54 - Al-Qamar ()

|

(1) 1਼ ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।1
1 ਇਹ ਉਹ ਮੋਅਜਜ਼ਾ ਹੈ ਜਿਹੜਾ ਮੱਕੇ ਵਾਲਿਆਂ ਦੀ ਮੰਗ ਉੱਤੇ ਵਿਖਾਇਆ ਗਿਆ ਸੀ। ਹਜ਼ਰਤ ਅਨਸ ਫ਼ਰਮਾਉਂਦੇ ਹਨ ਕਿ ਮੱਕੇ ਵਾਲਿਆਂ ਨੇ ਅੱਲਾਹ ਦੇ ਰਸੂਲ ਤੋਂ ਕੋਈ ਨਿਸ਼ਾਨੀ ਵਿਖਾਉਣ ਲਈ ਮੰਗ ਕੀਤੀ ਤਾਂ ਆਪ (ਸ:) ਨੇ ਅੱਲਾਹ ਦੇ ਹੁਕਮ ਨਾਲ ਚੰਨ ਦੇ ਦੋ ਟੁਕੜੇ ਕਰਕੇ ਵਿਖਾ ਦਿੱਤੇ। (ਸਹੀ ਬੁਖ਼ਾਰੀ, ਹਦੀਸ: 4867)

(2) 2਼ ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਦੇ ਹਨ ਅਤੇ ਆਖਦੇ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ।

(3) 3਼ ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।

(4) 4਼ ਉਹਨਾਂ ਕੋਲ ਉਹ ਸਾਰੀਆਂ ਸੂਚਣਾਵਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਚਿਤਾਵਨੀ ਵੀ ਹੈ ਤੇ ਸਿੱਖਿਆ ਵੀ ਹੈ।

(5) 5਼ ਸਿਖਰ ਨੂੰ ਪਹੁੰਚੀ ਹੋਈ ਯੁਕਤੀ ਵੀ ਹੈ, ਪਰ ਕੇਵਲ ਚਿਤਾਵਨੀਆਂ ਹੀ ਕੰਮ ਨਹੀਂ ਆਉਂਦੀਆਂ।

(6) 6਼ ਸੋ (ਹੇ ਨਬੀ!) ਇਹਨਾਂ ਤੋਂ ਮੂੰਹ ਮੋੜ ਲਵੋ। (ਯਾਦ ਕਰੋ) ਜਦੋਂ ਸੱਦਣ ਵਾਲਾ ਅਤਿ ਭੈੜੀ ਚੀਜ਼ (ਨਰਕ) ਵੱਲ ਸੱਦੇਗਾ।

(7) 7਼ (ਉਸ ਸਮੇਂ) ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ। ਉਹ ਕਬਰਾਂ ਵਿੱਚੋਂ ਇੰਜ ਨਿਕਲਣਗੇ ਜਿਵੇਂ ਉਹ ਖਿੰਡੀਆਂ ਹੋਈਆਂ ਟਿੱਡੀਆਂ ਹੋਣ।

(8) 8਼ ਜਦੋਂ ਉਹ (ਲੋਕ) ਸਦੱਨ ਵਾਲੇ (ਰੱਬ) ਵੱਲ ਨਸਦੇ ਜਾ ਰਹੇ ਹੋਣਗੇ ਤਾਂ ਕਾਫ਼ਿਰ ਆਖਣਗੇ ਕਿ ਇਹ ਦਿਹਾੜਾ ਤਾਂ ਬਹੁਤ ਹੀ ਕਰੜਾ ਹੈ।

(9) 9਼ ਇਹਨਾਂ ਤੋਂ ਪਹਿਲਾਂ ਨੂਹ ਕੌਮ ਨੇ ਝੁਠਲਾਇਆ ਸੀ, ਸੋ ਉਹਨਾਂ ਨੇ ਸਾਡੇ ਬੰਦੇ ਨੂੰ ਝੂਠਾ ਦੱਸਿਆ ਤੇ ਆਖਿਆ ਕਿ ਇਹ ਤਾਂ ਸੁਦਾਈ ਹੈ ਅਤੇ (ਉਸ ਨੂੰ) ਝਿੜਕ ਦਿੱਤਾ ਗਿਆ।

(10) 10਼ ਤਦ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਬੇਸ਼ਕ ਮੈਂ ਬੇਵਸ ਹਾਂ, ਹੁਣ ਤੂੰ ਹੀ ਇਹਨਾਂ ਤੋਂ ਬਦਲਾ ਲੈ।

(11) 11਼ ਸੋ ਅਸੀਂ ਮੂਸਲਾਧਾਰ ਮੀਂਹ ਨਾਲ ਅਕਾਸ਼ ਦੇ ਮੂੰਹ ਖੋਲ ਦਿੱਤੇ।

(12) 12਼ ਅਸੀਂ ਧਰਤੀ ਵਿਚ ਚਸ਼ਮੇ ਵਗਾ ਦਿੱਤੇ ਤੇ (ਅਕਾਸ਼ ਤੇ ਧਰਤੀ) ਦਾ ਪਾਣੀ ਆਪੋ ਵਿਚ ਮਿਲ ਗਏ (ਭਾਵ ਹੜ ਆ ਗਿਆ), ਜਿਹੜਾ (ਉਹਨਾਂ ਦਾ) ਮੁਕੱਦਰ ਬਣ ਚੁੱਕਿਆ ਸੀ।

(13) 13਼ ਅਸੀਂ ਨੂਹ ਨੂੰ ਤਖ਼ਤਿਆਂ ਤੇ ਕਿੱਲਾਂ ਵਾਲੀ (ਬੇੜੀ) ਉੱਤੇ ਸਵਾਰ ਕੀਤਾ।

(14) 14਼ ਉਹ (ਬੇੜੀ) ਸਾਡੀਆਂ ਅੱਖਾਂ ਸਾਹਮਣੇ ਤੁਰਦੀ ਸੀ। ਅਸੀਂ ਇਹ ਸਭ ਉਸ ਵਿਅਕਤੀ (ਨੂਹ) ਦਾ ਬਦਲਾ ਲੈਣ ਲਈ ਕੀਤਾ ਸੀ ਜਿਸ ਨੂੰ ਝੁਠਲਾਇਆ ਗਿਆ ਸੀ।

(15) 15਼ ਅਸੀਂ ਉਸ (ਬੇੜੀ ਨੂੰ) ਇਕ ਨਿਸ਼ਾਨੀ (ਬਣਾ) ਛੱੜਿਆ। ਫੇਰ ਕੋਈ ਹੈ ਜਿਹੜਾ ਨਸੀਹਤ ਪ੍ਰਾਪਤ ਕਰੇ?

(16) 16਼ ਫੇਰ (ਵੇਖੋ) ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੇ ਸੀ।

(17) 17਼ ਬੇਸ਼ੱਕ ਅਸੀਂ ਇਸ .ਕੁਰਆਨ ਨੂੰ ਸਿੱਖਿਆ ਲੈਣ ਲਈ ਸੁਖਾਲਾ ਬਣਾਇਆ ਹੈ, ਹੈ ਕੋਈ ਸਿੱਖਿਆ ਪ੍ਰਾਪਤ ਕਰਨ ਵਾਲਾ?

(18) 18਼ ‘ਆਦ’ ਦੀ ਕੌਮ ਨੇ ਝੁਠਲਾਇਆ, ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

(19) 19਼ ਅਸੀਂ ਉਹਨਾਂ ਉੱਤੇ ਨਿਰੰਤਰ ਅਸ਼ੁੱਭ ਦਿਹੜੇ ਇਕ ਸ਼ੂਕਦੀ ਤੂਫ਼ਾਨੀ ਹਵਾ ਭੈਜੀ।

(20) 20਼ ਉਹ (ਹਵਾ) ਲੋਕਾਂ ਨੂੰ ਚੁੱਕ-ਚੁੱਕ ਕੇ ਇੰਜ ਸੁੱਟ ਰਹੀ ਸੀ ਜਿਵੇਂ ਕਿ ਉਹ ਜੜੋਂ ਉਖੜੇ ਹੋਏ ਖਜੂਰ ਦੇ ਮੋਛੇ ਹੋਣ।

(21) 21਼ ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

(22) 22਼ ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਬਹੁਤ ਹੀ ਸੌਖਾ ਕਰ ਦਿੱਤਾ ਹੈ, ਹੈ ਕੋਈ ਨਸੀਹਤ ਪ੍ਰਾਪਤ ਕਰਨ ਵਾਲਾ?

(23) 23਼ (ਸਮੂਦ ਦੀ) ਕੌਮ ਨੇ ਚਿਤਾਵਨੀ ਦੇਣ ਵਾਲੇ (ਨਬੀ) ਨੂੰ ਝੁਠਲਾਇਆ।

(24) 24਼ ਉਹਨਾਂ ਨੇ ਆਖਿਆ ਕਿ ਭਲਾਂ ਇਕ ਅਜਿਹਾ ਵਿਅਕਤੀ ਜਿਹੜਾ ਸਾਡੇ ਵਿੱਚੋਂ ਹੋਵੇ ਅਸੀਂ ਉਸ ਦੇ ਪਿੱਛੇ ਤੁਰੀਏ ? ਫੇਰ ਤਾਂ ਅਸੀਂ ਕੁਰਾਹੀਆਂ ਅਤੇ ਸੁਦਾਈਆਂ ਵਿੱਚੋਂ ਹੋਵਾਂਗੇ।

(25) 25਼ ਕੀ ਸਾਡੇ ਵਿੱਚੋਂ ਉਸ ’ਤੇ ਹੀ ਵਹੀ (ਰੱਬੀ ਸੁਨੇਹਾ) ਉਤਾਰੀ ਗਈ ਹੈ ? (ਨਹੀਂ!) ਸਗੋਂ ਉਹ ਤਾਂ ਬਹੁਤ ਹੀ ਝੂਠਾ ਤੇ ਸ਼ੇਖ਼ੀ ਖ਼ੋਰਾ ਹੈ।

(26) 26਼ ਭਲਕੇ (ਭਾਵ ਕਿਆਮਤ ਦਿਹਾੜੇ) ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੂਠਾਹੈ ਤੇ ਕੌਣ ਸ਼ੇਖ਼ੀਆਂ ਮਾਰਦਾ ਹੈ।

(27) 27਼ ਬੇਸ਼ੱਕ ਅਸੀਂ ਉਹਨਾਂ ਦੀ ਅਜ਼ਮਾਇਸ਼ ਲਈ ਇਕ ਊਠਣੀ (ਚੱਟਾਨਾਂ ਵਿੱਚੋ ਕੱਢ ਕੇ) ਭੇਜਣ ਵਾਲੇ ਹਾਂ। ਸੋ (ਹੇ ਸਾਲੇਹ!) ਤੂੰ ਉਹਨਾਂ (ਦੇ ਅੰਤ) ਦੀ ਉਡੀਕ ਕਰ ਤੇ ਧੀਰਜ ਤੋਂ ਕੰਮ ਲੈ।

(28) 28਼ ਉਹਨਾਂ ਨੂੰ ਦੱਸ ਦਿਓ ਕਿ ਪਾਣੀ ਨੂੰ ਇਹਨਾਂ (ਬਸਤੀ ਵਾਲਿਆਂ ਤੇ ਊਠਣੀ) ਵਿਚਕਾਰ ਵੰਡਿਆ ਜਾਵੇਗਾ ਅਤੇ ਹਰੇਕ ਆਪਣੀ ਵਾਰੀ ਵਾਲੇ ਦਿਨ (ਪਾਣੀ ਪੀਣ ਲਈ) ਆਵੇਗਾ।

(29) 29਼ ਪਰ ਉਹਨਾਂ ਲੋਕਾਂ ਨੇ ਆਪਣੇ ਇਕ ਸਾਥੀ ਨੂੰ ਸੱਦਿਆ ਅਤੇ ਉਸ ਨੇ (ਊਠਣੀ ਨੂੰ) ਫੜ੍ਹਿਆ ਤੇ ਵੱਡ ਸੁੱਟਿਆ।

(30) 30਼ ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ ?

(31) 31਼ ਬੇਸ਼ੱਕ ਅਸੀਂ ਉਹਨਾਂ ਉੱਤੇ ਇਕ ਚੰਗਿਆੜ ਭੇਜੀ ਤਾਂ ਉਹ ਬਾੜ ਵਾਲਿਆਂ ਦੀ ਲਤਾੜੀ ਹੋਈ ਵਾੜ ਵਾਂਗ (ਚੂਰਾ-ਚੂਰਾ) ਹੋ ਕੇ ਰਹਿ ਗਏ।

(32) 32਼ ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਆਸਾਨ ਬਣਾਇਆ ਹੈ। ਕੀ ਕੋਈ ਨਸੀਹਤ ਲੈਣ ਵਾਲਾ ਹੈ?

(33) 33਼ ਲੂਤ ਦੀ ਕੌਮ ਨੇ ਡਰਾਉਣ ਵਾਲੇ (ਨਬੀ) ਨੂੰ ਝੁਠਲਾਇਆ।

(34) 34਼ ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਉੱਤੇ ਪਥਰਾਓ ਕਰਨ ਵਾਲੀ ਹਵਾ ਭੇਜੀ, ਅਸੀਂ ਉਹਨਾਂ ਈਮਾਨ ਵਾਲਿਆਂ ਨੂੰ ਸਰਘੀ ਵੇਲੇ ਬਚਾਇਆ।

(35) 35਼ ਆਪਣੀ ਵਿਸ਼ੇਸ਼ ਕ੍ਰਿਪਾ ਨਾਲ (ਬਚਾ ਲਿਆ), ਅਸੀਂ ਇੰਜ ਹੀ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦਿੰਦੇ ਹਾਂ।

(36) 36਼ ਬੇਸ਼ੱਕ ਲੂਤ ਨੇ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀ ਪਕੜ ਤੋਂ ਡਰਾਇਆ, ਪਰ ਉਹਨਾਂ ਨੇ ਇਹਨਾਂ ਡਰਾਵਿਆਂ ਵਿਚ ਸ਼ੱਕ ਕੀਤਾ।

(37) 37਼ ਉਹਨਾਂ (ਬਸਤੀ ਵਾਲਿਆਂ) ਨੇ ਲੂਤ ਕੋਲੋਂ ਉਸ ਦੇ ਮਹਿਮਾਨਾਂ ਦੀ ਮੰਗ (ਆਪਣੀ ਕਾਮਵਾਸਨਾ ਪੂਰੀ ਕਰਨ ਲਈ) ਕੀਤੀ ਸੀ ਤਾਂ ਅਸੀਂ ਉਹਨਾਂ ਦੀਆਂ ਅੱਖਾਂ ਮੀਟ ਦਿੱਤੀਆਂ। ਸੋ ਹੁਣ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਵੇਖੋ।

(38) 38਼ ਸਵੇਰ ਵੇਲੇ ਇਕ ਅਟਲ ਅਜ਼ਾਬ ਨੇ ਉਹਨਾਂ ਨੂੰ ਹਲਾਕ ਕਰ ਸੁੱਟਿਆ।

(39) 39਼ ਸੋ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਲਵੋ।

(40) 40਼ ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਸੌਖਾ ਬਣਾਇਆ ਹੈ। ਸੋ ਹੈ ਕੋਈ ਨਸੀਹਤ ਲੈਣ ਵਾਲਾ।

(41) 41਼ ਬੇਸ਼ੱਕ ਫ਼ਿਰਔਨੀਆਂ ਕੋਲ ਵੀ ਡਰਾਉਣ ਵਾਲੇ (ਮੂਸਾ ਤੇ ਹਾਰੂਨ) ਆਏ।

(42) 42਼ ਪਰ ਉਹਨਾਂ (ਫ਼ਿਰਔਨੀਆਂ) ਨੇ ਸਾਡੀਆਂ ਸਾਰੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਫੇਰ ਅਸੀਂ ਉਹਨਾਂ ਨੂੰ ਇਕ ਵੱਡੇ ਜ਼ੋਰਾਵਰ ਵਾਂਗ ਨੱਪ ਲਿਆ।

(43) 43਼ ਹੇ ਅਰਬ ਵਾਲਿਓ! ਕੀ ਤੁਹਾਡੇ ਕਾਫ਼ਿਰ ਤੁਹਾਥੋਂ ਪਹਿਲਾਂ ਦੇ ਕਾਫ਼ਿਰਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਪਹਿਲੀਆਂ ਕੀਤਾਬਾਂ ਵਿਚ ਕੋਈ ਮੁਕਤੀ ਲਿਖੀ ਹੋਈ ਹੈ ?

(44) 44਼ ਕੀ ਉਹ (ਮੁਸ਼ਰਿਕ) ਆਖਦੇ ਹਨ ਕਿ ਸਾਡਾ ਜੱਥਾ ਹੀ ਭਾਰੂ ਰਹਿਣ ਵਾਲਾ ਹੈ

(45) 45਼ (ਹੇ ਨਬੀ!) ਛੇਤੀ ਹੀ ਉਹਨਾਂ ਦਾ ਜੱਥਾ ਹਾਰ ਜਾਵੇਗਾ ਅਤੇ ਉਹ ਪਿੱਠ ਫੇਰ ਕੇ ਨੱਸ ਜਾਣਗੇ।

(46) 46਼ ਇਹਨਾਂ ਨਾਲ ਮਿਲਣ ਦਾ ਅਸਲ ਵਾਅਦਾ ਤਾਂ ਕਿਆਮਤ ਹੈ ਅਤੇ ਕਿਆਮਤ ਇਕ ਵੱਡੀ ਬਿਪਤਾ ਦੀ ਘੜ੍ਹੀ ਤੇ ਵਧੇਰੇ ਕੈੜੀ ਘੜੀ ਹੈ।

(47) 47਼ ਬੇਸ਼ੱਕ ਇਹ ਅਪਰਾਧੀ ਗੁਮਰਾਹੀ ਤੇ ਦਿਵਾਨਗੀ ਵਿਚ ਫਸੇ ਹੋਏ ਹਨ।

(48) 48਼ ਜਿਸ ਦਿਨ ਇਹ ਮੂੰਹ ਦੇ ਭਾਰ ਅੱਗ ਵਿਚ ਘਸੀਟੇ ਜਾਣਗੇ 1 ਅਤੇ ਆਖਿਆ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਕਸ਼ਟ ਦਾ ਸੁਆਦ ਵੇਖੋ।
1 ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 97/17

(49) 49਼ ਬੇਸ਼ੱਕ ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਸਾਜੀ ਹੈ।

(50) 50਼ ਸਾਡਾ ਹੁਕਮ ਤਾਂ ਅੱਖ ਝਮਕਦੇ ਵਾਂਗ ਇਕ ਸ਼ਬਦ ਹੀ ਹੁੰਦਾ ਹੈ (ਕਿ ਹੋ ਜਾ)

(51) 51਼ (ਹੇ ਅਰਬ ਵਾਲਿਓ!) ਅਸੀਂ (ਪਹਿਲਾਂ ਵੀ) ਤੁਹਾਡੇ ਵਰਗੇ (ਇਨਕਾਰੀਆਂ) ਨੂੰ ਹਲਾਕ ਕਰ ਚੁੱਕੇ ਹਾਂ, ਹੈ ਕੋਈ ਨਸੀਹਤ ਕਬੂਲਣ ਵਾਲਾ ?

(52) 52਼ ਜੋ ਕੁੱਝ ਉਹਨਾਂ ਨੇ ਕੀਤਾ ਹੈ ਉਹ ਸਭ ਕਿਤਾਬਾਂ (ਭਾਵ ਕਰਮ-ਪਤਰੀਆਂ) ਵਿਚ (ਲਿਖਿਆ ਹੋਇਆ) ਹੈ।

(53) 53਼ ਨਿਰਸੰਦੇਹ, ਹਰ ਨਿੱਕਾ ਮੋਟਾ ਅਮਲ (ਲੋਹੇ-ਮਹਿਫ਼ੂਜ਼ ਵਿੱਚ) ਲਿਖਿਆ ਹੋਇਆ ਹੈ।

(54) 54਼ ਬੇਸ਼ੱਕ ਬੁਰਾਈਆਂ ਤੋਂ ਬਚਣ ਵਾਲੇ ਬਾਗ਼ਾਂ ਤੇ ਨਹਿਰਾਂ ਵਿਚ ਹੋਣਗੇ।

(55) 55਼ ਸੱਚੀ ਇੱਜ਼ਤ ਦੀ ਥਾਂ ਹਰ ਪ੍ਰਕਾਰ ਦੀ ਸਮਰਥਾ ਰੱਖਣ ਵਾਲੇ ਪਾਤਸ਼ਾਹ ਦੇ ਕੋਲ ਹੈ।