(1) 1਼ ਇਹ ਕਿਤਾਬ (.ਕੁਰਆਨ) ਉਸ ਅੱਲਾਹ ਵੱਲੋਂ (ਹੱਕ ਸੱਚ ਨਾਲ) ਉਤਾਰੀ ਗਈ ਹੈ ਜਿਹੜਾ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੈ।
(2) 2਼ ਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ ਮੁਹੰਮਦ ਸ:) ਹੱਕ ਨਾਲ ਨਾਜ਼ਿਲ ਕੀਤੀ ਹੈ। ਸੋ ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਹੀ ਇਬਾਦਤ ਕਰੋ।
(3) 3਼ ਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਹੋਰਾਂ ਨੂੰ ਆਪਣਾ ਸਰਪਰਸਤ ਬਣਾ ਰੱਖਿਆ ਹੈ, (ਉਹ ਆਖਦੇ ਹਨ) ਕਿ ਅਸੀਂ ਤਾਂ ਉਹਨਾਂ ਦੀ ਇਬਾਦਤ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਵੱਧ ਨੇੜੇ ਕਰ ਦੇਣਗੇ। ਅੱਲਾਹ ਜ਼ਰੂਰ ਹੀ ਉਹਨਾਂ ਵਿਚਾਲੇ ਉਹਨਾਂ ਸਾਰੀਆਂ ਗੱਲਾਂ ਦਾ ਨਿਬੇੜਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮੱਤਭੇਦ ਕਰਦੇ ਹਨ। ਬੇਸ਼ੱਕ ਅੱਲਾਹ ਝੂਠਿਆਂ ਅਤੇ ਨਾ-ਸ਼ੁਕਰਿਆਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।
(4) 4਼ ਜੇਕਰ ਅੱਲਾਹ ਦੀ ਇੱਛਾ (ਆਪਣੇ ਲਈ) ਪੁੱਤਰ ਧਾਪਣ ਦੀ ਹੁੰਦੀ ਤਾਂ ਆਪਣੀ ਰਚਾਈ ਰਚਨਾ ਵਿੱਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ, ਜਦ ਕਿ ਅੱਲਾਹ ਤਾਂ ਇਹਨਾਂ ਗੱਲਾਂ ਤੋਂ ਪਾਕ ਹੈ1 ਉਹ ਅੱਲਾਹ ਇੱਕੋ-ਇਕ ਹੈ ਅਤੇ ਸ਼ਕਤੀਸ਼ਾਲੀ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
(5) 5਼ ਉਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਨਾਲ ਸਾਜਿਆ। ਉਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਵਲੇਟਦਾ ਹੈ। ਉਸੇ ਨੇ ਸੂਰਜ ਅਤੇ ਚੰਨ ਨੂੰ ਕੰਮ ਲਾ ਰੱਖਿਆ ਹੈ, ਹਰੇਕ ਇਕ ਨਿਯਤ ਸਮੇਂ ਤੀਕ ਚੱਲ ਰਿਹਾ ਹੈ। ਸੱਚ ਜਾਣੋ, ਕਿ ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
(6) 6਼ ਉਸੇ (ਅੱਲਾਹ) ਨੇ ਤੁਹਾਨੂੰ ਸਭ ਨੂੰ ਇਕ ਹੀ ਜਾਨ (ਭਾਵ ਆਦਮ) ਤੋਂ ਪੈਦਾ ਕੀਤਾ ਹੈ, ਫੇਰ ਉਸ ਨੇ ਉਸੇ ਤੋਂ ਉਸ ਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਅੱਠ ਪ੍ਰਕਾਰ ਦੇ ਮਵੇਸ਼ੀ (ਨਰ ਤੇ ਮਦੀਨ) ਉਤਾਰੇ। ਉਹ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਢਿੱਡਾਂ ਵਿਚ ਹੀ ਇਕ ਬਣਤਰ ਤੋਂ ਮਗਰੋਂ ਦੂਜੀ ਬਣਤਰ ਵਿਚ ਪੈਦਾ ਕਰਦਾ ਹੈ ਜੋ ਕਿ ਤਿੰਨ ਤਰ੍ਹਾਂ ਦੇ ਹਨੇਰੇ ਪੜਦਿਆਂ (ਭਾਵ ਗਰਵ) ਦੇ ਅੰਦਰ ਹੈ, ਇਹ ਹੈ ਅੱਲਾਹ, ਜਿਹੜਾ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਫੇਰ ਤੁਸੀਂ ਕਿੱਥੇ ਭਟਕੇ ਫਿਰਦੇ ਹੋ? ਤੁਸੀਂ ਕਿਧਰੋਂ ਫੇਰੇ ਜਾ ਰਹੇ ਹਨ?
(7) 7਼ ਜੇ ਤੁਸੀਂ ਕੁਫ਼ਰ (ਭਾਵ ਨਾ-ਸ਼ੁਕਰੀ) ਕਰੋਗੇ ਤਾਂ ਇਹ ਵੀ ਯਾਦ ਰੱਖੋ ਕਿ ਅੱਲਾਹ ਵੀ ਤੁਹਾਥੋਂ ਬੇਪਰਵਾਹ ਹੈ, ਪਰ ਉਹ ਆਪਣੇ ਬੰਦਿਆਂ ਲਈ ਨਾ-ਸ਼ੁਕਰੀ (ਕੁਫ਼ਰ) ਕਰਨ ਨੂੰ ਪਸੰਦ ਨਹੀਂ ਕਰਦਾ। ਜੇ ਤੁਸੀਂ ਸ਼ੁਕਰ ਅਦਾ ਕਰੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਪਸੰਦ ਕਰਦਾ ਹੈ। ਅਤੇ (ਕਿਆਮਤ ਦਿਹਾੜੇ) ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਜਾਣਾ ਤੁਸੀਂ ਸਾਰਿਆਂ ਨੇ ਰੱਬ ਵੱਲ ਹੀ ਹੈ, ਫੇਰ ਉਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ (ਸੰਸਾਰ ਵਿਚ) ਕੀ ਕਰਦੇ ਰਹੇ ਹੋ? ਉਹ ਤਾਂ ਦਿਲਾਂ ਦਾ ਹਾਲ ਤਕ ਜਾਣਦਾ ਹੈ।
(8) 8਼ ਜਦੋਂ ਮਨੁੱਖ ਨੂੰ ਕੋਈ ਕਸ਼ਟ ਪਹੁੰਚਦਾ ਹੈ ਤਾਂ ਉਹ ਆਪਣੇ ਰੱਬ ਨੂੰ (ਮਦਦ ਲਈ) ਪੁਕਾਰਦਾ ਹੈ। ਫੇਰ ਜਦੋਂ ਉਹ ਉਸ ਨੂੰ ਆਪਣੇ ਵੱਲੋਂ ਕੋਈ ਨਿਅਮਤ ਬਖ਼ਸ਼ਦਾ ਹੈ (ਜਾਂ ਪਰੇਸ਼ਾਨੀ ਨੂੰ ਦੂਰ ਕਰ ਦਿੰਦਾ ਹੈ) ਤਾਂ ਉਹ ਉਹਨਾਂ ਦੁਆਵਾਂ ਨੂੰ ਭੁੱਲ ਜਾਂਦਾ ਹੈ ਜਿਹੜੀਆਂ ਉਹ ਪਹਿਲਾਂ ਕਰਿਆ ਕਰਦਾ ਸੀ, ਸਗੋਂ ਅੱਲਾਹ ਦੇ ਸ਼ਰੀਕ ਬਣਾਉਣ ਲੱਗ ਜਾਂਦਾ ਹੈ ਤਾਂ ਜੋ ਹੋਰਾਂ ਨੂੰ ਵੀ ਉਸ ਦੇ ਰਾਹੋਂ (ਲੋਕਾਂ ਨੂੰ) ਦੂਰ ਕਰੇ। (ਹੇ ਨਬੀ!) ਤੁਸੀਂ ਉਸ ਨੂੰ ਆਖ ਦਿਓ ਕਿ ਤੂੰ ਆਪਣੇ ਇਸ ਕੁਫ਼ਰ (ਨਾ-ਸ਼ੁਕਰੀ) ਦਾ ਕੁੱਝ ਦੇਰ ਲਈ (ਸੰਸਾਰਿਕ) ਲਾਭ ਉਠਾ ਲੈ। ਨਿਰਸੰਦੇਹ, ਤੂੰ ਨਰਕੀਆਂ ਵਿੱਚੋਂ ਹੈ।
(9) 9਼ ਕੀ (ਮੁਸ਼ਰਿਕ ਵਧੀਆ ਹੈ ਜਾਂ) ਉਹ ਵਿਅਕਤੀ ਜਿਹੜਾ ਰਾਤ ਦੀਆਂ ਘੜ੍ਹੀਆਂ ਵਿਚ ਸਿਜਦਾ ਕਰਦਾ ਹੋਵੇ ਅਤੇ ਖੜਾ-ਖੜਾ (ਅੱਲਾਹ ਦੀ) ਇਬਾਦਤ ਕਰਦਾ ਹੈ, ਜਦ ਕਿ ਉਹ ਪਰਲੋਕ ਤੋਂ ਡਰਦਾ ਹੈ ਅਤੇ ਆਪਣੇ ਰੱਬ ਦੀ ਰਹਿਮਤ ਦੀ ਆਸ ਵੀ ਰੱਖਦਾ ਹੈ ? (ਹੇ ਨਬੀ!) ਇਹਨਾਂ ਤੋਂ ਪੁੱਛੋ, ਕੀ ਗਿਆਨੀ ਅਤੇ ਅਗਿਆਨੀ ਇੱਕੋ ਬਰਾਬਰ ਹੋ ਸਕਦੇ ਹਨ ? ਬੇਸ਼ੱਕ ਅਕਲ ਵਾਲੇ ਹੀ ਨਸੀਹਤ ਗ੍ਰਹਿਣ ਕਰਦੇ ਹਨ।
(10) 10਼ ਆਖ ਦਿਓ ਕਿ ਹੇ ਮੇਰੇ ਈਮਾਨ ਲਿਆਉਣ ਵਾਲੇ ਬੰਦਿਓ! ਆਪਣੇ ਰੱਬ ਤੋਂ ਡਰੋ। ਜਿਨ੍ਹਾਂ ਨੇ ਇਸ ਸੰਸਾਰ ਵਿਚ ਭਲੇ ਕੰਮ ਕੀਤੇ ਉਹਨਾਂ ਲਈ ਭਲਾਈ ਹੈ ਅਤੇ (ਭਲੇ ਕੰਮ ਕਰਨ ਲਈ) ਅੱਲਾਹ ਦੀ ਧਰਤੀ ਵਿਸ਼ਾਲ ਹੈ। ਸਬਰ ਕਰਨ ਵਾਲਿਆਂ ਨੂੰ ਉਹਨਾਂ ਦਾ ਬਦਲਾ ਬਿਨਾਂ ਹਿਸਾਬ ਦਿੱਤਾ ਜਾਵੇਗਾ।
(11) 11਼ (ਹੇ ਨਬੀ!) ਆਖੋ ਕਿ ਮੈਨੂੰ (ਰੱਬ ਵੱਲੋਂ) ਹੁਕਮ ਹੋਇਆ ਹੈ ਕਿ ਮੈਂ ਅੱਲਾਹ ਲਈ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਇਬਾਦਤ ਕਰਾਂ।
(12) 12਼ ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਪਹਿਲਾਂ ਮੁਸਲਮਾਨ (ਆਗਿਆਕਾਰੀ) ਬਣ ਜਾਵਾਂ।
(13) 13਼ ਆਖ ਦਿਓ ਕਿ ਜੇ ਮੈਂ ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂ ਤਾਂ ਬੇਸ਼ੱਕ ਮੈਨੂੰ ਵੱਡੇ ਦਿਨ ਭਾਵ ਕਿਆਮਤ ਦੇ ਅਜ਼ਾਬ ਤੋਂ ਡਰ ਲੱਗਦਾ ਹੈ।
(14) 14਼ ਆਖ ਦਿਓ ਕਿ ਮੈਂ ਅੱਲਾਹ ਲਈ ਆਪਣੀ ਬੰਦਗੀ ਨੂੰ ਖ਼ਾਲਸ ਕਰਦੇ ਹੋਏ ਉਸੇ ਦੀ ਇਬਾਦਤ ਕਰਦਾ ਹਾਂ।
(15) 15਼ (ਹੇ ਮੁਸ਼ਰਿਕੋ ਤੁਹਾਨੂੰ ਛੂਟ ਹੈ) ਤੁਸੀਂ ਉਸ (ਅੱਲਾਹ) ਨੂੰ ਛੱਡ ਕੇ ਜਿਸ ਦੀ ਚਾਹੇ ਇਬਾਦਤ ਕਰੋ। (ਹੇ ਨਬੀ!) ਆਖ ਦਿਓ, ਬੇਸ਼ੱਕ ਅਸਲੀ ਘਾਟੇ ਵਿਚ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਆਮਤ ਵਾਲੇ ਦਿਨ ਘਾਟੇ ਵਿਚ ਰੱਖਿਆ। ਯਾਦ ਰੱਖੋ ਕਿ ਇਹੋ ਅਸਲੀ ਘਾਟਾ ਹੈ।
(16) 16਼ ਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ ਅਤੇ ਉਹਨਾਂ ਦੇ ਹੇਠ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ। ਇਹੋ ਉਹ (ਅਜ਼ਾਬ) ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾ ਰਿਹਾ ਹੈ (ਅਤੇ ਆਖਦਾ ਹੈ ਕਿ) ਹੇ ਮੇਰੇ ਬੰਦਿਓ! ਬਸ ਤੁਸੀਂ ਮੈਂਥੋ ਹੀ ਡਰਦੇ ਰਹੋ।
(17) 17਼ ਜਿਹੜੇ ਲੋਕ ਤਾਗੂਤ 1 ਦੀ ਪੈਰਵੀ ਕਰਨ ਤੋਂ ਬਚੇ ਰਹੇ ਅਤੇ ਉਹਨਾਂ ਨੇ ਅੱਲਾਹ ਦੇ ਹੁਕਮਾਂ ਵੱਲ ਹੀ ਧਿਆਨ ਦਿੱਤਾ, ਉਹਨਾਂ ਲੋਕਾਂ ਲਈ ਖ਼ੁਸ਼ਖ਼ਬਰੀਆਂ ਹਨ। ਸੋ (ਹੇ ਨਬੀ!) ਤੁਸੀਂ ਮੇਰੇ ਨੇਕ ਬੰਦਿਆਂ ਨੂੰ (ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 257/2
(18) 18਼ ਜਿਹੜੇ ਲੋਕ ਧਿਆਨ ਨਾਲ ਗੱਲ ਸੁਣਦੇ ਹਨ ਫੇਰ ਉਹ ਵਧੀਆ (ਨੇਕ) ਗੱਲ ਦੀ ਪਾਲਣਾ ਕਰਦੇ ਹਨ, ਅੱਲਾਹ ਵੱਲੋਂ ਉਹਨਾਂ ਨੂੰ ਹੀ ਹਿਦਾਇਤ ਮਿਲਦੀ ਹੈ ਅਤੇ ਇਹੋ ਲੋਕ ਅਕਲ ਵਾਲੇ ਹਨ।
(19) 19਼ (ਹੇ ਨਬੀ!) ਭਲਾ ਜਿਸ ਵਿਅਕਤੀ ’ਤੇ ਅਜ਼ਾਬ ਦਾ ਫ਼ੈਸਲਾ ਢੁੱਕ ਚੁੱਕਿਆ ਹੋਵੇ ਤਾਂ ਕੀ ਤੁਸੀਂ ਉਸ ਨੂੰ ਅੱਗ (ਨਰਕ) ਤੋਂ ਛੁੜਵਾ ਲਓਂਗੇ?
(20) 20਼ ਪਰ ਉਹ ਲੋਕ ਜਿਹੜੇ ਆਪਣੇ ਰੱਬ ਤੋਂ ਡਰ ਗਏ ਉਹਨਾਂ ਲਈ (ਜੰਨਤ ਵਿਚ) ’ਚੋਬਾਰੇ ਹਨ ਉਹਨਾਂ ਦੇ ਉੱਪਰ ਹੋਰ ਵੀ ’ਚੋਬਾਰੇ ਬਣੇ ਹੋਏ ਹਨ ਜਦ ਕਿ ਉਹਨਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। (ਨੇਕ ਲੋਕਾਂ ਨਾਲ) ਇਹ ਅੱਲਾਹ ਦਾ ਵਚਨ ਹੈ ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਤੋਂ ਫਿਰਦਾ ਨਹੀਂ।
(21) 21਼ ਕੀ ਤੁਸੀਂ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਉਤਾਰਿਆ ਫੇਰ ਉਸ ਨੂੰ ਧਰਤੀ ਦੇ ਚਸ਼ਮਿਆਂ ਵਿਚ ਦਾਖ਼ਲ ਕੀਤਾ ਫੇਰ ਉਹ ਉਸ (ਪਾਣੀ ਰਾਹੀਂ) ਖੇਤੀਆਂ (ਫ਼ਸਲਾਂ) ਕੱਢਦਾ ਹੈ ਜਦ ਕਿ ਉਹਨਾਂ ਫ਼ਸਲਾਂ ਦੇ ਅਨੇਕਾਂ ਹੀ ਰੰਗ ਹੁੰਦੇ ਹਨ, ਫੇਰ ਉਹ ਫ਼ਸਲ ਪੱਕ ਕੇ ਸੁੱਕ ਜਾਂਦੀ ਹੈ ਫੇਰ ਤੁਸੀਂ ਉਸ ਨੂੰ ਪੀਲੀਆਂ ਪੈਂਦੀਆਂ ਵੇਖਦੇ ਹੋ, ਫੇਰ ਉਹ ਉਸ ਨੂੰ ਚੂਰਾ-ਚੂਰਾ (ਭਾਵ ਤੂੜੀ) ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਅਕਲਮੰਦਾ ਲਈ ਬਹੁਤ ਵੱਡੀ ਨਸੀਹਤ ਵਾਲੀ ਗੱਲ ਹੈ।
(22) 22਼ ਕੀ ਉਹ ਵਿਅਕਤੀ (ਕਠੋਰ ਦਿਲ ਕਾਫ਼ਿਰਾਂ ਵਾਂਗ ਹੋ ਸਕਦਾ ਹੈ) ਜਿਸ ਦਾ ਸੀਨਾ ਅੱਲਾਹ ਨੇ ਇਸਲਾਮ (ਕਬੂਲਣ) ਲਈ ਖੋਲ ਦਿੱਤਾ ਹੈ ਅਤੇ ਉਹ ਆਪਣੇ ਰੱਬ ਵੱਲੋਂ ਨੂਰ ’ਤੇ ਹੈ ? ਸੋ ਉਨ੍ਹਾਂ ਲਈ ਬਰਬਾਦੀ ਹੈ, ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਦੇ ਮਾਮਲੇ ਵਿਚ ਸਖ਼ਤ ਹਨ। (ਹਾਂ!) ਉਹੀਓ ਲੋਕ ਖੁੱਲ੍ਹਮ-ਖੁੱਲ੍ਹਾ ਰਾਹੋਂ ਭਟਕੇ ਹੋਏ ਹਨ।
(23) 23਼ ਅੱਲਾਹ ਨੇ ਸਭ ਤੋਂ ਉੱਤਮ ਕਲਾਮ (.ਕੁਰਆਨ) ਉਤਾਰਿਆ ਹੈ ਜਿਹੜਾ ਅਜਿਹੀ ਕਿਤਾਬ ਵਿਚ ਹੈ, ਜਿਸ ਦੀਆਂ ਆਇਤਾਂ (ਅੰਸ਼) ਰਲਦੀਆਂ ਮਿਲਦੀਆਂ ਅਤੇ ਵਾਰ-ਵਾਰ ਦੁਹਰਾਈਆਂ ਜਾਣ ਵਾਲੀਆਂ ਹਨ। ਜਿਸ ਨੂੰ ਸੁਣ ਕੇ ਉਹਨਾਂ ਲੋਕਾਂ ਦੇ ਰੋਂਗਟੇ (ਰੂਆਂ-ਰੂਆਂ) ਖੜੇ ਹੋ ਜਾਂਦੇ ਹਨ, ਜਿਹੜੇ ਆਪਣੇ ਰੱਬ ਦਾ ਡਰ ਰੱਖਦੇ ਹਨ, ਉਹਨਾਂ ਦੇ ਸਰੀਰ ਤੇ ਦਿਲ ਨਰਮ ਹੋ ਕੇ ਅੱਲਾਹ ਦੀ ਯਾਦ ਵੱਲ ਝੁੱਕ ਜਾਂਦੇ ਹਨ। ਇਹੋ (.ਕੁਰਆਨ) ਅੱਲਾਹ ਦੀ ਹਿਦਾਇਤ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਇਸ (.ਕੁਰਆਨ) ਰਾਹੀਂ ਹਿਦਾਇਤ ਦਿੰਦਾ ਹੈ ਅਤੇ ਜਿਸ ਨੂੰ ਅੱਲਾਹ ਹੀ ਰਾਹੋਂ ਭਟਕਾ ਦੇਵੇ ਉਸ ਨੂੰ ਰਾਹ ਦੱਸਣ ਵਾਲਾ ਕੋਈ ਨਹੀਂ।
(24) 24਼ ਕੀ ਉਹ ਵਿਅਕਤੀ (ਜੰਨਤੀ ਦੇ ਸਮਾਨ ਹੋ ਸਕਦਾ ਹੈ) ਜਿਹੜਾ ਕਿਆਮਤ ਦਿਹਾੜੇ ਆਪਣੇ ਚਿਹਰੇ ਰਾਹੀਂ (ਭਾਵ ਢਾਲ ਬਣਾ ਕੇ) ਅਜ਼ਾਬ ਤੋਂ ਬਚਣ ਦੇ ਜਤਨ ਕਰਦਾ ਹੈ ? ਅਤੇ ਜ਼ਾਲਮਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਅੱਜ ਉਸ ਕਮਾਈ ਦਾ ਸੁਆਦ ਲਵੋ ਜੋ ਤੁਸੀਂ ਕਰਦੇ ਸੀ।
(25) 25਼ ਜਿਹੜੇ ਲੋਕ ਉਹਨਾਂ ਤੋਂ ਪਹਿਲਾਂ ਸਨ ਉਹਨਾਂ ਨੇ ਵੀ (ਸੱਚੇ ਧਰਮ ਇਸਲਾਮ ਨੂੰ) ਝੁਠਲਾਇਆ ਸੀ ਫੇਰ ਉਹਨਾਂ ’ਤੇ ਉੱਥਿਓਂ ਅਜ਼ਾਬ ਆਇਆ ਜਿੱਥੋਂ ਉਹ ਸੋਚ ਵੀ ਨਹੀਂ ਸਕਦੇ ਸੀ।
(26) 26਼ ਸੋ ਅੱਲਾਹ ਨੇ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਰੁਸਵਾਈ ਦਾ ਸੁਆਦ ਚਖਾ ਦਿੱਤਾ ਅਤੇ ਪਰਲੋਕ ਦਾ ਅਜ਼ਾਬ ਤਾਂ ਬਹੁਤ ਹੀ ਵੱਡਾ ਹੈ, ਕਾਸ਼ ਕਿ ਉਹ (ਇਨਕਾਰੀ) ਵੀ ਜਾਣਦੇ ਹੁੰਦੇ।
(27) 27਼ ਨਿਰਸੰਦੇਹ, ਅਸੀਂ ਇਸ਼ਕੁਰਆਨ ਵਿਚ ਹਰ ਪ੍ਰਕਾਰ ਦੀਆਂ ਉਦਾਹਰਣਾਂ ਬਿਆਨ ਕੀਤੀਆਂ ਹਨ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰ ਲੈਣ।
(28) 28਼ .ਕੁਰਆਨ ਅਰਬੀ ਭਾਸ਼ਾ ਵਿਚ ਹੈ, ਇਸ ਵਿਚ ਕੋਈ ਵਿੰਗ-ਵੱਲ ਨਹੀਂ, ਤਾਂ ਜੋ ਉਹ ਸੁਣ ਕੇ ਡਰ ਜਾਣ।
(29) 29਼ ਅੱਲਾਹ ਇਕ ਵਿਅਕਤੀ (ਭਾਵ ਗ਼ੁਲਾਮ) ਦੀ ਉਦਾਹਰਨ ਦਿੰਦਾ ਹੈ ਜਿਸ ਦੇ ਕਈ ਮੱਤਭੇਦ ਰੱਖਣ ਵਾਲੇ ਮਾਲਿਕ ਹਨ ਅਤੇ ਦੂਜਾ ਵਿਅਕਤੀ ਉਹ ਹੈ ਜਿਹੜਾ ਕੇਵਲ ਇਕ ਦਾ ਹੀ ਗ਼ੁਲਾਮ ਹੈ। ਕੀ ਉਹਨਾਂ ਦੋਵਾਂ ਦੀ ਹਾਲਤ ਇਕ ਸਮਾਨ ਹੋ ਸਕਦੀ ਹੈ ? (ਉੱਕਾ ਹੀ ਨਹੀਂ) ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਪ੍ਰੰਤੂ ਉਹਨਾਂ ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ।
(30) 30਼ (ਹੇ ਨਬੀ!) ਹਕੀਕਤ ਇਹ ਹੈ ਕਿ ਤੁਸੀਂ ਵੀ ਮਰਨਾ ਹੈ ਅਤੇ ਉਹ ਸਾਰੇ ਵੀ ਮਰਨ ਵਾਲੇ ਹਨ।
(31) 31਼ ਫੇਰ ਤੁਸੀਂ ਸਾਰੇ ਕਿਆਮਤ ਦਿਹਾੜੇ ਆਪਣੇ ਰੱਬ ਦੇ ਹਜ਼ੂਰ ਝਗੜਾ ਕਰੋਗੇ।
(32) 32਼ ਫੇਰ ਉਸ ਵਿਅਕਤੀ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਜੜੇ, ਜਦੋਂ ਉਸ ਦੇ ਕੋਲ ਸੱਚਾਈ ਆ ਜਾਵੇ ਤਾਂ ਉਸ ਨੂੰ ਝੁਠਲਾਵੇ ? (ਕੀ ਕਾਫ਼ਿਰਾਂ ਲਈ ਨਰਕ ਟਿਕਾਣਾ ਨਹੀਂ ਹੋਵੇਗਾ?)
(33) 33਼ ਜਿਹੜਾ ਵਿਅਕਤੀ ਸੱਚਾਈ (ਸੱਚਾ ਧਰਮ) ਲੈ ਕੇ ਆਇਆ ਤੇ ਜਿਨ੍ਹਾਂ ਨੇ ਉਸ ਦੀ ਪੁਸ਼ਟੀ ਕੀਤੀ, ਉਹੀ ਲੋਕ ਮੁੱਤਕੀ (ਬੁਰਾਈਆਂ ਤੋਂ ਬਚਣ ਵਾਲੇ) ਹਨ।
(34) 34਼ ਉਹਨਾਂ ਲਈ ਉਹਨਾਂ ਦੇ ਰੱਬ ਕੋਲ ਉਹ ਸਭ ਕੁੱਝ ਹੈ, ਜੋ ਉਹ ਇੱਛਾ ਕਰਨਗੇ। ਨੇਕ ਲੋਕਾਂ ਲਈ ਇਹੋ ਬਦਲਾ ਹੈ।
(35) 35਼ ਤਾਂ ਜੋ ਅੱਲਾਹ ਉਹਨਾਂ ਤੋਂ ਉਹ ਬੁਰਾਈਆਂ ਪਰਾਂ ਕਰ ਦੇਵੇ ਜਿਹੜੀਆਂ ਉਨ੍ਹਾਂ ਨੇ ਕੀਤੀਆਂ ਹਨ ਅਤੇ ਉਹਨਾਂ ਨੂੰ ਉਹਨਾਂ ਦੇ (ਕਰਮਾਂ ਅਨੁਸਾਰ ਚੰਗਾ) ਬਦਲਾ ਦੇਵੇ ਜੋ ਉਹ ਕਰਦੇ ਰਹਿੰਦੇ ਸੀ।1
1 ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9
(36) 36਼ ਕੀ ਅੱਲਾਹ ਆਪਣੇ (ਨੇਕ) ਬੰਦਿਆਂ ਲਈ ਕਾਫ਼ੀ ਨਹੀਂ ਹੈ ? ਇਹ ਲੋਕ (ਕਾਫ਼ਿਰ) ਤੁਹਾਨੂੰ (ਹੇ ਨਬੀ!) ਅੱਲਾਹ ਤੋਂ ਛੁੱਟ ਹੋਰਨਾਂ (ਇਸ਼ਟਾਂ ਤੋਂ) ਡਰਾ ਰਹੇ ਹਨ। ਜਦ ਕਿ ਜਿਸ ਨੂੰ ਅੱਲਾਹ ਰਾਹੋਂ ਭਟਕਾ ਦੇਵੇ ਉਸ ਨੂੰ ਸਿੱਧੀ ਰਾਹ ਦਰਸਾਉਣ ਵਾਲਾ ਵੀ ਕੋਈ ਨਹੀਂ।
(37) 37਼ ਅਤੇ ਜਿਸ ਨੂੰ ਅੱਲਾਹ ਹਿਦਾਇਤ ਦੇਵੇ ਉਸ ਨੂੰ ਕੋਈ ਵੀ ਰਾਹੋ ਨਹੀਂ ਭਟਕਾ ਸਕਦਾ ਕੀ ਅੱਲਾਹ ਸ਼ਕਤੀਸ਼ਾਲੀ ਤੇ (ਆਪਣੇ ਦੁਸ਼ਮਨਾਂ ਤੋਂ) ਬਦਲਾ ਲੈਣ ਵਾਲਾ ਨਹੀਂ ?
(38) 38਼ (ਹੇ ਨਬੀ!) ਜੇ ਤੁਸੀਂ ਉਹਨਾਂ ਤੋਂ ਇਹ ਪੁੱਛੋ ਕਿ ਅਕਾਸ਼ ਤੇ ਧਰਤੀ ਨੂੰ ਕਿਸ ਨੇ ਰਚਾਇਆ ਹੈ ? ਤਾਂ ਉਹ ਕਹਿਣਗੇ ਕਿ ਅੱਲਾਹ ਨੇ। (ਇਹ ਵੀ ਪੁੱਛੋ ਕਿ) ਜਿਹਨਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰਦੇ ਹੋ, ਰਤਾ ਦੱਸੋ, ਉਹ ਕੀ ਕਰਦੇ ਹਨ? ਪੁੱਛੋ! ਜੇਕਰ ਅੱਲਾਹ ਮੈਨੂੰ ਕੋਈ ਤਕਲੀਫ਼ ਪਹੁੰਚਾਉਣਾ ਚਾਵੇ ਤਾਂ ਕੀ ਉਹ (ਤੁਹਾਡੇ ਝੂਠੇ ਇਸ਼ਟ) ਮੈਨੂ ਉਸ ਦੀ ਪਹੁੰਚਾਈ ਹੋਈ ਤਕਲੀਫ਼ ਤੋਂ ਦੂਰ ਕਰ ਸਕਦੇ ਹਨ ? ਜਾਂ ਜੇਕਰ ਉਹ ਮੇਰੇ ਉੱਤੇ ਕੋਈ ਮਿਹਰ ਕਰਨਾ ਚਾਵੇ ਤਾਂ ਕੀ ਉਹ ਉਸ ਦੀ ਮਿਹਰ ਨੂੰ ਰੋਕ ਸਕਦੇ ਹਨ ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਲਈ ਤਾਂ ਅੱਲਾਹ ਹੀ ਬਥੇਰਾ ਹੈ, ਭਰੋਸਾ ਕਰਨ ਵਾਲੇ ਤਾਂ ਉਸੇ (ਅੱਲਾਹ) ’ਤੇ ਹੀ ਭਰੋਸਾ ਕਰਦੇ ਹਨ।1
1 ਵੇਖੋ ਸੂਰਤ ਯੂਸੁਫ਼, ਹਾਸ਼ੀਆ ਆਇਤ 67/12
(39) 39਼ (ਹੇ ਨਬੀ!) ਕਹੋ ਕਿ ਹੇ ਮੇਰੀ ਕੌਮ! ਤੁਸੀਂ ਆਪਣੀ ਥਾਂ ’ਤੇ ਭਾਵ ਸਮਝ ਅਨੁਸਾਰ ਕਰਮ ਕਰਦੇ ਰਹੋ, ਮੈਂ ਆਪਣਾ ਕੰਮ ਕਰਦਾ ਰਹਾਂਗਾ। ਛੇਤੀ ਹੀ ਤੁਸੀਂ (ਹਕੀਕਤ ਨੂੰ) ਜਾਣ ਲਓਗੇ (ਕਿ ਕੌਣ ਸੱਚਾ ਹੈ)।
(40) 40਼ ਕਿ ਸੰਸਾਰ ਵਿਚ ਹੀਣਤਾ ਭਰਿਆ ਅਜ਼ਾਬ ਕਿਸ ਉੱਤੇ ਆਵੇਗਾ ਅਤੇ ਸਦਾ ਰਹਿਣ ਵਾਲਾ (ਪਰਲੋਕ ਦਾ) ਅਜ਼ਾਬ ਕਿਸ ’ਤੇ ਉੱਤਰਦਾ ਹੈ।
(41) 41਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ’ਤੇ ਸੱਚਾਈ ’ਤੇ ਆਧਾਰਿਤ ਇਹ ਕਿਤਾਬ (.ਕੁਰਆਨ) ਸਾਰੇ ਲੋਕਾਂ (ਦੀ ਹਿਦਾਇਤ) ਲਈ ਨਾਜ਼ਿਲ ਫ਼ਰਮਾਈ ਹੈ। ਸੋ ਹੁਣ ਜਿਹੜਾ ਵੀ ਸਿੱਧੇ ਰਾਹ ਆਪਣਾਵੇਗਾ, ਆਪਣੇ ਹੀ ਭਲੇ ਲਈ ਆਪਣਾਵੇਗਾ ਅਤੇ ਜਿਹੜਾ ਰਾਹੋਂ ਭਟਕ ਜਾਵੇ, ਉਸ ਦੀ ਗੁਮਰਾਹੀ ਦਾ ਦੋਸ਼ ਉਸੇ ਲਈ ਹੈ, ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(42) 42਼ ਅੱਲਾਹ ਹੀ ਮਰਨ ਸਮੇਂ ਪ੍ਰਾਣ ਕੱਢਦਾ ਹੈ ਅਤੇ ਜਿਨ੍ਹਾਂ ਨੂੰ ਹਾਲਾਂ ਮੌਤ ਨਹੀਂ, ਉਹਨਾਂ ਦੀ ਰੂਹ (ਜਾਨ) ਨੂੰ ਉਸ ਦੀ ਨੀਂਦਰ ਵੇਲੇ ਕੱਢਦਾ ਹੈ, ਫੇਰ ਉਹ ਉਸ (ਰੂਹ) ਨੂੰ ਰੋਕ ਲੈਂਦਾ ਹੈ ਜਿਸ ਲਈ ਉਸ ਨੇ ਮੌਤ ਦਾ ਫ਼ੈਸਲਾ ਕੀਤਾ ਹੁੰਦਾ ਹੈ ਅਤੇ ਦੂਜਿਆਂ (ਰੂਹਾਂ) ਨੂੰ ਇਕ ਨਿਯਤ ਸਮੇਂ ਲਈ ਵਾਪਸ ਭੇਜ ਦਿੰਦਾ ਹੈ। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।
(43) 43਼ ਕੀ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਤੋਂ ਛੁੱਟ ਹੋਰਾਂ ਨੂੰ ਸਿਫ਼ਾਰਸ਼ੀ ਬਣਾ ਰੱਖਿਆ ਹੈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਉਹ (ਸਿਫ਼ਾਰਸ਼ੀ) ਕੁੱਝ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਉਹਨਾਂ ਨੂੰ (ਕਿਸੇ ਪ੍ਰਕਾਰ ਦੀ) ਅਕਲ-ਸਮਝ ਹੈ। (ਕੀ ਫੇਰ ਵੀ ਉਹ ਸਿਫ਼ਾਰਸ਼ੀ ਹਨ ?)
(44) 44਼ (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੀਆਂ ਸਿਫ਼ਾਰਸ਼ਾਂ ਉਸੇ (ਅੱਲਾਹ) ਦੇ ਅਧਿਕਾਰ ਵਿਚ ਹਨ। ਅਕਾਸ਼ਾਂ ਤੇ ਧਰਤੀ ਉੱਤੇ ਉਸੇ ਦਾ ਰਾਜ ਹੈ, ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।
(45) 45਼ ਜਦੋਂ ਇੱਕੋ ਇੱਕ ਅੱਲਾਹ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਸੜਣ ਲੱਗ ਜਾਂਦੇ ਹਨ ਜਿਹੜੇ ਪਰਲੋਕ ’ਤੇ ਵਿਸ਼ਵਾਸ ਨਹੀਂ ਰੱਖਦੇ, ਜਦੋਂ ਇਸ (ਅੱਲਾਹ) ਤੋਂ ਛੁੱਟ ਹੋਰਨਾਂ (ਇਸ਼ਟਾਂ) ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
(46) 46਼ (ਹੇ ਨਬੀ!) ਤੁਸੀਂ ਆਖੋ ਕਿ ਹੇ ਅੱਲਾਹ! ਅਕਾਸ਼ਾਂ ਤੇ ਧਰਤੀ ਦੇ ਰਚਨਾਹਾਰ! ਗੁਪਤ ਤੇ ਪ੍ਰਗਟ ਦੇ ਜਾਣਨਹਾਰ! ਤੂੰ ਹੀ (ਕਿਆਮਤ ਦਿਹਾੜੇ) ਆਪਣੇ ਬੰਦਿਆਂ ਦੇ ਉਹਨਾਂ ਮਾਮਲਿਆਂ ਵਿਚਾਲੇ ਫ਼ੈਸਲਾ ਕਰੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਿਆ ਕਰਦੇ ਸੀ।
(47) 47਼ ਜੇਕਰ ਉਹਨਾਂ ਜ਼ਾਲਮਾਂ ਦੇ ਕੋਲੇ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ (ਧਨ-ਦੌਲਤ) ਹੈ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ ਉਹ ਭੈੜੇ ਅਜ਼ਾਬ ਤੋਂ ਬਚਣ ਲਈ ਸਾਰਾ ਕੁੱਝ ਛੁਡਵਾਈ ਵਜੋਂ ਦੇਣ ਲਈ ਤਿਆਰ ਹੋ ਜਾਣਗੇ। ਉਹਨਾਂ ਦੇ ਸਾਹਮਣੇ ਅੱਲਾਹ ਵੱਲੋਂ ਉਹ (ਅਜ਼ਾਬ) ਪ੍ਰਗਟ ਹੋਵੇਗਾ ਜਿਸ ਦਾ ਉਹਨਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ। 2
2 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
(48) 48਼ ਉਹਨਾਂ ਲਈ ਉਹਨਾਂ ਦੀਆਂ ਕਰਤੂਤਾਂ ਦੀਆਂ ਬੁਰਾਈਆਂ (ਭਾਵ ਭੈੜੇ ਸਿੱਟ) ਪ੍ਰਗਟ ਹੋ ਜਾਣਗੀਆਂ ਅਤੇ ਜਿਸ (ਅਜ਼ਾਬ) ਨੂੰ ਉਹ ਮਖੌਲ ਸਮਝਦੇ ਸੀ, ਉਹ (ਨਰਕ) ਉਹਨਾਂ ਨੂੰ ਘੇਰ ਲਵੇਗੀ।
(49) 49਼ (ਮਨੁੱਖ ਦਾ ਤਾਂ ਉਹ ਹਾਲ ਹੈ ਕਿ) ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਪੁੱਜਦੀ ਹਾ ਤਾਂ ਉਹ ਸਾਨੂੰ (ਮਦਦ ਲਈ) ਪੁਕਾਰਦਾ ਹੈ, ਜਦੋਂ ਅਸੀਂ ਉਸ ਨੂੰ ਆਪਣੇ ਵੱਲੋਂ ਕੋਈ ਇਨਾਮ ਬਖ਼ਸ਼ ਦਈਏ ਤਾਂ ਆਖਣ ਲੱਗਦਾ ਹੈ ਕਿ ਇਹ (ਇਨਾਮ) ਤਾਂ ਮੈਨੂੰ ਆਪਣੇ ਗਿਆਨ (ਸੂਝ-ਬੂਝ) ਰਾਹੀਂ ਮਿਲਿਆ ਹੈ। (ਨਹੀਂ!) ਸਗੋਂ ਇਹ ਇਨਾਮ ਤਾਂ ਇਕ ਅਜ਼ਮਾਇਸ਼ ਵਜੋਂ ਹੈ, ਪ੍ਰੰਤੂ ਵਧੇਰੇ ਲੋਕ ਅਜਿਹੇ ਹਨ ਜਿਹੜੇ ਗਿਆਨ ਨਹੀਂ ਰੱਖਦੇ।
(50) 50਼ ਇਹਨਾਂ ਤੋਂ ਪਹਿਲਾਂ ਦੇ ਲੋਕ ਵੀ ਇਹੋ ਗੱਲ ਕਹਿੰਦੇ ਸੀ ਪਰ ਉਹਨਾਂ ਦਾ ਕੀਤਾ ਕਮਾਇਆ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਇਆ।
(51) 51਼ ਸੋ ਉਹਨਾਂ ਨੂੰ ਉਹਨਾਂ ਕਰਤੂਤਾਂ ਦੀ ਸਜ਼ਾ ਮਿਲੀ (ਜਿਹੜੀਆਂ ਉਹ ਕਰਦੇ ਸੀ) ਅਤੇ ਜਿਹੜੇ ਇਹਨਾਂ ਵਿੱਚੋਂ ਜ਼ਾਲਮ ਹਨ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ। ਇਹ (ਅੱਲਾਹ ਨੂੰ) ਆਜਿਜ਼ (ਬੇਵਸ) ਨਹੀਂ ਕਰ ਸਕਦੇ।
(52) 52਼ ਕੀ ਉਹ ਨਹੀਂ ਜਾਣਦੇ ਕਿ ਅੱਲਾਹ ਜਿਸ ਲਈ ਚਾਹੁੰਦਾ ਹੈ ਰਿਜ਼ਕ ਵਿਚ ਖੁੱਲ੍ਹ ਪੈਦਾ ਕਰ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਈਮਾਨ ਰੱਖਣ ਵਾਲਿਆਂ ਲਈ ਬਥੇਰੀਆਂ ਹੀ ਨਿਸ਼ਾਨੀਆਂ ਹਨ।
(53) 53਼ (ਹੇ ਨਬੀ! ਅੱਲਾਹ ਦਾ ਫ਼ਰਮਾਨ ਹੈ ਕਿ) ਹੇ ਮੇਰੇ ਉਹ ਬੰਦਿਓ! ਜਿਨ੍ਹਾਂ ਨੇ ਆਪਣੀਆਂ ਜਾਨਾਂ ਨਾਲ ਧੱਕਾ ਕੀਤਾ ਹੈ (ਭਾਵ ਗੁਨਾਹ ਕੀਤੇ ਹਨ), ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਅੱਲਾਹ ਸਾਰੇ ਗੁਨਾਹਾਂ ਨੂੰ ਬਖ਼ਸ਼ ਦੇਣ ਵਾਲਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।1
1 ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9 ਅਤੇ ਵੇਖੋ ਸੂਰਤ ਅਲ-ਫ਼ੁਰਕਾਨ, ਹਾਸ਼ੀਆ ਆਇਤ 70/25
(54) 54਼ ਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ ਦੇ ਆਗਿਆਕਾਰੀ ਬਣ ਜਾਓ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਫੇਰ ਤੁਹਾਡੀ ਕੋਈ ਸਹਾਇਤਾ ਵੀ ਨਹੀਂ ਕੀਤੀ ਜਾਵੇਗੀ।
(55) 55਼ ਅਤੇ ਤੁਸੀਂ ਉਸ ਉੱਚਤਮ ਚੀਜ਼ (.ਕੁਰਆਨ) ਦੀ ਪੈਰਵੀ ਕਰੋ ਜਿਹੜੀ ਤੁਹਾਡੇ ਵੱਲ ਤੁਹਾਡੇ ਪਾਲਣਹਾਰ ਨੇ ਨਾਜ਼ਿਲ ਕੀਤੀ ਹੈ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ।
(56) 56਼ (ਫੇਰ ਇੰਜ ਨਾ ਹੋਵੇ ਕਿ) ਕੋਈ ਵਿਅਕਤੀ ਇਹ ਕਹੇ ਕਿ ਹਾਏ ਅਫ਼ਸੋਸ! ਮੈਨੇ ਅੱਲਾਹ ਦੀ ਬੰਦਗੀ ਕਰਨ ਦਾ ਹੱਕ ਅਦਾ ਕਰਨ ਵਿਚ ਵਧੀਕੀ ਕੀਤੀ ਹੈ, ਸਗੋਂ ਮੈਂ ਤਾਂ ਮਖੌਲ ਕਰਨ ਵਾਲਿਆਂ ਨਾਲ ਹੀ ਸ਼ਾਮਿਲ ਰਿਹਾ।
(57) 57਼ ਜਾਂ ਉਹ ਕਹੇ ਕਿ ਜੇ ਅੱਲਾਹ ਮੈਨੂੰ ਹਿਦਾਇਤ ਦਿੰਦਾ ਤਾਂ ਮੈਂ ਵੀ ਪਰਹੇਜ਼ਗਾਰਾਂ (ਭਾਵ ਰੱਬ ਦਾ ਡਰ-ਭੌ ਰੱਖਣ ਵਾਲਿਆਂ) ਵਿੱਚੋਂ ਹੁੰਦਾ।
(58) 58਼ ਜਾਂ ਅਜ਼ਾਬ ਵੇਖ ਕੇ ਆਖੇ ਕਿ ਕਾਸ਼! ਕਿਸੇ ਤਰ੍ਹਾਂ ਮੇਰਾ (ਸੰਸਾਰ ਵਿਚ) ਮੁੜ ਜਾਣਾ ਹੋ ਜਾਵੇ ਤਾਂ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਵਾਂ।
(59) 59਼ (ਅੱਲਾਹ ਪਛਤਾਵਾ ਕਰਨ ਵਾਲੇ ਵਿਅਕਤੀ ਨੂੰ ਆਖੇਗਾ) ਤੈਨੂੰ ਸਜ਼ਾ ਕਿਉਂ ਨਾ ਮਿਲੇ, ਜਦੋਂ ਤੇਰੇ ਕੋਲ ਮੇਰੀਆਂ ਆਇਤਾਂ (ਹਿਦਾਇਤਾਂ) ਪਹੁੰਚੀਆਂ ਤਾਂ ਤੂੰ ਉਹਨਾਂ ਨੂੰ ਝੁਠਲਾਇਆ ਤੇ ਹੰਕਾਰ ਕੀਤਾ। ਤੂੰ ਤਾਂ ਕਾਫ਼ਿਰਾਂ ਵਿੱਚੋਂ ਸੀ।
(60) 60਼ ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ’ਤੇ ਝੂਠ ਘੜ੍ਹਿਆ ਸੀ, ਤੁਸੀਂ ਵੇਖੋਗੇ ਕਿ ਕਿਆਮਤ ਵਾਲੇ ਦਿਨ ਉਹਨਾਂ ਦੇ ਮੂੰਹ ਕਾਲੇ ਹੋ ਗਏ ਹੋਣਗੇ। ਕੀ ਘਮੰਡੀਆਂ ਦਾ ਟਿਕਾਣਾ ਨਰਕ ਨਹੀਂ ਹੈ ?
(61) 61਼ ਅਤੇ ਜਿਨ੍ਹਾਂ ਨੇ ਪਰਹੇਜ਼ਗਾਰੀ ਕੀਤੀ ਭਾਵ ਬੁਰਾਈਆਂ ਤੋਂ ਬਚਾਓ ਕੀਤਾ, ਅੱਲਾਹ ਉਹਨਾਂ ਦੀ ਸਫ਼ਲਤਾ ਦੇ ਕਾਰਨ (ਸਜ਼ਾ ਤੋਂ) ਬਚਾ ਲਵੇਗਾ, ਨਾ ਤਾਂ ਉਹਨਾਂ ਨੂੰ ਕੋਈ ਕਸ਼ਟ ਹੋਵੇਗਾ ਅਤੇ ਨਾ ਹੀ ਕੋਈ ਡਰ-ਭੈ ਹੋਵੇਗਾ।
(62) 62਼ ਅੱਲਾਹ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ ਅਤੇ ਉਹੀ ਹਰੇਕ ਚੀਜ਼ ਦੀ ਦੇਖ ਭਾਲ ਵੀ ਕਰਦਾ ਹੈ।
(63) 63਼ ਉਸੇ ਕੋਲ ਅਕਾਸ਼ ਤੇ ਧਰਤੀ ਦੇ ਖਜ਼ਾਨਿਆਂ ਦੀਆਂ ਕੁੰਜੀਆਂ ਹਨ। ਜਿਨ੍ਹਾਂ ਨੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨੀ ਹੁਕਮਾਂ) ਦਾ ਇਨਕਾਰ ਕੀਤਾ ਉਹੀ ਘਾਟੇ ਵਿਚ ਰਹਿਣ ਵਾਲੇ ਹਨ।
(64) 64਼ (ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਜਾਹਿਲੋ! ਕੀ ਤੁਸੀਂ ਮੈਨੂੰ ਅੱਲਾਹ ਤੋਂ ਛੁੱਟ ਦੂਜਿਆਂ ਦੀ ਇਬਾਦਤ ਕਰਨ ਲਈ ਆਖਦੇ ਹੋ ?
(65) 65਼ ਜਦ ਕਿ (ਹੇ ਮੁਹੰਮਦ ਸ:!) ਤੁਹਾਡੇ ਵੱਲ ਵੀ ਅਤੇ ਤੁਹਾਥੋਂ ਪਹਿਲਾਂ ਦੇ ਸਾਰੇ ਨਬੀਆਂ ਨੂੰ ਇਹੋ ਵਹੀ ਭੇਜੀ ਜਾ ਚੁੱਕੀ ਹੈ ਕਿ ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।
(66) 66਼ ਤੁਸੀਂ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਧੰਨਵਾਦੀਆਂ ਵਿੱਚੋਂ ਹੋ ਜਾਓ।
(67) 67਼ ਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵੁਚ ਹੈ ਜੋ ਇਹ ਲੋਕ ਕਰਦੇ ਹਨ।
(68) 68਼ ਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ ਤਾਂ ਜੋ ਕੋਈ ਵੀ (ਜੀਵ-ਜੰਤੂ) ਅਕਾਸ਼ ਤੇ ਧਰਤੀ ਵਿਚ ਹੈ, ਉਹ ਸਾਰੇ ਬੇਹੋਸ਼ ਹੋ ਜਾਣਗੇ, ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਜਿਊਂਦਾ ਰੱਖੇ। ਫੇਰ ਜਦੋਂ ਦੂਜੀ ਵਾਰ ਉਸ ਵਿਚ ਫੂਂਕ ਮਾਰੀ ਜਾਵੇਗੀ ਤਾਂ ਉਹ ਅਚਣਚੇਤ ਖੜ੍ਹੇ ਹੋ ਕੇ ਵੇਖਣ ਲੱਗ ਪੈਣਗੇ।
(69) 69਼ ਅਤੇ ਧਰਤੀ ਆਪਣੇ ਰੱਬ ਦੇ ਨੂਰ ਨਾਲ ਲਿਸ਼ਕਾ ਮਾਰੇਗੀ, ਕਰਮ-ਪੱਤਰੀਆਂ (ਰੱਬ ਦੇ ਹਜ਼ੂਰ) ਪੇਸ਼ ਕੀਤੀਆਂ, ਜਾਣਗੀਆਂ ਪੈਗ਼ੰਬਰਾਂ ਤੇ ਗਵਾਹਾਂ ਨੂੰ ਹਾਜ਼ਰ ਕੀਤਾ ਜਾਵੇਗਾ ਅਤੇ ਲੋਕਾਂ ਵਿਚਾਲੇ ਨਿਆਂ-ਪੂਰਵਕ ਫ਼ੈਸਲਾ ਕੀਤਾ ਜਾਵੇਗਾ ਅਤੇ ਉਨ੍ਹਾਂ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ।
(70) 70਼ ਅਤੇ ਜਿਸ ਵਿਅਕਤੀ ਨੇ ਜੋ ਵੀ ਕਰਮ ਕੀਤਾ ਰੁ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਲੋਕੀ ਜੋ ਕੁੱਝ ਵੀ ਕਰਦੇ ਹਨ ਉਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
(71) 71਼ (ਫ਼ੈਸਲਿਆਂ ਪਿੱਛੋਂ) ਕਾਫ਼ਿਰਾਂ ਦੇ ਟੋਲੇ ਦੇ ਟੋਲੇ ਨਰਕ ਵੱਲ ਹੱਕੇ ਜਾਣਗੇ, ਜਦੋਂ ਉਹ (ਕਾਫ਼ਿਰ) ਉਸ ਦੇ ਨੇੜੇ ਪਹੁੰਚਣਗੇ ਤਾਂ ਉਸ ਦੇ ਬੂਹੇ ਉਹਨਾਂ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਤੋਂ ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਵਿੱਚੋਂ ਰਸੂਲ ਨਹੀਂ ਆਏ ਸੀ ਜਿਹੜੇ ਤੁਹਾਨੂੰ ਤੁਹਾਡੇ ਰੱਬ ਦੀਆਂ ਆਇਤਾਂ ਪੜ੍ਹ ਕੇ ਸਣਾਉਂਦੇ ਸਨ ਅਤੇ ਤੁਹਾਨੂੰ ਉਸ (ਕਿਆਮਤ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ (ਕਾਫ਼ਿਰ) ਕਹਿਣਗੇ ਕਿ ਹਾਂ! (ਆਏ ਸਨ)। ਹੁਣ ਅਜ਼ਾਬ ਦਾ ਫ਼ੈਸਲਾ ਕਾਫ਼ਿਰਾਂ ਲਈ ਠੀਕ ਸਿੱਧ ਹੋ ਗਿਆ ਹੈ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(72) 72਼ ਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਪ੍ਰਵੇਸ਼ ਕਰ ਜਾਓ, ਜਿੱਥੇ ਤੁਸੀਂ ਸਦਾ ਰਹੋਗੇ। ਸੋ ਘਮੰਡੀਆਂ ਦਾ (ਇਹ) ਟਿਕਾਣਾ ਬਹੁਤ ਹੀ ਭੈੜਾ ਹੈ।
(73) 73਼ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਸੀ ਉਹਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਜੰਨਤ ਵੱਲ ਘੱਲੀਆਂ ਜਾਣਗੀਆਂ। ਜਦੋਂ ਉਹ ਉਸ (ਜੰਨਤ) ਦੇ ਨੇੜੇ ਜਾਣਗੇ ਤਾਂ ਉਸ ਦੇ ਬੂਹੇ ਖੁੱਲ੍ਹ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਨੂੰ ਆਖਣਗੇ ਕਿ ਤੁਹਾਡੇ ’ਤੇ ਸਲਾਮ ਹੋਵੇ, ਤੁਸੀਂ (ਗੁਨਾਹਾਂ ਤੋਂ) ਪਾਕ ਹੋ। ਹੁਣ ਤੁਸੀਂ ਸਦਾ ਲਈ ਇਸ ਸਵਰਗ ਵਿਚ ਦਾਖ਼ਲ ਹੋ ਜਾਓ।
(74) 74਼ ਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ ਜਿਸ ਨੇ ਅਪਣਾ ਵਚਨ ਸੱਚ ਕਰ ਵਿਖਾਇਆ ਅਤੇ ਸਾਨੂੰ ਇਸ (ਸਵਰਗ) ਦੀ ਧਰਤੀ ਦਾ ਵਾਰਸ ਬਣਾ ਦਿੱਤਾ, ਹੁਣ ਅਸੀਂ ਜੰਨਤ ਵਿਚ ਜਿੱਥੇ ਚਾਹੀਏ ਉੱਥੇ ਹੀ ਆਪਣਾ ਟਿਕਾਣਾ ਬਣਾ ਸਕਦੇ ਹਾਂ। ਸੋ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਸੋਹਣਾ ਬਦਲਾ ਹੈ।
(75) 75਼ ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਅੱਲਾਹ ਦੇ ਤਖ਼ਤ ਦੇ ਆਲੇ-ਦੁਆਲੇ ਘੇਰਾ ਪਾਈਂ ਵੇਖੋਗੇ, ਜਦ ਕਿ ਉਹ ਆਪਣੇ ਰੱਬ ਦੀ ਤਸਬੀਹ ਕਰ ਰਹੇ ਹੋਣਗੇ ਅਤੇ ਲੋਕਾਂ ਵਿਚਾਲੇ ਇਨਸਾਫ਼ ਨਾਲ ਫ਼ੈਸਲਾ ਕੀਤਾ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹਨ, ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।