀਆਂ ਉਂਗਲੀਆਂ ਚੂਸ ਕੇ ਵਿਖਾਈਆਂ ਫੇਰ ਉਸ ਜ਼ਨਾਨੀ ਕੋਲ ਤੋਂ ਇਕ ਗੋਲੀ (ਗ਼ੁਲਾਮ ਔੌਰਤ) ਦਾ ਗੁਜ਼ਰ ਹੋਇਆ ਜਿਸ ਨੂੰ ਲੋਕੀ ਮਾਰ ਕੁਟ ਰਹੇ ਸੀ ਤਾਂ ਮਾਂ ਨੇ ਦੁਆ ਕੀਤੀ ਕਿ ਹੇ ਅੱਲਾਹ! ਮੇਰੇ ਪੁੱਤਰ ਨੂੰ ਅਜਿਹਾ ਨਾ ਬਣਾਉਣਾ। ਬੱਚੇ ਨੇ ਫੇਰ ਉਸ ਦੀ ਛਾਤੀ ਤੋਂ ਮੂੰਹ ਪਰਾਂ ਕਰਦੇ ਹੋਏ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਹੀ ਬਣਾਉਣਾ ਤਾਂ ਮਾਂ ਨੇ ਰੁਰਾਨੀ ਨਾਲ ਪੁੱਛਿਆ ਕਿ ਅਜਿਹਾ ਕਿਓ ?ਕਿ ਤੂੰ ਉਸ ਸਵਾਰ ਦੀ ਥਾਂ ਇਸ ਜ਼ਲੀਲ ਔੌਰਤ ਵਾਂਗ ਬਣਨਾ ਪਸੰਦ ਕਰਦਾ ਹੇ ਤਾਂ ਬੱਚੇ ਨੇ ਜਵਾਬ ਵਿਚ ਕਿਹਾ ਕਿ ਉਹ ਸਵਾਰ ਤਾਂ ਜ਼ਾਲਮਾਂ ਵਿੱਚੋਂ ਇਕ ਵੱਡਾ ਜ਼ਾਲਮ ਸੀ ਅਤੇ ਇਹ ਗੋਲੀ ਬੇਚਾਰੀ ਨਿਰਦੋਸ਼ ਹੇ ਲੋਕੀ ਇਸ ’ਤੇ ਅਲਜ਼ਾਮ ਲਾ ਰਹੇ ਹਨ ਕਿ ਤੈਂ ਚੋਰੀ ਕੀਤੀ ਹੇ ਅਤੇ ਜ਼ਨਾ ਕੀਤਾ ਹੇ ਜਦ ਕਿ ਉਸ ਨੇ ਕੁੱਝ ਵੀ ਨਹੀਂ ਸੀ ਕੀਤਾ। (ਸਹੀ ਬੁਖ਼ਾਰੀ, ਹਦੀਸ: 3436)
(47) 47. (ਮਰੀਅਮ ਰੁਰਾਨ ਹੋਕੇ) ਕਹਿਣ ਲੱਗੀ ਕਿ ਹੇ ਮੇਰੇ ਰੱਬਾ! ਮੇਰੇ ਪੁੱਤਰ ਕਿਵੇਂ ਹੋਵੇਗਾ? ਜੱਦ ਕਿ ਮੈਨੂੰ ਕਿਸੇ ਪੁਰਸ਼ ਨੇ ਹੱਥ ਵੀ ਨਹੀਂ ਲਾਇਆ। ਫ਼ਰਿਸ਼ਤੇ ਨੇ ਕਿਹਾ, ਅੱਲਾਹ ਜੋ ਵੀ ਚਾਹੇ ਪੈਦਾ ਕਰਦਾ ਹੇ, ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੇ ਤਾਂ ਕੇਵਲ ਇਹੋ ਕਹਿੰਦਾ ਹੇ ਕਿ “ਹੋ ਜਾ” ਅਤੇ ਉਹ ਹੋ ਜਾਂਦਾ ਹੇ।
(48) 48਼ ਅੱਲਾਹ ਉਸ ਨੂੰ ਕਿਤਾਬ ਤੇ ਡੂੰਘੀ ਸੂਝ-ਬੂਝ ਦੀ ਸਿੱਖਿਆ ਅਤੇ ਤੌਰੈਤ ਤੇ ਇੰਜੀਲ ਦਾ ਗਿਆਨ ਬਖ਼ਸ਼ੇਗਾ।
(49) 49਼ ਅਤੇ ਉਸ ਨੂੰ ਬਨੀ ਇਸਰਾਈਲ ਵੱਲ ਰਸੂਲ ਬਣਾਕੇ ਭੇਜੇਗਾ ਅਤੇ (ਉਹ) ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਲਿਆਇਆ ਹਾਂ। ਮੈਂ ਤੁਹਾਡੇ ਸਾਮ੍ਹਣੇ ਪੰਛੀ ਦੀ ਸ਼ਕਲ ਵਾਂਗ ਮਿੱਟੀ ਦੀ ਇਕ ਮੂਰਤ ਬਣਾਉਂਦਾ ਹਾਂ ਫੇਰ ਉਸ ਵਿਚ ਇਕ ਫੂਂਕ ਮਾਰਦਾ ਹਾਂ ਤਾਂ ਅੱਲਾਹ ਦੇ ਹੁਕਮ ਨਾਲ ਉਹ (ਅਸਲੀ) ਪੰਛੀ ਬਣ ਜਾਂਦਾ ਹੇ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਜਮਾਂਦਰੂ ਅੱਨ੍ਹੇ ਤੇ ਕੋੜ੍ਹੀ ਨੂੰ ਚੰਗਾ ਭਲਾ ਕਰ ਦਿੰਦਾ ਹਾਂ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹਾਂ ਅਤੇ ਜੋ ਕੁੱਝ ਤੁਸੀਂ ਖਾਂਦੇ ਹੋ ਅਤੇ ਜੋ ਤੁਸੀਂ ਆਪਣੇ ਘਰਾਂ ਵਿਚ ਭੰਡਾਰ ਕਰਕੇ ਰਖਦੇ ਹੋ ਮੈਂ ਤੁਹਾ` ਉਹ ਸਭ ਦੱਸਦਾ ਹਾਂ। ਇਸ ਵਿਚ ਤੁਹਾਡੇ ਲਈ ਵਧੇਰੇ ਨਿਸ਼ਾਨੀਆਂ ਹਨ, ਜੇ ਤੁਸੀਂ ਈਮਾਨ ਵਾਲੇ ਹੋ।
(50) 50਼ ਮੈਂ ਉਸ ਦੀ ਪੁਸ਼ਟੀ ਕਰਦਾ ਹਾਂ ਜਿਹੜੀ ਤੌਰੈਤ ਮੇਥੋਂ ਪਹਿਲਾਂ (ਨਾਜ਼ਿਲ ਹੋਈ) ਹੇ। (ਮੈਂ ਇਸ ਲਈ ਆਇਆ ਹਾਂ ਕਿ) ਤੁਹਾਡੇ ਲਈ ਉਹ ਚੀਜ਼ਾਂ ਹਲਾਲ ਕਰ ਦੇਵਾਂ ਜਿਹੜੀਆਂ ਤੁਹਾਡੇ ਲਈ ਹਰਾਮ ਕਰ ਦਿੱਤੀਆਂ ਗਈਆਂ ਸਨ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀਆਂ ਲੈਕੇ ਆਇਆ ਹਾਂ, ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।
(51) 51਼ ਬੇਸ਼ੱਕ ਮੇਰਾ ਤੇ ਤੁਹਾਡਾ ਪਾਲਣਹਾਰ (ਇੱਕੋ) ਅੱਲਾਹ ਹੇ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ ਇਹੋ ਸਿੱਧਾ ਰਾਹ ਹੇ।
(52) 52਼ ਜਦੋਂ ਈਸਾ ਨੇ ਉਹਨਾਂ ਦਾ ਇਨਕਾਰੀ ਹੋਣਾ ਮਹਿਸੂਸ ਕਰ ਲਿਆ ਤਾਂ ਕਹਿਣ ਲੱਗੇ ਕਿ ਕੋਣ ਹੇ ਜੋ ਅੱਲਾਹ ਦੀ ਰਾਹ ਵਿਚ ਮੇਰੀ ਮਦਦ ਕਰੇਗਾ ? ਤਾਂ ਹਵਾਰੀਆਂ (ਸਹਾਇਕ) ਨੇ ਕਿਹਾ ਕਿ ਅਸੀਂ ਅੱਲਾਹ ਦੀ ਰਾਹ ਵਿਚ ਤੁਹਾਡੇ ਸਹਾਈ ਹਾਂ। ਅਸੀਂਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਤੁਸੀਂ ਗਵਾਹ ਰਹੀਓ ਕਿ ਅਸੀਂ ਆਗਿਆਕਾਰੀ ਹਾਂ।
(53) 53਼ ਹੇ ਮਾਲਿਕ! ਅਸੀਂ ਤੇਰੇ ਵਲੋਂ ਉਤਾਰੀ ਹੋਈ (ਇੰਜੀਲ) ’ਤੇ ਈਮਾਨ ਲਿਆਏ ਹਾਂ ਅਤੇ ਤੇਰੇ ਰਸੂਲ ਦੀ ਪੈਰਵੀ ਕੀਤੀ ਹੇ ਸੋ ਹੁਣ ਤੂੰ ਸਾਡਾ ਨਾਂ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।
(54) 54਼ ਜਦੋਂ ਉਹਨਾਂ (ਬਨੀ ਇਸਰਾਈਲ) ਨੇ (ਮਸੀਹ ਵਿਰੁੱਧ) ਚਾਲਾਂ ਚੱਲੀਆਂ ਤਾਂ ਅੱਲਾਹ ਨੇ ਵੀ (ਆਪਣੀਆਂ) ਚਾਲਾਂ ਚੱਲੀਆਂ, ਅੱਲਾਹ ਸਭ ਤੋਂ ਵਧੀਆ (ਖ਼ੁਫਿਆ) ਚਾਲਾਂ ਚੱਲਣ ਵਾਲਾ ਹੇ।
(55) 55਼ (ਗੁਪਤ ਚਾਲ ਵਜੋਂ) ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੈਨੂੰ ਸਹੀ ਸਲਾਮਤ (ਇਹਨਾਂ ਤੋਂ) ਵਾਪਸ ਲੈ ਲਵਾਂਗਾ ਤੇ ਆਪਣੇ ਵੱਲ (ਭਾਵ ਅਕਾਸ਼ਾਂ ’ਤੇ) ਚੁੱਕ ਲਵਾਂਗਾ 1ਅਤੇ ਇਹਨਾਂ (ਕਾਫ਼ਰਾਂ) ਤੋਂ ਤੈਨੂੰ ਪਾਕ ਕਰਾਂਗਾ ਅਤੇ ਜਿਨ੍ਹਾਂ ਲੋਕਾਂ ਨੇ ਤੇਰੀ ਪੈਰਵੀ ਕੀਤੀ ਹੇ ਉਹਨਾਂ `ਨੂੰ ਕਿਆਮਤ ਤਕ ਕਾਫ਼ਰਾਂ ’ਤੇ ਭਾਰੂ ਰੱਖਾਂਗਾ। ਫੇਰ ਤੁਸਾਂ ਸਭ ਨੇ ਮੇਰੇ ਵੱਲ ਹੀ ਪਰਤ ਕੇ ਆਉਣਾ ਹੇ। ਫੇਰ ਮੈਂ ਤੁਹਾਡੇ ਵਿਚਕਾਰ ਉਹਨਾਂ ਗੱਲਾਂ ਦਾ ਨਿਪਟਾਰਾ ਕਰ ਦੇਵਾਂਗਾ ਜਿਨ੍ਹਾਂ ਬਾਰੇ ਤੁਸੀਂ ਮਤਭੇਦ ਕਰਦੇ ਸੀ।
1 ਇਸ ਆਇਤ ਵਿਚ ਹਜ਼ਰਤ ਈਸਾ ਨੂੰ ਜਿਉਂਦਾ ਜੀ ਅਕਾਸ਼ ਵੱਲ ਉਠਾਉਣ ਦਾ ਜ਼ਿਕਰ ਕੀਤਾ ਗਿਆ ਹੇ। ਹਦੀਸ ਤੋਂ ਸਿੱਧ ਹੁੰਦਾ ਹੇ ਕਿ ਕਿਆਮਤ ਦੇ ਨੇੜੇ ਆਪ ਨੂੰ ਅਕਾਸ਼ ਤੋਂ ਮੁੜ ਧਰਤੀ ’ਤੇ ਉਤਾਰਿਆ ਜਾਵੇਗਾ। ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੇਰੀ ਜਾਨ ਹੇ ਉਹ ਸਮਾਂ ਨੇੜੇ ਹੀ ਹੇ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਲੋਕਾਂ ਵਿਚਕਾਰ ਇਕ ਇਨਸਾਫ਼ ਪਸੰਦ ਹਾਕਮ ਬਣ ਕੇ ਉਤਰੇਗਾ ਉਹ ਸਲੀਬ ਨੂੰ ਤੋੜੇਗਾ, ਸੂਰ ਦਾ ਅੰਤ ਕਰੇਗਾ, ਜਜ਼ੀਆ ਲੈਣਾ ਮੁਆਫ਼ ਕਰੇਗਾ ਕਿ ਉਂਜ ਉਸ ਦੇ ਕੋਲ ਇਨਾਂ ਮਾਲ ਹੋਵੇਗਾ ਕਿ ਉਸ ਨੂੰ ਕਬੂਲ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਕ ਸਿਜਦਾ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਤੋਂ ਵੱਧ ਕੀਮਤੀ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 3448)
* ਇਕ ਹਦੀਸ ਵਿਚ ਆਪ ਸ: ਨੇ ਫ਼ਰਮਾਇਆ ਕਿ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਵਿਚਕਾਰ ਉਤਾਰੇ ਜਾਣਗੇ ਅਤੇ ਤੁਹਾਡਾ ਆਗੂ ਤੁਹਾਡੀ ਕੌਮ ਵਿੱਚੋਂ ਹੀ ਹੋਵੇਗਾ? (ਸਹੀ ਬੁਖ਼ਾਰੀ, ਹਦੀਸ: 3449)
(56) 56਼ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਕਾਫ਼ਿਰਾਂ ਨੂੰ ਤਾਂ ਮੈਂ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਖ਼ਤ ਸਜ਼ਾ ਦੇਵਾਂਗਾ ਅਤੇ ਉਹਨਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।
(57) 57਼ ਪ੍ਰੰਤੂ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਨੇਕ ਕਰਮ ਕਰਨ ਵਾਲਿਆਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
(58) 58਼ (ਹੇ ਨਬੀ!) ਇਹ ਜੋ ਅਸੀਂ ਤੈਨੂੰ ਪੜ੍ਹ ਕੇ ਸੁਣਾ ਰਹੇ ਹਾਂ ਇਹ ਦਾਨਾਈ ਤੇ ਨਸੀਹਤਾਂ ਵਾਲੀਆਂ ਆਇਤਾਂ ਹਨ।
(59) 59਼ ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਈਸਾ ਦੀ ਮਿਸਾਲ ਆਦਮ ਵਾਂਗ ਹੇ। ਅੱਲਾਹ ਨੇ ਉਸ ਨੂੰ ਮਿੱਟੀ ਤੋਂ ਸਾਜਿਆ ਅਤੇ ਹੁਕਮ ਦਿੱਤਾ “ਕਿ ਹੋ ਜਾ” ਬਸ ਉਹ ਹੋ ਗਿਆ।
(60) 60਼ ਤੇਰੇ ਰੱਬ ਵੱਲੋਂ ਇਹੋ ਸੱਚਾਈ ਹੇ, (ਖ਼ਬਰਦਾਰ) ਸ਼ੱਕ ਕਰਨ ਵਾਲੇ ਲੋਕਾਂ ਵਿਚ ਸ਼ਾਮਿਲ ਨਾ ਹੋ ਜਾਣਾ।
(61) 61਼ ਹੇ ਨਬੀ! ਇਸ ਜਾਣਕਾਰੀ ਮਿਲ ਜਾਣ ਤੋਂ ਬਾਅਦ ਵੀ ਜੇ ਕੋਈ ਈਸਾ ਦੇ ਸੰਬੰਧ ਵਿਚ ਤੁਹਾਡੇ ਨਾਲ ਕੋਈ ਵਾਦ ਵਿਵਾਦ ਕਰੇ ਤਾਂ ਤੁਸੀਂਂ ਉਸ ਨੂੰ ਆਖ ਦਿਓ ਕਿ ਆਓ ਅਸੀਂ ਤੇ ਤੁਸੀਂ ਆਪੋ ਆਪਣੇ ਪੁਤਰ੍ਹਾਂ ਨੂੰ, ਆਪਣੀਆਂ ਔਰਤਾਂ ਨੂੰ ਬੁਲਾਈਏ ਅਤੇ ਆਪ ਖ਼ੁਦ ਵੀ ਆਈਏ ਫੇਰ ਅਸੀਂ ਮਿਲਕੇ ਦੁਆ ਕਰੀਏ ਕਿ ਝੂਠੀਆਂ ’ਤੇ ਅੱਲਾਹ ਦੀ ਲਾਅਨਤ ਹੋਵੇ।
(62) 62਼ ਹਕੀਕਤ ਇਹੀਓ ਹੇ ਕਿ ਇਹ ਸਾਰੀਆਂ ਸੱਚੀਆਂ ਗੱਲਾਂ ਹਨ ਅਤੇ ਛੁੱਟ ਅੱਲਾਹ ਤੋਂ ਹੋਰ ਕੋਈ ਇਸ਼ਟ ਨਹੀਂ ਅਤੇ ਬੇਸ਼ੱਕ ਅੱਲਾਹ ਹੀ ਸ਼ਕਤੀਸ਼ਾਲੀ ਅਤੇ ਦਾਨਾਈ ਵਾਲਾ ਹੇ।
(63) 63਼ ਫੇਰ ਵੀ ਜੇ ਉਹ (ਇਹਨਾਂ ਗੱਲਾਂ ਨੂੰ) ਨਹੀਂ ਕਬੂਲਦੇ ਤਾਂ ਅੱਲਾਹ ਵੀ ਇਹਨਾਂ ਫ਼ਸਾਦੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
(64) 64਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੇ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਹਾਂ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ। 1
1 ਇਸ ਆਇਤ ’ਤੇ ਅਮਲ ਕਰਦੇ ਹੋਏ ਨਬੀ (ਸ) ਨੇ ਈਸਾਈ ਹਾਕਮਾਂ ਨੂੰ ਪੱਤਰ੍ਹਾਂ ਦੁਆਰਾ ਇਸਲਾਮ ਕਬੂਲ ਕਰਨ ਦੀ ਦਾਅਵਤ ਦਿੱਤੀ ਜਿਵੇਂ ਕਿ ਹਦੀਸ ਵਿਚ ਹੇ (ਹਜ਼ਰਤ ਅੱਬਾਸ ਰ:ਅ:) ਜਾਣਕਾਰੀ ਦਿੰਦੇ ਹਨ ਕਿ ਅਬੂ-ਸੁਫ਼ਿਆਨ ਨੇ ਮੇਰੇ ਸਾਹਮਣੇ ਕਿਹਾ ਉਸ ਸਮੇਂ ਜਦੋਂ ਮੇਰੇ ਅਤੇ ਨਬੀ ਕਰੀਮ ਸ: ਦੇ ਵਿਚਾਲੇ ਸੁਲਾਹ (ਹੁਦੈਬੀਆ) ਸੀ ਮੈਂ ਸ਼ਾਮ ਵਿਚ ਸੀ ਕਿ ਪਤਾ ਚੱਲਿਆ ਕਿ ਹਰਕਲ (ਰੂਸੀ ਬਾਦਸ਼ਾਹ) ਨੂੰ ਨਬੀ (ਸ:) ਦਾ ਇਕ ਪੱਤਰ ਆਇਆ ਹੇ ਅਤੇ ਇਹ ਪੱਤਰ ਹਜ਼ਰਤ ਦਹੀਯਾ ਕਲਬੀ ਲੈ ਕੇ ਆਏ ਸੀ ਉਹਨਾਂ ਨੇ ਇਸ ਪੱਤਰ ਨੂੰ ਬਸਰਾ ਦੇ ਹਾਕਮ ਦੇ ਹਵਾਲੇ ਕਰ ਦਿੱਤਾ ਤਾਂ ਉਸ ਨੂੰ ਅੱਗੇ ਰੂਸ ਦੇ ਬਾਦਸ਼ਾਹ ਨੂੰ ਘੱਲ ਦਿੱਤਾ ਅਬੂ-ਸੁਫ਼ਿਆਨ (ਰ:ਅ:) ਕਹਿੰਦੇ ਹਨ ਕਿ ਹਰਕਲ ਨੇ ਮੈਨੂੰ ਬੁਲਾ ਕੇ ਕੁੱਝ ਸਵਾਲ ਕਰਕੇ ਨਬੀ ਕਰੀਮ ਸ: ਦੀ ਨਬੁੱਵਤ ਅਤੇ ਦੂਜੇ ਹਾਲਾਤ ਦੇ ਸੰਬੰਧ ਵਿਚ ਜਾਣਕਾਰੀ ਲਈ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। (ਸਹੀ ਬੁਖ਼ਾਰੀ, ਹਦੀਸ: 4553)
(65) 65਼ ਹੇ ਕਿਤਾਬ ਵਾਲਿਓ! ਤੁਸੀਂ ਇਬਰਾਹੀਮ ਦੇ ਧਰਮ ਬਾਰੇ ਕਿਉਂ ਝਗੜਦੇ ਹੋ ? ਤੌਰੈਤ ਤੇ ਇੰਜੀਲ ਤਾਂ ਉਹਨਾਂ ਦੇ ਮਗਰੋਂ ਹੀ ਨਾਜ਼ਲ ਹੋਈਆਂ ਸਨ। ਕੀ ਤੁਸੀਂ ਇੰਨੀ ਗੱਲ ਵੀ ਨਹੀਂ ਸਮਝਦੇ?
(66) 66਼ ਸੁਣੋ! ਤੁਸੀਂ ਲੋਕ ਉਸ ਗੱਲ ਵਿਚ ਤਾਂ ਬਹੁਤ ਵਾਦ ਵਿਵਾਦ ਕਰ ਚੁੱਕੇ ਹੋ ਜਿਸ ਦਾ ਤੁਹਾਡੇ ਕੋਲ ਗਿਆਨ ਸੀ (ਕਿ ਇਬਰਾਹੀਮ ਮੂਸਾ ਈਸਾ ਤੋਂ ਪਹਿਲਾਂ ਸਨ) ਹੁਣ ਤੁਸੀਂ ਇਸ ਗੱਲ ਵਿਚ ਕਿਉਂ ਝਗੜਦੇ ਹੋ ਜਿਸ ਦਾ ਤੁਹਾਨੂੰ ਗਿਆਨ ਹੀ ਨਹੀਂ (ਕਿ ਇਬਰਾਹੀਮ ਦਾ ਧਰਮ ਕੀ ਸੀ) ਅੱਲਾਹ ਹੀ ਜਾਣਦਾ ਹੇ ਤੁਸੀਂ ਨਹੀਂ ਜਾਣਦੇ।
(67) 67਼ ਇਬਰਾਹੀਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸਗੋਂ ਉਹ ਤਾਂ ਹੱਕ ਸੱਚ ਦਾ ਪੁਜਾਰੀ ਸੀ, ਉਹ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਸੀ।
(68) 68਼ ਸਭ ਲੋਕਾਂ ਤੋਂ ਵੱਧ ਇਬਰਾਹੀਮ ਨਾਲ ਨੇੜਲਾ ਸੰਬੰਧ ਉਹਨਾਂ ਦਾ ਹੇ ਜਿਨ੍ਹਾਂ ਨੇ ਉਸ ਦੀ ਪੈਰਵੀ ਕੀਤੀ ਅਤੇ ਇਹ ਨਬੀ ਅਤੇ ਈਮਾਨ ਵਾਲੇ ਹਨ ਅਤੇ ਅੱਲਾਹ ਈਮਾਨ ਵਾਲੀਆਂ ਦਾ ਦੋਸਤ ਹੇ।
(69) 69਼ (ਹੇ! ਈਮਾਨ ਵਾਲਿਓ) ਕਿਤਾਬ ਵਾਲਿਆਂ ਵਿੱਚੋਂ ਇਕ ਧੜਾ ਤੁਹਾਨੂੰ ਕੁਰਾਹੇ ਪਾਉਣਾ ਚਾਹੁੰਦਾ ਹੇ ਜਦ ਕਿ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾ ਰਹੇ ਹਨ ਅਤੇ ਇਸ ਗੱਲ ਨੂੰ ਉਹ ਸਮਝਦੇ ਵੀ ਨਹੀਂ।
(70) 70਼ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰ ਰਹੇ ਹੋ ? ਜਦ ਕਿ ਤੁਸੀਂ ਆਪ ਇਹਨਾਂ ਦੇ ਸੱਚ ਹੋਣ ਦੇ ਗਵਾਹ ਹੋ।
(71) 71਼ ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ?
(72) 72਼ ਕਿਤਾਬ ਵਾਲਿਆਂ ਵਿੱਚੋਂ ਇਕ ਧੜੇ ਨੇ (ਆਪਣੇ ਲੋਕਾਂ ਨੂੰ) ਕਿਹਾ ਕਿ ਜੋ ਕੁੱਛ ਵੀ ਮੁਸਲਮਾਨਾਂ ਉੱਤੇ (ਭਾਵ .ਕੁਰਆਨ) ਉਤਾਰਿਆ ਗਿਆ ਹੇ, ਤੁਸੀਂ ਉਸ ’ਤੇ ਸਵੇਰੇ ਈਮਾਨ ਲਿਆਓ ਅਤੇ ਸ਼ਾਮ ਨੂੰ ਉਸ ਤੋਂ ਇਨਕਾਰ ਕਰ ਦਿਓ। ਤਾਂ ਜੋ ਇਹ ਲੋਕ ਵੀ ਈਮਾਨ ਤੋਂ ਫਿਰ ਜਾਣ।
(73) 73਼ ਤੁਸੀਂ ਆਪਣੇ ਦੀਨ (ਯਹੂਦੀ) ’ਤੇ ਚੱਲਣ ਵਾਲਿਆਂ ਦਾ ਹੀ ਵਿਸ਼ਵਾਸ ਕਰੋ। (ਹੇ ਨਬੀ!) ਤੁਸੀਂ ਆਖ ਦਿਓ ਕਿ ਹਿਦਾਇਤ ਤਾਂ ਇਹੋ ਹੇ ਜਿਹੜੀ ਅੱਲਾਹ ਵੱਲੋਂ ਹੇ। (ਕਿਤਾਬ ਵਾਲੇ) ਇਹ ਵੀ ਕਹਿੰਦੇ ਹਨ (ਕਿ ਇਸ ਗੱਲ ’ਤੇ ਵੀ ਯਕੀਨ ਨਾ ਕਰੋ) ਕਿ ਕਿਸੇ ਹੋਰ ਨੂੰ ਵੀ ਉਹ ਚੀਜ਼ ਦਿੱਤੀ ਜਾ ਸਕਦੀ ਹੇ ਜਿਹੜੀ ਤੁਹਾਨੂੰ ਦਿੱਤੀ ਗਈ ਹੇ ਜਾਂ ਜਿਸ ਰਾਹੀਂ ਇਹ ਤੁਹਾਡੇ ਰੱਬ ਕੋਲ ਜਾ ਕੇ ਤੁਹਾਡੇ ਵਿਰੁੱਧ ਕੋਈ ਦਲੀਲ ਪੇਸ਼ ਕਰ ਸਕਣ ਹੇ ਨਬੀ! ਤੁਸੀਂ ਕਹਿ ਦਿਓ ਕਿ ਫ਼ਜ਼ਲ ਤਾਂ ਸਾਰੇ ਹੀ ਅੱਲਾਹ ਦੇ ਹੱਥ ਵਿਚ ਹਨ।1 ਉਹ ਜਿਸ ਨੂੰ ਜੋ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਅੱਲਾਹ ਬਖ਼ਸ਼ਣ ਵਿਚ ਬਹੁਤ ਖੁੱਲ੍ਹਾ ਹੇ ਅਤੇ ਹਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਹੇ।
1 .ਕੁਰਆਨ ਮਜੀਦ ਵਿਚ ਅੱਲਾਹ ਤਆਲਾ ਦੀਆਂ ਜਿਨ੍ਹਾਂ ਸਿਫ਼ਤਾਂ ਦੀ ਗੱਲ ਕੀਤੀ ਗਈ ਹੇ ਜਿਵੇਂ ਮੂੰਹ, ਅੱਖਾਂ ਹੱਥ, ਪਿੰਡਲੀ ਉਸ ਦਾ ਵਿਖਾਈ ਦੇਣ ਵਾਲੇ ਆਸਾਮਾਨ ’ਤੇ ਆਉਣਾ ਅਤੇ ਅਰਸ਼ ’ਤੇ ਬਰਾਜਮਾਨ ਹੋਣਾ ਆਦਿ ਭਾਵ ਜੋ ਵੀ ਅੱਲਾਹ ਨੇ ਆਪਣੇ ਸੰਬੰਧ ਵਿਚ ਦੱਸਿਆ ਹੇ ਅਤੇ ਜੋ ਹਦੀਸਾਂ ਵਿਚ ਹੇ ਉਹਨਾਂ ਸਭ ਤੇ ਅਹਲੇ ਸੁੰਨਤ ਦਾ ਇਕ ਮੱਤ ਹੋਣਾ ਹੇ ਕਿ ਉਹ ਅੱਲਾਹ ਤਆਲਾ ਦੀਆਂ ਇਹਨਾਂ ਸਿਫ਼ਤਾਂ ਤੇ ਖ਼ੂਬੀਆਂ ਉੱਤੇ ਬਿਨਾਂ ਕਿਸੇ ਦਲੀਲ ਈਮਾਨ ਲਿਆਉਂਦੇ ਹਨ। ਇਹ ਉਹ ਖ਼ੂਬੀਆਂ ਹਨ ਜਿਹੜੀਆਂ ਕੇਵਲ ਅੱਲਾਹ ਲਈ ਖ਼ਾਸ ਹਨ ਅਤੇ ਇਹਨਾਂ ਨੂੰ ਕਿਸੇ ਵਿਅਕਤੀ ਦੀਆਂ ਖ਼ੂਬੀਆਂ ਨਾਲ ਨਹੀਂ ਜੋੜ੍ਹਿਆ ਜਾ ਸਕਦਾ ਜਿਵੇਂ ਅੱਲਾਹ ਨੇ ਕੁਰਆਨ ਪਾਕ ਵਿਚ ਫ਼ਰਮਾਇਆ ਹੇ ਕਿ ਉਸ ਜਹਿ ਕੋਈ ਚੀਜ਼ ਨਹੀਂ (ਸੂਰਤ ਸ਼ੂਰਾ ਆਇਤ11) ਅਤੇ ਸੂਰਤ ਇਖ਼ਲਾਸ ਵਿਚ ਹੇ ਕਿ ਉਸ ਜਿਹਾ ਹੋਰ ਕੋਈ ਵੀ ਨਹੀਂ।
(74) 74਼ ਉਹ (ਅੱਲਾਹ) ਆਪਣੀਆਂ ਮਿਹਰਾਂ ਲਈ ਜਿਸ ਨੂੰ ਚਾਹੁੰਦਾ ਹੇ ਵਿਸ਼ੇਸ਼ ਕਰ ਲੈਂਦਾ ਹੇ। ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੇ।
(75) 75਼ ਕਿਤਾਬ ਵਾਲਿਆਂ ਵਿੱਚੋਂ ਕੁੱਝ (ਯਹੂਦੀ) ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਨੂੰ ਮਾਲ ਦੌਲਤ ਦਾ ਇਕ ਢੇਰ ਵੀ (ਅਮਾਨਤ ਵਜੋਂ) ਸੰਭਾਲ ਦਿਓ ਤਾਂ ਵੀ ਉਹ ਤੁਹਾਨੂੰ ਮੁੜ ਅਦਾ ਕਰ ਦੇਣਗੇ ਪਰ ਉਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਕੋਲ ਇਕ ਦੀਨਾਰ ਵੀ ਅਮਾਨਤ ਵਜੋਂ ਰੱਖ ਦਿਓ ਤਾਂ ਵੀ ਅਦਾ ਨਹੀਂਂ ਕਰਨਗੇ, ਹਾਂ ਇਹ ਗੱਲ ਹੋਰ ਹੇ ਕਿ ਤੁਸੀਂ (ਆਪਣੀ ਅਮਾਨਤ ਲੈਣ ਲਈ) ਉਹਨਾਂ ਦੇ ਸਿਰ ’ਤੇ ਹੀ ਸਵਾਰ ਹੋ ਜਾਓ। ਉਹ ਇਹ ਵਤੀਰਾ ਇਸ ਲਈ ਕਰਦੇ ਹਨ ਕਿ ਉਹ ਆਖਦੇ ਹਨ ਕਿ ਸਾਡੇ ਉੱਤੇ ਇਹਨਾਂ ਉੱਮੀਆਂ (ਗ਼ੈਰ ਯਹੂਦੀ) ਦਾ ਹੱਕ ਮਾਰਨ ’ਤੇ ਕੋਈ ਗੁਨਾਹ ਨਹੀਂ। ਉਹ (ਯਹੂਦੀ) ਲੋਕ ਸਭ ਕੁੱਝ ਜਾਣਦੇ ਹੋਏ ਵੀ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ।
(76) 76਼ ਹਾਂ (ਅਮਾਨਤਾਂ ਬਾਰੇ) ਪੁੱਛ ਗਿਛ ਜ਼ਰੂਰ ਹੋਵੇਗੀ। ਜੋ ਵੀ ਆਪਣੇ ਬਚਨਾਂ ਨੂੰ ਪੂਰਾ ਕਰੇਗਾ ਅਤੇ ਅੱਲਾਹ ਤੋਂ ਡਰੇਗਾ ਤਾਂ ਬੇਸ਼ੱਕ ਅੱਲਾਹ ਵੀ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਪਸੰਦ ਕਰਦਾ ਹੇ।
(77) 77਼ ਬੇਸ਼ੱਕ ਜੋ ਲੋਕ ਅੱਲਾਹ ਦੇ ਨਾਲ ਕੀਤੇ ਬਚਨਾਂ ਨੂੰ ਅਤੇ ਆਪਣੀਆਂ ਸਹੁੰਆਂ ਨੂੰ ਘੱਟ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁਟਦੇ ਹਨ ਉਹਨਾਂ ਦਾ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ। ਕਿਆਮਤ ਵਾਲੇ ਦਿਨ ਅੱਲਾਹ ਨਾ ਉਹਨਾਂ ਨਾਲ ਗੱਲ ਕਰੇਗਾ, ਨਾ ਹੀ ਉਹਨਾਂ ਵੱਲ ਵੇਖੇਗਾ ਅਤੇ ਨਾ ਹੀ ਉਹਨਾਂ ਨੂੰ ਪਾਕ (ਭਾਵ ਮੁਆਫ਼) ਕਰੇਗਾ। ਉਹਨਾਂ ਲਈ ਤਾਂ ਬੜਾ ਹੀ ਦੁਖਦਾਈ ਅਜ਼ਾਬ ਹੇ।
(78) 78਼ ਉਹਨਾਂ ਵਿਚ ਇਕ ਟੋਲਾ ਕਿਤਾਬ ਪੜ੍ਹਦੇ ਹੋਏ ਇਸ ਤਰ੍ਹਾਂ ਜ਼ਬਾਨ ਨੂੰ ਵਲ ਦਿੰਦਾ ਹੇ ਕਿ ਤੁਸੀਂ ਉਸੇ ਨੂੰ ਹੀ ਕਿਤਾਬ ਦਾ ਹਿੱਸਾ ਸਮਝੋ, ਜੱਦ ਕਿ ਉਹ ਕਿਤਾਬ ਵਿੱਚੋਂ ਨਹੀਂ ਹੁੰਦਾ ਅਤੇ ਇਹ ਵੀ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੀ ਹੇ, ਜੱਦ ਕਿ ਇਹ ਅੱਲਾਹ ਵੱਲੋਂ ਨਹੀਂ, ਉਹ ਤਾਂ ਜਾਣਦੇ ਬੁਝਦੇ ਹੋਏ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ।
(79) 79਼ ਕਿਸੇ ਵੀ ਅਜਿਹੇ ਵਿਅਕਤੀ ਨੂੰ ਜਿਸ ਨੂੰ ਅੱਲਾਹ ਹਿਕਮਤ ਅਤੇ ਪੈਗ਼ੰਬਰੀ ਬਖ਼ਸ਼ੇ ਉਸ ਲਈ ਇਹ ਉਚਿਤ ਨਹੀਂ ਕਿ ਫੇਰ ਵੀ ਉਹ ਲੋਕਾਂ ਨੂੰ ਆਖੇ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਮੇਰੇ ਗ਼ੁਲਾਮ ਬਣ ਜਾਓ, ਸਗੋਂ ਉਹ ਤਾਂ ਇਹੋ ਕਹਿਣਗੇ ਕਿ ਤੁਸੀਂ ਸਾਰੇ ਰੱਬ ਦੇ ਗ਼ੁਲਾਮ ਬਣ ਜਾਓ ਜਿਵੇਂ ਕਿ ਉਹ ਕਿਤਾਬ ਤੁਹਾਨੂੰ ਇਹੋ ਸਿੱਖਿਆ ਦਿੰਦੀ ਹੇ ਜਿਸ ਨੂੰ ਤੁਸੀਂ ਪੜ੍ਹਦੇ ਹੋ।
(80) 80਼ ਉਹ ਤੁਹਾਨੂੰ ਇਹ ਵੀ ਨਹੀਂ ਆਖੇਗਾ ਕਿ ਫ਼ਰਿਸ਼ਤਿਆਂ ਅਤੇ ਨਬੀਆਂ ਨੂੰ ਆਪਣਾ ਰੱਬ ਬਣਾ ਲਓ।1 ਕੀ ਉਹ ਨਬੀ ਤੁਹਾਨੂੰ ਕੁਫ਼ਰ ਕਰਨ ਦਾ ਹੁਕਮ ਦੇਵੇਗਾ, ਜਦ ਕਿ ਤੁਸੀਂ ਮੁਸਲਮਾਨ ਹੋ?
1 ਭਾਵ ਪੈਗ਼ੰਬਰ ਲੋਕਾਂ ਨੂੰ ਕੇਵਲ ਅੱਲਾਹ ਵੱਲ ਹੀ ਬੁਲਾਉਂਦੇ ਹਨ ਇਸੇ ਲਈ ਆਪਣੀ ਪ੍ਰਸ਼ੰਸਾ ਵਿਚ ਵਾਧੂ ਗੱਲਾਂ ਕਹਿਣ ਤੋਂ ਰੋਕਦੇ ਹਨ ਤਾਂ ਜੋ ਲੋਕੀਂ ਉਹਨਾਂ ਨੂੰ ਵੀ ਰੱਬੀ ਸਿਫ਼ਤਾਂ ਵਿਚ ਸਾਂਝੀ ਨਾ ਸਮਝ ਲੈਣ। ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਮੇਰੀ ਪ੍ਰਸ਼ੰਸਾ ਇਨੀ ਨਾ ਕਰੋ ਜਿਵੇਂ ਈਸਾਈਆਂ ਨੇ ਮਰੀਅਮ ਦੇ ਪੁੱਤਰ ਈਸਾ ਦੀ ਕੀਤੀ ਸੀ ਮੈਂ ਤਾਂ ਬਸ ਅੱਲਾਹ ਦਾ ਬੰਦਾ ਹਾਂ ਤਾਂ ਤੁਸੀਂ ਇਹ ਕਹੋ ਕਿ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ। (ਸਹੀ ਬੁਖਾਰੀ, ਹਦੀਸ: 3445)
(81) 81਼ ਉਹ ਵੇਲਾ ਯਾਦ ਕਰੋ ਜਦੋਂ ਅੱਲਾਹ ਨੇ ਸਾਰੇ ਨਬੀਆਂ ਤੋਂ ਇਹ ਬਚਨ ਲਿਆ ਸੀ ਕਿ ਜਦੋਂ ਮੈਂ ਤੁਹਾਨੂੰ ਕਿਤਾਬ ਅਤੇ ਦਾਨਾਈ ਨਾਲ ਨਵਾਜ਼ਾਂ ਅਤੇ ਫੇਰ ਤੁਹਾਡੇ ਕੋਲ ਕੋਈ ਰਸੂਲ ਆਵੇ ਜਿਹੜ੍ਹਾ ਇਸ ਕਿਤਾਬ ਦੀ ਪੁਸ਼ਟੀ ਕਰਦਾ ਹੋਵੇ ਜਿਹੜੀ ਤੁਹਾਡੇ ਕੋਲ ਹੇ ਤਾਂ ਤੁਹਾਨੂੰ ਉਸ ’ਤੇ ਈਮਾਨ ਲਿਆਉਣਾ ਹੋਵੇਗਾ ਤੇ ਉਸ ਦੀ ਮਦਦ ਕਰਨੀ ਹੋਵੇਗੀ। ਅੱਲਾਹ ਨੇ ਫ਼ਰਮਾਇਆ, ਕੀ ਤੁਸੀਂ ਇਕਰਾਰ ਕਰਦੇ ਹੋ ਅਤੇ ਇਸ ਉੱਤੇ ਮੇਰੇ ਵੱਲੋਂ ਵਚਨ ਦੀ ਜ਼ਿੰਮੇਵਾਰੀ ਚੁੱਕਦੇ ਹੋ ? ਉਹਨਾਂ ਨੇ ਕਿਹਾ ਕਿ ਹਾਂ! ਅਸੀਂ ਇਕਰਾਰ ਕਰਦੇ ਹਾਂ। ਅੱਲਾਹ ਨੇ ਫ਼ਰਮਾਇਆ, ਕਿ ਤੁਸੀਂ ਗਵਾਹ ਰਹਿਣਾ ਅਤੇ ਮੈਂ ਵੀ ਤੁਹਾਡੇ (ਇਕਰਾਰ) ਦੀ ਗਵਾਹੀ ਦਿੰਦਾ ਹਾਂ।
(82) 82਼ ਹੁਣ ਇਸ ਪਿੱਛੋਂ ਜਿਹੜਾ ਵੀ (ਆਪਣੇ ਇਕਰਾਰ ਤੋਂ) ਫਿਰ ਜਾਵੇ ਉਹੀਓ ਨਾ-ਫ਼ਰਮਾਨ ਹੇ।
(83) 83਼ ਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ ਕਿਸੇ ਹੋਰ ਦੀਨ ਦੀ ਭਾਲ ਵਿਚ ਹਨ ਜਦੋਂ ਕਿ ਸਾਰੇ ਹੀ ਧਰਤੀ ਵਾਲੇ ਤੇ ਅਕਾਸ਼ਾਂ ਵਾਲੇ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਵੀ ਅੱਲਾਹ ਦੇ ਤਾਬੇਦਾਰ ਹਨ। ਸਭ ਨੂੰ ਉਸੇ ਵੱਲ ਹੀ ਪਰਤ ਕੇ ਜਾਣਾ ਹੇ।
(84) 84਼ (ਹੇ ਨਬੀ!) ਤੁਸੀਂ ਆਖ ਦਿਓ ਕਿ ਅਸੀਂ ਅੱਲਾਹ ’ਤੇ ਅਤੇ ਉਸ ’ਤੇ ਵੀ, ਜੋ ਸਾਡੇ ’ਤੇ ਨਾਜ਼ਿਲ (.ਕੁਰਆਨ) ਕੀਤਾ ਗਿਆ, ਈਮਾਨ ਲਿਆਏ ਹਾਂ ਅਤੇ ਜੋ ਇਬਰਾਹੀਮ ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ’ਤੇ ਉਤਾਰਿਆ ਅਤੇ ਉਹਨਾਂ ਕਿਤਾਬਾਂ ’ਤੇ ਵੀ ਜਿਹੜੀਆਂ ਮੂਸਾ, ਈਸਾ, ਅਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤੀਆਂ ਗਈਆਂ ਉਹਨਾਂ ਸਭ ’ਤੇ ਵੀ (ਈਮਾਨ ਲਿਆਏ ਹਾਂ)। ਅਸੀਂ ਇਹਨਾਂ ਵਿਚਾਲੇ ਕੋਈ ਵੀ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਅੱਲਾਹ ਦੇ ਫ਼ਰਮਾਬਰਦਾਰ ਹਾਂ।
(85) 85਼ ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ,1 ਉਸ ਦੇ ਧਰਮ ਨੂੰ ਕਬੂਲਿਆ ਨਹੀਂ ਜਾਵੇਗਾ ਅਤੇ ਉਹ ਆਖ਼ਿਰਤ ਦਿਹਾੜੇ ਘਾਟੇ ਵਿਚ ਰਹੇਗੇ।
1 ਇਸ ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ ਸ: ਦੀ ਰਸਾਲਤ ’ਤੇ ਈਮਾਨ ਲਿਆਉਣ ਫਰਜ਼ ਹੇ ਆਪਜੀ ਨੇ ਫ਼ਰਮਾਇਆ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੇ ਇਸ ਉੱਮਤ ਦੇ ਯਹੂਦੀ ਤੇ ਈਸਾਈਆਂ ਵਿੱਚੋਂ ਜਿਹੜਾ ਵੀ ਮੇਰੇ ਬਾਰੇ ਸੁਣੇ ਅਤੇ ਫੇਰ ਵੀ ਮੇਰੇ ਲਿਆਏ ਹੋਏ ਸੁਨੇਹੇ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਤਾਂ ਉਹ ਸਦਾ ਲਈ ਨਰਕ ਵਿਚ ਰਹੇਗਾ। (ਸਹੀ ਬੁਖ਼ਾਰੀ, ਹਦੀਸ: 153)
(86) 86਼ ਅੱਲਾਹ ਉਹਨਾਂ ਲੋਕਾਂ ਨੂੰ ਕਿਵੇਂ ਹਿਦਾਇਤ ਦੇਵੇਗਾ ਜਿਹੜੇ ਈਮਾਨ ਲਿਆਉਣ ਤੋਂ ਮਗਰੋਂ ਮੁੜ ਕਾਫ਼ਿਰ ਹੋ ਗਏ ਜਦ ਕਿ ਉਹ ਗਵਾਹੀ ਦੇ ਚੁੱਕੇ ਹਨ ਕਿ ਬੇਸ਼ੱਕ ਰਸੂਲ (ਸ:) ਹੱਕ ’ਤੇ ਹਨ ਅਤੇ ਉਹਨਾਂ ਕੋਲ (ਨਬੀ ਹੋਣ ਦੀਆਂ) ਖੱਲੀਆਂ ਨਿਸ਼ਾਨੀਆਂ ਆ ਚੁੱਕੀਆਂ ਹਨ। ਅੱਲਾਹ ਜ਼ਾਲਮਾਂ ਨੂੰ ਸਿੱਧੀ ਰਾਹ ਨਹੀਂ ਪਾਇਆ ਕਰਦਾ।
(87) 87਼ ਉਹਨਾਂ ਦੀ ਸਜ਼ਾ ਤਾਂ ਇਹੋ ਹੇ ਕਿ ਉਹਨਾਂ ’ਤੇ ਅੱਲਾਹ ਦੀ, ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਵੱਲੋਂ ਫ਼ਿਟਕਾਰ ਹੇ।
(88) 88਼ ਇਹ ਲੋਕ (ਇਸ ਹਾਲਤ ਵਿਚ) ਸਦਾ ਲਈ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਘਟਾਈ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਜਾਵੇਗੀ।
(89) 89਼ ਪਰ ਜਿਹੜੇ ਲੋਕ ਇਸ (ਇਨਕਾਰ) ਤੋਂ ਬਾਅਦ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ (ਉਹੀ ਸਜ਼ਾ ਤੋਂ ਬਚ ਸਕਣਗੇ) ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਕਰਨ ਵਾਲਾ ਹੇ।
(90) 90਼ ਬੇਸ਼ੱਕ ਜਿਹੜੇ ਲੋਕ ਈਮਾਨ ਲਿਆਉਣ ਤੋਂ ਬਾਅਦ ਇਨਕਾਰ ਕਰਨ ਅਤੇ ਇਨਕਾਰ ਵਿਚ ਵਧਦੇ ਹੀ ਚਲੇ ਗਏ ਉਹਨਾਂ ਦੀ ਤੌਬਾ ਕਦੇ ਵੀ ਕਬੂਲ ਨਹੀਂ ਕੀਤੀ ਜਾਵੇਗੀ ਇਹੋ ਭਟਕੇ ਹੋਏ ਲੋਕ ਹਨ।
(91) 91਼ ਜਿਹੜੇ ਲੋਕਾਂ ਨੇ ਇਨਕਾਰ ਕੀਤਾ ਅਤੇ ਇਨਕਾਰ ਦੀ ਹਾਲਤ ਵਿਚ ਹੀ ਮਰ ਜਾਣ ਉਹਨਾਂ ਵਿੱਚੋਂ ਜੇ ਕੋਈ (ਕਿਆਮਤ ਦੇ ਦਿਨ) ਆਪਣੇ ਆਪ ਨੂੰ ਨਰਕ ਤੋਂ ਬਚਾਉਣ ਲਈ ਬਦਲੇ ਵਿਚ ਧਰਤੀ ਜਿੱਨਾ ਸੋਨਾਂ ਵੀ ਦੇਵੇ ਤਾਂ ਵੀ ਕਬੂਲਿਆ ਨਹੀਂ ਜਾਵੇਗਾ।1 ਇਹ ਉਹ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਅਜ਼ਾਬ ਹੇ ਅਤੇ ਜਿਨ੍ਹਾਂ ਦਾ ਕੋਈ ਸਹਾਈ ਨਹੀਂ ਹੋਵੇਗਾ।
1 ਨਬੀ ਕਰੀਮ ਸ: ਨੇ ਫ਼ਰਮਾਇਆ ਕਿਆਮਤ ਦੇ ਦਿਨ ਕਾਫ਼ਰਾਂ ਨੂੰ ਜਦੋਂ ਲਿਆਇਆ ਜਾਵੇਗਾ ਤਾਂ ਕਿਹਾ ਜਾਵੇਗਾ ਭਲਾਂ ਦੱਸ ਤਾਂ ਸਹੀ ਕਿ ਜੇ ਤੇਰੇ ਕੋਲ ਇਸ ਸਮੇਂ ਧਰਤੀ ਜਿੱਨਾ ਸੋਨਾ ਹੋਵੇ ਤਾਂ ਕੀ ਤੂੰ ਆਪਣੇ ਆਪ ਨੂੰ ਨਰਕ ਦੀ ਅੱਗ ਤੋਂ ਬਚਾਉਣ ਲਈ ਬਦਲੇ ਵਿਚ ਦੇ ਦੇਵੇਗਾ ? ਤਾਂ ਉਹ ਆਖੇਗਾ ਹਾਂ ਤਾਂ ਫ਼ੇਰ ਉਸ ਨੂੰ ਕਿਹਾ ਜਾਵੇਗਾ ਕਿ ਦੁਨੀਆਂ ਵਿਚ ਇਸ ਤੋਂ ਆਸਾਨ ਗੱਲ ਕੇਵਲ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਸੀ ਪਰ ਤੁਹਾਡੇ ’ਤੇ ਬੇ-ਭਾਗੀ ਭਾਰੂ ਆ ਗਈ ਅਤੇ ਤੁਸੀਂ ਇਨਕਾਰ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ: 6538)
(92) 92਼ ਜਦੋਂ ਤਕ ਤੁਸੀਂ ਆਪਣੀ ਪਸੰਦ ਦੀਆਂ ਵਸਤੂਆਂ ਨੂੰ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰੋਗੇ ਤੁਸੀਂ ਕਦੇ ਵੀ ਭਲਾਈ (ਨੇਕੀ) ਨਹੀਂ ਪਾ ਸਕੋਗੇ ਅਤੇ ਜੋ ਵੀ ਤੁਸੀਂ ਖ਼ਰਚ ਕਰੋਗੇ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੇ।
(93) 93਼ ਬਨੀ ਇਸਰਾਈਲ ਲਈ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਹਲਾਲ ਸਨ, ਛੁੱਟ ਉਹਨਾਂ ਚੀਜ਼ਾ ਤੋਂ ਜਿਨ੍ਹਾਂ ਨੂੰ ਤੌਰੈਤ ਨਾਜ਼ਲ ਹੋਣ ਤੋ ਪਹਿਲਾਂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲਿਆ ਸੀ। (ਹੇ ਮਹੁੱਮਦ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਸੱਚੇ ਹੋ ਤਾਂ ਤੌਰੈਤ ਲੈ ਆਓ ਅਤੇ (ਉਸ ਨੂੰ) ਪੜ੍ਹੋ।
(94) 94਼ ਇਸ (ਦਲੀਲ) ਤੋਂ ਪਿੱਛੋਂ ਵੀ ਜਿਹੜੇ ਲੋਕ ਅੱਲਾਹ ਉੱਤੇ ਝੂੱਠੀਆਂ ਗੱਲਾਂ ਜੋੜਦੇ ਹਨ ਉਹੀਓ ਅਸਲ ਜ਼ਾਲਮ ਹਨ।
(95) 95਼ (ਹੇ ਨਬੀ!) ਆਖ ਦਿਓ ਕਿ ਅੱਲਾਹ ਦਾ ਫ਼ਰਮਾਨ ਸੱਚਾ ਹੇ, ਸੋ ਤੁਸੀਂ ਸਾਰੇ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੋ ਜਿਹੜਾ ਕਿ ਹੱਕ ਦਾ ਪੁਜਾਰੀ ਸੀ ਅਤੇ ਮੁਸ਼ਰਕੀਨ 1 ਵਿੱਚੋਂ ਨਹੀਂ ਸੀ।
1 ਮੁਸ਼ਰਕੀਨ ਤੋਂ ਭਾਵ ਉਹ ਲੋਕ ਜਿਹੜੇ ਅੱਲਾਹ ਦੇ ਨਾਲ ਕਿਸੇ ਦੂਜੇ ਨੂੰ ਉਸ ਦੀਆਂ ਖ਼ੂਬੀਆਂ ਤੇ ਸ਼ਕਤੀਆਂ ਵਿਚ ਸ਼ਰੀਕ ਕਰਦੇ ਹਨ।
(96) 96਼ ਅੱਲਾਹ ਦਾ ਪਹਿਲਾ ਘਰ ਜੋ ਲੋਕਾਂ (ਦੀ ਇਬਾਦਤ) ਲਈ ਮੁਕੱਰਰ ਕੀਤਾ ਗਿਆ ਹੇ ਉਹੀਓ ਹੇ ਜਿਹੜਾ (ਸ਼ਹਿਰ) ਮੱਕਾ ਵਿਖੇ ਹੇ। ਉਹ ਸਾਰੀ ਦੁਨੀਆਂ ਲਈ ਬਰਕਤਾਂ ਤੇ ਹਿਦਾਇਤ ਵਾਲੀ ਥਾਂ ਹੇ।
(97) 97਼ ਉਸ ਵਿਚ ਖੁੱਲ੍ਹੀਆਂ ਨਿਸ਼ਾਨੀਆਂ ਹਨ ਮੁਕਾਮੇ ਇਬਰਾਹੀਮ ਹੇ, ਜਿਹੜਾ ਇੱਥੇ ਜਾਵੇਗਾ ਅਮਨ ਵਿਚ ਆ ਜਾਂਦਾ ਹੇ। ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੇ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵ੍ਹਾ ਹੇ।
(98) 98਼ (ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ।
(99) 99਼ ਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।
(100) 100਼ ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ (ਈਸਾਈ ਜਾਂ ਯਹੂਦੀਆਂ) ਵਿੱਚੋਂ ਕਿਸੇ ਇਕ ਟੋਲੇ ਦੀ ਗੱਲ ਮੰਨ ਲਈ ਤਾਂ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਮਗਰੋਂ ਫੇਰ (ਕੁਫ਼ਰ ਵੱਲ) ਮੋੜ ਲੈ ਜਾਣਗੇ।
(101) 101਼ ਤੁਸੀਂ ਕਿਵੇਂ ਕੁਫ਼ਰ ਵੱਲ ਜਾ ਸਕਦੇ ਹੋ ਜਦੋਂ ਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਅਤੇ ਤੁਹਾਡੇ ਵਿਚਾਲੇ ਉਸ ਦਾ ਰਸੂਲ (ਮਹੰਮਦ) ਮੌਜੂਦ ਹੇ ? ਜਿਹੜਾ ਵਿਅਕਤੀ ਅੱਲਾਹ ਦੇ ਦੀਨ (ਇਸਲਾਮ) ਨੂੰ ਦ੍ਰਿੜਤਾ ਨਾਲ ਫੜ ਲਵੇ (ਭਾਵ ਅਮਲ ਕਰੇ) ਉਸ ਨੂੰ ਸਿੱਧੀ ਰਾਹ ਜਾਣ ਵਾਲੀ ਹਿਦਾਇਤ ਮਿਲ ਜਾਂਦੀ ਹੇ।
(102) 102਼ ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਜਿਹਾ ਕਿ ਉਸ ਤੋਂ ਡਰਨਾ ਚਾਹੀਦਾ ਹੇ ਅਤੇ ਵੇਖੋ ਮਰਦੇ ਦਮ ਤਕ ਮੁਸਲਮਾਨ ਹੀ ਰਹਿਣਾ।
(103) 103਼ ਅੱਲਾਹ ਦੀ ਰੱਸੀ (.ਕੁਰਆਨ) ਨੂੰ ਸਾਰੇ ਮਿਲਕੇ ਦ੍ਰਿੜ੍ਹਤਾ ਨਾਲ ਫੜ ਲਓ ਅਤੇ (ਆਪਣੇ ਵਿਚਾਲੇ) ਫੁਟ ਨਾ ਪਾਓੁ 1 ਅਤੇ ਅੱਲਾਹ ਦੇ ਉਸ ਅਹਿਸਾਨ ਨੂੰ ਚੇਤੇ ਰੱਖੋ ਜਦੋਂ ਤੁਸੀਂ ਇਕ ਦੂਜੇ ਦੇ ਦੁਸ਼ਮਨ ਸੀ ਤਾਂ ਉਸੇ ਨੇ ਤੁਹਾਡੇ ਦਿਲਾਂ ਵਿਚ ਇਕ ਦੂਜੇ ਲਈ ਮੁਹੱਬਤ ਪਾਈ ਸੀ ਅਤੇ ਤੁਸੀਂ ਉਸੇ ਦੀਆਂ ਮਿਹਰਾਂ ਸਦਕੇ ਹੀ ਭਰਾ-ਭਰਾ ਬਣ ਗਏ, ਤੁਸੀਂ (ਗੁਮਰਾਹੀ ਕਾਰਨ) ਅੱਗ ਨਾਲ ਭਰੇ ਹੋਏ ਟੋਏ ਦੇ ਕੰਢੇ ਤੀਕ ਪਹੁੰਚ ਚੁੱਕੇ ਕਿ ਉਸਨੇ ਤੁਹਾਨੂੰ ਉਸ ਵਿਚ ਡਿਗਣ ਤੋਂ ਬਚਾ ਲਿਆ। ਅੱਲਾਹ ਇਸੇ ਪ੍ਰਕਾਰ ਆਪਣੀਆਂ ਨਿਸ਼ਾਨੀਆਂ ਪ੍ਰਗਟ ਕਰਦਾ ਹੇ ਤਾਂ ਜੋ ਤੁਸੀਂ ਹਿਦਾਇਤ ਵਾਲੇ ਬਣ ਜਾਓ।
1 ਇਸ ਆਇਤ ਦੁਆਰਾ ਮੁਸਲਮਾਨਾਂ ਨੂੰ ਧੜ੍ਹੇ ਬੰਦੀ ਤੋਂ ਰੋਕਿਆ ਗਿਆ ਹੇ ਪਰ ਇਸਦੇ ਉਲਟ ਮੁਲਮਾਨਾਂ ਵਿਚ ਇਹ ਧੜ੍ਹਾ ਬੰਦੀ ਖ਼ਤਮ ਹੋਣ ਦੀ ਥਾਂ ਵਧਦੀ ਹੀ ਜਾਂਦੀ ਹੇ, ਨਬੀ (ਸ:) ਨੇ ਇਸ ਸੰਬੰਧ ਵਿਚ ਭਵਿੱਖ ਬਾਰੇ ਦੱਸਦੇ ਹੋਏ ਮੁਸਲਮਾਨਾਂ ਨੂੰ ਇਹਨਾਂ ਫ਼ਿਤਨਿਆਂ ਤੋਂ ਖ਼ਬਰਦਾਰ ਕਰਦੇ ਹੋਏ ਫ਼ਰਮਾਇਆ ਕਿ ਯਹੂਦੀ ਤੇ ਈਸਾਈ 72 ਧੜ੍ਹਿਆਂ ਵਿਚ ਵੰਡੇ ਜਾਣਗੇ ਅਤੇ ਇਹ ਸਾਰੇ ਧੜੇ ਨਰਕੀ ਹੋਣਗੇ ਛੁੱਟ ਇਕ ਧਿਰ ਤੋਂ ਪੁੱਛਿਆ ਕਿ ਉਹ ਧਿਰ ਕਿਹੜੀ ਹੋਵੇਗੀ ? ਆਪ ਸ: ਨੇ ਫ਼ਰਮਾਇਆ ਇਹ ਉਹ ਹੇ ਜਿਹੜਾ ਮੇਰੇ ਅਤੇ ਮੇਰੇ ਸਹਾਬਾਂ ਦੇ ਤਰੀਕੇ ਤੋਂ ਭਾਵ ਕੁਰਆਨ ਤੇ ਸੁੰਨਤ ’ਤੇ ਅਮਲ ਕਰਦਾ ਹੋਵੇਗਾ। (ਸਹੀ ਤਿਰਮਜ਼ੀ, ਹਦੀਸ: 2641; ਸਹੀ ਇਬਨੇ ਮਾਜਹ, ਹਦੀਸ: 3992-3993)
(104) 104਼ ਤੁਹਾਡੇ ਵਿੱਚੋਂ ਇਕ ਗਰੋਹ ਤਾਂ ਜ਼ਰੂਰ ਹੀ ਅਜਿਹਾ ਹੋਣਾ ਚਾਹੀਦਾ ਹੇ ਜੋ (ਲੋਕਾਂ ਨੂੰ) ਭਲਾਈ ਵੱਲ ਬੁਲਾਵੇ ਅਤੇ ਨੇਕ ਕੰਮ ਕਰਨ ਦਾ ਹੁਕਮ ਦੇਵੇ ਅਤੇ ਬੁਰੇ ਕੰਮਾਂ ਤੋਂ ਰੋਕੇ, ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨਗੇਂ (ਭਾਵ ਸਵਰਗਾਂ ਵਿਚ ਜਾਣਗੇ)।
(105) 105਼ ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਫ਼ਿਰਕਿਆਂ (ਧੜ੍ਹਿਆਂ) ਵਿਚ ਵੰਡੇ ਗਏ ਅਤੇ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇਕ ਦੂਜੇ ਨਾਲ ਮਦਭੇਦ ਕੀਤੇ। ਅਜਿਹੇ ਲੋਕਾਂ ਲਈ ਕਰੜ੍ਹਾ ਅਜ਼ਾਬ ਹੇ।
(106) 106਼ ਜਿਸ ਦਿਨ (ਕਿਆਮਤ ਦਿਹਾੜੇ) ਕਈ ਲੋਕਾਂ ਦੇ ਚਿਹਰੇ ਸਫ਼ੈਦ ਚਮਕਦੇ ਹੋਣਗੇ ਅਤੇ ਕਈ ਲੋਕਾਂ ਦੇ ਚਿਹਰੇ ਕਾਲੇ ਹੋਣਗੇ। (ਕਾਲੇ ਮੂੰਹ ਵਾਲਿਆਂ ਨੂੰ ਕਿਹਾ ਜਾਵੇਗਾ) ਕੀ ਤੁਸੀਂ ਈਮਾਨ ਲਿਆਉਣ ਮਗਰੋਂ ਵੀ ਇਨਕਾਰ ਕਰਦੇ ਰਹੇ ? ਹੁਣ ਤੁਸੀਂ ਆਪਣੇ ਇਨਕਾਰ ਕਰਨ ਦੀ ਸਜ਼ਾ ਭੁਗਤੋ।
(107) 107਼ ਰੋਸ਼ਨ ਮੁਖੜ੍ਹਿਆਂ ਵਾਲੇ ਅੱਲਾਹ ਦੀ ਰਹਿਮਤ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਥੇ (ਸਵਰਗਾਂ) ਵਿਚ ਸਦਾ ਰਹਿਣਗੇ।
(108) 108਼ ਹੇ ਨਬੀ (ਸ:)! ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਠੀਕ-ਠੀਕ ਸੁਣਾ ਰਹੇ ਹਾਂ। ਅੱਲਾਹ ਜਹਾਨ ਵਾਲਿਆਂ ’ਤੇ ਜ਼ੁਲਮ ਕਰਨਾ ਨਹੀਂ ਚਾਹੁੰਦਾ।
(109) 109਼ ਜੋ ਕੁੱਝ ਧਰਤੀ ਤੇ ਅਕਾਸ਼ ਵਿਚ ਹੇ ਸਭ ਦਾ ਮਾਲਿਕ ਅੱਲਾਹ ਹੀ ਹੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਫੇਰੇ ਜਾਣਗੇ।
(110) 110਼ (ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ 1 (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ।
1 ਹਜ਼ਰਤ ਅਬੂ-ਹੁਰੈਰਾ ਰ:ਅ: ਇਸ ਆਇਤ ਦੀ ਵਿਆਖਿਆ ਵਿਚ ਕਹਿੰਦੇ ਹਨ ਕਿ ਸਭ ਤੋਂ ਵਧੀਆ ਉਹ ਲੋਕ ਹਨ ਜਿਹੜੇ ਲੋਕਾਂ ਲਈ ਵਧੀਆ ਹੋਣ ਤੁਸੀਂ ਉਹਨਾਂ ਨੂੰ ਜ਼ੰਜੀਰਾਂ ਵਿਚੋ ਕੈਦੀ ਬਣਾ ਕੇ ਲਿਆਉਂਦੇ ਹੋ ਅਤੇ ਉਹ ਇਸਲਾਮ ਵਿਚ ਦਾਖ਼ਿਲ ਹੋ ਜਾਂਦੇ ਹਨ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਨਰਕ ਦੀ ਸਦੀਵੀਂ ਅੱਗ ਤੋਂ ਬਚਾ ਕੇ ਜੰਨਤ ਵਿਚ ਦਾਖ਼ਿਲ ਹੋਣ ਵਾਲੇ ਬਣ ਜਾਂਦੇ ਹੋ। (ਸਹੀ ਬੁਖ਼ਾਰੀ, ਹਦੀਸ: 4557)
(111) 111਼ (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ।
(112) 112਼ ਹਰ ਥਾਂ ’ਤੇ ਉਹਨਾਂ ਨੂੰ ਅਪਮਾਨ ਦੀ ਮਾਰ ਸਹਿਣੀ ਪਈ ਇਹ ਵੱਖਰੀ ਗੱਲ ਹੇ ਕਿ ਕਿਤੇ ਅੱਲਾਹ ਦੇ ਨਾਂ ’ਤੇ ਜਾਂ ਲੋਕਾਂ ਦੀ ਸ਼ਰਨ ਵਿਚ ਆ ਕੇ ਬਚ ਜਾਣ। ਇਹ (ਕਿਤਾਬ ਵਾਲੇ) ਤਾਂ ਅੱਲਾਹ ਵੱਲੋਂ ਅਜ਼ਾਬ (ਸਜ਼ਾ) ਦੇ ਹੱਕਦਾਰ ਹੋ ਗਏ ਹਨ ਇਸ ਲਈ ਇਹਨਾਂ ਉੱਤੇ ਮੁਥਾਜਪੁਣਾ ਤੇ ਅਧੀਨਗੀ ਮੜ੍ਹ ਦਿੱਤੀ ਗਈ ਹੇ, ਇਸ ਦਾ ਕਾਰਨ ਇਹ ਹੇ ਕਿ ਇਹ ਲੋਕੀ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਸ ਲਈ ਇਹ ਸਜ਼ਾ ਉਹਨਾਂ ਦੀਆਂ ਨਾਫਰਮਾਨੀਆਂ ਤੇ ਵਧੀਕੀਆਂ ਦਾ ਬਦਲਾ ਹੇ।
(113) 113਼ ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ।
(114) 114਼ ਇਹ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਵੀ ਰੱਖਦੇ ਹਨ ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ ਅਤੇ ਨੇਕੀ ਦੇ ਕੰਮਾਂ ਵਿਚ ਦੂਜੇ ਨਾਲੋ ਅੱਗੇ ਵਧਣ ਵਿਚ ਛੇਤੀ ਕਰਦੇ ਹਨ, ਇਹ ਭਲੇ ਤੇ ਨੇਕ ਲੋਕਾਂ ਵਿੱਚੋਂ ਹਨ।
(115) 115਼ ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ।
(116) 116਼ ਕਾਫ਼ਿਰਾਂ ਦੀ ਦੌਲਤ ਅਤੇ ਔਲਾਦ ਅੱਲਾਹ ਕੋਲ (ਅਜ਼ਾਬ ਤੋਂ ਬਚਾਉਣ ਲਈ) ਕਿਸੇ ਕੰਮ ਨਹੀਂ ਆਵੇਗੀ, ਇਹ ਲੋਕ ਤਾਂ ਨਰਕੀ ਹਨ ਅਤੇ ਸਦਾ ਉੱਥੇ ਰਹਿਣਗੇ।
(117) 117਼ ਇਹ ਕਾਫ਼ਿਰ ਇਸ ਸੰਸਾਰ ਵਿਚ ਜੋ ਖ਼ਰਚ ਕਰਦੇ ਹਨ ਉਸ ਦੀ ਮਿਸਾਲ ਤਾਂ ਉਸ ਹਨੇਰੀ ਵਾਂਗ ਹੇ ਜਿਸ ਵਿਚ ਪਾਲਾ ਹੋਵੇ ਅਤੇ ਉਹ ਉਨ੍ਹਾਂ ਦੀ ਖੇਤੀ ਉੱਤੇ ਚੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ’ਤੇ ਆਪ ਜ਼ੁਲਮ ਕੀਤਾ ਹੇ, ਉਸ ਦਾ ਸਤਿਆਨਾਸ਼ ਕਰ ਦੇਵੇ। ਅੱਲਾਹ ਨੇ ਇਹਨਾਂ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਇਹਨਾਂ ਕਾਫ਼ਿਰਾਂ ਨੇ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਹੇ।
(118) 118਼ ਹੇ ਈਮਾਨ ਵਾਲਿਓ! ਤੁਸੀਂ ਆਪਣੇ (ਈਮਾਨ ਵਾਲਿਆਂ) ਲੋਕਾਂ ਤੋਂ ਛੁੱਟ ਕਿਸੇ ਹੋਰ ਨੂੰ ਆਪਣਾ ਦੋਸਤ ਨਾ ਬਣਾਓ, ਦੂਜੇ ਲੋਕ (ਯਹੂਦੀ) ਤੁਹਾਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਉਹ ਤਾਂ ਇਹੋ ਚਾਹੁੰਦੇ ਹਨ ਕਿ ਤੁਸੀਂ ਮੁਸੀਬਤਾਂ ਵਿਚ ਹੀ ਘਿਰੇ ਰਹੋ ਉਹਨਾਂ ਦੀ ਦੁਸ਼ਮਨੀ ਤਾਂ ਉਹਨਾਂ ਦੀਆਂ ਗੱਲਾਂ ਤੋਂ ਹੀ ਪ੍ਰਗਟ ਹੋ ਚੱਕੀ ਹੇ ਅਤੇ ਜੋ (ਈਰਖਾ) ਉਹਨਾਂ ਦੇ ਮਨਾਂ ਵਿਚ ਲੁਕੀ ਹੋਈ ਹੇ ਉਹ ਹੋਰ ਵੀ ਵਧਕੇ ਹੇ। ਅਸੀਂ ਤਾਂ ਤੁਹਾਨੂੰ (ਸਾਫ਼-ਸਾਫ਼) ਹਿਦਾਇਤਾਂ ਦੇ ਛੱਡੀਆਂ ਹਨ। ਜੇ ਤੁਸੀਂ ਅਕਲ ਵਾਲੇ ਹੋ ਤਾਂ ਤੁਸੀਂ ਉਹਨਾਂ ਤੋਂ ਬਚਕੇ ਰਹੋ।
(119) 119਼ ਤੁਸੀਂ ਤਾਂ ਉਹਨਾਂ ਨਾਲ ਸਬੰਧ ਰਖਣਾ ਚਾਹੁੰਦੇ ਹੋ ਪਰ ਉਹ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੇ, ਤੁਸੀਂ ਸਾਰੀਆਂ ਅਕਾਸ਼ੀ ਕਿਤਾਬਾਂ ਨੂੰ ਮੰਨਦੇ ਹੋ (ਉਹ ਨਹੀਂ ਮੰਨਦੇ ਫੇਰ ਇਹ ਪ੍ਰੇਮ ਕਿਹੋ ਜਿਹਾ ਹੇ) ਇਹ ਲੋਕ (ਯਹੂਦੀ) ਤੁਹਾਡੇ ਸਾਹਮਣੇ ਤਾਂ (ਤੁਹਾਡੇ ਰਸੂਲ ਮੁਹੰਮਦ ਸ) ਅਤੇ .ਕੁਰਆਨ ਨੂੰ ਮੰਨਦੇ ਹਨ ਪ੍ਰੰਤੂ ਜਦੋਂ ਇਕੱਲੇ ਹੁੰਦੇ ਹਨ ਤਾਂ ਕਰੋਧ ਵਿਚ ਆ ਕੇ ਆਪਣੇ ਉਂਗਲਾਂ ਚੱਬਣ ਲੱਗ ਜਾਂਦੇ ਹਨ। ਕਹਿ ਦਿਓ! ਕਿ ਤੁਸੀਂ ਆਪਣੇ ਕਰੋਧ ਵਿਚ ਆਪ ਹੀ ਸੜ ਮਰੋ, ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।
(120) 120਼ ਜੇ ਤੁਹਾਡਾ (ਈਮਾਨ ਵਾਲਿਆਂ ਦਾ) ਕੋਈ ਭਲਾ ਹੁੰਦਾ ਹੇ ਤਾਂ ਉਹਨਾਂ ਨੂੰ ਭੈੜਾ ਲੱਗਦਾ ਹੇ ਜੇ ਕੋਈ ਬਿਪਤਾ ਆ ਜਾਵੇ ਤਾਂ ਉਹ ਖ਼ੁਸ਼ ਹੁੰਦੇ ਹਨ। ਜੇ ਤੁਸੀਂ ਸਬਰ ਕਰੋ ਅਤੇ ਰੱਬ ਤੋਂ ਡਰਦੇ ਰਹੋ ਤਾਂ ਉਹਨਾਂ ਦਾ ਕੋਈ ਵੀ ਦਾਅ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੇ।
(121) 121਼ (ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਸਵੇਰੇ ਸਵੇਰੇ ਆਪਣੇ ਘਰੋਂ ਨਿਕਲੇ ਸੀ ਅਤੇ ਮੁਸਲਮਾਨਾਂ ਨੂੰ ਓਹਦ ਦੀ ਲੜਾਈ ਦੇ ਮੈਦਾਨ ਵਿਚ ਮੋਰਚਿਆਂ ’ਤੇ ਬਿਠਾ ਰਹੇ ਸੀ। ਅੱਲਾਹ ਸਾਰੀਆਂ ਗੱਲਾਂ ਜਾਣਦਾ ਹੇ ਅਤੇ ਸਭ ਕੁੱਝ ਸੁਣਨ ਵਾਲਾ ਹੇ।
(122) 122਼ ਯਾਦ ਕਰੋ! ਜਦੋਂ ਤੁਹਾਡੇ ਵਿੱਚੋਂ ਦੋ ਟੋਲੀਆਂ ਤਾਂ ਹਿੰਮਤ ਵੀ ਹਾਰ ਚੁੱਕੀਆਂ ਸਨ ਜੱਦੋਂ ਕਿ ਅੱਲਾਹ ਉਹਨਾਂ ਦਾ ਮਦਦ ਕਰਨ ਵਾਲਾ ਮੌਜੂਦ ਸੀ। ਸੋ ਈਮਾਨ ਵਾਲਿਆਂ ਨੂੰ ਉਸੇ ਅੱਲਾਹ ਦੀ ਪਾਕ ਜ਼ਾਤ ’ਤੇ ਭਰੋਸਾ ਰੱਖਣਾ ਚਾਹੀਦਾ ਹੇ।
(123) 123਼ ਬਦਰ ਦੀ ਜੰਗ ਵਿਚ ਅੱਲਾਹ ਨੇ ਉਸ ਸਮੇਂ ਤੁਹਾਡੀ ਮਦਦ ਕੀਤੀ ਸੀ ਜਦੋਂ ਕਿ ਤੁਸੀਂ ਬਹੁਤ ਹੀ ਕਮਜ਼ੋਰ ਸੀ। ਤੁਸੀਂ ਅੱਲਾਹ ਤੋਂ ਡਰੋ ਤਾਂ ਜੋ ਤੁਸੀਂ ਅੱਲਾਹ ਦੇ ਸ਼ੁਕਰਗੁਜ਼ਾਰ ਬਣ ਸਕੋ।
(124) 124਼ (ਹੇ ਨਬੀ! ਯਾਦ ਕਰੋ) ਜਦੋਂ ਤੁਸੀਂ ਈਮਾਨ ਵਾਲਿਆਂ ਨੂੰ ਕਹਿ ਰਹੇ ਸੀ, ਕੀ ਤੁਹਾਡੇ ਲਈ ਇਹ ਗੱਲ (ਤੱਸਲੀ ਲਈ) ਬਥੇਰੀ ਨਹੀਂ ਹੋਵੇਗੀ ਕਿ ਅੱਲਾਹ ਅਕਾਸ਼ੋਂ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਮਦਦ ਕਰੇ?
(125) 125਼ (ਕਿਉਂ ਨਹੀਂ ਮਦਦ ਕਰੇਗਾ) ਜੇ ਤੁਸੀਂ ਸਬਰ ਤੋਂ ਕੰਮ ਲਵੋ ਤੇ ਅੱਲਾਹ ਤੋਂ ਡਰਦੇ ਰਹੋ ਅਤੇ ਜੇ ਵੈਰੀ ਤੁਹਾਡੇ ਉੱਤੇ ਹੱਲਾ ਬੋਲ ਦੇਣ ਤਾਂ ਤੁਹਾਡਾ ਰੱਬ ਉਸੇ ਸਮੇਂ ਤੁਹਾਡੀ ਸਹਾਇਤਾ ਪੰਜ ਹਜ਼ਾਰ ਫ਼ਰਿਸ਼ਤਿਆਂ ਨਾਲ ਕਰੇਗਾ, ਜਿਹਨਾਂ ’ਤੇ (ਪਛਾਣ ਲਈ) ਵਿਸ਼ੇਸ਼ ਨਿਸ਼ਾਨ ਲੱਗੇ ਹੋਣਗੇ।
(126) 126਼ ਇਹ ਅੱਲਾਹ ਵੱਲੋਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੇ ਤਾਂ ਜੋ ਇਸ ਤੋਂ ਤੁਹਾਡੇ ਮਨਾਂ ਨੂੰ ਤਸੱਲੀ ਹੋਵੇ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੇ ਜਿਹੜਾ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।
(127) 127਼ (ਇਹ ਰੱਬੀ ਸਹਾਇਤਾ ਇਸ ਲਈ ਸੀ ਕਿ) ਅੱਲਾਹ ਕਾਫ਼ਿਰਾਂ ਦੀ ਇਕ ਜਮਾਅਤ ਨੂੰ ਮਾਰ ਮੁਕਾਵੇ ਜਾਂ ਉਹਨਾਂ ਨੂੰ ਜ਼ਲੀਲ ਕਰ ਦੇਵੇ ਅਤੇ ਫ਼ੇਰ ਉਹ ਸਾਰੇ ਨਾ ਮੁਰਾਦ ਹੋਕੇ ਪਿਛਾਂਹ (ਮੱਕੇ ਨੂੰ) ਮੁੜ ਜਾਣ।
(128) 128਼ ਹੇ ਮੁਹੰਮਦ (ਸ:)! ਤੁਹਾਡੇ ਵੱਸ ਵਿਚ ਕੁੱਝ ਵੀ ਨਹੀਂ ਅੱਲਾਹ ਚਾਹੇ ਤਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ ਜਾਂ ਅਜ਼ਾਬ (ਸਜ਼ਾ) ਦੇ ਦੇਵੇ ਕਿਉਂ ਜੋ ਉਹ ਲੋਕ ਜ਼ਾਲਮ ਹਨ।
(129) 129਼ ਅਕਾਸ਼ ਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਜਿਸ ਨੂੰ ਚਾਹੇ ਉਸ ਨੂੰ ਬਖ਼ਸ਼ ਦੇਵੇ ਚਾਹੇ ਤਾਂ ਅਜ਼ਾਬ (ਸਜ਼ਾ) ਦੇ ਦੇਵੇ। ਅੱਲਾਹ ਬਖ਼ਸ਼ਿਸ਼ ਕਰਨ ਵਾਲਾ ਤੇ ਮਿਹਰਬਾਨ ਹੇ।
(130) 130਼ ਹੇ ਈਮਾਨ ਵਾਲਿਓ! ਵਧਾ ਚੜ੍ਹਾ ਕੇ ਸੂਦ ਨਾ ਖਾਓ, ਅੱਲਾਹ ਤੋਂ ਡਰੋ ਤਾਂ ਜੋ ਤੁਹਾਨੂੰ (ਨਰਕ ਦੀ ਅੱਗ ਤੋਂ) ਬਚਾਇਆ ਜਾ ਸਕੇ।
(131) 131਼ ਅਤੇ ਉਸ ਅੱਗ ਤੋਂ ਡਰੋ ਜਿਹੜੀ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੇ।1
1 ਅੱਲਾਹ ਦੇ ਨਬੀ ਸ: ਨੇ ਫ਼ਰਮਾਇਆ ਕਿ ਸੱਤ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ। ਸਹਾਬਾਂ ਨੇ ਪੁੱਛਿਆ ਕਿ ਉਹ ਕਿਹੜੇ ਗੁਨਾਹ ਹਨ ਤਾਂ ਆਪ (ਸ:) ਨੇ ਫ਼ਰਮਾਇਆ ਕਿ (1) ਅੱਲਾਹ ਦਾ ਸ਼ਰੀਕ ਬਣਾਉਣਾ (2) ਜਾਦੂ ਕਰਨਾਂ (3) ਨਾ ਹੱਕ ਕਤਲ ਕਰਨਾ (4) ਸੂਦ ਖਾਣਾ (5) ਯਤੀਮ ਦਾ ਮਾਲ ਹੜੱਪ ਕਰ ਜਾਣਾ (6) ਜਿਹਾਦ ਵਿਚ ਪਿਠ ਵਿਖਾਣਾ (7) ਭੋਲੀ ਭਾਲੀ ਪਾਕੀਜ਼ਾ ਔਰਤਾਂ ’ਤੇ ਤੁਹੱਮਤ ਅਤੇ ਅਲਜ਼ਾਮ ਲਗਾਉਣਾ। (ਸਹੀ ਬੁਖ਼ਾਰੀ, ਹਦੀਸ: 2766)
(132) 132਼ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ) ਦੀ ਆਗਿਆ ਦੀ ਪਾਲਣਾ ਕਰੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।1
1 ਇਸ ਤੋਂ ਭਾਵ ਇਸਲਾਮ ਧਰਮ ਕਬੂਲ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ ਹੇੇ ਕਿਉਂ ਜੋ ਇਸ ਤੋਂ ਬਿਨਾਂ ਕਿਆਮਤ ਦੇ ਦਿਨ ਅੱਲਾਹ ਦੀ ਰਹਿਮਤ ਦਾ ਹੱਕਦਾਰ ਨਹੀਂ ਹੋਵੇਗਾ।
(133) 133਼ ਆਪਣੇ ਰੱਬ ਦੀ ਬਖ਼ਸ਼ਿਸ਼ ਅਤੇ ਉਸ ਸਵਰਗ ਵੱਲ ਨੱਸ ਕੇ ਜਾਓ ਜਿਸ ਦਾ ਫੈਲਾਓ ਅਕਾਸ਼ਾਂ ਤੇ ਧਰਤੀ ਦੇ ਬਰਾਬਰ ਹੇ, ਜਿਹੜੀ ਰੱਬ ਤੋਂ ਡਰਨ ਵਾਲਿਆ ਲਈ ਬਣਾਈ ਗਈ ਹੇ।
(134) 134਼ ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । 2
2 ਇਹ ਅਤੇ ਇਸ ਤੋਂ ਬਾਅਦ ਵਾਲੀ ਆਇਤ ਵਿਚ ਅੱਲਾਹ ਦੇ ਨੇਕ ਬੰਦਿਆਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੀ ਚਰਚਾ ਕੀਤੀ ਗਈ ਹੇ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮਨੁੱਖੀ ਸਰੀਰ ਦੇ ਹਰ ਜੋੜ ਦਾ ਰੋਜ਼ਾਨਾ ਸਦਕਾ ਦੇਣਾ ਲਾਜ਼ਮੀ ਹੇ ਜੇ ਕੋਈ ਕਿਸੇ ਦੀ ਮਦਦ ਕਰੇ ਉਸ ਨੂੰ ਜਾਨਵਰ ’ਤੇ ਸਵਾਰ ਕਰਾ ਦੇਵੇ ਜਾਂ ਉਸ ਦਾ ਸਾਮਾਨ ਲਦਵਾ ਦੇਵੇ ਤਾਂ ਇਹ ਸਭ ਸਦਕਾ ਹੇ ਭਲੀ ਗੱਲ ਕਹਿਣਾ ਅਤੇ ਨਮਾਜ਼ ਲਈ ਇਕ-ਇਕ ਕਦਮ ਜਿਹੜਾ ਵੀ ਚੁੱਕਿਆ ਜਾਵੇਗਾ, ਇਹ ਵੀ ਸਦਕਾ ਹੇ ਅਤੇ ਕਿਸੇ ਨੂੰ ਰਾਹ ਦੱਸਣਾ ਵੀ ਸਦਕਾ ਹੇ। (ਸਹੀ ਬੁਖ਼ਾਰੀ, ਹਦੀਸ: 2891)
* ਹਦੀਸ ਵਿਚ ਹੇ ਕਿ ਪਹਿਲਵਾਨ ਉਹ ਨਹੀਂ ਜਿਹੜਾ ਕਿਸੇ ਨੂੰ ਚਿੱਤ ਕਰ ਦੇਵੇ, ਸਗੋਂ ਪਹਿਲਵਾਨ ਉਹ ਹੇ ਜਿਹੜਾ ਗੱਸੇ ਦੀ ਹਾਲਤ ਵਿਚ ਆਪਣੇ ਆਪ ਨੂੰ ਕਾਬੂ ਵਿਚ ਰੱਖੇ। (ਸਹੀ ਬੁਖ਼ਾਰੀ, ਹਦੀਸ: 6114)
(135) 135਼ ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੇ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿਚ ਅੱਲਾਹ ਤੋਂ ਛੁੱਟ ਹੋਰ ਕੋਣ ਹੇ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੇ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।
(136) 136਼ ਅਜਿਹੇ (ਨੇਕ) ਲੋਕਾਂ ਦਾ ਬਦਲਾ ਉਹਨਾਂ ਦੇ ਰੱਬ ਵੱਲੋਂ ਉਹਨਾਂ ਦੀ ਬਖ਼ਸ਼ਿਸ਼ ਹੇ ਅਤੇ ਜੰਨਤਾਂ ਦੇ ਬਾਗ਼ ਹਨ ਜਿਹਨਾਂ ਹੇਠ ਨਹਿਰਾਂ ਵਗਦੀਆਂ ਹਨ ਜਿਹਨਾਂ ਵਿਚ ਉਹ ਸਦਾ ਰਹਿਣਗੇ। ਕਿੰਨਾ ਵਧੀਆ ਬਦਲਾ ਹੇ ਉਹਨਾਂ ਨੇਕ ਕੰਮ ਕਰਨ ਵਾਲਿਆਂ ਦਾ।
(137) 137਼ ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਸੋ ਤੁਸੀਂ ਧਰਤੀ ’ਤੇ ਘੁੰਮ ਫ਼ਿਰਕੇ ਵੇਖੋ ਕਿ (ਰੱਬੀ ਫ਼ਰਮਾਨ ਨੂੂੰ) ਝੁਠਲਾਉਣ ਵਾਲਿਆਂ ਦਾ ਅੰਤ ਕੀ ਹੋਇਆ ਸੀ।
(138) 138਼ ਆਮ ਲੋਕਾਂ ਲਈ ਤਾਂ ਇਹ (.ਕੁਰਆਨ) ਕੇਵਲ ਇਕ ਕਿਤਾਬ ਹੇ ਪਰ ਰੱਬ ਤੋਂ ਡਰਨ ਵਾਲਿਆਂ ਲਈ ਇਹ ਹਿਦਾਇਤ ਤੇ ਨਸੀਹਤ ਹੇ।
(139) 139਼ ਹੇ ਈਮਾਨ ਵਾਲਿਓ! ਤੁਸੀਂ ਦਿਲ ਨਾ ਛੱਡੋ ਅਤੇ ਨਾ ਹੀ ਚਿੰਤਾ ਕਰੋ। ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ ਤਾਂ ਤੁਸੀਂ ਹੀ (ਕਾਫ਼ਿਰਾਂ ’ਤੇ) ਭਾਰੂ ਰਹੋਗੇ।
(140) 140਼ ਜੇ ਤੁਹਾਨੂੰ (ਉਹਦ ਦੀ ਜੰਗ ਵਿਚ) ਜ਼ਖ਼ਮ ਲੱਗੇ ਹਨ ਤਾਂ ਅਜਿਹੇ ਜ਼ਖ਼ਮ (ਬਦਰ ਦੀ ਜੰਗ ਵਿਚ) ਕਾਫ਼ਿਰਾਂ ਨੂੰ ਵੀ ਲੱਗ ਚੁੱਕੇ ਹਨ। ਅਸੀਂ (ਅੱਲਾਹ) ਲੋਕਾਂ ਵਿਚਾਲੇ ਦਿਨਾਂ ਨੂੰ ਬਦਲਦੇ ਰਹਿੰਦੇ ਹਾਂ। ਤੁਹਾਨੂੰ ਇਹ ਜ਼ਖ਼ਮ ਇਸ ਲਈ ਲੱਗੇ ਸਨ ਕਿ ਅੱਲਾਹ ਇਹ ਵੇਖਣਾ ਚਾਹੁੰਦਾ ਸੀ ਕਿ ਤੁਹਾਡੇ ਵਿੱਚੋਂ ਈਮਾਨ ਵਾਲਾ ਕੌਣ ਹੇ ? ਉਹ (ਅੱਲਾਹ) ਤੁਹਾਡੇ ਵਿੱਚੋਂ ਕੁੱਝ ਨੂੰ ਸ਼ਹਾਦਤ ਦੀ ਉੱਚੀ ਪਦਵੀ ਦੇਣਾ ਚਾਹੁੰਦਾ ਸੀ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
(141) 141਼ (ਇਹ ਕਾਰਨ ਵੀ ਸੀ) ਕਿ ਅੱਲਾਹ ਈਮਾਨ ਵਾਲਿਆਂ ਨੂੰ ਪਾਕ ਸਾਫ਼ ਕਰਨਾ ਅਤੇ ਕਾਫ਼ਿਰਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ।
(142) 142਼ (ਹੇ ਈਮਾਨ ਵਾਲਿਓ!) ਕੀ ਤੁਸੀਂ ਇਹ ਸਮਝ ਬੈਠੇ ਹੋ ਕਿ ਤੁਸੀਂ ਐਵੇਂ ਹੀ ਜੰਨਤ ਵਿਚ ਚਲੇ ਜਾਉਗੇ ? ਜਦ ਕਿ ਅਜੇ ਅੱਲਾਹ ਨੇ ਇਹ ਤਾਂ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਰੱਬ ਦੀ ਰਾਹ ਵਿਚ ਜਾਨ ਵਾਰ ਦੇਣ ਵਾਲੇ ਅਤੇ ਸਬਰ ਕਰਨ ਵਾਲੇ ਕੌਣ ਹਨ।
(143) 143਼ ਜੰਗ ਹੋਣ ਤੋਂ ਪਹਿਲਾਂ ਤਾਂ ਤੁਸੀਂ ਮੌਤ (ਸ਼ਹੀਦ ਹੋਣ) ਦੀਆਂ ਕਾਮਨਾਵਾਂ ਕਰਦੇ ਸੀ। ਸੋ ਹੁਣ ਤੁਸੀਂ ਮੌਤ ਨੂੰ ਆਪਣੀ ਅੱਖੀਂ ਵੇਖ ਲਿਆ।
(144) 144਼ ਮੁਹੰਮਦ(ਸ:) ਕੇਵਲ ਇਕ ਰਸੂਲ ਹੀ ਹਨ, ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਹੋ ਚੁੱਕੇ ਹਨ। ਜੇ ਇਹਨਾਂ (ਮੁਹੰਮਦ ਸ:) ਦਾ ਦਿਹਾਂਤ ਹੋ ਜਾਵੇ ਜਾਂ ਇਹ ਸ਼ਹੀਦ ਹੋ ਜਾਣ ਤਾਂ ਕੀ ਤੁਸੀਂ ਇਸਲਾਮ ਤੋਂ ਆਪਣੇ ਪੈਰ ਪਿੱਛੇ ਖਿੱਚ ਲਵੋਗੇ ? ਜਿਹੜਾ (ਇਸਲਾਮ ਤੋਂ) ਪਿਛਲੇ ਪੈਰੀਂ ਫਿਰੇਗਾ ਤਾਂ ਉਹ ਅੱਲਾਹ ਦਾ ਉੱਕਾ ਹੀ ਕੁੱਝ ਨਹੀਂ ਵਿਗਾੜ ਸਕੇਗਾ। ਅੱਲਾਹ (ਛੇਤੀ ਹੀ ਹਰ ਹਾਲ ਵਿਚ ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਵਧੀਆ ਬਦਲਾ ਦੇਵੇਗਾ।
(145) 145਼ ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਜੀਵ ਮਰ ਨਹੀਂ ਸਕਦਾ ਉਸ ਨੇ (ਸਭ ਦੀ) ਮੌਤ ਦਾ ਸਮਾਂ ਲਿਖਿਆ ਹੋਇਆ ਹੇ। ਸੰਸਾਰ ਦੀ ਇੱਛਾ ਰੱਖਣ ਵਾਲਿਆਂ ਨੂੰ ਅਸੀਂ ਦੁਨੀਆਂ ਵਿਚ ਹੀ ਕੁੱਝ ਦੇ ਦਿੰਦੇ ਹਾਂ ਅਤੇ ਜਿਹੜੇ ਆਖ਼ਿਰਤ ਵਿਚ ਬਦਲਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਖ਼ਿਰਤ ਵਿਚ ਦੇ ਦਿੰਦੇ ਹਾਂ ਅਤੇ (ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਚੰਗਾ ਬਦਲਾ ਦੇਵਾਂਗੇ।
(146) 146਼ ਕਿੰਨੇ ਹੀ ਨਬੀ ਅਜਿਹੇ ਹੋ ਚੁੱਕੇ ਹਨ ਜਿਨ੍ਹਾਂ ਨਾਲ ਮਿਲਕੇ ਬਹੁਤ ਸਾਰੇ ਅੱਲਾਹ ਵਾਲਿਆਂ ਨੇ ਜਿਹਾਦ ਕੀਤਾ ਰੁੈ, ਉਹਨਾਂ ਨੂੰ ਵੀ ਅੱਲਾਹ ਦੀ ਰਾਹ ਵਿਚ ਮੁਸੀਬਤਾਂ ਦਾ ਸਾਹਮਣਾ ਕਰਨਾਂ ਪਿਆ ਪ੍ਰੰਤੂ ਨਾ ਤਾਂ ਉਹਨਾਂ ਨੇ ਹਿੱਮਤ ਹੀ ਹਾਰੀ, ਨਾ ਹੀ ਕੰਮਜ਼ੋਰੀ ਵਿਖਾਈ ਅਤੇ ਨਾ ਹੀ ਕਾਫ਼ਿਰਾਂ ਅੱਗੇ ਨੀਵੇਂ ਹੋਏ। ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੇ।
(147) 147਼ ਇਹ (ਨੇਕ ਲੋਕ) ਤਾਂ ਇਹੋ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਥੋਂ ਸਾਡੇ ਕੰਮਾਂ ਵਿਚ ਜੋ ਤੇਰੇ ਹੁਕਮਾਂ ਦੀ ਉਲੰਘਣਾ ਹੋਈ ਰੁ ਉਸ ਨੂੰ ਵੀ ਮੁਆਫ਼ ਕਰਦੇ ਅਤੇ ਸਾਡੇ ਪੈਰਾਂ ਨੂੰ (ਜਿਹਾਦ ਕਰਨ ਵੇਲੇ) ਜਮਾ ਦੇ ਅਤੇ ਕਾਫ਼ਿਰਾਂ ਦੇ ਮੁਕਾਬਲੇ ਸਾਡੀ ਮਦਦ ਫ਼ਰਮਾ।
(148) 148਼ ਸੋ ਅੱਲਾਹ ਨੇ ਉਹਨਾਂ ਲੋਕਾਂ ਨੂੰ ਦੁਨੀਆਂ ਵਿਚ ਵੀ ਬਦਲਾ ਦਿੱਤਾ ਅਤੇ ਆਖ਼ਿਰਤ ਵਿਚ ਬਦਲਾ (ਇਸ ਦੁਨੀਆਂ ਤੋਂ) ਸੋਹਣਾ ਬਖ਼ਸ਼ੇਗਾ। ਅੱਲਾਹ ਨੇਕ ਲੋਕਾਂ ਨੂੰ ਹੀ ਆਪਣਾ ਮਿਤੱਰ ਬਣਾਉਂਦਾ ਹੇ।
(149) 149਼ ਹੇ ਈਮਾਨ ਵਾਲਿਓ! ਜੇ ਤੁਸੀਂ ਕਾਫ਼ਿਰਾਂ ਦੀਆਂ ਗੱਲਾਂ ਮੰਨੋਗੇ ਤਾਂ ਇਹ ਤੁਹਾਨੂੰ ਪੁੱਠੇ ਫੇਰ ਲੈ ਜਾਣਗੇ 1 (ਭਾਵ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣਗੇ) ਫੇਰ ਤੁਸੀਂ ਨਾ ਮੁਰਾਦ ਹੋ ਜਾਓਗੇ।
1 ਭਾਵ ਜਿਸ ਥਾਂ ਸ਼ਿਰਕ ਹੋ ਰਿਹਾ ਹੋਵੇ ਉਸ ਥਾਂ ਵੱਸਣਾ ਨਹੀਂ ਚਾਹੀਦਾ ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵਿਅਕਤੀ ਮੁਸ਼ਰਿਕ ਦੇ ਨਾਲ ਰਹੇਗਾ ਉਹ ਉਸੇ ਜਿਹਾ ਹੀ ਹੇ। (ਸੁਣਨ ਅਬੁ ਦਾਊਦ, ਹਦੀਸ: 2787)
* ਇਸ ਹਦੀਸ ਤੋਂ ਇਹ ਸਿੱਖਿਆ ਮਿਲਦੀ ਹੇ ਕਿ ਜੇ ਕਿਸੇ ਗੈਰ ਮੁਸਲਿਮ ਦੇਸ਼ ਵਿਚ ਕੋਈ ਰਹਿੰਦਾ ਹੇ ਤਾਂ ਉਸ ਲਈ ਜ਼ਰੂਰੀ ਹੇ ਕਿ ਦੀਨ ਦੀ ਤਬਲੀਗ ਕਰੇ।
(150) 150਼ ਹਕੀਕਤ ਵਿਚ ਅੱਲਾਹ ਹੀ ਤੁਹਾਡਾ ਹਮਾਇਤੀ ਹੇ ਅਤੇ ਉਹੀਓ ਸਭ ਤੋਂ ਵਧੀਆ ਮਦਦ ਕਰਨ ਵਾਲਾ ਹੇ।
(151) 151਼ ਅਸੀਂ (ਅੱਲਾਹ ਛੇਤੀ ਹੀ) ਕਾਫ਼ਿਰਾਂ ਦੇ ਮਨਾਂ ਵਿਚ ਤੁਹਾਡਾ ਰੋਅਬ ਬਿਠਾਂ ਦੇਵਾਂਗੇ ਇਸ ਲਈ ਕਿ ਇਹ ਲੋਕੀ ਅੱਲਾਹ ਦੇ ਨਾਲ ਉਹਨਾਂ ਨੂੰ ਵੀ (ਰੱਬ ਦੀ ਖ਼ੁਦਾਈ ਵਿਚ) ਸ਼ਰੀਕ ਕਰਦੇ ਹਨ ਜਿਸ ਦੀ ਕੋਈ ਵੀ ਦਲੀਲ ਰੱਬ ਵੱਲੋਂ ਨਹੀਂ ਉਤਾਰੀ ਗਈ। ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਇਹ ਇਹਨਾਂ (ਸ਼ਿਰਕ ਕਰਨ ਵਾਲੇ) ਜ਼ਾਲਮਾਂ ਲਈ ਭੈੜੀ ਜਗ੍ਹਾ ਹੇ।
(152) 152਼ ਹੇ ਨਬੀ! ਬੇਸ਼ੱਕ ਅੱਲਾਹ ਨੇ ਤੁਹਾਡੇ ਨਾਲ (ਮਦਦ ਕਰਨ ਦਾ) ਕੀਤਾ ਹੋਇਆ ਬਚਨ ਪੂਰੀ ਤਰ੍ਹਾਂ ਨਿਭਾਇਆ ਜਦੋਂ ਤੁਸੀਂ (ਉਹਦ ਵਿਚ) ਉਸ ਦੇ ਹੁਕਮ ਨਾਲ ਕਾਫ਼ਿਰਾਂ ਨੂੰ ਕਤਲ ਕਰ ਰਹੇ ਸੀ, ਪਰ ਜਦੋਂ ਤੁਸੀਂ ਕੰਮਜ਼ੋਰੀ ਵਿਖਾਈ ਅਤੇ ਆਪਣੇ ਕੰਮਾਂ ਵਿਚ ਇਕ ਦੂਜੇ ਨਾਲ ਮਤਭੇਦ ਕੀਤਾ ਅਤੇ ਜਿਵੇਂ ਹੀ ਅੱਲਾਹ ਨੇ ਤੁਹਾਨੂੰ (ਗ਼ਨੀਮਤ ਦੇ ਮਾਲ ਦੀ ਝਲਕ) ਵਿਖਾਈ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਸੀ ਤਾਂ ਤੁਸੀਂ (ਰਸੂਲ ਦੀ) ਨਾ-ਫ਼ਰਮਾਨੀ ਕੀਤੀ। ਇਹ ਇਸ ਲਈ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਦੁਨੀਆਂ ਨੂੰ ਚਾਹੁੰਦੇ ਸੀ ਅਤੇ ਕੁੱਝ ਆਖ਼ਿਰਤ ਦੇ ਹੀ ਇਛੁੱਕ ਸਨ। ਫੇਰ ਅੱਲਾਹ ਨੇ ਤੁਹਾਨੂੰ ਕਾਫ਼ਿਰਾਂ ਦੇ ਮੁਕਾਬਲੇ ਵਿਚ ਪਰਾਜਿਤ ਕਰ ਦਿੱਤਾ ਤਾਂ ਜੋ ਤੁਹਾਡੀ ਅਜ਼ਮਾਇਸ਼ ਕਰੇ। ਫੇਰ ਵੀ ਅੱਲਾਹ ਨੇ ਤੁਹਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ’ਤੇ ਬਹੁਤ ਹੀ ਵੱਡੀ ਮਿਹਰ ਕਰਦਾ ਹੇ।
(153) 153਼ ਯਾਦ ਕਰੋ ਜਦੋਂ ਤੁਸੀਂ (ਹਾਰ ਦੇ ਕਾਰਨ ਮੈਦਾਨ ਵਿੱਚੋਂ) ਭੱਜੇ ਜਾ ਰਹੇ ਸੀ ਅਤੇ ਕਿਸੇ ਵੱਲ ਮੁੜ ਕੇ ਵੇਖਦੇ ਵੀ ਨਹੀਂ ਸੀ ਅਤੇ ਰਸੂਲ (ਹਜ਼ਰਤ ਮਹੁੰਮਦ) ਤੁਹਾਡੇ ਪਿੱਛੇ ਤੁਹਾਨੂੰ ਸੱਦ ਰਹੇ ਸੀ। ਫੇਰ ਅੱਲਾਹ ਨੇ ਤੁਹਾਨੂੰ ਉੱਪਰ ਥੱਲੇ ਦੁੱਖ ਇਸ ਲਈ ਦਿੱਤੇ ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ ਕਿ ਜੋ ਵੀ ਤੁਹਾਡੇ ਹੱਥੋਂ ਖੁੱਸ ਜਾਵੇ ਜਾਂ ਤੁਹਾਡੇ ’ਤੇ ਕੋਈ ਮੁਸੀਬਤ ਆ ਜਾਵੇ ਉਸ ਉੱਤੇ ਤੁਹਾਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ। ਅੱਲਾਹ ਤੁਹਾਡੇ ਅਮਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੇ।
(154) 154਼ ਫੇਰ ਉਸ (ਅੱਲਾਹ ਨੇ ਕਸ਼ਟ ਮਗਰੋਂ) ਤੁਹਾਡੇ ’ਤੇ ਸੰਤੋਖ ਨਾਜ਼ਿਲ ਕੀਤਾ ਅਤੇ ਤੁਹਾਡੇ ਵਿੱਚੋਂ ਇਕ ਟੋਲੇ ਨੂੰ ਉਂਘ ਆਉਣ ਲੱਗ ਪਈ, ਹਾਂ ਇਹਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗੀ ਹੋਈ ਸੀ, ਇਹ ਲੋਕ ਅੱਲਾਹ ਪ੍ਰਤੀ ਤਰ੍ਹਾਂ -ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਵੀ ਰੱਬ ਨੇ ਕੋਈ ਅਧਿਕਾਰ ਦਿੱਤਾ ਹੇ ? (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੇ ਕੰਮ ਅੱਲਾਹ ਦੇ ਹੀ ਅਧਿਕਾਰ ਵਿਚ ਹਨ। ਉਹ ਲੋਕ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਦੱਸਦੇ। ਕਹਿੰਦੇ ਹਨ, ਕੀ ਜੇਕਰ ਸਾਨੂੰ ਵੀ ਕੱਝ ਅਧਿਕਾਰ ਹੁੰਦਾ ਤਾਂ ਅਸੀਂ ਇਸ ਥਾਂ ’ਤੇ ਕਤਲ ਨਾ ਕੀਤੇ ਜਾਂਦੇ। (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਆਪਣੇ ਘਰਾਂ ਵਿਚ ਹੁੰਦੇ ਫੇਰ ਵੀ ਜਿਨ੍ਹਾਂ ਦੀ ਤਕਦੀਰ ਵਿਚ ਕਤਲ ਹੋਣਾ ਸੀ ਉਹ ਆਪਣੇ ਮਰਨ ਟਿਕਾਣਿਆਂ ਵੱਲ ਆਪ ਹੀ ਨਿਕਲ ਆਉਂਦੇ। ਇਹ ਸਭ ਕੁੱਝ ਇਸ ਲਈ ਹੋਇਆ ਸੀ ਕਿ ਜੋ ਕੁੱਝ ਵੀ ਤੁਹਾਡੇ ਮਨਾਂ ਵਿਚ ਹੇ (ਅੱਲਾਹ) ਉਸ ਨੂੰ ਪਰਖੇ ਅਤੇ ਜੋ ਵੀ ਤੁਹਾਡੇ ਮਨਾਂ ਵਿਚ ਖੋਟ ਹੇ ਉਸ ਨੂੰ ਪਾਕ ਕਰੇ। ਅੱਲਾਹ ਮਨਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।
(155) 155਼ ਬੇਸ਼ੱਕ ਜਦੋਂ ਦੋਵਾਂ ਧੜ੍ਹਿਆਂ ਦੀ ਓਹਦ ਵਿਚ ਟੱਕਰ ਹੋਈ ਸੀ ਉਦੋਂ ਤੁਹਾਡੇ (ਮੁਸਲਮਾਨਾਂ) ਵਿੱਚੋਂ ਜਿਨ੍ਹਾਂ ਨੇ ਪਿੱਠ ਵਿਖਾਈ ਸੀ ਉਹ ਲੋਕ ਆਪਣੀਆਂ ਕੁੱਝ ਕਮਜ਼ੋਰੀਆਂ ਕਾਰਨ ਸ਼ੈਤਾਨ ਦੇ ਬਹਿਕਾਵੇ ਵਿਚ ਆ ਗਏ ਪ੍ਰੰਤੂ ਫੇਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਅੱਲਾਹ ਡਾਢਾ ਬਖ਼ਸ਼ਣਹਾਰ ਅਤੇ ਵੱਡਾ ਸ਼ਹਿਣਸ਼ੀਲ ਹੇ।
(156) 156਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾਂ ਹੋ ਜਾਣਾ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਅਤੇ ਆਪਣੇ ਮੁਸਲਮਾਨ ਭਰਾਵਾਂ ਲਈ, ਜਦੋਂ ਉਹ ਸਫ਼ਰ ਲਈ ਜਾਂ ਜਿਹਾਦ ਲਈ ਨਿਕਲਦੇ, ਹਮਦਰਦੀ ਵਜੋਂ ਆਖਦੇ ਕਿ ਜੇ ਇਹ ਸਾਡੇ ਕੋਲ ਹੁੰਦੇ ਤਾਂ ਨਾ ਉਹ ਕਿਸੇ ਨੂੰ ਮਾਰਦੇ ਨਾ ਹੀ ਆਪ ਮਰਦੇ। ਇੰਜ ਅੱਲਾਹ ਨੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਦਿਲਾਂ ਦੇ ਪਛਤਾਵੇ ਦਾ ਕਾਰਨ ਬਣਾ ਛੱਡਿਆ ਹੇ। ਅੱਲਾਹ ਹੀ ਜਿਉਂਦਾ ਰੱਖਣ ਵਾਲਾ ਅਤੇ ਮਾਰਨ ਵਾਲਾ ਹੇ ਅਤੇ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਵੇਖ ਰਿਹਾ ਹੇ।
(157) 157਼ ਜੇ ਤੁਸੀਂ ਅੱਲਾਹ ਦੀ ਰਾਹ ਵਿਚ ਮਾਰੇ ਜਾਓ ਜਾਂ ਮਰ ਜਾਓ ਤਾਂ ਬੇਸ਼ੱਕ ਅੱਲਾਹ ਦੀ ਬਖ਼ਸ਼ਿਸ਼ ਅਤੇ ਮਿਹਰਾਂ ਇਹਨਾਂ ਸੰਸਾਰਿਕ ਵਸਤੂਆਂ ਤੋਂ ਕੀਤੇ ਵਧੀਆ ਹਨ ਜਿਹੜੀਆਂ ਇਹ ਲੋਕ ਜੋੜਦੇ ਹਨ।
(158) 158਼ ਭਾਵੇਂ ਤੁਸੀਂ (ਆਪਣੀ ਮੌਤ) ਆਪ ਮਰੋ ਜਾਂ ਤੁਸੀਂ ਮਾਰੇ ਜਾਓ, ਤੁਸਾਂ ਇਕੱਠੇ ਤਾਂ ਅੱਲਾਹ ਕੋਲ ਹੀ ਕੀਤੇ ਜਾਓਗੇ।
(159) 159਼ (ਹੇ ਮੁਹੰਮਦ ਸ!) ਅੱਲਾਹ ਦੀ ਮਿਹਰ ਸਦਕਾ ਤੁਸੀਂ ਇਹਨਾਂ ਲੋਕਾਂ ਪ੍ਰਤੀ ਨਰਮ ਸੁਭਾਅ ਵਾਲੇ ਹੋ, ਜੇਕਰ ਤੁਸੀਂ ਕੌੜੀ ਜ਼ੁਬਾਨ ਅਤੇ ਕਠੋਰ ਦਿਲ ਵਾਲੇ ਹੁੰਦੇ ਤਾਂ ਇਹ ਸਾਰੇ ਲੋਕ ਤੁਹਾਡੇ ਆਲੇ-ਦੁਆਲੇ ਤੋਂ ਖਿੰਡ ਜਾਂਦੇ। ਸੋ ਤੁਸੀਂ ਇਹਨਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰ ਦੇਵੋ ਅਤੇ ਇਹਨਾਂ ਲਈ (ਰੱਬ ਤੋਂ) ਮੁਆਫ਼ੀ ਦੀ ਅਰਦਾਸ ਕਰੋ ਅਤੇ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਲਿਆ ਕਰੋ, ਫੇਰ ਜਦੋਂ ਤੁਹਾਡਾ ਇਰਾਦਾ (ਮਸ਼ਵਰੇ ਤੋਂ ਮਗਰੋਂ) ਕਿਸੇ ਸੁਝਾਓ ’ਤੇ ਪੱਕਾ ਹੋ ਜਾਵੇ ਤਾਂ ਫੇਰ (ਉਸ ’ਤੇ ਅਮਲ ਕਰਦੇ ਹੋਏ) ਅੱਲਾਹ ਉੱਤੇ ਭਰੋਸਾ ਕਰੋ। ਬੇਸ਼ੱਕ ਅੱਲਾਹ ਭਰੋਸਾ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।
(160) 160਼ ਜੇ ਅੱਲਾਹ ਤੁਹਾਡੀ ਸਹਾਇਤਾ ’ਤੇ ਆ ਜਾਵੇ ਤਾਂ ਤੁਹਾਡੇ ’ਤੇ ਕੋਈ ਵੀ ਭਾਰੂ ਨਹੀਂ ਹੋ ਸਕਦਾ, ਜੇ ਉਹੀਓ ਤੁਹਾਨੂੰ (ਇਕੱਲਾ) ਛੱਡ ਦੇਵੇ ਤਾਂ ਉਸ ਪਿੱਛੋਂ ਕੋਣ ਹੇ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ ਹੇ ? ਈਮਾਨ ਵਾਲਿਆਂ ? ਤਾਂ ਅੱਲਾਹ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੇ।
(161) 161਼ ਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ 1 (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ।
1 ਹਜ਼ਰਤ ਅਬੂ-ਹੁਰੈਰਾ ਨੇ ਕਿਹਾ ਕਿ ਨਬੀ ਕਰੀਮ ਸ: ਨੇ ਖੜੇ ਹੋ ਕੇ ਸਾ` ਸੰਬੋਧਨ ਕੀਤਾ ਅਤੇ ਆਪ ਸ: ਨੇ ਲੁਟ ਮਾਰ ਦੇ ਮਾਲ ਵਿੱਚੋਂ ਚੌਰੀ ਕਰਨ ਦੇ ਸੰਬੰਧ ਵਿਚ ਫ਼ਰਮਾਇਆ ਅਤੇ ਇਸ ਨੂੰ ਬਹੁਤ ਵੱਡਾ ਪਾਪ ਦੱਸਿਆ ਅਤੇ ਇਸ ਲਈ ਸਖ਼ਤ ਸਜ਼ਾ ਮਿਲਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੇਖੋ ਇੰਜ ਨਾ ਹੋਵੇ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਕਿਆਮਤ ਦਿਹਾੜੇ ਆਪਣੀ ਗਰਦਨ ’ਤੇ ਬਕਰੀ ਲੱਦੀ ਹੋਈ ਵੇਖਾਂ।
(162) 162਼ ਉਹ ਵਿਅਕਤੀ ਜਿਹੜਾ (ਸਦਾ ਹੀ) ਅੱਲਾਹ ਨੂੰ ਖ਼ੁਸ਼ ਕਰਨ ਵਿਚ ਲੱਗਿਆ ਰਹਿੰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਅੱਲਾਹ ਨੂੰ (ਆਪਣੇ ਕੰਮਾਂ ਕਾਰਨ ਸਦਾ) ਨਾਰਾਜ਼ ਰੱਖਦਾ ਹੇ ਅਤੇ ਜਿਨ੍ਹਾਂ ਦਾ ਟਿਕਾਣਾ ਨਰਕ ਹੇ ਜਿਹੜੀ ਬਹੁਤ ਹੀ ਭੈੜੀ ਥਾਂ ਹੇ?
(163) 163਼ ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ।
(164) 164਼ ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੇ ਕਿ ਉਹਨਾਂ ਵਿਚ ਖ਼ੁਦ ਉਹਨਾਂ ਲਈ ਇਕ ਰਸੂਲ ਭੇਜਿਆ ਜੋ ਉਹਨਾਂ ਨੂੰ ਇਸ (.ਕੁਰਆਨ) ਦੀਆਂ ਆਇਤਾਂ ਪੜ੍ਹਕੇ ਸੁਣਾਉਂਦਾ ਹੇ ਤੇ ਉਹਨਾਂ ਨੂੰ (ਸ਼ਿਰਕ ਤੋਂ) ਪਾਕ ਕਰਦਾ ਹੇ ਅਤੇ ਉਹਨਾਂ ਨੂੰ ਕਿਤਾਬ (.ਕੁਰਆਨ) ਤੇ ਹਿਕਮਤ (ਹਦੀਸ) ਦੀਆਂ ਗੱਲਾਂ ਸਿਖਾਉਂਦਾ ਹੇ। 1 ਜਦੋਂ ਕਿ ਇਸ (ਨਬੀ) ਤੋਂ ਪਹਿਲਾਂ ਇਹ ਲੋਕ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।
1 ਇਸ ਤੋਂ ਸਿੱਧ ਹੰਦਾ ਹੇ ਕਿ ਹਿਦਾਇਤ ਅਤੇ ਮਨ ਦੀ ਪਵਿਤੱਰਤਾ ਲਈ ਅੱਲਾਹ ਦੇ ਰਸੂਲ ਸ: ਦੀਆਂ ਸੁੱਨਤਾਂ ਦੀ ਪੈਰਵੀ ਕਰਨਾ ਅਤਿ ਜ਼ਰੂਰੀ ਹੇ ਅੱਲਾਹ ਨੇ ਸੂਰਤ ਫ਼ੁਰਕਾਨ ਵਿਚ ਫ਼ਰਮਾਇਆ ਹੇ ਕਿ ਹੇ ਰੱਬਾ! ਸਾਨੂੰ ਪਰਹੇਜ਼ਗਾਰਾਂ ਦਾ ਆਗੂ ਬਣਾ ਦੇ। ਮੁਜਾਹਿਦ ਰ:ਅ; ਨੇ ਆਖਿਆ ਕਿ ਇਸ ਤੋਂ ਭਾਵ ਹੇ ਕਿ ਅਸੀਂ ਬੀਤ ਚੁੱਕੇ ਲੋਕਾਂ ਦੀ ਪੈਰਵੀ ਕਰਈਏ ਅਤੇ ਸਾਥੋਂ ਮਗਰੋਂ ਆਉਣ ਵਾਲੇ ਸਾਡੀ ਪੈਰਵੀ ਕਰਨ ਅਤੇ ਇਬਨੇ ਔਨ ਰ:ਅ: ਦਾ ਕਹਿਣਾ ਹੇ ਕਿ ਤਿੰਨ ਗੱਲਾਂ ਅਜਿਹਾ ਹਨ ਜਿਹੜੀਆਂ ਮੈਂ ਆਪਣੇ ਲਈ ਵੀ ਪਸੰਦ ਕਰਦਾ ਹਾਂ ਅਤੇ ਅਪਣੇ ਭਰਾਵਾਂ ਲਈ ਵੀ ਪਸੰਦ ਕਰਦਾ ਹਾਂ (1) ਮੁਸਲਮਾਨਾਂ ਨੂੰ ਚਾਹੀਦਾ ਹੇ ਕਿ ਰਸੂਲ ਸ: ਦੀਆਂ ਹਦੀਸਾਂ ਸਿੱਖਣ ਅਤੇ ਹਦੀਸ ਦੇ ਗਿਆਨੀਆਂ ਤੋਂ ਇਹਨਾਂ ਦੇ ਸੰਬੰਧ ਵਿਚ ਪੁੱਛਦੇ ਰਹਿਣ। (2) ਪਵਿੱਤਰ ਕੁਰਆਨ ’ਤੇ ਸੋਚ ਵਿਚਾਰ ਕਰਨ ਅਤੇ ਇਸ ਦੀ ਸਮਝ ਵਿਚ ਨਾ ਆਉਣ ਵਾਲੀਆਂ ਗੱਲਾਂ ਬਾਰੇ ਗਿਆਨੀਆਂ ਤੋਂ ਪੁੱਛਦੇ ਰਹਿਣ (3) ਛੁੱਟ ਭਲਾਈ ਦੀਆਂ ਗੱਲਾਂ ਤੋਂ ਕਿਸੇ ਦੇ ਮੁਆਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨਾ ਕਿਸੇ ਦੀ ਚੁਗ਼ਲੀ ਕਰਨੀ ਚਾਹੀਦੀ ਹੇ ਅਤੇ ਭਲਾਈ ਦੇ ਉਦੇਸ਼ ਨਾਲ ਨਸੀਹਤਾ ਕਰਦੇ ਰਹੋ (ਸਹੀ ਬੁਖ਼ਾਰੀ, ਅਲ ਅੇਤਸਾਮ ਬਾਬ 2) ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਮੇਰੀ ਸਾਰੀ ਉੱਮਤ ਭਾਵੇਂ ਉਹ ਗੁਨਾਹਗਾਰ ਹੋਵੇ ਇਕ ਨਾ ਇਕ ਦਿਨ ਜੰਨਤ ਵਿਚ ਜ਼ਰੂਰ ਜਾਵੇਗਾ ਪਰ ਉਹ ਨਹੀਂ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਸੁਹਾਬਾ ਨੇ ਪੁੱਛਿਆ ਹੇ ਅੱਲਾਹ ਦੇ ਰਸੂਲ! ਉਹ ਕੋਣ ਹੇ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਆਪ ਸ: ਨੇ ਫ਼ਰਮਾਇਆ ਜਿਹੜਾ ਮੇਰੀ ਪੈਰਵੀ ਕਰਦਾ ਹੇ ਉਹ ਜੰਨਤ ਵਿਚ ਜਾਵੇਗਾ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰਦਾ ਹੇ ਉਹ ਇਨਕਾਰ ਕਰਦਾ ਹੇ। (ਸਹੀ ਬੁਖ਼ਾਰੀ, ਹਦੀਸ: 7280)
(165) 165਼ ਉਸ ਸਮੇਂ ਤੁਹਾਡਾ ਕੀ ਹਾਲ ਸੀ ਜਦੋਂ ਤੁਹਾਡੇ ਉੱਤੇ (ਉਹਦ ਦੇ ਮੈਦਾਨ ਵਿਚ) ਇਕ ਮੁਸੀਬਤ ਆ ਪਈ ਤਾਂ ਤੁਸੀਂ ਕਹਿਣ ਲੱਗੇ ਕਿ ਇਹ ਮੁਸੀਬਤ ਕਿੱਥੋਂ ਆਈ ਹੇ? ਜਦੋਂ ਕਿ ਇਸ ਤੋਂ ਪਹਿਲਾਂ ਬਦਰ ਦੇ ਮੈਦਾਨ ਵਿਚ ਤੁਸੀਂ ਇਹਨਾਂ ਕਾਫ਼ਰਾਂ ਨੂੰ ਦੂਣੀ ਮੁਸੀਬਤ ਦੇ ਚੁੱਕੇ ਹੋ। ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਸਾਰੀਆਂ ਮੁਸੀਬਤਾਂ ਤੁਹਾਡੀਆਂ ਆਪਣੀਆਂ ਸਹੇੜੀਆਂ ਹੋਈਆ ਹਨ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੇ।
(166) 166਼ (ਹੇ ਮੁਸਲਮਾਨੋ!) ਤੁਹਾਨੂੰ ਜੋ ਵੀ ਹਾਨੀ ਉਸ ਦਿਨ (ਉਹਦ ਦੇ ਯੁੱਧ ਵਿਚ) ਹੋਈ ਸੀ, ਜਿਸ ਦਿਨ ਦੋ ਗੁੱਟਾਂ ਵਿਚਕਾਰ ਟੱਕਰ ਹੋਈ ਸੀ, ਉਹ ਸਭ ਕੁੱਝ ਅੱਲਾਹ ਦੇ ਹੁਕਮ ਅਨੁਸਾਰ ਹੀ ਸੀ ਅਤੇ ਇਹ ਇਸ ਲਈ ਸੀ ਕਿ ਅੱਲਾਹ ਪਛਾਣ ਲਵੇ ਕਿ ਕੌਣ ਈਮਾਨ ਵਾਲਾ ਹੇ।
(167) 167਼ ਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ।
(168) 168਼ ਇਹ ਉਹ ਲੋਕ ਹਨ ਜੋ ਆਪ ਤਾਂ ਬੈਠੇ ਹੀ ਰਹੇ ਅਤੇ ਆਪਣੇ ਭਰਾਵਾਂ ਬਾਰੇ (ਜਿਹੜੇ ਜੰਗ ਵਿਚ ਗਏ ਸੀ) ਕਹਿਣ ਲੱਗੇ, ਕਿ ਜੇ ਉਹ ਸਾਡਾ ਕਹਿਣਾ ਮੰਨ ਲੈਂਦੇ ਤਾਂ ਮਾਰੇ ਨਾ ਜਾਂਦੇ। (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀਆਂ ਜਾਨਾਂ ਤੋਂ ਮੌਤ ਨੂੰ ਟਾਲ ਕੇ ਵਿਖਾਓ।
(169) 169਼ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ।
(170) 170਼ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਜੋ ਉਹਨਾਂ ਨੂੰ ਨਵਾਜ਼ਿਆ ਹੇ ਉਸ ਤੋਂ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ (ਮੋਮਿਨਾਂ) ਪ੍ਰਤੀ ਵੀ ਖ਼ੁਸ਼ੀਆਂ ਮਨਾ ਰਹੇ ਹਨ, ਜਿਹੜੇ ਅਜੇ ਤੀਕ ਉਹਨਾਂ ਨਾਲ ਨਹੀਂ ਮਿਲੇ। ਅਤੇ ਉਹਨਾਂ ਦੇ ਪਿੱਛੇ (ਅੱਲਾਹ ਦੀ ਰਾਹ ਵਿਚ ਲੜਨ ਲਈ) ਰਹਿ ਗਏ ਹਨ। ਨਾ ਤਾਂ ਉਹਨਾਂ ਨੂੰ (ਮਰਨ ਦਾ) ਕੋਈ ਡਰ ਹੇ ਅਤੇ ਨਾ ਹੀ (ਮਰਨ ਮਗਰੋਂ) ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ।
(171) 171਼ ਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ।
(172) 172਼ ਜਿਹੜੇ ਲੋਕਾਂ ਨੇ ਅੱਲਾਹ ਅਤੇ ਰਸੂਲ ਦੇ ਹੁਕਮਾਂ ਨੂੰ ਪਰਵਾਨ ਕੀਤਾ ਜਦੋਂ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਨੇ ਭਲੇ ਕੰਮ ਕੀਤੇ ਅਤੇ ਬੁਰਾਈ ਤੋਂ ਪਰਹੇਜ਼ ਕੀਤਾ ਉਹਨਾਂ ਲਈ ਬੜਾ ਵੱਡਾ ਬਦਲਾ ਹੇ।
(173) 173਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”1 ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।
1 ਹਜ਼ਰਤ ਇਬਨੇ ਅੱਬਾਸ ਦਾ ਕਹਿਣਾ ਹੇ ਕਿ “ਹਸਬੁਨੱਲਾਹੋ ਵਾ ਨਿਅਮਲ ਵਕੀਲ” ਹਜ਼ਰਤ ਇਬਰਾਹੀਮ ਨੇ ਉਸ ਵੇਲੇ ਕਿਹਾ ਸੀ ਜਦੋਂ ਉਹਨਾਂ ਨੂੰ ਅੱਗ ਵਿਚ ਸੁੱਟਿਆ ਗਿਆ ਸੀ ਅਤੇ ਹਜ਼ਰਤ ਮੁਹੰਮਦ ਸ: ਨੇ ਇਹੋ ਬੋਲ ਬੋਲੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਆਖਿਆ ਸੀ ਕੁਰੈਸ਼ ਦੇ ਕਾਫ਼ਰਾਂ ਨੇ ਤੁਹਾਡੇ ਨਾਲ ਲੜਨ ਲਈ ਇਕ ਫ਼ੌਜ ਜਮਾਂ ਕੀਤੀ ਹੇ ਤੁਸੀਂ ਉਸ ਤੋਂ ਡਰੋ ਇਹ ਸੁਣ ਕੇ ਸੁਹਾਬਾਂ ਦਾ ਈਮਾਨ ਹੋਰ ਵੀ ਵੱਧ ਗਿਆ ਅਤੇ ਉਹਨਾਂ ਨੇ ਕਿਹਾ ਹਸਬੂਨਲਾਹ ਵਾ ਨਿਅਮਲ ਵਕੀਲ ਭਾਵ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੇ ਅਤੇ ਉਹ ਸਭ ਤੋਂ ਵਧੀਆ ਕੰਮ ਸਵਾਰਨ ਵਾਲਾ ਹੇ। (ਸਹੀ ਬੁਖ਼ਾਰੀ, ਹਦੀਸ: 4563)
(174) 174਼ ਅਤੇ ਉਹ ਅੱਲਾਹ ਦੇ ਇਨਾਮ ਅਤੇ ਉਸ ਦੀਆਂ ਮਿਹਰਾਂ ਸਦਕਾ ਉਹ (ਜੰਗ ਵਿੱਚੋਂ) ਘਰ ਪਰਤ ਆਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਅੱਲਾਹ ਦੀ ਮਰਜ਼ੀ ਦੀ ਪਾਲਣਾ ਕੀਤੀ, ਅੱਲਾਹ ਡਾਢਾ ਫ਼ਜ਼ਲ ਫ਼ਰਮਾਉਣ ਵਾਲਾ ਹੇ।
(175) 175਼ ਇਹ ਤਾਂ ਸ਼ੈਤਾਨ ਹੀ ਹੇ ਜਿਹੜਾ ਆਪਣੇ ਸਾਥੀਆਂ (ਕਾਫ਼ਿਰਾਂ) ਤੋਂ (ਮੋਮਿਨਾਂ) ਨੂੰ ਡਰਾਉਂਦਾ ਹੇ। (ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ।
(176) 176਼ (ਹੇ ਮੁਹੰਮਦ!) ਜਿਹੜੇ ਲੋਕ ਕੁਫ਼ਰ ਵਿਚ ਅੱਗੇ ਵੱਧ ਰਹੇ ਹਨ ਉਹਨਾਂ ਦੀਆਂ ਸਰਗਰਮੀਆਂ ਤੁਹਾ` ਚਿੰਤਾ ਵਿਚ ਨਾ ਪਾ ਦੇਣ, ਇਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਅੱਲਾਹ ਦਾ ਇਰਾਦਾ ਇਹ ਹੇ ਕਿ ਉਹਨਾਂ (ਕਾਫ਼ਿਰਾਂ) ਲਈ ਆਖ਼ਿਰਤ ਵਿਚ ਕੋਈ ਹਿੱਸਾ ਨਾ ਰੱਖੇ, ਉਹਨਾਂ ਲਈ ਤਾਂ (ਨਰਕ ਦਾ) ਕਰੜਾ ਅਜ਼ਾਬ ਹੇ।
(177) 177਼ ਕੁਫ਼ਰ ਨੂੰ ਈਮਾਨ ਦੇ ਬਦਲੇ ਖ਼ਰੀਦਣ ਵਾਲੇ ਕਦੇ ਵੀ ਅੱਲਾਹ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੇ।
(178) 178਼ ਕਾਫ਼ਿਰ ਲੋਕ ਸਾਡੇ (ਅੱਲਾਹ) ਵੱਲੋਂ (ਸੰਸਾਰ ਵਿਚ) ਦਿੱਤੀ ਹੋਈ ਢਿੱਲ ਨੂੰ ਆਪਣੇ ਹੱਕ ਵਿਚ ਚੰਗਾ ਨਾ ਸਮਝਣ। ਇਹ ਢਿੱਲ ਤਾਂ ਅਸੀਂ ਇਸ ਲਈ ਦਿੱਤੀ ਹੇ ਕਿ ਉਹ ਆਪਣੇ ਪਾਪਾਂ ਵਿਚ ਹੋਰ ਵਾਧਾ ਕਰ ਲੈਣ। ਇਹਨਾਂ (ਕਾਫ਼ਿਰਾਂ) ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।
(179) 179਼ (ਹੇ ਮਸਮਿਨੋ!) ਜਿਸ ਹਾਲ ਵਿਚ ਅੱਜ ਤੁਸੀਂ ਹੋ ਅੱਲਾਹ ਈਮਾਨ ਵਾਲਿਆਂ ਨੂੰ ਇਸ ਹਾਲ ਵਿਚ ਕਦੇ ਵੀ ਨਹੀਂ ਰਹਿਣ ਦੇਵੇਗਾ, ਜਦੋਂ ਤਕ ਕਿ ਉਹ ਪਵਿੱਤਰ ਲੋਕਾਂ ਨੂੰ ਅਪਵਿੱਤਰ ਲੋਕਾਂ ਤੋਂ ਵੱਖਰਾ ਨਾ ਕਰ ਦੇਵੇ ਅਤੇ ਨਾ ਹੀ ਅੱਲਾਹ ਦਾ ਇਹ ਤਰੀਕਾ ਹੇ ਕਿ ਤੁਹਾਨੂੰ ਪਰੋਖ ਤੋਂ ਜਾਣੂ ਕਰਾਵੇ, ਪਰ ਅੱਲਾਹ ਆਪਣੇ ਰਸੂਲਾਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ (ਗ਼ੈਬ ਦੀ ਜਾਣਕਾਰੀ ਦੇਣ ਲਈ) ਚੁਣ ਲੈਂਦਾ ਹੇ। ਇਸ ਲਈ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਰੱਖੋ ਜੇਕਰ ਤੁਸੀਂ (ਸੱਚੇ) ਈਮਾਨ ਵਾਲੇ ਹੋ! ਅੱਲਾਹ ਤੋਂ ਡਰੋ ਫ਼ੇਰ ਤੁਹਾਨੂੰ ਬਹੁਤ ਵੱਡਾ ਬਦਲਾ ਮਿਲੇਗਾ।
(180) 180਼ ਜਿਨ੍ਹਾਂ ਲੋਕਾਂ ਨੂੰ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਨਵਾਜ਼ਿਆ ਹੋਇਆ ਹੇ ਫੇਰ ਉਹ ਇਸ ਵਿਚ ਕੰਜੂਸੀ ਕਰਦੇ ਹਨ ਉਹ ਆਪਣੀ ਇਸ ਕੰਜੂਸੀ ਨੂੰ ਆਪਣੇ ਲਈ ਵਧੀਆ ਨਾ ਸਮਝਣ ਸਗੋਂ ਇਹ (ਕੰਜੂਸੀ) ਉਹਨਾਂ ਲਈ ਬਹੁਤ ਹੀ ਭੈੜੀ ਸਿੱਧ ਹੋਵੇਗੀ। ਛੇਤੀ ਹੀ ਕਿਆਮਤ ਵਾਲੇ ਦਿਨ ਇਹ (ਕੰਜੂਸੀ ਨਾਲ ਇਕਤੱਰ ਕੀਤੀ ਹੋਈ ਮਾਯਾ) ਉਹਨਾਂ ਦੇ ਗਲ ਦਾ ਤੌਕ (ਹਾਰ) ਬਣ ਜਾਵੇਗੀ।1 ਅਕਾਸ਼ ਤੇ ਧਰਤੀ (ਦੀ ਹਰ ਚੀਜ਼) ਦਾ ਵਾਰਸ ਅੱਲਾਹ ਹੀ ਹੇ ਅਤੇ ਜੋ ਕੁੱਝ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ (ਭਲੀ ਭਾਂਤ) ਜਾਣੂ ਹੇ।
1 ਇਸ ਆਇਤ ਵਿਚ ਜ਼ਕਾਤ ਨਾ ਦੇਣ ਵਾਲਿਆਂ ਲਈ ਕਰੜੀ ਚਿਤਾਵਨੀ ਹੇ। ਹਦੀਸ ਅਨੁਸਾਰ ਜਿਸ ਵਿਅਕਤੀ ਨੂੰ ਅੱਲਾਹ ਦੌਲਤ ਬਖ਼ਸ਼ੇ ਅਤੇ ਉਹ ਜ਼ਕਾਤ ਅਦਾ ਨਾ ਕਰੇ ਤਾਂ ਕਿਆਮਤ ਦਿਹਾੜੇ ਉਸ ਦੀ ਦੌਲਤ ਇਕ ਗੰਜੇ ਸੱਪ ਜਿਸ ਦੀਆਂ ਅੱਖਾਂ ’ਤੇ ਦੋ ਕਾਲੇ ਨਿਸ਼ਾਨ ਹੋਣਗੇ ਦੀ ਸ਼ਕਲ ਬਣ ਕੇ ਉਸ ਦੇ ਗਲ ਦਾ ਹਾਰ ਬਣ ਜਾਵੇਗੀ ਅਤੇ ਉਸ ਦੀਆਂ ਦੋਵੇਂ ਬਾਛਾਂ ਫਾੜ ਕੇ ਆਖੇਗਾ ਕਿ ਮੈਨੂੰ ਪੁੱਛਦਾਂ ਨਹੀਂ ਮੈਂ ਤੇਰੀ ਦੌਲਤ ਹਾਂ ਮੈਂ ਤੇਰਾ ਖ਼ਜ਼ਾਨਾ ਹਾਂ, ਫੇਰ ਆਪ ਨੇ ਇਹੋ ਆਇਤ ਪੜ੍ਹੀ। (ਸਹੀ ਬੁਖ਼ਾਰੀ, ਹਦੀਸ: 4565)
(181) 181਼ ਅੱਲਾਹ ਨੇ ਉਹਨਾਂ ਲੋਕਾਂ ਦਾ ਕਥਨ ਵੀ ਸੁਣਿਆ ਹੇ ਜੋ ਆਖਦੇ ਹਨ ਕਿ ਅੱਲਾਹ ਤਾਂ ਫ਼ਕੀਰ ਹੇ ਅਤੇ ਅਸੀਂ ਧਨਵਾਨ ਹਾਂ। ਉਹਨਾਂ ਦੇ ਇਸ ਕਥਨ ਨੂੰ ਅਸੀਂ ਲਿੱਖ ਛੱਡਾਂਗੇ ਅਤੇ ਉਹ ਵੀ (ਲਿਖਿਆ ਹੋਇਆ ਹੇ) ਜੋ ਉਹ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਹਨ। ਅਸੀਂ (ਅੱਲਾਹ) ਇਹਨਾਂ (ਕਾਫ਼ਿਰਾਂ) ਨੂੰ ਆਖਾਂਗੇ ਕਿ ਹੁਣ ਸਾੜਣ ਵਾਲੇ ਅਜ਼ਾਬ (ਨਰਕ ਦੀ ਅੱਗ) ਦਾ ਸਵਾਦ ਲਵੋ।
(182) 182਼ ਅਤੇ (ਉਹਨਾਂ ਨੂੰ ਕਿਹਾ ਜਾਵੇਗਾ) ਕਿ ਇਹ ਸਭ ਤੁਹਾਡੇ ਹੱਥਾਂ ਦੀ ਕਮਾਈ ਦਾ ਬਦਲਾ ਹੇ। ਅੱਲਾਹ ਆਪਣੇ ਬੰਦਿਆਂ ਉੱਤੇ ਕੋਈ ਵੀ ਜ਼ੁਲਮ ਨਹੀਂ ਕਰਦਾ।
(183) 183਼ ਇਹ ਉਹ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਅੱਲਾਹ ਵੱਲੋਂ ਸਾਨੂੰ ਹੁਕਮ ਹੋਇਆ ਹੇ ਕਿ ਤੁਸੀਂ ਕਿਸੇ ਰਸੂਲ ਨੂੰ ਉਦੋਂ ਤਕ ਨਾ ਮੰਨੋ ਜਦੋਂ ਤਕ ਕਿ ਉਹ (ਰਸੂਲ) ਸਾਡੇ ਸਾਹਮਣੇ ਅਜਿਹੀ ਕੁਰਬਾਨੀ ਨਾ ਕਰੇ ਜਿਸ ਨੂੰ ਗ਼ੈਬੋਂ ਆ ਕੇ ਅੱਗ ਖਾ ਜਾਵੇ। (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਕਾਫ਼ਿਰੋ!) ਜੇ ਤੁਸੀਂ ਸੱਚੇ ਹੋ ਤਾਂ ਮੈਥੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਵੀ ਰਸੂਲ ਆਏ ਜਿਹੜੇ ਹੋਰ ਬਹੁਤ ਸਾਰੇ ਸਪਸ਼ਟ ਮੋਅਜਜ਼ਿਆਂ (ਚਮਤਕਾਰਾਂ) ਨਾਲ ਇਹ (ਨਿਸ਼ਾਨੀ) ਵੀ ਲਿਆਏ ਸਨ ਜੋ ਤੁਸੀਂ ਕਹਿ ਰਹੇ ਹੋ, ਫੇਰ ਤੁਸੀਂ ਉਹਨਾਂ (ਰਸੂਲਾਂ)ਨੂੰ ਕਿਉਂ ਕਤਲ ਕੀਤਾ ਸੀ? (ਜਵਾਬ ਦਿਓ) ਜੇ ਤੁਸੀਂ ਸੱਚੇ ਹੋ?
(184) 184਼ (ਹੇ ਮੁਹੰਮਦ!) ਜੇ ਇਹ ਲੋਕ ਤੁਹਾਨੂੰ ਨਹੀਂ ਮੰਨਦੇ (ਤਾਂ ਕੀ ਹੋਇਆ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਉਹਨਾਂ ਰਸੂਲਾਂ ਨੂੰ ਝੁਠਲਾ ਚੁੱਕੇ ਹਨ ਜਿਹੜੇ ਸਪਸ਼ਟ ਨਿਸ਼ਾਨੀਆਂ, ਸਹੀਫ਼ੇ (ਛੋਟੀਆਂ ਛੋਟੀਆਂ ਪੋਥੀਆਂ) ਅਤੇ ਚਾਨਣ ਫ਼ੈਲਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।
(185) 185਼ (ਹੇ ਲੋਕੋ!) ਅੰਤ ਨੂੰ ਹਰ ਜੀਵ ਨੇ ਮੌਤ ਦਾ ਸੁਆਦ ਚਖਣਾ ਹੇ (ਭਾਵ ਮਰ ਜਾਣਾ ਹੇ) ਕਿਆਮਤ ਵਾਲੇ ਦਿਨ ਤੁਹਾਨੂੰ (ਆਪਣੇ ਕੀਤੇ ਕੰਮਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਹਾਂ! ਜਿਹੜੇ ਵਿਅਕਤੀ ਨੂੰ ਅੱਗ ਤੋਂ ਬਚਾ ਲਿਆ ਜਾਵੇ ਅਤੇ ਸਵਰਗ ਵਿਚ ਦਾਖ਼ਲ ਕਰ ਦਿੱਤਾ ਜਾਵੇ ਉਹੀਓ ਵਿਅਕਤੀ ਅਸਲ ਵਿਚ ਕਾਮਯਾਬ ਹੋਵੇਗਾ। ਸੰਸਾਰਿਕ ਜੀਵਨ ਤਾਂ ਕੇਵਲ ਇਕ ਭੁਲੇਖਾ ਹੀ ਹੇ (ਅਸਲ ਜੀਵਨ ਪ੍ਰਲੋਕ ਦਾ ਜੀਵਨ ਹੇ)।
(186) 186਼ (ਹੇ ਮੁਸਲਮਾਨੋ!) ਤੁਹਾਡੇ ਮਾਲ ਅਤੇ ਤੁਹਾਡੀਆਂ ਜਾਨਾਂ ਰਾਹੀਂ ਤੁਹਾਨੂੰ ਅਵੱਸ਼ ਅਜ਼ਮਾਇਆ ਜਾਵੇਗਾ। ਤੁਸੀਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਉਹਨਾਂ ਲੋਕਾਂ ਤੋਂ, ਜਿਹੜੇ ਮੁਸ਼ਰਿਕ ਹਨ, ਜ਼ਰੂਰ ਹੀ ਦੁਖਦਾਈ ਗੱਲਾਂ ਸੁਣੋਗੇ, ਜੇ ਤੁਸੀਂ ਸਬਰ ਕਰੋ ਤੇ ਪਰਹੇਜ਼ਗਾਰੀ ਵਾਲਾ ਵਤੀਰਾ ਅਪਣਾਓਗੇ ਤਾਂ ਇਹ ਬਹੁਤ ਵੱਡੀ ਹਿੱਮਤ ਦਾ ਕੰਮ ਹੇ।
(187) 187਼ ਜਦੋਂ ਅੱਲਾਹ ਨੇ ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਤੋਂ ਇਹ ਵਚਨ ਲਿਆ ਸੀ ਕਿ ਤੁਸੀਂ ਉਹਨਾਂ (ਕਿਤਾਬਾਂ ਦੇ ਹੁਕਮਾਂ) ਨੂੰ ਸਾਰੇ ਲੋਕਾਂ ਦੇ ਸਾਹਮਣੇ ਲਾਜ਼ਮੀ ਬਿਆਨ ਕਰੋਗੇ ਅਤੇ ਇਸ ਦੇ (ਹੁਕਮਾਂ ਨੂੰ) ਲੁਕਾ ਕੇ ਨਹੀਂ ਰੱਖੋਗੇ ਪਰ ਉਹਨਾਂ ਨੇ ਇਸ ਬਚਨ ਨੂੰ ਪਿੱਠ ਪਿੱਛੇ ਸੁੱਟ ਛੱਡਿਆ ਅਤੇ ਇਸ (ਕਿਤਾਬ) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁੱਟਿਆ ਹੇ, ਇਹਨਾਂ ਦਾ ਇਹ ਵਪਾਰ ਕਿੰਨਾ ਭੈੜਾ ਘਾਟੇ ਵਾਲਾ ਹੇ।
(188) 188਼ ਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਵੀ ਨਹੀਂ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਦੇ) ਅਜ਼ਾਬ ਤੋਂ ਸੁਰੱਖਿਅਤ ਨਾ ਸਮਝੋ ਉਹਨਾਂ ਲਈ ਤਾਂ ਬੜੀ ਹੀ ਦਰਦਨਾਕ ਸਜ਼ਾ ਹੇ।
(189) 189਼ ਅਕਾਸ਼ ਤੇ ਧਰਤੀ ਦੀ ਬਾਦਸ਼ਾਹਤ ਅੱਲਾਹ ਲਈ ਹੇ ਅਤੇ ਹਰ ਚੀਜ਼ ਅੱਲਾਹ ਦੇ ਵੱਸ ਵਿਚ ਹੇ।
(190) 190਼ ਅਕਾਸ਼ ਤੇ ਧਰਤੀ ਨੂੰ ਪੈਦਾ ਕਰਨ ਵਿਚ ਅਤੇ ਰਾਤ ਤੇ ਦਿਨ ਦੇ ਆਉਣ ਜਾਣ ਵਿਚ ਅਕਲਮੰਦ ਲੋਕਾਂ ਲਈ (ਅੱਲਾਹ ਨੂੰ ਸੰਮਝਣ ਲਈ) ਬਥੇਰੀਆਂ ਨਿਸ਼ਾਨੀਆਂ ਹਨ।
(191) 191਼ ਜਿਹੜੇ (ਨੇਕ ਲੋਕ) ਖੜੇ, ਬੈਠੇ ਅਤੇ ਲੇਟਦੇ ਹੋਏ (ਭਾਵ ਹਰ ਹਾਲ ਵਿਚ) ਅੱਲਾਹ ਨੂੰ ਯਾਦ ਰੱਖਦੇ ਹਨ ਅਤੇ ਅਕਾਸ਼ ਤੇ ਧਰਤੀ ਦੀ ਬਣਤਰ ’ਤੇ ਵਿਚਾਰ ਕਰਦੇ ਹਨ ਅਤੇ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਭ ਕੁੱਝ ਵਿਅਰਥ ਨਹੀਂ ਬਣਾਇਆ, ਤੂੰ ਪਾਕ ਹੇ, ਬਸ ਤੂੰ ਸਾਨੂੰ ਨਰਕ ਦੀ ਅੱਗ ਦੇ ਅਜ਼ਾਬ ਤੋਂ ਬਚਾ ਲੈ।
(192) 192਼ ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ ਸੁੱਟਿਆ, ਹਕੀਕਤ ਵਿਚ ਉਸ ਨੂੰ ਤੂੰ ਜ਼ਲੀਲ ਕੀਤਾ ਹੇ ਅਤੇ (ਆਖ਼ਿਰਤ ਵਿਚ) ਜ਼ਾਲਮਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।
(193) 193਼ ਹੇ ਸਾਡੇ ਪਾਲਣਹਾਰ! ਬੇਸ਼ੱਕ ਅਸੀਂ ਸੁਣਿਆ ਕਿ ਮੁਨਾਦੀ ਕਰਨ ਵਾਲਾ ਉੱਚੀ ਅਵਾਜ਼ ਨਾਲ (ਲੋਕਾਂ ਨੂੰ) ਈਮਾਨ ਵੱਲ ਸੱਦ ਰਿਹਾ ਹੇ ਕਿ ਹੇ ਲੋਕੋ! ਆਪਣੇ ਰੱਬ ’ਤੇ ਈਮਾਨ ਲੇ ਆਓ। ਸੋ ਅਸੀਂ ਉਸ ਦੀ ਗੱਲ ਮੰਨਦ ਹੋਏ) ਈਮਾਨ ਲੈ ਆਏ। ਹੇ ਰੱਬਾ! ਹੁਣ ਤੂੰ ਸਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਥੋਂ ਦੂਰ ਕਰਦੇ ਅਤੇ ਜਦੋਂ ਸਾਡੀ ਮੌਤ ਆਵੇ ਤਾਂ ਅਸੀਂ ਨੇਕ ਲੋਕਾਂ ਦੇ ਨਾਲ ਹੋਈਏ।
(194) 194਼ ਹੇ ਸਾਡੇ ਪਾਲਣਹਾਰ! ਸਾਨੂੰ ਉਹ ਚੀਜ਼ (ਸਵਰਗ) ਬਖ਼ਸ਼ ਦੇ ਜਿਸ ਦਾ ਵਾਅਦਾ ਤੈਂਨੇ ਸਾਡੇ ਨਾਲ ਆਪਣੇ ਰਸੂਲਾਂ ਰਾਹੀਂ ਕੀਤਾ ਹੇ ਅਤੇ ਸਾਨੂੰ ਕਿਆਮਤ ਵਾਲੇ ਦਿਨ ਜ਼ਲੀਲ ਨਾ ਕਰੀਂ। ਬੇਸ਼ੱਕ ਤੂੰ ਆਪਣੇ ਵਾਅਦੇ ਤੋਂ ਫਿਰਨ ਵਾਲਾ ਨਹੀਂ।
(195) 195਼ ਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਨੂੰ ਕਬੂਲ ਕਰ ਲਿਆ (ਅਤੇ ਆਖਿਆ ਕਿ) ਤੁਹਾਡੇ ਵਿੱਚੋਂ ਕਿਸੇ ਦਾ ਵੀ ਨੇਕ ਅਮਲ, ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ, ਐਵੇਂ ਹੀ ਬਰਬਾਦ ਨਹੀਂ ਕਰਾਂਗਾ। ਤੁਸੀਂ ਸਾਰੇ ਆਪਸ ਵਿਚ ਇੱਕੋ ਹੀ ਹੋ, ਇਸ ਲਈ ਉਹ ਲੋਕ ਜਿਨ੍ਹਾਂ ਨੇ ਹਿਜਰਤ ਕੀਤੀ ਅਤੇ ਆਪਣੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਅਤੇ ਜਿਨ੍ਹਾਂ ਨੂੰ ਮੇਰੇ ਰਸਤੇ ਚੱਲਣ ਕਾਰਨ ਤਕਲੀਫ਼ਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਰੱਬ ਲਈ ਲੜਾਈ ਲੜੀ ਅਤੇ ਮਾਰੇ ਗਏ, ਮੈਂ ਜ਼ਰੂਰ ਹੀ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਵੇਗਾਂ ਅਤੇ ਉਹਨਾਂ ਨੂੰ ਉਹਨਾਂ ਜੰਨਤਾਂ ਵਿਚ ਦਾਖਿਲ ਕਰਾਗਾਂ ਜਿੱਥੇ ਉਹ ਸਦਾ ਰਹਿਣਗੇ। ਜਿਸ ਦੇ ਹੇਠ ਨਹਿਰਾਂ ਵੱਗ ਰਹੀਆਂ ਹਨ, ਇਹ ਉਹਨਾਂ ਦਾ ਬਦਲਾ ਅੱਲਾਹ ਵੱਲੋਂ ਹੇ ਅਤੇ ਅੱਲਾਹ ਕੋਲ ਹੀ ਸਭ ਤੋਂ ਵਧੀਆ ਬਦਲਾ ਹੇ।
(196) 196਼ ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ।
(197) 197਼ ਇਹ ਤਾਂ ਬਹੁਤ ਹੀ ਥੋੜ੍ਹਾ ਲਾਭ ਹੇ (ਇਸ ਸੰਸਾਰਿਕ ਜੀਵਨ ਤੋਂ ਬਾਅਦ) ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਉਹ ਬਹੁਤ ਹੀ ਬੁਰੀ ਜਗ੍ਹਾ ਹੇ।
(198) 198਼ ਪ੍ਰੰਤੂ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਰਹੇ ਉਹਨਾਂ ਲਈ (ਆਖ਼ਿਰਤ ਵਿਚ) ਸਵਰਗਾਂ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਉਹ ਸਦਾ ਰਹਿਣਗੇ, ਇਹ ਅੱਲਾਹ ਵੱਲੋਂ ਉਹਨਾਂ (ਨੇਕ ਲੋਕਾਂ) ਲਈ ਆਓ ਭਗਤ ਹੇ ਅਤੇ ਨੇਕ ਲੋਕਾਂ ਲਈ ਜੋ ਅੱਲਾਹ ਕੋਲ ਹੇ ਉਹ ਬਹੁਤ ਹੀ ਵਧੀਆ ਹੇ।
(199) 199਼ ਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ।
(200) 200਼ ਹੇ ਈਮਾਨ ਵਾਲਿਓ! (ਮੁਸੀਬਤਾਂ ਵੇਲੇ) ਸਬਰ ਤੋਂ ਕੰਮ ਲਵੋ (ਲੜਾਈ ਸਮੇਂ) ਡਟੇ ਰਹੋ, ਹੱਕ ਸੱਚ ਦੀ ਸੇਵਾ ਲਈ ਸਰਗਰਮ ਰਹੋ ਤਾਂ ਜੋ ਤੁਸੀਂ (ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ) ਸਫ਼ਲ ਹੋ ਸਕੋ।