(1) 1਼ ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।
(2) 2਼ ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।
(3) 3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।
(4) 4਼ ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।
(5) 5਼ ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।
(6) 6਼ ਜੋ ਬਹਾਨੇ ਖ਼ਤਮ ਕਰਨ ਲਈ ਜਾਂ ਡਰ ਸੁਣਾਉਣ ਲਈ ਹੈ।
(7) 7਼ ਬੇਸ਼ੱਕ ਤੁਹਾਡੇ ਨਾਲ ਜਿਸ (ਕਿਆਮਤ) ਦਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਹੀ ਵਾਪਰ ਕੇ ਰਹੇਗੀ।
(8) 8਼ ਜਦੋਂ ਤਾਰੇ ਬੇ-ਨੂਰ ਕਰ ਦਿੱਤੇ ਜਾਣਗੇ।
(9) 9਼ ਜਦੋਂ ਅਕਾਸ਼ ਪਾਟ ਦਿੱਤਾ ਜਾਵੇਗਾ।
(10) 10਼ ਜਦੋਂ ਪਹਾੜਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣਗੀਆਂ।
(11) 11਼ ਜਦੋਂ ਪੈਗ਼ੰਬਰਾਂ ਨੂੰ ਨਿਯਤ ਸਮੇਂ ਲਿਆਇਆ ਜਾਵੇਗਾ।
(12) 12਼ (ਆਖਿਆ ਜਾਵੇਗਾ) ਜਿਹੜੇ ਦਿਨ ਲਈ ਉਹਨਾਂ (ਦੀ ਗਵਾਹੀ) ਨੂੰ ਅਗਾਂਹ ਪਾਇਆ ਗਿਆ ਸੀ ?
(13) 13਼ ਫ਼ੈਸਲੇ ਦੇ ਦਿਨ (ਭਾਵ ਕਿਆਮਤ) ਲਈ ?
(14) 14਼ ਤੁਸੀਂ ਕੀ ਜਾਣੋਂ ਕਿ ਫ਼ੈਸਲੇ ਦਾ ਦਿਨ ਕੀ ਹੈ ?
(15) 15਼ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
(16) 16਼ ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?
(17) 17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।
(18) 18਼ ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।
(19) 19਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
(20) 20਼ ਕੀ ਅਸੀਂ ਤੁਹਾਨੂੰ ਇਕ ਤੁੱਛ ਜਿਹੇ ਵੀਰਜ ਤੋਂ ਪੈਦਾ ਨਹੀਂ ਕੀਤਾ ?
(21) 21਼ ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।
(22) 22਼ ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।
(23) 23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।
(24) 24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
(25) 25਼ ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?
(26) 26਼ ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।
(27) 27਼ ਅਸੀਂ ਇਸ (ਧਰਤੀ) ਵਿਚ ਮਜ਼ਬੂਤੀ ਨਾਲ ਜੰਮੇ ਹੋਏ ਉੱਚੇ-ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।
(28) 28਼ ਉਸ ਦਿਨ (ਅਜ਼ਾਬ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
(29) 29਼ (ਆਖਿਆ ਜਾਵੇਗਾ) ਕਿ ਚੱਲੋ ਉਸ (ਅਜ਼ਾਬ) ਵੱਲ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
(30) 30਼ ਚੱਲੋ! ਉਸ ਪੜ੍ਹਛਾਵੇਂ ਵੱਲ ਜਿਹੜਾ ਤਿੰਨ ਫਾਂਕਾਂ ਵਾਲਾ ਹੈ।
(31) 31਼ ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।
(32) 32਼ ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।
(33) 33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।
(34) 34਼ ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।
(35) 35਼ ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।
(36) 36਼ ਨਾ ਹੀ ਉਹਨਾਂ ਨੂੰ ਬਹਾਨੇ ਪੇਸ਼ ਕਰਨ ਦੀ ਆਗਿਆ ਹੋਵੇਗੀ।
(37) 37਼ ਉਸੇ ਦਿਨ ਝੁਠਲਾਉਣ ਵਾਲਿਆਂ ਦੀ ਬਰਬਾਦੀ ਹੋਵੇਗੀ।
(38) 38਼ ਇਹ ਫ਼ੈਸਲੇ ਦਾ ਦਿਨ ਹੈ, ਅਸੀਂ ਤੁਹਾਨੂੰ ਅਤੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਨੂੰ ਜਮਾਂ ਕਰਾਂਗੇ।
(39) 39਼ ਜੇਕਰ ਤੁਹਾਡੇ ਕੋਲ ਕੋਈ ਚਾਲ ਮੇਰੇ ਵਿਰੁੱਧ ਖੇਡਣ ਲਈ ਹੈ ਤਾਂ ਖੇਡ ਲਓ।
(40) 40਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
(41) 41਼ ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।
(42) 42਼ ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।
(43) 43਼ (ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।
(44) 44਼ ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
(45) 45਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
(46) 46਼ (ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।
(47) 47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
(48) 48਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।1
1 ਰੁਕੂਅ ਤੋਂ ਭਾਵ ਨਮਾਜ਼ ਪੜ੍ਹਣਾ ਹੈ ਅਤੇ ਨਮਾਜ਼ ਪੜ੍ਹਣ ਤੋਂ ਭਾਵ ਮੁਸਲਮਾਨ ਹੋਣਾ ਹੈ, ਕਿਉਂ ਜੋ ਨਮਾਜ਼ ਤੋਂ ਬਿਨਾਂ ਕੋਈ ਮੁਸਲਮਾਨ ਨਹੀਂ ਹੋ ਸਕਦਾ ਇਸ ਲਈ ਮੁਸਲਮਾਨ ਦੀ ਪਛਾਣ ਵਿਚ ਨਮਾਜ਼ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਹੜਾ ਵਿਅਕਤੀ ਖ਼ਾਨਾ-ਕਾਅਬਾ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦਾ ਹੈ ਉਸ ਦੀ ਜਾਨ-ਮਾਲ ਸੁਰੱਖਿਅਤ ਹੋਵੇਗਾ ਜਿਵੇਂ ਕਿ ਹਦੀਸ ਵਿਚ ਹੈ ਕਿ ਮੈਨੂੰ ਹੁਕਮ ਹੋਇਆ ਕਿ ਲੋਕਾਂ ਨਾਲ ਜੰਗ ਕਰਾ ਇੱਥੋਂ ਤਕ ਕਿ ਉਹ ਲਾ ਇਲਾਹਾ ਇਲੱਲ ਲਾਹ ਨੂੰ ਮੰਨ ਲੈਣ, ਜਦੋਂ ਉਹ ਇਸ ਕਲਮੇ ਦਾ ਇਕਰਾਰ ਕਰ ਲੈਣ ਫੇਰ ਉਹ ਸਾਡੇ ਵਾਂਗ ਨਮਾਜ਼ ਪੜ੍ਹਣ ਲੱਗ ਜਾਣ ਅਤੇ ਨਮਾਜ਼ ਵਿਚ ਸਾਡੇ ਕਾਅਬੇ ਵੱਲ ਮੂੰਹ ਕਰਨ ਜਿੱਦਾਂ ਅਸੀਂ ਜ਼ਿਬਹ ਕਰਦੇ ਹਾਂ ਉਸੇ ਤਰ੍ਹਾਂ ਜ਼ਿਬਹ ਕਰਨ ਤਾਂ ਸਾਡੇ ਲਈ ਉਹਨਾਂ ਦੀ ਜਾਨ ਤੇ ਮਾਲ ਹਰਾਮ ਹੋ ਗਈ, ਪਰ ਹੱਕ ਅਨੁਸਾਰ ਹਲਾਲ ਹੈ ਅਤੇ ਇਸ ਦਾ ਹਿਸਾਬ ਅੱਲਾਹ ਦੇ ਜ਼ਿੰਮੇ ਹੈ। ਮੈਮੂਨ ਬਿਨ ਸਿਹਾ ਨੇ ਹਜ਼ਰਤ ਅਨਸ ਬਿਨ ਮਾਲਿਕ ਰ:ਅ: ਨੂੰ ਪੁੱਛਿਆ ਕਿ ਕਿਹੜੀ ਚੀਜ਼ ਆਦਮੀ ਦੀ ਜਾਨ ਤੇ ਮਾਲ ਨੂੰ ਹਰਾਮ ਤੋਂ ਸੁਰੱਖਿਅਤ ਕਰ ਦਿੰਦੀ ਹੈ, ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਆਖੇ ਲਾ ਇਲਾਹਾ ਇਲੱਲ ਲਾਹ ਭਾਵ ਗਵਾਹੀ ਦੇਵੇ ਕਿ ਅੱਲਾਹ ਤੋਂ ਛੁੱਟ ਸਾਡਾ ਕੋਈ ਇਸ਼ਟ ਨਹੀਂ ਅਤੇ ਸਾਡੇ ਕਿਬਲੇ ਵੱਲ ਮੂੰਹ ਕਰਕੇ ਅਤੇ ਸਾਡੇ ਵਾਂਗ ਨਮਾਜ਼ ਪੜ੍ਹੇ ਅਤੇ ਸਾਡਾ ਜ਼ਿਬਹ ਕੀਤਾ ਹੋਇਆ ਜਾਨਵਰ ਖਾਵੇ ਤਾਂ ਉਹ ਮੁਸਲਮਾਨ ਹੈ ਅਤੇ ਜਿਹੜਾ ਹੱਕ ਦੂਜੇ ਮੁਸਲਮਾਨਾਂ ਦਾ ਹੈ ਉਹੀਓ ਹੱਕ ਉਸ ਦਾ ਹੈ ਜਿਹੜੇ ਕਰਤੱਵ ਦੂਜੇ ਮੁਸਲਮਾਨਾਂ ’ਤੇ ਲਾਗੂ ਹੁੰਦੇ ਹਨ ਉਹੀਓ ਉਸੇ ’ਤੇ ਹੋਣ। (ਸਹੀ ਬੁਖ਼ਾਰੀ, ਹਦੀਸ: 393-392)
(49) 49਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
(50) 50਼ ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?