(1) 1਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਘੱਲਿਆ ਕਿ ਉਹ ਆਪਣੀ ਕੌਮ ਨੂੰ ਡਰਾਵੇ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਦਰਦਨਾਕ ਅਜ਼ਾਬ ਆ ਨੱਪੇ।
(2) 2਼ ਉਸ (ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਸਪਸ਼ਟ ਰੂਪ ਵਿਚ ਡਰਾਉਣ ਵਾਲਾ (ਪੈਗ਼ੰਬਰ) ਹਾਂ।
(3) 3਼ ਤੁਸੀਂ ਅੱਲਾਹ ਦੀ ਬੰਦਗੀ ਕਰੋ, ਉਸੇ ਤੋਂ ਡਰੋ ਅਤੇ ਮੇਰੀ ਆਗਿਆਕਾਰੀ ਕਰੋ।
(4) 4਼ ਫੇਰ ਉਹ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਮੋਹਲਤ ਦੇਵੇਗਾ। ਬੇਸ਼ੱਕ ਜਦੋਂ ਅੱਲਾਹ ਦਾ ਨਿਯਤ ਕੀਤਾ ਹੋਇਆ ਸਮਾਂ ਆ ਜਾਵੇ ਤਾਂ ਉਹ ਟਲਦਾ ਨਹੀਂ। ਕਾਸ਼! ਤੁਹਾਨੂੰ ਇਸ ਦਾ ਗਿਆਨ ਹੋਵੇ।
(5) 5਼ ਉਸ (ਨੂਹ) ਨੇ ਆਖਿਆ ਕਿ ਹੇ ਮੇਰੇ ਰੱਬਾ! ਬੇਸ਼ੱਕ ਮੈਂਨੇ ਆਪਣੀ ਕੌਮ ਨੂੰ ਰਾਤ-ਦਿਨ (ਤੇਰੇ ਵੱਲ) ਸੱਦਿਆ।
(6) 6਼ ਪਰ ਮੇਰੇ ਇਸ ਸੱਦੇ ਨੇ ਉਹਨਾਂ ਦੇ (ਹੱਕ ਸੱਚ ਤੋਂ) ਫਰਾਰ ਹੋਣ ਵਿਚ ਵਾਧਾ ਹੀ ਕੀਤਾ ਹੈ।
(7) 7਼ ਮੈਨੇ ਜਦੋਂ ਵੀ ਉਹਨਾਂ ਨੂੰ ਸੱਦਿਆ ਤਾਂ ਜੋ ਤੂੰ ਉਹਨਾਂ ਨੂੰ ਬਖ਼ਸ਼ ਦੇਵੇਂ ਤਾਂ ਉਹਨਾਂ ਨੇ ਆਪਣੀਆਂ ਉਂਗਲੀਆਂ ਆਪਣੇ ਕੰਨਾਂ ਵਿਚ ਪਾ ਲਈਆਂ ਅਤੇ ਆਪਣੇ ਆਪ ਨੂੰ ਕੱਪੜ੍ਹਿਆਂ ਨਾਲ ਢੱਕ ਲਿਆ ਅਤੇ ਹਟਧਰਮੀ ’ਤੇ ਅੜੇ ਰਹੇ ਅਤੇ ਘਮੰਡ ਵਿਚ ਹੱਦੋਂ ਟਪ ਗਏ।
(8) 8਼ ਮੈਨੇ ਉਹਨਾਂ ਨੂੰ ਖੁੱਲ੍ਹਮ-ਖੁੱਲ੍ਹਾ (ਤੇਰੇ ਵੱਲ ਆਉਣ ਲਈ) ਸੱਦਿਆ ਸੀ।
(9) 9਼ ਮੈਨੇ ਉਹਨਾਂ ਨੂੰ ਸਪਸ਼ਟ ਰੂਪ ਵਿਚ ਵੀ ਤੇ ਗੁਪਤ ਰੂਪ ਵਿਚ ਵੀ ਸਮਝਾਇਆ।
(10) 10਼ ਸੋ ਮੈਨੇ ਕਿਹਾ ਕਿ ਤੁਸੀਂ ਆਪਣੇ ਰੱਬ ਤੋਂ ਖਿਮਾ ਮੰਗੋ। ਬੇਸ਼ੱਕ ਉਹੀਓ ਬਖ਼ਸ਼ਣਹਾਰ ਹੈ।
(11) 11਼ ਉਹ ਤੁਹਾਡੇ ਉੱਤੇ ਅਕਾਸ਼ ਤੋਂ ਮੂਸਲਾਧਾਰ ਮੀਂਹ ਬਰਸਾਏਗਾ।
(12) 12਼ ਉਹ ਤੁਹਾਨੂੰ ਮਾਲ ਤੇ ਔਲਾਦ ਨਾਲ ਨਿਵਾਜ਼ੇਗਾ ਅਤੇ ਤੁਹਾਡੇ ਲਈ ਬਾਗ਼ ਪੈਦਾ ਕਰੇਗਾ ਅਤੇ ਨਹਿਰਾਂ ਵੀ ਜਾਰੀ ਕਰੇਗਾ।
(13) 13਼ ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਅੱਲਾਹ ਲਈ ਕਿਸੇ ਗੌਰਵ (ਤੇ ਵਡਿਆਈ) ਦੀ ਆਸ ਨਹੀਂ ਰੱਖਦੇ।
(14) 14਼ ਜਦ ਕਿ ਉਸ ਨੇ ਤੁਹਾਨੂੰ ਤਰ੍ਹਾਂ-ਤਰ੍ਹਾਂ ਨਾਲ ਸਾਜਿਆ ਹੈ।
(15) 15਼ ਕੀ ਤੁਸੀਂ ਵੇਖਿਆ ਨਹੀਂ ਕਿ ਅੱਲਾਹ ਨੇ ਸੱਤ ਅਕਾਸ਼ ਉੱਪਰ ਥੱਲੇ ਕਿਵੇਂ ਸਾਜੇ ਹਨ।
(16) 16਼ ਅਤੇ ਉਸੇ ਨੇ ਉਹਨਾਂ ਵਿਚ ਚੰਨ ਨੂੰ ਚਾਨਣ ਅਤੇ ਸੂਰਜ ਨੂੰ ਚਿਰਾਗ਼ ਬਣਾਇਆ ਹੈ।
(17) 17਼ ਅਤੇ ਅੱਲਾਹ ਨੇ ਤੁਹਾਨੂੰ ਧਰਤੀਓ (ਅਦਭੁਤ ਰੂਪ ਨਾਲ) ਉਗਾਇਆ ਹੈ।
(18) 18਼ ਫੇਰ ਉਹ ਤੁਹਾਨੂੰ ਇਸੇ ਧਰਤੀ ਵਿਚ ਮੋੜ ਲਿਆਵੇਗਾ ਅਤੇ ਉਹ ਤੁਹਾਨੂੰ ਇਸੇ ਵਿੱਚੋਂ ਮੁੜ ਕੱਢੇਗਾ।
(19) 19਼ ਅੱਲਾਹ ਨੇ ਤੁਹਾਡੇ ਲਈ ਧਰਤੀ ਨੂੰ ਵਿਛੌਣੇ ਵਾਂਗ ਵਿਛਾ ਦਿੱਤਾ ਹੈ।
(20) 20਼ (ਹੇ ਨਬੀ!) ਤਾਂ ਜੋ ਤੁਸੀਂ ਇਸ ਦੀਆਂ ਖੁੱਲ੍ਹੀਆਂ ਰਾਹਾਂ ’ਤੇ ਤੁਰੋ ਫਿਰੋ।
(21) 21਼ ਨੂਹ ਨੇ ਕਿਹਾ, ਹੇ ਮੇਰੇ ਰੱਬਾ! ਬੇਸ਼ੱਕ ਉਹਨਾਂ ਨੇ ਮੇਰੀ ਨਾ-ਫ਼ਰਮਾਨੀ ਕੀਤੀ ਅਤੇ ਉਹਨਾਂ ਦੇ ਪਿੱਛੇ ਲੱਗੇ ਜਿਨ੍ਹਾਂ ਨੂੰ ਉਹਨਾਂ ਦੇ ਮਾਲ ਤੇ ਔਲਾਦ ਨੇ ਵਧੇਰੇ ਘਾਟੇ ਵਿਚ ਹੀ ਰੱਖਿਆ ਹੈ।
(22) 22਼ ਉਹਨਾਂ ਨੇ ਵੱਡੀਆਂ-ਵੱਡੀਆਂ ਚਾਲਾਂ ਚੱਲੀਆਂ।
(23) 23਼ ਉਹਨਾਂ ਨੇ ਆਖਿਆ, ਤੁਸੀਂ ਆਪਣੇ ਇਸ਼ਟਾਂ ਨੂੰ ਨਾ ਛੱਡੋ ਅਤੇ ਨਾ ਤੁਸੀਂ ‘ਵੱਦ’ ਨੂੰ, ਨਾ ‘ਸੁਆ’ ਨੂੰ, ਨਾ ‘ਯਊਸ’ ਨੂੰ, ਨਾ ਯਊਕ ਨੂੰ ਅਤੇ ਨਾ ਹੀ ‘ਨਸਰ’ (ਨਾਂ ਦੀ ਦੇਵੀਆਂ ਦੀ ਪੂਜਾ) ਨੂੰ ਛੱਡੋ।
(24) 24਼ ਉਹਨਾਂ ਨੇ ਵਧੇਰੇ ਲੋਕਾਂ ਨੂੰ ਗੁਮਰਾਹ ਕੀਤਾ, ਸੋ ਹੇ ਅੱਲਾਹ! ਤੂੰ ਜ਼ਾਲਮਾਂ ਦੀ ਗੁਮਰਾਹੀ ਵਿਚ ਵਾਧਾ ਕਰ।
(25) 25਼ ਉਹ ਆਪਣੇ ਅਪਰਾਧਾ ਕਾਰਨ ਡੋਬ ਦਿੱਤੇ ਗਏ ਅਤੇ ਨਰਕ ਵਿਚ ਦਾਖ਼ਲ ਕਰ ਦਿੱਤੇ ਗਏ, ਫੇਰ ਉਹਨਾਂ ਨੂੰ ਛੁੱਟ ਅੱਲਾਹ ਤੋਂ ਹੋਰ ਕੋਈ ਸਹਾਈ ਨਹੀਂ ਲੱਭਿਆ।
(26) 26਼ ਅਤੇ ਨੂਹ ਨੇ ਕਿਹਾ ਕਿ ਹੇ ਮੇਰੇ ਰੱਬਾ! ਧਰਤੀ ਉੱਤੇ ਵੱਸਣ ਵਾਲੇ ਕਿਸੇ ਵੀ ਕਾਫ਼ਿਰ ਨੂੰ ਨਾ ਛੱਡੀਂ।
(27) 27਼ ਜੇ ਤੂੰ ਉਹਨਾਂ ਨੂੰ ਛੱਡ ਦਿੱਤਾ ਤਾਂ ਉਹ ਤੇਰੇ ਬੰਦਿਆਂ ਨੂੰ ਕੁਰਾਹੇ ਪਾ ਦੇਣਗੇ ਅਤੇ (ਅੱਗੇ ਨੂੰ ਵੀ) ਕਾਫ਼ਿਰ ਹੀ ਪੈਦਾ ਹੋਣਗੇ।
(28) 28਼ ਹੇ ਮੇਰੇ ਰੱਬਾ! ਤੂੰ ਮੇਰੀ ਅਤੇ ਮੇਰੇ ਮਾਪਿਆਂ ਦੀ ਬਖ਼ਸ਼ਿਸ਼ ਫਰਮਾ ਅਤੇ ਹਰ ਉਸ ਵਿਅਕਤੀ ਦੀ ਜਿਹੜਾ ਮੇਰੇ ਘਰ ਵਿਚ ਈਮਾਨ ਵਾਲਾ ਬਣਕੇ ਦਾਖ਼ਲ ਹੋਵੇ ਅਤੇ ਮੋਮਿਨ ਪੁਰਸ਼ ਤੇ ਮੋਮਿਨ ਇਸਤਰੀਆਂ ਦੀ ਵੀ (ਬਖ਼ਸ਼ਿਸ਼ ਫ਼ਰਮਾ) ਅਤੇ ਜ਼ਾਲਮਾਂ ਦੀ ਬਰਬਾਦੀ ਤੇ ਹਲਾਕਤ ਵਿਚ ਵਾਧਾ ਕਰ।