(1) 1਼ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੈ ਅਤੇ ਦੋ-ਦੋ ਤਿੰਨ ਤਿੰਨ ਚਾਰ ਚਾਰ ਪਰਾਂ ਵਾਲੇ ਫ਼ਰਿਸ਼ਤਿਆਂ ਰਾਹੀਂ ਆਪਣੇ ਸੁਨੇਹੇ ਪਹੁੰਚਾਉਣ ਵਾਲਾ ਹੈ। ਉਹ ਆਪਣੀ ਰਚਨਾ ਵਿਚ ਜਿਵੇਂ ਚਾਹਵੇ ਵਾਧਾ ਕਰਦਾ ਹੈ। ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।
(2) 2਼ ਅੱਲਾਹ ਲੋਕਾਂ ਲਈ ਆਪਣੀਆਂ ਰਹਿਮਤਾਂ ਦੇ ਜਿਹੜੇ ਬੂਹੇ ਖੋਲ ਦਿੰਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਜਿਸ ਨੂੰ ਉਹ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ ਅਤੇ ਉਹੀਓ ਸ਼ਕਤੀਸ਼ਾਲੀ ਤੇ ਹਿਕਮਤ ਵਾਲਾ (ਸੂਝ-ਬੂਝ ਦਾਨਾਈ ਵਾਲਾ) ਹੈ।
(3) 3਼ ਹੇ ਲੋਕੋ! ਅੱਲਾਹ ਵੱਲੋਂ ਜੋ ਤੁਹਾਡੇ ਉੱਤੇ ਉਪਕਾਰ ਕੀਤੇ ਗਏ ਹਨ ਉਹਨਾਂ ਨੂੰ ਯਾਦ ਰੱਖੋ। ਕੀ ਅੱਲਾਹ ਤੋਂ ਛੁੱਟ ਕੋਈ ਹੋਰ ਰਚਨਾਹਾਰ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਤੋਂ ਰਿਜ਼ਕ ਦਿੰਦਾ ਹੋਵੇ ? ਛੁੱਟ ਉਸ (ਅੱਲਾਹ) ਤੋਂ ਕੋਈ ਵੀ ਹੋਰ (ਸੱਚਾ) ਇਸ਼ਟ ਨਹੀਂ, ਤੁਸੀਂ ਕਿਧਰੋਂ ਧੋਖਾ ਖਾ ਰਹੇ ਹੋ ?
(4) 4਼ (ਹੇ ਨਬੀ!) ਜੇ ਇਹ (ਕਾਫ਼ਿਰ) ਤੁਹਾਨੂੰ ਝੁਠਲਾ ਰਹੇ ਹਨ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਪੈਗ਼ੰਬਰ ਝੁਠਲਾਏ ਜਾ ਚੁੱਕੇ ਹਨ, ਅੰਤ ਉਹ ਸਾਰੇ ਮਾਮਲੇ (ਨਿਪਟਾਰੇ ਲਈ) ਅੱਲਾਹ ਕੋਲ ਹੀ ਜਾਣਗੇ।
(5) 5਼ ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।
(6) 6਼ ਬੇਸ਼ੱਕ ਸ਼ੈਤਾਨ ਤੁਹਾਡਾ ਵੈਰੀ ਹੈ, ਸੋ ਤੁਸੀਂ ਵੀ ਉਸ ਨੂੰ ਆਪਣਾ ਵੈਰੀ ਸਮਝੋ। ਉਹ (ਸ਼ੈਤਾਨ) ਤਾਂ ਅਪਣੇ ਪੈਰੋਕਾਰਾਂ ਨੂੰ ਆਪਣੇ ਰਸਤੇ ਵੱਲ ਇਸ ਲਈ ਬੁਲਾਉਂਦਾ ਹੈ ਤਾਂ ਜੋ ਉਹ ਨਰਕ ਵਾਲੇ ਬਣ ਜਾਣ।
(7) 7਼ ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।
(8) 8਼ ਕੀ ਉਹ ਵਿਅਕਤੀ (ਹਿਦਾਇਤ ਵਾਲਾ ਹੋ ਸਕਦਾ ਹੈ) ਜਿਸ ਲਈ ਉਸ ਦੇ ਭੈੜੇ ਕਰਮਾਂ ਨੂੰ ਸੋਹਣਾ ਬਣਾ ਦਿੱਤਾ ਗਿਆ ਹੋਵੇ ਅਤੇ ਉਹ ਉਹਨਾਂ ਨੂੰ ਚੰਗਾ ਸਮਝਦਾ ਹੋਵੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰ ਦਿੰਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਪਾਉਂਦਾ ਹੈ। ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਵਿਚ ਕਿਤੇ ਆਪਣੀ ਜਿੰਦ ਨੂੰ ਹੀ ਨਾ ਗੁਆਚ ਬੇਠੋ। ਉਹ ਜੋ ਵੀ ਕਰ ਰਹੇ ਹਨ ਅੱਲਾਹ ਭਲੀ-ਭਾਂਤ ਜਾਣੂ ਹੈ।
(9) 9਼ ਅਤੇ ਅੱਲਾਹ ਹੀ ਉਹਨਾਂ ਹਵਾਵਾਂ ਨੂੰ ਭੇਜਦਾ ਹੈ ਜਿਹੜੀਆਂ ਬੱਦਲਾਂ ਨੂੰ ਚੁੱਕਦੀਆਂ ਹਨ, ਫੇਰ ਅਸੀਂ ਉਹਨਾਂ ਬੱਦਲਾਂ ਨੂੰ ਮੁਰਦਾ (ਬੰਜਰ) ਧਰਤੀ ਵੱਲ ਭੇਜਦੇ ਹਾਂ ਅਤੇ ਇਹਨਾਂ (ਬੱਦਲਾਂ) ਰਾਹੀਂ ਉਸੇ ਧਰਤੀ ਨੂੰ ਉਸ ਦੀ ਮੌਤ (ਉਜਾੜ) ਤੋਂ ਮਗਰੋਂ ਜਿਊਂਦਾ (ਉਪਜਾਊ) ਕਰ ਦਿੰਦੇ ਹਾਂ। ਇਸੇ ਪ੍ਰਕਾਰ (ਤੁਸੀਂ ਸਭ ਨੇ ਵੀ ਕਿਆਮਤ ਦਿਹਾੜੇ) ਮੁੜ ਜਿਊਂਦਾ ਹੋਣਾ ਹੈ।
(10) 10਼ ਜੋ ਵਿਅਕਤੀ ਮਾਨ-ਸਨਮਾਨ ਚਾਹੁੰਦਾ ਹੈ (ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ) ਆਦਰ ਸਤਿਕਾਰ ਤਾਂ ਸਾਰਾ ਦਾ ਸਾਰਾ ਅੱਲਾਹ ਲਈ ਹੀ ਹੈ, ਸਾਰੇ ਪਵਿੱਤਰ ਸ਼ਬਦ ਉਸੇ ਵੱਲ ਚੜ੍ਹਦੇ ਹਨ ਅਤੇ ਨੇਕ ਕਰਮ ਉਹਨਾਂ (ਸ਼ਬਦਾਂ) ਉਤਾਂਹ ਚੁੱਕ ਲੈ ਜਾਂਦੇ ਹਨ। ਜਿਹੜੇ ਲੋਕ ਭੈੜੀਆਂ ਚਾਲਾਂ ਚਲਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਅਤੇ ਉਹਨਾਂ ਦੀਆਂ ਸਾਰੀਆਂ ਚਾਲਾਂ ਆਪੇ ਨਸ਼ਟ ਹੋ ਜਾਣਗੀਆਂ।
(11) 11਼ (ਲੋਕੋ) ਅੱਲਾਹ ਨੇ ਹੀ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫੇਰ ਵੀਰਜ ਤੋਂ (ਪੈਦਾ ਕੀਤਾ) ਫੇਰ ਤੁਹਾਡੇ ਜੋੜੇ (ਪਤੀ ਪਤਨੀ) ਬਣਾਏ ਅਤੇ ਜਿਹੜੀ ਵੀ ਇਸਤਰੀ ਗਰਭਵਤੀ ਹੁੰਦੀ ਹੈ ਤੇ ਬੱਚਾ ਜਣਦੀ ਹੈ, ਅੱਲਾਹ ਨੂੰ ਉਸ ਦਾ ਗਿਆਨ ਹੁੰਦਾ ਹੈ ਅਤੇ ਜੇ ਕਿਸੇ ਦੀ ਆਯੂ ਵਿਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਦੀ ਆਯੂ ਘਟਾਈ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖੀਆਂ ਹੋਈਆਂ ਹਨ। ਬੇਸ਼ੱਕ ਅੱਲਾਹ ਲਈ ਇਹ ਸਭ ਕਰਨਾ ਬਹੁਤ ਹੀ ਸੌਖਾ ਹੈ।
(12) 12਼ ਅਤੇ ਦੋ ਦਰਿਆਵਾਂ ਵਿਚ ਇਕ ਦਾ ਪਾਣੀ ਮਿੱਠਾ ਹੈ, ਪੀਣ ਵਿਚ ਸੁਆਦੀ ਹੈ ਅਤੇ ਦੂਜਾ ਖਾਰਾ ਹੈ ਅਤੇ ਕੌੜਾ ਹੈ। (ਹੇ ਲੋਕੋ!) ਤੁਸੀਂ ਉਹਨਾਂ ਦੋਹਾਂ ਦਰਿਆਵਾਂ ਵਿੱਚੋਂ ਤਾਜ਼ਾ ਮਾਸ (ਮੱਛੀਆਂ ਆਦਿ) ਖਾਂਦੇ ਹੋ ਅਤੇ ਗਹਣੀਆਂ ਦੀ ਸਮੱਗਰੀ (ਮੌਤੀ ਹੀਰੇ) ਕੱਢਦੇ ਹੋ, ਜਿਨ੍ਹਾਂ ਨੂੰ ਤੁਸੀਂ ਪਹਿਣਦੇ ਹੋ। ਤੁਸੀਂ (ਦਰਿਆਵਾਂ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਵੱਡੀਆਂ-ਵੱਡੀਆਂ ਬੇੜੀਆਂ ਤੁਰਦੀਆਂ ਵੇਖਦੇ ਹੋ ਤਾਂ ਜੋ ਤੁਸੀਂ ਅੱਲਾਹ ਦੀ ਕ੍ਰਿਪਾਲਤਾ (ਰੋਜ਼ੀ) ਉਹਨਾਂ (ਦਰਿਆਵਾਂ) ਵਿੱਚੋਂ ਲੱਭੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।
(13) 13਼ ਉਹ (ਅੱਲਾਹ) ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ਲਾ ਰੱਖਿਆ ਹੈ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀਓ ਅੱਲਾਹ ਤੁਹਾਡਾ ਸਭ ਦਾ ਪਾਲਣਹਾਰ ਹੈ, ਪਾਤਸ਼ਾਹੀ ਉਸੇ ਦੀ ਹੈ। ਜਿਨ੍ਹਾਂ ਨੂੰ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਬੇਨਤੀਆਂ ਕਰਦੇ ਹੋ ਉਹ ਤਾਂ ਖਜੂਰ ਦੇ ਛਿਲਕੇ ਜਿੱਨਾ ਵੀ ਅਧਿਕਾਰ ਨਹੀਂ ਰਖਦੇ।
(14) 14਼ ਜੇ ਤੁਸੀਂ ਉਹਨਾਂ (ਝੂਠੇ ਇਸ਼ਟਾਂ)ਨੂੰ ਸੱਦੋ ਤਾਂ ਉਹ ਤੁਹਾਡੀਆਂ ਬੇਨਤੀਆਂ ਨਹੀਂ ਸੁਣਦੇ, ਜੇ ਭਲਾ ਸੁਣ ਵੀ ਲੈਣ ਤਾਂ ਉਹ (ਤੁਹਾਡੀ ਬੇਨਤੀਆਂ ਦਾ) ਜਵਾਬ ਨਹੀਂ ਦੇ ਸਕਦੇ, ਸਗੋਂ ਕਿਆਮਤ ਵੇਲੇ ਉਹ ਤੁਹਾਡੇ ਇਸ ਸ਼ਿਰਕ ਦਾ ਇਨਕਾਰ ਕਰ ਦੇਣਗੇ।1 ਅੱਲਾਹ ਵਰਗੇ ਜਾਣਕਾਰ ਤੋਂ ਛੁੱਟ ਤੁਹਾਨੂੰ ਕੋਈ ਵੀ (ਉਹਨਾਂ ਮੁਸ਼ਰਿਕਾਂ ਦੇ ਹਾਲ ਦੀ ਸੂਚਨਾ) ਨਹੀਂ ਦੇਵੇਗਾ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
(15) 15਼ ਹੇ ਲੋਕੋ! ਤੁਸੀਂ ਹੀ ਅੱਲਾਹ ਦੇ ਮੁਥਾਜ ਹੋ ਜਦ ਕਿ ਅੱਲਾਹ ਤਾਂ ਹਰ ਚੀਜ਼ ਤੋਂ ਬੇਪਰਵਾਹ ਹੈ ਤੇ ਸਭ ਸਿਫ਼ਤਾਂ ਉਸੇ ਲਈ ਹਨ।
(16) 16਼ ਜੇ ਉਹ ਚਾਹੇ ਤਾਂ ਤੁਹਾਨੂੰ ਖ਼ਤਮ ਕਰਕੇ (ਤੁਹਾਡੀ ਥਾਂ) ਇਕ ਨਵੀ ਮਖ਼ਲੂਕ ਪੈਦਾ ਕਰ ਦੇਵੇ।
(17) 17਼ ਅਤੇ ਇੰਜ ਕਰਨਾ ਅੱਲਾਹ ਲਈ ਕੋਈ ਔਖਾ ਕੰਮ ਨਹੀਂ।
(18) 18਼ ਯਾਦ ਰਖੋ ਕਿ (ਕਿਆਮਤ ਦਿਹਾੜੇ) ਕੋਈ ਵੀ ਵਿਅਕਤੀ ਕਿਸੇ ਦੂਜੇ ਦੇ (ਗੁਨਾਹਾਂ ਦਾ) ਭਾਰ ਨਹੀਂ ਚੁੱਕੇਗਾ ਅਤੇ ਜੇ ਕੋਈ (ਆਪਣੇ ਗੁਨਾਹਾਂ ਦੇ) ਭਾਰ ਤੋਂ ਲੱਦਿਆ ਹੋਇਆ ਵਿਅਕਤੀ ਆਪਣਾ ਭਾਰ ਵੰਡਾਉਣ ਲਈ ਕਿਸੇ ਨੂੰ ਸੱਦੇਗਾ ਤਾਂ ਉਸ ਦੇ ਭਾਰ ਵਿੱਚੋਂ ਕੁੱਝ ਵੀ ਚੁੱਕ ਨਹੀਂ ਸਕੇਗਾ, ਭਾਵੇਂ ਉਹ ਕੋਈ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ। (ਹੇ ਨਬੀ!) ਤੁਸੀਂ ਕੇਵਲ ਉਹਨਾਂ ਨੂੰ ਹੀ ਸਾਵਧਾਨ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਰੱਬ ਤੋਂ ਬਿਨਾਂ ਵੇਖੇ ਹੀ ਡਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ। ਜਿਹੜਾ ਵੀ ਕੋਈ (ਗੁਨਾਹਾਂ ਤੋਂ) ਪਾਕ ਭਾਵ ਬਚ ਕੇ ਰਹਿੰਦਾ ਹੈ ਉਹ ਆਪਣੇ ਲਈ ਹੀ ਪਵਿੱਤਰਤਾ ਧਾਰਨ ਕਰਦਾ ਹੈ, ਕਿਉਂ ਜੋ ਪਰਤਣਾ ਤਾਂ ਸਾਰਿਆਂ ਨੇ ਅੱਲਾਹ ਵੱਲ ਹੀ ਹੈ।
(19) 19਼ ਅੰਨ੍ਹਾ ਤੇ ਸੁਜਾਖਾ ਇੱਕੋ ਜਿਹੇ ਨਹੀਂ ਹੁੰਦੇ।
(20) 20਼ ਨਾ ਹੀ ਹਨੇਰੇ ਤੇ ਚਾਨਣ ਇਕ ਸਮਾਨ ਹਨ।
(21) 21਼ ਤੇ ਨਾ ਹੀ ਧੁੱਪ ਤੇ ਛਾਂ ਇਕ ਬਰਾਬਰ ਹੈ।
(22) 22਼ ਨਾ ਹੀ ਜਿਊਂਦੇ ਤੇ ਮੁਰਦੇ ਇਕ ਸਮਾਨ ਹੋ ਸਕਦੇ ਹਨ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ (ਉਸੇ ਨੂੰ ਚੰਗੀਆਂ ਗੱਲਾਂ) ਸੁਣਵਾਉਂਦਾ ਹੈ ਅਤੇ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਸੁਣਾ ਸਕਦੇ ਜਿਹੜੇ ਕਬਰਾਂ ਵਿਚ ਹਨ।
(23) 23਼ (ਹੇ ਮੁਹੰਮਦ ਸ:!) ਤੁਸੀਂ ਤਾਂ ਕੇਵਲ (ਨਰਕ ਤੋਂ) ਸਾਵਧਾਨ ਕਰਨ ਵਾਲੇ ਹੋ।
(24) 24਼ ਬੇਸ਼ੱਕ ਅਸੀਂ ਹੀ ਤੁਹਾਨੂੰ ਹੱਕ (ਕੁਰਆਨ) ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਤੇ ਕੋਈ ਵੀ ਅਜਿਹੀ ਉੱਮਤ ਨਹੀਂ ਹੋਈ ਜਿਸ ਵਿਚ ਕੋਈ ਡਰਾਉਂਣ ਵਾਲਾ ਨਾ ਆਇਆ ਹੋਵੇ।
(25) 25਼ (ਹੇ ਮੁਹੰਮਦ!) ਜੇ ਇਹ (ਮੱਕੇ ਦੇ) ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਉਹਨਾਂ ਲੋਕਾਂ ਨੇ ਵੀ ਤਾਂ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ ਜਿਹੜੇ ਇਹਨਾਂ ਨੂੰ ਪਹਿਲਾਂ ਬੀਤ ਚੁੱਕੇ ਹਨ, ਜਦ ਕਿ ਉਹਨਾਂ ਦੇ ਕੋਲ ਉਹਨਾਂ ਦੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਤੇ ਚਾਨ੍ਹਣ ਵਿਖਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।
(26) 26਼ ਫੇਰ ਅਸੀਂ ਉਹਨਾਂ ਸਾਰੇ ਕਾਫ਼ਿਰਾਂ ਨੂੰ (ਅਜ਼ਾਬ ਵਿਚ) ਫੜ ਲਿਆ, ਫੇਰ ਵੇਖੋ ਮੇਰਾ ਅਜ਼ਾਬ ਕਿਹੋ ਜਿਹਾ ਸੀ।
(27) 27਼ ਕੀ ਤੁਸੀਂ (ਹੇ ਲੋਕੋ!) ਵੇਖਦੇ ਨਹੀਂ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਫੇਰ ਅਸੀਂ ਉਸੇ ਰਾਹੀਂ ਭਾਂਤ-ਭਾਂਤ ਰੰਗਾਂ ਦੇ ਫਲ ਉਗਾਏ ਅਤੇ ਪਹਾੜਾਂ ਵਿਚ ਵੀ ਲਾਲ ਤੇ ਚਿੱਟੀਆਂ ਘਾਟੀਆਂ ਹਨ। ਉਹਨਾਂ ਦੇ ਵੱਖੋ-ਵੱਖ ਰੰਗ ਹਨ ਅਤੇ ਕਾਲੇ ਸਿਆਹ ਵੀ ਹਨ।
(28) 28਼ ਇਸੇ ਪ੍ਰਕਾਰ ਮਨੁੱਖਾਂ, ਜਾਨਵਰਾਂ ਤੇ ਪਸ਼ੂਆਂ ਦੇ ਰੰਗ ਵੀ ਵੱਖੋ-ਵੱਖ ਹੁੰਦੇ ਹਨ। ਸੋ ਅੱਲਾਹ ਤੋਂ ਉਸ ਦੇ ਬੰਦਿਆਂ ਵਿੱਚੋਂ ਉਹੀਓ ਡਰਦੇ ਹਨ, ਜਿਹੜੇ ਗਿਆਨ ਰੱਖਦੇ ਹਨ। ਬੇਸ਼ੱਕ ਅੱਲਾਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
(29) 29਼ ਜਿਹੜੇ ਲੋਕੀ ਅੱਲਾਹ ਦੀ ਕਿਤਾਬ (.ਕੁਰਆਨ) ਦਾ ਪਾਠ ਕਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ) ਦਿੱਤਾ ਹੈ ਉਸ ਵਿੱਚੋਂ ਗੁਪਤ ਰੂਪ ਵਿਚ ਜਾਂ (ਲੋੜ ਪੈਣ ’ਤੇ) ਐਲਾਨੀਆ ਖ਼ਰਚ ਕਰਦੇ ਹਨ, ਉਹ ਲੋਕ ਅਜਿਹੇ ਵਣਜ-ਵਪਾਰ ਦੇ ਆਸਵੰਦ ਹਨ, ਜਿਸ ਵਿਚ ਕੋਈ ਘਾਟਾ ਵੀ ਨਹੀਂ।
(30) 30਼ (ਉਹ ਇਹ ਵਪਾਰ ਇਸ ਲਈ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ-ਪੂਰਾ ਬਦਲਾ ਦੇਵੇ ਅਤੇ ਆਪਣੀ ਕ੍ਰਿਪਾ ਨਾਲ ਉਹਨਾਂ ਨੂੰ ਹੋਰ ਵੀ ਵਧੇਰਾ ਬਖ਼ਸ਼ੇ। ਬੇਸ਼ੱਕ ਉਹ (ਅੱਲਾਹ) ਵੱਡਾ ਬਖ਼ਸ਼ਣਹਾਰ ਤੇ (ਪਰਹੇਜ਼ਗਾਰਾਂ ਦਾ) ਕਦਰਦਾਨ ਹੈ।
(31) 31਼ (ਹੇ ਨਬੀ!) ਅਸਾਂ ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਰਾਹੀਂ ਭੇਜੀ ਹੈ, ਉਹ ਬਿਲਕੁਲ ਸੱਚ ਹੈ। ਜਦ ਕਿ ਇਹ ਆਪਣੇ ਤੋਂ ਪਹਿਲਾਂ ਦੀਆਂ ਕਿਤਾਬਾਂ ਦੀ ਵੀ ਪੁਸ਼ਟੀ ਕਰਨ ਵਾਲੀ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਪੂਰੀ ਖ਼ਬਰ ਰੱਖਦਾ ਹੈ ਅਤੇ ਹਰੇਕ ਚੀਜ਼ ’ਤੇ ਨਜ਼ਰ ਰੱਖਣ ਵਾਲਾ ਹੈ।
(32) 32਼ ਅਸੀਂ ਉਹਨਾਂ ਲੋਕਾਂ ਨੂੰ ਕਿਤਾਬ ਦਾ ਵਾਰਸ ਬਣਾਇਆ, ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿੱਚੋਂ (ਉਚਿਤ ਸਮਝਿਆ) ਚੁਣ ਲਿਆ, ਫੇਰ ਉਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕਰਨ ਲੱਗ ਪਏ (ਭਾਵ ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕਰਨ ਲਗ ਪਏ) ਅਤੇ ਕੁੱਝ ਉਹਨਾਂ ਵਿੱਚੋਂ ਵਿਚਕਾਰਲੀ ਰਾਹ (ਕੁੱਝ ਹੁਕਮਾਂ ਦੀ ਆਗਿਆਕਾਰੀ ਤੇ ਕੁੱਝ ਹੁਕਮਾਂ ਦੀ ਉਲੰਘਣਾ ਦੀ ਨੀਤੀ) ਅਪਣਾਈ ਅਤੇ ਕੁੱਝ ਉਹਨਾਂ ਵਿੱਚੋਂ ਅੱਲਾਹ ਦੀ ਕ੍ਰਿਪਾ ਨਾਲ ਨੇਕੀਆਂ ਵਿਚ ਵਧਦੇ ਗਏ, ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।
(33) 33਼ ਜਿਨ੍ਹਾਂ ਬਾਗ਼ਾਂ ਵਿਚ ਉਹ ਪ੍ਰਵੇਸ਼ ਕਰਨਗੇ ਉਹ ਸਦੀਵੀਂ ਹਨ ਉੱਥੇ ਉਹਨਾਂ ਨੂੰ ਸੋਨੇ ਦੇ ਕੰਗਣਾਂ ਤੇ ਮੋਤੀਆਂ ਨਾਲ ਸ਼ਿੰਗਾਰਿਆ ਜਾਵੇਗਾ ਅਤੇ ਉੱਥੇ ਉਹਨਾਂ ਦੇ ਵਸਤਰ ਰੇਸ਼ਮ ਦੇ ਹੋਣਗੇ।
(34) 34਼ ਅਤੇ ਉਹ ਆਖਣਗੇ ਕਿ ਅੱਲਾਹ ਦਾ (ਲੱਖ-ਲੱਖ) ਸ਼ੁਕਰ ਹੈ ਜਿਸ ਨੇ ਸਾਥੋਂ (ਨਰਕ ਦੀ) ਚਿੰਤਾ ਦੂਰ ਕੀਤੀ। ਬੇਸ਼ੱਕ ਸਾਡਾ ਪਾਲਣਹਾਰ ਬਹੁਤ ਹੀ ਵੱਡਾ ਬਖ਼ਸ਼ਣਹਾਰ ਹੈ ਅਤੇ (ਨੇਕੀਆਂ ਦੀ) ਕਦਰ ਕਰਨਾ ਵਾਲਾ ਹੈ।
(35) 35਼ ਅਤੇ ਆਖਣਗੇ ਕਿ (ਧੰਨਵਾਦ ਉਸ ਦਾ) ਜਿਸ ਨੇ ਆਪਣੀ ਮਿਹਰਬਰਾਨੀਆਂ ਨਾਲ ਸਾਨੂੰ ਸਦੀਵੀ ਨਿਵਾਸ ਸਥਾਨ ਦਿੱਤਾ ਜਿੱਥੇ ਸਾਨੂੰ ਨਾ ਤਾਂ ਕੋਈ ਕੱਸ਼ਟ ਹੈ ਅਤੇ ਨਾ ਹੀ ਕੋਈ ਥਕੇਵਾਂ।
(36) 36਼ ਜਿਨ੍ਹਾਂ ਨੇ (ਪੈਗ਼ੰਬਰਾਂ ਦੀਆਂ ਗੱਲਾਂ ਦਾ) ਇਨਕਾਰ ਕੀਤਾ ਸੀ ਉਹਨਾਂ ਲਈ ਨਰਕ ਦੀ ਅੱਗ ਹੋਵੇਗੀ ਫੇਰ ਨਾ ਉਹਨਾਂ ਨੂੰ ਮੌਤ ਆਵੇਗੀ ਕਿ ਮਰ ਹੀ ਜਾਣ ਅਤੇ ਨਾ ਹੀ ਨਰਕ ਦੇ ਅਜ਼ਾਬ ਵਿਚ ਕੋਈ ਕਟੋਤੀ ਕੀਤੀ ਜਾਵੇਗੀ। ਅਸੀਂ ਕਾਫ਼ਿਰਾਂ ਨੂੰ ਇਸ ਪ੍ਰਕਾਰ ਹੀ ਸਜ਼ਾ ਦਿੰਦੇ ਹਾਂ।
(37) 37਼ ਅਤੇ ਉਹ (ਕਾਫ਼ਿਰ) ਉਸ (ਨਰਕ) ਵਿੱਚੋਂ ਚੀਕਾਂ ਮਾਰ-ਮਾਰ ਕੇ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇੱਥੋਂ ਕੱਢ ਲੈ, (ਹੁਣ) ਅਸੀਂ ਚੰਗੇ ਕੰਮ ਕਰਾਂਗੇ ਨਾ ਕਿ ਉਹ ਜਿਹੜੇ ਕੰਮ ਅਸੀਂ ਪਹਿਲਾਂ ਕਰਿਆ ਕਰਦੇ ਸੀ। (ਅੱਲਾਹ ਪੁੱਛੇਗਾ) ਕੀ ਅਸੀਂ ਤੁਹਾਨੂੰ ਇੰਨੀ ਉਮਰ ਨਹੀਂ ਦਿੱਤੀ ਸੀ ਕਿ ਜਿਸ ਵਿਚ ਜੇ ਕੋਈ ਕੁੱਝ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸੀ? ਅਤੇ ਤੁਹਾਡੇ ਕੋਲ ਇਕ ਚਿਤਾਵਨੀ ਦੇਣ ਵਾਲਾ (ਪੈਗ਼ੰਬਰ) ਵੀ ਆਇਆ ਸੀ। ਹੁਣ ਤੁਸੀਂ (ਅੱਗ ਦਾ) ਸੁਆਦ ਲਵੋ। ਜ਼ਾਲਮਾਂ ਦਾ ਇੱਥੇ ਕੋਈ ਵੀ ਸਹਾਇਕ ਨਹੀਂ।
(38) 38਼ ਬੇਸ਼ੱਕ ਅਕਾਸ਼ਾਂ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਅੱਲਾਹ ਹੀ ਜਾਣਦਾ ਹੈ ਅਤੇ ਦਿਲਾਂ ਵਿਚ ਛੁੱਪੇ ਹੋਏ ਭੇਤਾਂ ਨੂੰ ਵੀ ਉਹੀਓ ਜਾਣਦਾ ਹੈ।
(39) 39਼ ਉਹੀ (ਅੱਲਾਹ) ਹੈ ਜਿਸ ਨੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਇਆ, ਸੋ ਜੋ ਕੋਈ ਕੁਫ਼ਰ (ਨਾ-ਸ਼ੁਕਰੀ) ਕਰੇਗਾ ਉਸ ਦੇ ਕੁਫ਼ਰ ਦਾ ਦੋਸ਼ ਉਸੇ ’ਤੇ ਹੀ ਹੋਵੇਗਾ ਅਤੇ ਕਾਫ਼ਿਰਾਂ (ਇਨਕਾਰੀਆਂ) ਲਈ ਉਹਨਾਂ ਦਾ ਕੁਫ਼ਰ (ਇਨਕਾਰ) ਉਹਨਾਂ ਦੇ ਰੱਬ ਦੇ (ਗੁੱਸੇ) ਨੂੰ ਵਧਾਉਣ ਦਾ ਕਾਰਨ ਬਣਦਾ ਹੈ ਅਤੇ ਕਾਫ਼ਿਰਾਂ ਲਈ ਉਹਨਾਂ ਦਾ ਕੁਫ਼ਰ ਉਹਨਾਂ ਦੇ ਨੁਕਸਾਨ ਵਿਚ ਵਾਧਾ ਕਰਦਾ ਹੈ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(40) 40਼ (ਹੇ ਨਬੀ! ਮੁਸ਼ਰਿਕਾਂ ਨੂੰ) ਆਖੋ, ਚੰਗਾ ਤੁਸੀਂ ਆਪਣੇ ਜਿਹੜੇ ਇਸ਼ਟ ਦੇਵ ਨੂੰ, ਅੱਲਾਹ ਨੂੰ ਛੱਡ ਕੇ (ਮਦਦ ਲਈ), ਪੁਕਾਰਦੇ ਹੋ ਰਤਾ ਮੈਨੂੰ ਵੀ ਵਿਖਾਓ ਕਿ ਉਹਨਾਂ ਨੇ ਧਰਤੀ ’ਤੇ ਕਿਹੜੀ ਰਚਨਾ ਰਚਾਈ ਹੈ ਜਾਂ ਅਕਾਸ਼ ਵਿਚ ਉਹਨਾਂ ਦੀ ਕਿਹੜੀ ਸਾਂਝ ਹੈ ? ਜਾਂ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਕੋਈ ਲਿਖਤ ਦੇ ਛੱਡੀ ਹੈ ਜਿਸ ਦੇ ਆਧਾਰ ’ਤੇ ਉਹ ਖੜ੍ਹੇ ਹਨ ? ਨਹੀਂ ਕੁੱਝ ਵੀ ਤਾਂ ਨਹੀਂ, ਸਗੋਂ ਇਹ ਜ਼ਾਲਮ ਇਕ ਦੂਜੇ ਨੂੰ ਕੇਵਲ ਲਾਰੇ ਅਤੇ ਧੋਖੇ ਦਈਂ ਜਾ ਰਹੇ ਹਨ। 2
2 ਹਜ਼ਰਤ ਅਬੂ-ਹੁਰੈਰਾ ਦਸੱਦੇ ਹਨ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਕਿਆਮਤ ਦੇ ਦਿਨ ਅੱਲਾਹ ਜ਼ਮੀਨ ਨੂੂੰ ਆਪਣੀ ਮੁੱਠੀ ਵਿਚ ਲੈ ਲਵੇਗਾ ਅਤੇ ਆਸਮਾਨਾਂ ਨੂੰ ਮੁੱਠੀ ਵਾਂਗ ਆਪਣੇ ਸੱਜੇ ਹੱਥ ਵਿਚ ਵਲੇਟ ਲਵੇਗਾ ਫੇਰ ਫ਼ਰਮਾਏਗਾ ਕਿ ਮੈਂ ਬਾਦਸ਼ਾਹ ਹਾਂ ਧਰਤੀ ਦੇ ਬਾਦਸ਼ਾਹ ਕਿੱਥੇ ਹਨ। (ਸਹੀ ਬੁਖ਼ਾਰੀ, ਹਦੀਸ: 4812)
(41) 41਼ ਹਕੀਕਤ ਇਹ ਹੈ ਕਿ ਅੱਲਾਹ ਨੇ ਹੀ ਅਕਾਸ਼ਾਂ ਤੇ ਧਰਤੀ ਨੂੰ ਫੜ੍ਹਿਆ ਹੋਇਆ ਹੈ ਕਿ ਉਹ ਦੋਵੇਂ ਆਪਣੀ ਥਾਂ ਤੋਂ ਸਿਰਕ ਨਾ ਜਾਣ। ਜੇ ਉਹ ਸਿਰਕ ਜਾਣ ਫੇਰ ਉਹਨਾਂ ਨੂੰ ਹੋਰ ਕੋਈ ਥਮ੍ਹਣ ਵਾਲਾ ਵੀ ਨਹੀਂ। ਬੇਸ਼ੱਕ ਉਹ ਵੱਡਾ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।
(42) 42਼ ਅਤੇ ਉਹਨਾਂ (ਮੱਕੇ ਦੇ) ਕਾਫ਼ਿਰਾਂ ਨੇ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਕਿਹਾ ਸੀ ਕਿ ਜੇ ਉਹਨਾਂ ਕੋਲ ਕੋਈ ਡਰਾਉਣ ਵਾਲਾ (ਪੈਗ਼ੰਬਰ) ਆਵੇਗਾ ਤਾਂ ਉਹ ਹੋਰਾਂ ਕੌਮਾਂ ਤੋਂ ਕਿਤੇ ਵੱਧ ਕੇ ਹਿਦਾਹਿਤਾਂ ਕਬੂਲ ਕਰਨ ਵਾਲੇ ਹੋਣਗੇ, ਪ੍ਰੰਤੂ ਜਦੋਂ ਉਹਨਾਂ ਕੋਲ ਡਰਾਉਣ ਵਾਲਾ (ਪੈਗ਼ੰਬਰ) ਆ ਗਿਆ ਤਾਂ ਉਸ ਦੇ ਆਉਣ ਨਾਲ ਉਹਨਾਂ ਵਿਚ ਹੱਕ ਪ੍ਰਤੀ ਨਫ਼ਰਤ ਵਿਚ ਵਾਧਾ ਹੋਣ ਲੱਗ ਪਿਆ।
(43) 43਼ ਨਫ਼ਰਤ ਦਾ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਧਰਤੀ ਉੱਤੇ ਵੱਡਾ ਸਮਝਦੇ ਸਨ ਅਤੇ (ਹੱਕ ਦੇ ਵਿਰੁੱਧ) ਭੈੜੀਆਂ ਚਾਲਾਂ ਵੀ ਚਲਦੇ ਸਨ। ਜਦੋਂ ਕਿ ਭੈੜੀਆਂ ਚਾਲਾਂ ਤਾਂ ਆਪਣੇ ਚਲਾਉਣ ਵਾਲੇ ਨੂੰ ਹੀ ਆ ਘੇਰਦੀਆਂ ਹਨ। ਹੁਣ ਇਹ ਲੋਕ ਉਸ (ਅਜ਼ਾਬ) ਦੀ ਉਡੀਕ ਕਰ ਰਹੇ ਹਨ ਜਿਹੜਾ ਪਹਿਲੀਆਂ ਕੌਮਾਂ ਨਾਲ ਅੱਲਾਹ ਦੀ ਮਰਿਆਦਾ ਰਹੀ ਹੈ। ਸੋ ਤੁਸੀਂ (ਹੇ ਨਬੀ!) ਕਦੇ ਵੀ ਅੱਲਾਹ ਦੀ ਮਰਿਆਦਾ ਨੂੰ ਬਦਲਦਾ ਹੋਇਆ ਨਹੀਂ ਵੇਖੋਗੇ ਅਤੇ ਨਾ ਹੀ ਤੁਸੀਂ ਅੱਲਾਹ ਦੀ ਮਰਿਆਦਾ ਨੂੰ ਟਲਦਾ ਵੇਖੋਗੇ।
(44) 44਼ ਕੀ ਉਹ (ਮੱਕੇ ਦੇ) ਲੋਕ ਧਰਤੀ ਉੱਤੇ ਤੁਰੇ ਫਿਰੇ ਨਹੀਂ, ਜਿਸ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਲੋਕੀ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ ਜਦ ਕਿ ਉਹ ਉਹਨਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਸੀ। ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਅਕਾਸ਼ਾਂ ਵਿਚ ਤੇ ਧਰਤੀ ਵਿਚ ਬੇਵਸ ਕਰ ਦੇਵੇ। ਉਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
(45) 45਼ ਅਤੇ ਜੇ ਅੱਲਾਹ ਲੋਕਾਂ ਨੂੰ ਉਹਨਾਂ ਦੀਆਂ ਕਰਤੂਤਾਂ ਕਾਰਨ ਫੜਣ ਲੱਗ ਜਾਂਦਾ ਹੈ ਤਾਂ ਇਸ (ਧਰਤੀ) ਦੀ ਪਿੱਠ ਉੱਤੇ ਤੁਰਨ-ਫਿਰਨ ਵਾਲਾ ਕੋਈ ਵੀ ਪ੍ਰਾਣੀ (ਉਸ ਦੇ ਅਜ਼ਾਬ ਤੋਂ) ਨਾ ਬਚ ਸਕਦਾ, ਪਰ ਉਹ (ਅੱਲਾਹ) ਨੇ ਉਹਨਾਂ ਸਭ ਨੂੰ ਇਕ ਨਿਯਤ ਸਮੇਂ ਲਈ ਢਿੱਲ ਦਿੱਤੀ ਹੋਈ ਹੈ, ਜਦੋਂ ਉਹਨਾਂ ਦਾ ਸਮਾਂ ਆ ਜਾਵੇਗਾ (ਉਹਨਾਂ ਨੂੰ ਸਜ਼ਾ ਦੇਵੇਗਾ)। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂ ਚੰਗੀ ਤਰ੍ਹਾਂ ਵੇਖ ਰਿਹਾ ਹੈ।