(1) 1਼ ਜਿਹੜੀ ਵੀ ਕੋਈ ਚੀਜ਼ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਅੱਲਾਹ ਦੀ ਤਸਬੀਹ (ਪਵਿੱਤਰਤਾ ਦਾ ਵਰਣਨ) ਕਰਦੀ ਹੈ। ਉਹ ਪਾਤਸ਼ਾਹ ਹੈ, ਪਾਕ ਜ਼ਾਤ ਹੈ, ਜ਼ੋਰਾਵਰ ਤੇ ਯੁਕਤੀਮਾਨ ਹੈ।
(2) 2਼ ਉਹੀ ਹੈ ਜਿਸ ਨੇ ਅਣਪੜ੍ਹਾਂ ਵਿੱਚ ਇਕ ਰਸੂਲ ਭੇਜਿਆ ਜਿਹੜਾ ਉਹਨਾਂ ਵਿੱਚੋਂ ਹੀ ਸੀ। ਉਹ ਉਹਨਾਂ ਨੂੰ ਉਸ ਦੀਆਂ (ਭਾਵ .ਕੁਰਆਨ ਦੀਆਂ) ਆਇਤਾਂ ਸੁਣਾਉਂਦਾ ਹੈ। ਉਹਨਾਂ ਦਾ ਜੀਵਨ ਸੁਆਰਦਾ ਹੈ ਅਤੇ ਉਹਨਾਂ ਨੂੰ ਕਿਤਾਬ (ਭਾਵ਼ਕੁਰਆਨ) ਤੇ ਹਿਕਮਤ (ਯੁਕਤੀ) ਦੀ ਸਿੱਖਿਆ ਦਿੰਦਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਸਪਸ਼ਟ ਕੁਰਾਹੇ ਪਏ ਹੋਏ ਸਨ।
(3) 3਼ ਇਹ ਰਸੂਲ ਉਹਨਾਂ ਦੂਜੇ ਲੋਕਾਂ ਲਈ ਵੀ ਭੇਜਿਆ ਗਿਆ ਹੈ ਜਿਹੜੇ ਅਜੇ ਤਕ ਉਹਨਾਂ ਨੂੰ ਨਹੀਂ ਮਿਲੇ। ਉਹ (ਅੱਲਾਹ) ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ।
(4) 4਼ ਇਹ ਅੱਲਾਹ ਦੀ ਕ੍ਰਿਪਾ ਹੈ ਕਿ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਕ੍ਰਿਪਾ ਨਾਲ ਨਿਵਾਜ਼ ਦਿੰਦਾ ਹੈ, ਉਹ ਵੱਡੇ ਫ਼ਜ਼ਲਾਂ ਵਾਲਾ ਹੈ।
(5) 5਼ ਉਹਨਾਂ ਲੋਕਾਂ ਦੀ ਉਦਾਹਰਨ, ਜਿਨ੍ਹਾਂ ਨੂੰ ਤੌਰੈਤ ਦਾ ਚੁੱਕਣਹਾਰ ਬਣਾਇਆ ਗਿਆ ਸੀ, ਪਰ ਉਹ ਉਸ ਦੇ ਭਾਰ ਨੂੰ ਚੁੱਕ ਨਾ ਸਕੇ, ਉਸ ਗਧੇ ਵਾਂਗ ਹੈ ਜਿਹੜਾ ਕਿਤਾਬਾਂ ਦਾ ਬੋਝ ਚੁੱਕਦਾ ਹੈ (ਪਰ ਪੜ੍ਹਦਾ ਨਹੀਂ)। ਇਸ ਤੋਂ ਵੀ ਭੈੜੀ ਉਦਾਹਰਨ ਉਸ ਕੌਮ ਦੀ ਹੈ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾ ਦਿੱਤਾ ਹੈ, ਅਜਿਹੇ ਜ਼ਾਲਮਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।
(6) 6਼ (ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਯਹੂਦੀ ਬਣ ਜਾਣ ਵਾਲੇ ਲੋਕੋ! ਜੇ ਤੁਸੀਂ ਇਸ ਗੱਲ ਦਾ ਮਾਨ ਕਰਦੇ ਹੋ ਕਿ ਬਾਕੀ ਸਾਰਿਆਂ ਲੋਕਾਂ ਨੂੰ ਛੱਡ ਕੇ ਕੇਵਲ ਤੁਸੀਂ ਹੀ ਅੱਲਾਹ ਦੇ ਦੋਸਤ ਹੋ ਤਾਂ ਰਤਾ ਮੌਤ ਦੀ ਇੱਛਾ ਤਾਂ ਕਰੋ ਜੇ ਤੁਸੀਂ (ਆਪਣੀ ਕੱਥਣੀ ਵਿਚ) ਸੱਚੇ ਹੋ।
(7) 7਼ ਉਹ ਕਦੇ ਵੀ ਇਹ ਇੱਛਾ ਨਹੀਂ ਕਰਨਗੇ, ਕਿਉਂ ਜੋ ਉਹ ਆਪਣੀਆਂ ਭੈੜੀਆਂ ਕਰਤੂਤਾਂ ਆਪਣੇ ਹੱਥੀ ਅੱਗੇ ਭੇਜ ਚੁੱਕੇ ਹਨ। ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
(8) 8਼ ਇਹਨਾਂ ਨੂੰ ਆਖੋ ਕਿ ਜਿਸ ਮੌਤ ਤੋਂ ਤੁਸੀਂ ਨੱਸਦੇ ਹੋ ਉਹ ਜ਼ਰੂਰ ਹੀ ਤੁਹਾਨੂੰ ਮਿਲਣ ਵਾਲੀ ਹੈ। ਤੁਸੀਂ ਉਸੇ ਵੱਲ ਪਰਤਾਏ ਜਾਵੋਗੇ ਜਿਹੜਾ ਗੁਪਤ ਅਤੇ ਪ੍ਰਗਟ ਦਾ ਜਾਣਨਹਾਰ ਹੈ। ਉਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
(9) 9਼ ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸੀਤ ਵੱਲ) ਨੱਸੋ ਅਤੇ ਖ਼ਰੀਦ-ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ।
(10) 10਼ ਜਦੋਂ ਨਮਾਜ਼ ਪੂਰੀ ਹੋ ਜਾਵੇ ਫੇਰ ਤੁਸੀਂ ਧਰਤੀ ਉੱਤੇ ਖਿਲਰ ਜਾਓ ਅਤੇ ਅੱਲਾਹ ਦੇ ਫ਼ਜ਼ਲਾਂ (ਰੋਜ਼ੀ) ਦੀ ਭਾਲ ਕਰੋ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ, ਸ਼ਾਇਦ ਕਿ ਤੁਸੀਂ ਸਫ਼ਲਤਾ ਨੂੰ ਪ੍ਰਾਪਤ ਕਰ ਸਕੋ।
(11) 11਼ (ਹੇ ਨਬੀ!) ਜਦੋਂ ਉਹ ਕੋਈ ਵਪਾਰ ਜਾਂ ਕੋਈ ਖੇਡ-ਤਮਾਸ਼ਾ ਹੁੰਦਾ ਵੇਖਦੇ ਹਨ ਤਾਂ ਉਸ ਵੱਲ ਨੱਸ ਜਾਂਦੇ ਹਨ ਅਤੇ ਤੁਹਾਨੂੰ ਇਕੱਲਾ ਖਲੋਤਿਆਂ ਛੱਡ ਜਾਂਦੇ ਹਨ, ਤੁਸੀਂ ਆਖ ਦਿਓ ਕਿ ਜੋ ਕੁੱਝ ਵੀ ਅੱਲਾਹ ਕੋਲ ਹੈ ਉਹ ਇਹਨਾਂ ਖੇਡ-ਤਮਾਸ਼ਿਆਂ ਤੋਂ ਅਤੇ ਵਪਾਰ ਤੋਂ ਕਿਤੇ ਵਧੀਆ ਹੈ ਅਤੇ ਅੱਲਾਹ ਸਾਰਿਆਂ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ।