(1) 1਼ ਹਾ, ਮੀਮ।
(2) 2਼ ਐਨ, ਸੀਨ, ਕਾਫ਼।
(3) 3਼ (ਹੇ ਰਸੂਲ!) ਅੱਲਾਹ ਜਿਹੜਾ ਜ਼ੋਰਾਵਰ ਤੇ ਯੁਕਤੀਮਾਨ ਹੈ, ਉਹ ਤੁਹਾਡੇ ਵੱਲ ਵੀ ਅਤੇ ਇਸੇ ਤਰ੍ਹਾਂ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਵੱਲ ਵੀ ਵਹੀ (ਰੱਬੀ ਪੈਗ਼ਾਮ) ਭੇਜਦਾ ਰਿਹਾ ਹੈ।1
1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4
(4) 4਼ ਅਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਸਰਵਉੱਚ ਤੇ ਵੱਡੀਆਂ ਸ਼ਾਨਾਂ ਵਾਲਾ ਹੈ।
(5) 5਼ ਹੋ ਸਕਦਾ ਹੈ ਕਿ ਅਕਾਸ਼ (ਅੱਲਾਹ ਦੇ ਜਲਾਲ ਤੋਂ ਡਰਦੇ ਹੋਏ) ਆਪਣੇ ਉੱਤੋਂ ਪਾਟ ਜਾਣ। ਫ਼ਰਿਸ਼ਤੇ ਆਪਣੇ ਪਾਲਣਹਾਰ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਤਸਬੀਹ (ਸਿਮਰਨ) ਕਰ ਰਹੇ ਹਨ ਅਤੇ ਧਰਤੀ ਦੇ ਵਸਨੀਕਾਂ ਲਈ ਬਖ਼ਸ਼ਿਸ਼ ਦੀਆਂ ਅਰਦਾਸਾਂ ਕਰਦੇ ਹਨ। ਚੇਤੇ ਰਹੇ ਕਿ ਬੇਸ਼ੱਕ ਅੱਲਾਹ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
(6) 6਼ ਜਿਨ੍ਹਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ ਆਪਣਾ ਕਾਰਜ-ਸਾਧਕ ਬਣਾ ਲਿਆ ਹੈ, ਅੱਲਾਹ ਹੀ ਉਹਨਾਂ ਦਾ ਨਿਗਰਾਨ ਹੈ। (ਹੇ ਮੁਹੰਮਦ!) ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ।
(7) 7਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਅਰਬੀ (ਭਾਸ਼ਾ ਵਿਚ) .ਕੁਰਆਨ ਇਸ ਲਈ ਘੱਲਿਆ ਹੈ ਤਾਂ ਜੋ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਇਸ ਦੇ ਆਲੇ-ਦੁਆਲੇ ਵਸਣ ਵਾਲਿਆਂ ਨੂੰ ਸੁਚੇਤ ਕਰ ਦਿਓ ਅਤੇ ਇਕੱਠਿਆਂ ਹੋਣ ਵਾਲੇ ਦਿਹਾੜੇ (ਭਾਵ ਕਿਆਮਤ) ਤੋਂ ਡਰਾ ਦਿਓ, ਜਿਸ ਦੇ ਆਉਣ ਵਿਚ ਕੋਈ ਵੀ ਸ਼ੱਕ ਨਹੀਂ। (ਉਸ ਦਿਨ) ਲੋਕਾਂ ਦਾ ਇਕ ਧੜਾ ਜੰਨਤ ਵਿਚ ਜਾਵੇਗਾ ਤੇ ਦੂਜਾ (ਧੜਾ) ਭੜਕਣ ਵਾਲੀ ਅਗ ਵਿਚ ਵਿਚ ਜਾਵੇਗਾ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(8) 8਼ ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਇਕ ਹੀ ਉੱਮਤ (ਮੁਦਾਇ) ਬਣਾ ਦਿੰਦਾ, ਪਰ ਉਹ ਜਿਸ ਨੂੰ ਚਾਹੁੰਦਾ ਹੈ (ਹਿਦਾਇਤ ਦੇ ਕੇ) ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲੈਂਦਾ ਹੈ ਅਤੇ ਜ਼ਾਲਮਾਂ ਦਾ ਨਾ ਕੋਈ ਮਿੱਤਰ ਹੈ ਅਤੇ ਨਾ ਹੀ ਕੋਈ ਸਹਾਈ।
(9) 9਼ ਕੀ ਉਹਨਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਦੂਜਿਆਂ ਨੂੰ ਕਾਰਜ-ਸਾਧਕ ਬਣਾ ਲਿਆ ਹੈ ? ਕਾਰਜ-ਸਾਧਕ ਤਾਂ ਕੇਵਲ ਅੱਲਾਹ ਹੀ ਹੈ, ਉਹੀਓ ਮੋਇਆਂ ਨੂੰ (ਕਿਆਮਤ ਦਿਹਾੜੇ) ਸੁਰਜੀਤ ਕਰੇਗਾ। ਉਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
(10) 10਼ (ਧਰਮ ਦੇ ਸੰਬੰਧ ਵਿਚ) ਜਿਸ ਗੱਲ ਵਿਚ ਵੀ ਤੁਸੀਂ ਮਤਭੇਦ ਰਖਦੇ ਹੋ ਉਸ ਦਾ ਫ਼ੈਸਲਾ ਕਰਨਾ ਅੱਲਾਹ ਦੇ ਜ਼ਿੰਮੇ ਹੈ। ਉਹੀਓ ਅੱਲਾਹ ਮੇਰਾ ਰੱਬ ਹੈ, ਉਸੇ ਉੱਤੇ ਮੇਰਾ ਭਰੋਸਾ ਰੁ ਅਤੇ ਮੈਂ ਉਸ ਵੱਲ ਮੁੜ ਆਉਂਦਾ ਹਾਂ।
(11) 11਼ ਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ।
(12) 12਼ ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ।
(13) 13਼ (ਹੇ ਮੁਹੰਮਦ!) ਉਸ ਨੇ ਤੁਹਾਡੇ ਲਈ ਵੀ ਉਹੀਓ ਧਰਮ ਨਿਯਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ ਅਤੇ ਅਸੀਂ ਉਹੀ ਵਹੀ ਤੁਹਾਡੇ ਵੱਲ ਭੇਜੀ ਹੈ ਅਤੇ ਇਸੇ ਦਾ ਤਾਕੀਦੀ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਤੁਸੀਂ ਸਾਰੇ ਇਸੇ ਦੀਨ ਨੂੰ ਕਾਇਮ ਰੱਖੋ ਅਤੇ ਤੁਸੀਂ ਇਸ ਵਿਚ ਅੱਡੋ-ਅੱਡ ਨਾ ਹੋ ਜਾਣਾ।1 (ਹੇ ਨਬੀ!) ਜਿਸ ਗੱਲ (ਭਾਵ ਇਕ ਅੱਲਾਹ) ਵੱਲ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ, ਇਹੋ ਗੱਲ ਇਹਨਾਂ ਮੁਸ਼ਰਿਕਾਂ ਨੂੰ ਅਤਿ ਭੈੜੀ ਜਾਪਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੇ ਲਈ ਚੁਣ ਲੈਂਦਾ ਹੈ ਅਤੇ ਹਿਦਾਇਤ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਵੱਲ ਮੁੜ ਆਉਂਦਾ ਹੈ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 103/3
(14) 14਼ ਉਹ ਲੋਕ ਆਪਣੇ ਕੋਲ ਗਿਆਨ ਆ ਚੁੱਕਣ ਮਗਰੋਂ ਕੇਵਲ ਆਪਣੇ ਵਿਚਾਲੇ ਦੀ ਹਟ ਧਰਮੀ ਕਾਰਨ ਧੜੇਬੰਦੀ ਦਾ ਸ਼ਿਕਾਰ ਹੋਏ। (ਹੇ ਨਬੀ!) ਜੇ ਤੁਹਾਡੇ ਰੱਬ ਵੱਲੋਂ ਇਕ ਨਿਯਤ ਸਮੇਂ ਤਕ ਲਈ ਫ਼ੈਸਲਾ ਅੱਗੇ ਪਾਉਣ ਦੀ ਗੱਲ ਪਹਿਲਾਂ ਤੋਂ ਹੀ ਨਾ ਆਖੀ ਹੁੰਦੀ ਤਾਂ ਉਹਨਾਂ ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਜਿਹੜੇ ਲੋਕ ਉਹਨਾਂ ਤੋਂ ਬਾਅਦ ਅੱਲਾਹ ਦੀ ਕਿਤਾਬ ਦੇ ਵਾਰਸ ਬਣਾਏ ਗਏ ਉਹ ਉਸ ਪ੍ਰਤੀ ਦੁਵਿਧਾ ਭਰੇ ਸ਼ੱਕ ਵਿਚ ਹਨ।
(15) 15਼ ਸੋ (ਹੇ ਮੁਹੰਮਦ!) ਤੁਸੀਂ ਲੋਕਾਂ ਨੂੰ ਇਸੇ (ਧਰਮ ਇਸਲਾਮ) ਵੱਲ ਸੱਦਾ ਦਿਓ ਅਤੇ ਜਿਹੜਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਉਸੇ ਉੱਤੇ ਦ੍ਰਿੜਤਾ ਪੂਰਬਕ ਡਟ ਜਾਓ। ਇਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਤੁਰੋ ਅਤੇ ਆਖ ਦਿਓ ਕਿ ਜਿਹੜੀ ਕਿਤਾਬ ਅੱਲਾਹ ਨੇ ਉਤਾਰੀ ਹੈ ਮੈਂ ਉਸ ਉੱਤੇ ਈਮਾਨ ਲਿਆਇਆ ਹਾਂ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਵਿਚਾਲੇ ਇਨਸਾਫ ਕਰਾਂ। ਸਾਡਾ ਪਾਲਣਹਾਰ ਵੀ ਅੱਲਾਹ ਹੈ ਅਤੇ ਤੁਹਾਡਾ ਪਾਲਣਹਾਰ ਵੀ ੳਹੀਓ ਹੈ। ਸਾਡੀਆਂ ਕਰਨੀਆਂ ਸਾਡੇ ਲਈ ਹਨ ਅਤੇ ਤੁਹਾਡੀਆਂ ਕਰਨੀਆਂ ਤੁਹਾਡੇ ਲਈ ਹਨ। ਤੁਹਾਡੇ ਤੇ ਸਾਡੇ ਵਿਚਾਲੇ ਕੋਈ ਝਗੜਾ ਨਹੀਂ। (ਕਿਆਮਤ ਦਿਹਾੜੇ) ਅੱਲਾਹ ਸਾਨੂੰ ਸਾਰਿਆਂ ਨੂੰ ਜਮ੍ਹਾਂ ਕਰੇਗਾ ਅਤੇ ਉਸੇ ਵੱਲ ਸਾਰਿਆਂ ਨੇ ਪਰਤਣਾ ਹੈ।
(16) 16਼ ਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(17) 17਼ ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ।
(18) 18਼ ਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।
(19) 19਼ ਅੱਲਾਹ ਆਪਣੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੈ, ਉਹ ਜਿਸ ਨੂੰ ਚਾਹੁੰਦਾ ਹੈ ਰਿਜ਼ਕ ਦਿੰਦਾ ਹੈ। ਉਹ ਵੱਡਾ ਬਲਵਾਨ ਤੇ ਡਾਢਾ ਜ਼ੋਰਾਵਰ ਹੈ।
(20) 20਼ ਜਿਹੜਾ ਵਿਅਕਤੀ ਆਖ਼ਿਰਤ ਦੀ ਖੇਤੀ ਦਾ ਚਾਹਵਾਨ ਹੈ ਅਸਾਂ ਉਸ ਲਈ ਉਸੇ ਖੇਤੀ ਵਿਚ ਵਾਧਾ ਕਰ ਦਿੰਦੇ ਹਾਂ ਅਤੇ ਜਿਹੜਾ ਵਿਅਕਤੀ ਸੰਸਾਰ ਦੀ ਖੇਤੀ ਚਾਹੁੰਦਾ ਹੈ ਅਸੀਂ ਉਸ ਨੂੰ ਉਸ ਵਿੱਚੋਂ ਹੀ ਕੁੱਝ ਦੇ ਦਿੰਦੇ ਹਾਂ। ਪਰ ਉਸ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ।
(21) 21਼ ਕੀ ਇਹਨਾਂ ਲਈ (ਅੱਲਾਹ ਤੋਂ ਛੁੱਟ) ਕੁੱਝ ਹੋਰ ਸ਼ਰੀਕ ਹਨ ਜਿਨ੍ਹਾਂ ਨੇ ਇਹਨਾਂ ਲਈ ਉਹ ਦੀਨ ਨੀਯਤ ਕੀਤਾ ਹੈ ਜਿਸ ਦਾ ਹੁਕਮ ਅੱਲਾਹ ਨੇ ਨਹੀਂ ਦਿੱਤਾ ? ਜੇਕਰ ਫ਼ੈਸਲੇ (ਕਿਆਮਤ) ਦੀ ਗੱਲ ਨਿਸ਼ਚਿਤ ਨਾ ਹੋ ਗਈ ਹੁੰਦੀ ਤਾਂ ਇਹਨਾਂ ਦਾ ਨਿਬੇੜਾ ਕਦੋਂ ਦਾ ਹੋ ਗਿਆ ਹੁੰਦਾ। ਬੇਸ਼ੱਕ ਇਹਨਾਂ ਜ਼ਾਲਮਾਂ ਲਈ ਦੁਖਦਾਈ ਅਜ਼ਾਬ ਹੈ।
(22) 22਼ ਤੁਸੀਂ ਇਹਨਾਂ ਜ਼ਾਲਮਾਂ ਨੂੰ (ਕਿਆਮਤ ਦਿਹਾੜੇ) ਵੇਖੋਗੇ ਕਿ ਉਹ ਆਪਣੀਆਂ ਕਰਣੀਆਂ ਦੀ ਸਜ਼ਾ ਤੋਂ ਡਰ ਰਹੇ ਹੋਣਗੇ, ਜਦੋਂ ਕਿ ਉਹ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ, ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹ ਲੋਕ ਜੰਨਤ ਦੇ ਬਾਗ਼ਾਂ ਵਿਚ ਹੋਣਗੇ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਉਹ ਸਭ ਕੁੱਝ ਹੋਵੇਗਾ ਜੋ ਉਹ ਚਾਹੁਣਗੇ। ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।
(23) 23਼ ਇਹੋ ਉਹ ਚੀਜ਼ ਹੈ ਜਿਸ ਦੀ ਖ਼ੁਸ਼ਖ਼ਬਰੀ ਅੱਲਾਹ ਆਪਣੇ ਉਹਨਾਂ ਬੰਦਿਆਂ ਨੂੰ ਦਿੰਦਾ ਹੈ ਜਿਹੜੇ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਰਹੇ। (ਹੇ ਨਬੀ!) ਤੁਸੀਂ (ਇਹਨਾਂ ਲੋਕਾਂ ਨੂੰ) ਆਖ ਦਿਓ ਕਿ ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਪਰ ਹਾਂ! ਸਾਕ-ਸੰਬੰਧਿਆਂ ਵਾਲਾ ਪ੍ਰੇਮਭਾਵ ਜ਼ਰੂਰ ਚਾਹੁੰਦਾ ਹੈ।1 ਜੇ ਕੋਈ ਨੇਕੀ ਕਮਾਵੇਗਾ ਤਾਂ ਅਸਾਂ ਉਸ ਲਈ ਉਸ ਭਲਾਈ ਵਿਚ ਸੁਹੱਪਣ ਦਾ ਵਾਧਾ ਕਰ ਦਿੰਦੇ ਹਾਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣਵਾਲਾ ਅਤੇ (ਨੇਕੀਆਂ ਦੀ) ਕਦਰ ਕਰਨ ਵਾਲਾ ਹੈ।
1 ਭਾਵ ਮੈਂ ਇਸ ਧਰਮ ਪ੍ਰਚਾਰ ਦਾ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ ਪਰ ਤੁਹਾਥੋਂ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਅਤੇ ਮੇਰੇ ਵਿਚਕਾਰ ਦੀ ਰਿਸ਼ਤੇਦਾਰੀ ਦਾ ਧਿਆਨ ਰਖਦੇ ਹੋਏ ਮੈਨੂੰ ਤਕਲੀਫ਼ ਨਾ ਦਿਓ ਤੁਸੀਂ ਮੇਰੇ ਕਬੀਲੇ ਦੇ ਹੋ, ਇਸ ਲਈ ਤੁਸੀਂ ਮੇਰੀ ਪਾਲਣਾ ਕਰੋ ਅਤੇ ਜਿਸ ਤੌਹੀਦੇ ਦੇ ਅਕੀਦੇ ਵੱਲ ਮੈਂ ਤੁਹਾਨੂੰ ਬੁਲਾ ਰਿਹਾ ਹਾਂ ਉਸ ਦੀ ਪੈਰਵੀ ਕਰਨਾ ਤੁਹਾਡੇ ਲਈ ਲਾਜ਼ਮੀ ਹੈ।
(24) 24਼ (ਹੇ ਨਬੀ!) ਕੀ ਉਹ (ਕਾਫ਼ਿਰ ਤੁਹਾਡੇ ਸੰਬੰਧ ਵਿਚ) ਆਖਦੇ ਹਨ ਕਿ ਇਸ ਰਸੂਲ ਨੇ ਅੱਲਾਹ ਉੱਤੇ ਝੂਠਾ ਆਰੋਪ ਘੜ੍ਹਿਆ ਹੈ ਜੇ ਅੱਲਾਹ ਚਾਹੇ ਤਾਂ ਤੁਹਾਡੇ ਦਿਲ ਉੱਤੇ ਠੱਪਾ ਲਾ ਦਿੰਦਾ। ਅੱਲਾਹ ਝੂਠ ਦਾ ਸਰਵਨਾਸ਼ ਕਰਦਾ ਹੈ ਅਤੇ ਹੱਕ ਸੱਚ ਨੂੰ ਆਪਣੀ ਬਾਣੀ ਰਾਹੀਂ ਸੱਚ ਕਰ ਵਿਖਾਉਂਦਾ ਹੈ। ਬੇਸ਼ੱਕ ਉਹ ਸੀਨਿਆਂ (ਦਿਲਾਂ) ਦੇ ਲੁਕੇ ਹੋਏ ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
(25) 25਼ ਉਹੀ ਤਾਂ ਹੈ ਜਿਹੜਾ ਆਪਣੇ ਬੰਦਿਆਂ ਦੀਆਂ ਤੌਬਾ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਤੁਸੀਂ ਲੋਕ ਜੋ ਵੀ ਕਰਦੇ ਹੋ ਉਹ ਸਭ ਜਾਣਦਾ ਹੈ।
(26) 26਼ ਉਹ ਉਹਨਾਂ ਲੋਕਾਂ ਦੀ ਦੁਆ ਕਬੂਲ ਕਰਦਾ ਹੈ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ। ਉਹ ਉਹਨਾਂ ਨੂੰ ਆਪਣੀ ਕ੍ਰਿਪਾਲਤਾ ਨਾਲ ਹੋਰ ਵੀ ਵਧਾ ਕੇ ਦਿੰਦਾ ਹੈ ਅਤੇ ਕਾਫ਼ਿਰਾਂ ਲਈ ਕਰੜਾ ਅਜ਼ਾਬ ਹੈ।
(27) 27਼ ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ।
(28) 28਼ ਉਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋਣ ਪਿੱਛੋਂ ਮੀਂਹ ਬਰਸਾਉਂਦਾ ਹੈ ਅਤੇ ਆਪਣੀ ਰਹਿਮਤ ਨੂੰ ਆਮ ਕਰ ਦਿੰਦਾ ਹੈ। ਉਹੀ ਕਾਰਜ ਸਾਧਕ ਤੇ ਸ਼ਲਾਘਾਯੋਗ ਹੈ।
(29) 29਼ ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।
(30) 30਼ ਤੁਹਾਡੇ ਉੱਤੇ ਜਿਹੜੀ ਵੀ ਬਿਪਤਾ ਆਈ ਹੈ ਉਹ ਤੁਹਾਡੀਆਂ ਆਪਣੀਆਂ ਹੀ ਕਰਤੂਤਾਂ ਕਾਰਨ ਆਈ ਹੈ ਅਤੇ ਬਹੁਤ ਸਾਰੀਆਂ ਭੁੱਲਾ-ਚੁੱਕਾਂ ਨੂੰ ਤਾਂ ਉਹ ਐਵੇਂ ਹੀ ਮੁਆਫ਼ ਕਰ ਦਿੰਦਾ ਹੈ।
(31) 31਼ ਤੁਸੀਂ ਧਰਤੀ ਉੱਤੇ ਉਸ (ਅੱਲਾਹ) ਨੂੰ ਬੇਵਸ ਨਹੀਂ ਕਰ ਸਕਦੇ ਅਤੇ ਤੁਹਾਡੇ ਲਈ ਛੁੱਟ ਅੱਲਾਹ ਤੋਂ ਕੋਈ ਕਾਰਜ-ਸਾਧਕ ਨਹੀਂ ਅਤੇ ਨਾ ਹੀ ਕੋਈ ਸਹਾਈ ਹੈ।
(32) 32਼ ਉਸੇ ਦੀਆਂ ਨਿਸ਼ਾਨੀਆਂ ਵਿੱਚੋਂ ਸਮੁੰਦਰ ਵਿਚ ਚੱਲਣ ਵਾਲੇ ਪਹਾੜਾਂ ਵਾਂਗ ਜਹਾਜ਼ ਹਨ।
(33) 33਼ ਜੇ ਉਹ (ਅੱਲਾਹ) ਚਾਹੇ ਤਾਂ ਹਵਾ ਨੂੰ ਰੋਕ ਲਵੇ ਫੇਰ ਉਹ (ਜਹਾਜ਼) ਸਮੁੰਦਰ ਦੀ ਸਤਹ (ਪਿਠ) ਉੱਤੇ ਖਲੋਤੇ ਹੀ ਰਹਿ ਜਾਣ (ਨਿਰਸੰਦੇਹ, ਇਸ ਵਿਚ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਵੱਡੀਆਂ ਨਿਸ਼ਾਨੀਆਂ ਹਨ।
(34) 34਼ ਜਾਂ ਜੇ ਉਹ (ਚਾਹੇ ਤਾਂ) ਉਹਨਾਂ (ਕਾਫ਼ਿਰਾਂ) ਦੀਆਂ ਕਰਤੂਤਾਂ ਕਾਰਨ ਉਹਨਾਂ (ਜਹਾਜ਼ਾਂ ਨੂੰ) ਤਬਾਹ ਕਰ ਦੇਵੇ ਅਤੇ ਜੇ ਚਾਹੇ ਤਾਂ ਬਹੁਤ ਸਾਰੇ (ਅਪਰਾਧਾਂ) ਨੂੰ ਮੁਆਫ਼ ਕਰ ਦੇਵੇ।
(35) 35਼ ਤਾਂ ਜੋ ਉਹ ਲੋਕੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਵਿਚ ਝਗੜਦੇ ਹਨ, ਉਹ ਜਾਣ ਲੈਣ ਕਿ ਉਹਨਾਂ ਦੇ ਨੱਸਣ ਲਈ ਕੋਈ ਵੀ ਥਾਂ ਨਹੀਂ।
(36) 36਼ (ਹੇ ਲੋਕੋ!) ਤੁਹਾਨੂੰ ਜੋ ਵੀ ਦਿੱਤਾ ਗਿਆ ਹੈ ਉਹ ਸੰਸਾਰਿਕ ਜੀਵਨ ਦੀ ਤੁੱਛ ਜਿਹੀ ਸਮੱਗਰੀ ਹੈ। ਪਰ ਜੋ ਅੱਲਾਹ ਦੇ ਕੋਲ ਹੈ ਉਹ ਉਹਨਾਂ ਲੋਕਾਂ ਲਈ ਇਸ ਤੋਂ ਕਿਤੇ ਵਧੀਆ ਤੇ ਸਦਾ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਉਹ ਆਪਣੇ ਰੱਬ ਉੱਤੇ ਹੀ ਭਰੋਸਾ ਕਰਦੇ ਹਨ।
(37) 37਼ ਅਤੇ ਉਹ ਈਮਾਨ ਵਾਲੇ ਲੋਕ ਜਿਹੜੇ ਮਹਾਂ ਪਾਪਾਂ ਤੇ ਅਸ਼ਲੀਲ ਕੰਮਾਂ ਤੋਂ ਬਚਦੇ ਹਨ 1 ਅਤੇ ਜਦੋਂ ਗ਼ੁੱਸਾ ਆਵੇ ਤਾਂ ਉਹ ਮੁਆਫ਼ ਕਰ ਦਿੰਦੇ ਹਨ।
1 ਮਹਾਂ ਪਾਪ ਤੋਂ ਭਾਵ ਹੈ ਕਿ ਅੱਲਾਹ ਦੇ ਨਾਲ ਕਿਸੇ ਹੋਰ ਦੀ ਇਬਾਦਤ ਕਰਨਾ, ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ, ਅਣ-ਹੱਕਾ ਕਤਲ ਕਰਨਾ, ਝੂਠੀ ਗਵਾਹੀ ਦੇਣਾ ਅਤੇ ਚੋਰੀ ਕਰਨਾ ਆਦਿ ਸ਼ਾਮਿਲ ਹੈ।
(38) 38਼ ਅਤੇ ਉਹ ਲੋਕ ਜਿਹੜੇ ਆਪਣੇ ਰੱਬ ਦਾ ਹੁਕਮ ਮੰਨਦੇ ਹਨ, ਨਮਾਜ਼ ਕਾਇਮ ਕਰਦੇ ਹਨ ਅਤੇ ਉਹਨਾਂ ਦਾ ਹਰੇਕ ਕੰਮ ਆਪੋ ਵਿਚ ਸਲਾਹ ਮਸ਼ਵਰੇ ਨਾਲ ਨਜਿੱਠਿਆ ਜਾਂਦਾ ਹੈ ਅਤੇ ਅਸੀਂ ਜੋ ਕੁੱਝ ਵੀ (ਰਿਜ਼ਕ) ਉਹਨਾਂ ਨੂੰ ਬਖ਼ਸ਼ਿਆ ਹੈ ਉਹ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।
(39) 39਼ ਜਦੋਂ ਉਹਨਾਂ ਨਾਲ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਉਹ ਬਸ ਉਸ ਦਾ ਹੀ ਬਦਲਾ ਲੈਂਦੇ ਹਨ।
(40) 40਼ ਬੁਰਾਈ ਦਾ ਬਦਲਾ ਉਹੋ ਜਿਹੀ ਬੁਰਾਈ ਹੈ, ਫੇਰ ਜਿਹੜਾ ਮੁਆਫ਼ ਕਰ ਦੇਵੇ ਅਤੇ ਸੁਲਾਹ ਕਰ ਲੇਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੈ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
(41) 41਼ ਜਿਹੜੇ ਲੋਕ ਜ਼ੁਲਮ ਹੋਣ ਮਗਰੋਂ ਬਦਲਾ ਲੈਣ, ਉਹਨਾਂ ਦਾ ਕੋਈ ਦੋਸ਼ ਨਹੀਂ।
(42) 42਼ ਦੋਸ਼ ਤਾਂ ਉਹਨਾਂ ਦਾ ਹੈ ਜਿਹੜੇ ਦੂਜਿਆਂ ਉੱਤੇ ਜ਼ੁਲਮ ਕਰਦੇ ਹਨ ਅਤੇ ਧਰਤੀ ਉੱਤੇ ਅਨੁਚਿਤ ਵਧੀਕੀਆਂ ਕਰਦੇ ਹਨ। ਅਜਿਹੇ ਲੋਕਾਂ ਲਈ ਦੁਖਦਾਈ ਅਜ਼ਾਬ ਹੈ।
(43) 43਼ ਪਰ ਹਾਂ! ਜਿਹੜਾ ਧੀਰਜ ਤੋਂ ਕੰਮ ਲਵੇ ਅਤੇ ਮੁਆਫ਼ ਕਰ ਦੇਵੇ ਤਾਂ ਬੇਸ਼ੱਕ ਇਹ ਦਲੇਰੀ ਦੇ ਕੰਮਾਂ ਵਿੱਚੋਂ ਹੈ।
(44) 44਼ ਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਅੱਲਾਹ ਪਿੱਛੋਂ ਕੋਈ ਵੀ ਸਾਭਣ ਵਾਲਾ ਨਹੀਂ। (ਹੇ ਨਬੀ!) ਤੁਸੀਂ ਜ਼ਾਲਮਾਂ ਨੂੰ ਵੇਖੋਗੇ ਕਿ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਆਖਣਗੇ, ਕੀ ਭਲਾਂ ਹੁਣ (ਸੰਸਾਰ ਵੱਲ) ਮੁੜ ਕੇ ਜਾਣ ਦਾ ਵੀ ਕੋਈ ਰਾਹ ਹੈ ?
(45) 45਼ (ਹੇ ਨਬੀ!) ਤੁਸੀਂ ਉਹਨਾਂ ਨੂੰ ਵੇਖੋਗੇ ਕਿ ਜਦੋਂ ਉਹ ਨਰਕ ਦੇ ਸਾਹਮਣੇ ਹਾਜ਼ਰ ਕੀਤੇ ਜਾਣਗੇ ਤਾਂ ਹੀਣਤਾ ਕਾਰਨ ਝੁਕੇ ਜਾ ਰਹੇ ਹੋਣਗੇ ਅਤੇ ਨਜ਼ਰਾਂ ਬਚਾ ਬਚਾ ਕੇ ਕਨੱਖੀਆਂ ਨਾਲ ਵੇਖਦੇ ਹੋਣਗੇ। ਜਿਹੜੇ ਈਮਾਨ ਲਿਆਏ ਹਨ ਉਹ ਆਖਣਗੇ ਕਿ ਬੇਸ਼ੱਕ ਘਾਟੇ ਵਿਚ ਤਾਂ ਉਹੀਓ ਲੋਕ ਹਨ ਜਿਨ੍ਹਾਂ ਨੇ ਅੱਜ (ਕਿਆਮਤ ਦਿਹਾੜ) ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਘਾਟੇ ਵਿਚ ਪਾਈਂ ਰੱਖਿਆ। ਖ਼ਬਰਦਾਰ! ਜ਼ਾਲਮ ਲੋਕ ਸਦੀਵੀ ਅਜ਼ਾਬ ਵਿਚ ਫਸੇ ਰਹਿਣਗੇ।
(46) 46਼ ਅਤੇ ਉਹਨਾਂ ਲਈ ਛੁੱਟ ਅੱਲਾਹ ਤੋਂ ਕੋਈ ਵੀ ਅਜਿਹਾ ਮਿੱਤਰ ਨਹੀਂ ਹੋਵੇਗਾ ਜਿਹੜਾ ਉਹਨਾਂ ਦੀ ਸਹਾਇਤਾ ਕਰ ਸਕੇ। ਜਿਸ ਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ, ਫੇਰ ਉਸ ਲਈ (ਹਿਦਾਇਤ ਦਾ) ਕੋਈ ਰਾਹ ਨਹੀਂ।
(47) 47਼ (ਹੇ ਲੋਕੋ) ਤੁਸੀਂ ਆਪਣੇ ਰੱਬ ਦਾ ਹੁਕਮ ਮੰਨ ਲਓ, ਇਸ ਤੋਂ ਪਹਿਲਾਂ ਕਿ ਅੱਲਾਹ ਵੱਲੋਂ ਉਹ ਦਿਨ ਆ ਜਾਵੇ ਜਿਹੜਾ (ਕਿਸੇ ਵੀ ਤਰ੍ਹਾਂ) ਟਲਣ ਵਾਲਾ ਨਹੀਂ। ਉਸ ਦਿਹਾੜੇ ਤੁਹਾਡੇ ਲਈ ਕੋਈ ਸ਼ਰਨ ਸਥਾਨ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਥੋਂ ਗੁਨਾਹਾਂ ਦਾ ਇਨਕਾਰ ਹੀ ਕੀਤਾ ਜਾਵੇਗਾ।
(48) 48਼ (ਹੇ ਨਬੀ!) ਜੇ ਉਹ ਮੂੰਹ ਮੋੜਦੇ ਹਨ ਤਾਂ ਮੋੜ ਲੈਣ ਅਸੀਂ ਤੁਹਾਨੂੰ ਉਹਨਾਂ ਉੱਤੇ ਕੋਈ ਨਿਗਰਾਨ ਬਣਾ ਕੇ ਨਹੀਂ ਭੇਜਿਆ ? ਤੁਹਾਡੇ ਜ਼ਿੰਮੇ ਤਾਂ (ਰੱਬੀ ਪੈਗ਼ਾਮ ਨੂੰ ਲੋਕਾਂ ਤੱਕ) ਪਹੁੰਚਾ ਦੇਣਾ ਹੀ ਹੈ। ਜਦੋਂ ਮਨੁੱਖ ਨੂੰ ਅਸੀਂ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਸੇਖ਼ੀਆਂ ਮਾਰਦਾ ਹੈ, ਜੇ ਉਸ ਨੂੰ ਆਪਣੀਆਂ ਕਰਤੂਤਾਂ ਕਾਰਨ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ (ਸਾਰੇ ਅਹਿਸਾਨ ਭੁੱਲ ਕੇ) ਵੱਡਾ ਨਾ-ਸ਼ੁਕਰਾ ਬਣ ਜਾਂਦਾ ਹੈ।
(49) 49਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ ਹੈ। ਜੋ ਉਹ ਚਾਹੁੰਦਾ ਹੈ ਪੈਦਾ ਕਰਦਾ ਹੈ। ਜਿਸ ਨੂੰ ਚਾਹੁੰਦਾ ਹੈ (ਕੇਵਲ) ਧੀਆਂ ਹੀ ਬਖ਼ਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਕੇਵਲ) ਪੁੱਤਰ ਦਿੰਦਾ ਹੈ।
(50) 50਼ ਜਾਂ (ਜੇ ਚਾਹੁੰਦਾ ਹੈ ਤਾਂ) ਉਹਨਾਂ ਨੂੰ ਪੁੱਤਰ ਤੇ ਧੀਆਂ ਰਲਾ-ਮਲਾ ਕੇ (ਭਾਵ ਦੋਵੇਂ) ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰਖਦਾ ਹੈ। ਬੇਸ਼ੱਕ ਉਹ ਵੱਡਾ ਜਾਣਨਹਾਰ ਤੇ ਮਹਾਨ ਸਮਰਥਾ ਰੱਖਦਾ ਹੈ।
(51) 51਼ ਕੋਈ ਵੀ ਮਨੁੱਖ ਇਸ ਯੋਗ ਨਹੀਂ ਕਿ ਅੱਲਾਹ ਉਸ ਨਾਲ (ਸਿੱਧੀ) ਗੱਲ ਬਾਤ ਕਰੇ, ਪਰ ਇਲਹਾਮ ਰਾਹੀਂ (ਭਾਵ ਦਿਲ ਵਿਚ ਕੋਈ ਗੱਲ ਪਾ ਦੇਣਾ ਜਾਂ ਸੁਪਨੇ ਵਿਚ ਵਿਖਾ ਦੇਣਾ) ਜਾਂ ਪੜਦੇ ਦੇ ਪਿੱਛਿਓਂ ਜਾਂ ਫ਼ਰਿਸ਼ਤੇ ਭੇਜ ਕੇ, (ਗੱਲ ਕਰਦਾ ਹੈ) ਅਤੇ ਉਹ ਫ਼ਰਿਸ਼ਤੇ ਅੱਲਾਹ ਦੇ ਹੁਕਮ ਨਾਲ ਹੀ ਆਉਂਦੇ ਹਨ। ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।1 ਬੇਸ਼ੱਕ ਉਹ ਸਰਵਉੱਚ ਤੇ ਦਾਨਾਈ ਵਾਲਾ ਹੈ।
1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4
(52) 52਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਆਪਣੇ ਹੁਕਮ ਨਾਲ ਇਕ ਰੂਹ (.ਕੁਰਆਨ) ਦੀ ਵਹੀ ਭੇਜੀ। (ਇਸ ਤੋਂ ਪਹਿਲਾਂ) ਤੁਸੀਂ ਨਹੀਂ ਜਾਣਦੇ ਸੀ ਕਿ ਕਿਤਾਬ ਕੀ ਹੈ ਅਤੇ ਈਮਾਨ ਕੀ ਹੈ? ਪਰ ਅਸਾਂ ਇਸ ਕਿਤਾਬ ਨੂੰ ਨੂਰ ਬਣਾ ਦਿੱਤਾ। ਅਸੀਂ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦੇ ਹਾਂ ਇਸ ਨੂਰ (ਭਾਵ .ਕੁਰਆਨ) ਰਾਹੀਂ ਹਿਦਾਇਤ ਬਖ਼ਸ਼ ਦਿੰਦੇ ਹਾਂ। ਬੇਸ਼ੱਕ ਤੁਸੀਂ ਸਿੱਧੇ ਰਾਹ ਵੱਲ ਵੀ ਅਗਵਾਈ ਕਰਦੇ ਹੋ।
(53) 53਼ ਅਤੇ ਹੇ ਨਬੀ! ਉਸ ਅੱਲਾਹ ਵੱਲ (ਅਗਵਾਈ ਕਰਦੇ ਹੋ) ਜਿਹੜਾ ਅਕਾਸ਼ਾਂ ਤੇ ਧਰਤੀ ਦੀ ਹਰੇਕ ਚੀਜ਼ ਦਾ ਮਾਲਿਕ ਹੈ। ਖ਼ਬਰਦਾਰ! ਸਾਰੇ ਮਾਮਲੇ ਅੱਲਾਹ ਵੱਲ ਹੀ ਪਰਤਦੇ ਹਨ।