53 - An-Najm ()

|

(1) 1਼ ਸੁੰਹ ਹੈ ਤਾਰੇ ਦੀ ਜਦੋਂ ਉਹ ਡਿਗਦਾ ਹੈ।

(2) 2਼ ਤੁਹਾਡਾ ਸਾਥੀ ਨਾ ਤਾਂ ਬਹਿਕਿਆ ਹੋਇਆ ਹੈ ਅਤੇ ਨਾ ਹੀ ਰਾਹੋਂ ਭਟਕਿਆ ਹੋਇਆ ਹੈ।

(3) 3਼ ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।

(4) 4਼ ਉਹ ਤਾਂ ਇਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।

(5) 5਼ ਉਸ ਨੂੰ ਇਹ ਸਭ ਸ਼ਕਤੀਸ਼ਾਲੀ (ਜਿਬਰਾਈਲ) ਨੇ ਸਿਖਾਇਆ ਹੈ।

(6) 6਼ ਜਿਹੜਾ ਵੱਡਾ ਜ਼ੋਰਾਵਰ ਹੈ। ਸੋ ਉਹ ਆਪਣੇ ਅਸਲੀ ਰੂਪ ਵਿਚ ਸਿੱਧਾ ਆ ਖਲੋਇਆ।

(7) 7਼ ਜਦੋਂ ਉਹ (ਜਿਬਰਾਈਲ) ਅਕਾਸ਼ ਦੇ ਉਤਲੇ ਦਿਸਹੱਦੇ ’ਤੇ ਸੀ।

(8) 8਼ ਫੇਰ ਉਹ ਨੇੜੇ ਆਇਆ ਤੇ ਉਤਾਂਹ ਅਹਿੱਲ ਹੋਕੇ ਰੁਕ ਗਿਆ।

(9) 9਼ ਫੇਰ (ਮੁਹੰਮਦ ਤੇ ਜਿਬਰਾਈਲ ਵਿਚਾਲੇ) ਦੋ ਕਮਾਨਾਂ (ਧਨੁਖਾਂ) ਜਿੰਨ੍ਹਾ ਦੂਰ, ਸਗੋਂ ਉਸ ਤੋਂ ਵੀ ਵੱਧ ਨੇੜੇ ਹੋ ਗਿਆ।

(10) 10਼ ਫੇਰ ਉਸ (ਜਿਬਰਾਈਲ) ਨੇ ਅੱਲਾਹ ਦੇ ਬੰਦੇ (ਹਜ਼ਰਤ ਮੁਹੰਮਦ) ਨੂੰ ਉਹ ਵਹੀ ਪੁਚਾਈ ਜੋ ਵਹੀ ਉਸ ਨੂੰ (ਰੱਬ ਵੱਲੋਂ) ਪੁਚਾਈ ਗਈ ਸੀ।

(11) 11਼ ਉਸ (ਰਸੂਲ) ਨੇ ਜੋ ਕੁੱਝ ਵੀ (ਮਿਅਰਾਜ ਵੇਲੇ) ਵੇਖਿਆ ਉਸ ਦੇ ਦਿਲ ਨੇ (ਉਸ ਸੰਬੰਧ ਵਿਚ) ਝੂਠ ਨਹੀਂ ਬੋਲਿਆ।

(12) 12਼ ਕੀ ਤੁਸੀਂ ਲੋਕ ਉਸ ਚੀਜ਼ ’ਤੇ ਉਸ (ਨਬੀ) ਨਾਲ ਝਗੜਦੇ ਹੋ ਜੋ ਉਹ (ਅੱਖੀਂ) ਵੇਖਦਾ ਹੈ।1
1 ਇਹ ਤੋਂ ਭਾਵ ਮਿਅਰਾਜ ਹੈ। ਭਾਵ ਅੱਲਾਹ ਦੇ ਰਸੂਲ ਆਪਣੇ ਸ਼ਰੀਰ ਤੇ ਪ੍ਰਾਣ ਦੇ ਨਾਲ ਅਸਮਾਨਾਂ ਦੇ ਸਫ਼ਰ ਤੇ ਗਏ। ਵਿਸਥਾਰਪੂਰਵਕ ਵੇਖਣ ਲਈ ਵੇਖੋ ਸਹੀ ਬੁਖ਼ਾਰੀ, ਹਦੀਸ: 3260।

(13) 13਼ ਉਸ ਰਸੂਲ ਨੇ ਇਸ (ਜਿਬਰਾਈਲ) ਨੂੰ ਇਕ ਵਾਰ ਹੋਰ ਵੀ ਵੇਖਿਆ।

(14) 14਼ ਸਿਦਰਾਤੁਲ-ਮੁਨਤਹਾ (ਭੋਤਿਕ ਜਗਤ ਦੀ ਆਖ਼ਰੀ ਸਰਹਦ ਉੱਤੇ ਸਥਿਤ ਬੇਰੀ ਦਾ ਰੁੱਖ) ਦੇ ਨੇੜੇ (ਵੇਖਿਆ)

(15) 15਼ ਉਸ ਦੇ ਲਾਗੇ ਹੀ ਜੰਨਤੁਲ-ਮਾਵਾ (ਰਹਿਣ ਵਾਲੀ ਜੰਨਤ) ਹੈ।

(16) 16਼ ਉਸ ਵੇਲੇ ਸਿਦਰਾ (ਭਾਵ ਜੰਨਤੀ ਬੇਰੀ) ਉੱਤੇ (ਅੱਲਾਹ ਦੀ ਕੁਦਰਤ) ਛਾ ਰਿਹਾ ਸੀ ਜੋ ਕੁੱਝ ਵੀ ਉਸ ਉੱਤੇ ਛਾਉਣਾ ਸੀ।

(17) 17਼ ਨਾ ਤਾਂ ਉਸ ਦੀ ਨਜ਼ਰ ਬਹਿਕੀ ਹੈ ਤੇ ਨਾ ਹੀ ਹੱਦੋਂ ਟੱਪੀ ਹੋਈ।

(18) 18਼ ਉਸ (ਰਸੂਲ) ਨੇ ਆਪਣੇ ਰੱਬ ਦੀਆਂ ਕੁੱਝ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵੇਖੀਆਂ।

(19) 19਼ ਤੁਸੀਂ ਮੈਨੂੰ ‘ਲਾਤ’ ਤੇ ‘ਉੱਜ਼ਾ’ ਦੀ ਖ਼ਬਰ ਦਿਓ।

(20) 20਼ ਅਤੇ ਤੀਜੀ (ਦੇਵੀ) ‘ਮਨਾਤ’ ਦੀ, ਜਿਸ ਦੀ ਅਸਲੀਅਤ ਬਹੁਤ ਹੀ ਘਟੀਆ ਹੈ।

(21) 21਼ ਕੀ ਤੁਹਾਡੇ ਲਈ ਪੁੱਤਰ ਹਨ ਤੇ ਅੱਲਾਹ ਲਈ ਧਿਆਂ ?

(22) 22਼ ਇਹ ਤਾਂ ਵੱਡੀ ਹੀ ਬੇਇਨਸਾਫੀ ਵਾਲੀ (ਭਾਵ ਕਾਣੀ) ਵੰਡ ਹੈ।

(23) 23਼ ਇਹ ਤਾਂ ਕੇਵਲ ਨਾਂ ਹੀ ਨਾਂ ਹਨ ਜਿਹੜੇ ਤੁਹਾਨੇ ਤੇ ਤੁਹਾਡੇ ਬਾਪ-ਦਾਦਿਆਂ ਨੇ ਰੱਖ ਛੱਡੇ ਹਨ। ਜਦ ਕਿ ਅੱਲਾਹ ਨੇ ਇਹਨਾਂ (ਦੇਵੀ ਦੇਵਤਿਆਂ) ਲਈ ਕੋਈ ਮਾਨਤਾ ਪੱਤਰ ਨਹੀਂ ਘੱਲਿਆ। ਉਹ ਲੋਕ ਤਾਂ ਅਟਕਲ ਦੇ ਪਿੱਛੇ ਤੁਰੇ ਜਾ ਰਹੇ ਹਨ ਅਤੇ ਉਸ ਦੀ ਚੀਜ਼ ਦੀ ਪੈਰਵੀ ਕਰ ਰਹੇ ਹਨ ਜੋ ਉਹਨ੍ਹਾਂ ਦਾ ਮਨ ਚਾਹੁੰਦਾ ਹੈ। ਜਦ ਕਿ ਉਹਨਾਂ ਦੇ ਰੱਬ ਵੱਲੋਂ ਉਹਨਾਂ ਕੋਲ ਹਿਦਾਇਤ ਆ ਚੁੱਕੀ ਹੈ।

(24) 24਼ ਕੀ ਮਨੁੱਖ ਜੋ ਵੀ ਇੱਛਾ ਕਰੇ, ਉਹ ਚੀਜ਼ ਉਸ ਨੂੰ ਮਿਲਣੀ ਚਾਹੀਦੀ ਹੈ ?

(25) 25਼ ਅੱਲਾਹ ਹੀ ਲੋਕ ਤੇ ਪਰਲੋਕ ਦਾ ਮਾਲਿਕ ਹੈ।

(26) 26਼ ਅਕਾਸ਼ਾਂ ਵਿਚ ਕਿੰਨੇ ਹੀ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੁੱਝ ਵੀ ਕੰਮ ਨਹੀਂ ਆਵੇਗੀ। ਪਰ ਹਾਂ ਜਿਸ ਵਿਅਕਤੀ ਲਈ ਅੱਲਾਹ (ਸਿਫ਼ਾਰਸ਼ ਕਰਨ ਦੀ) ਆਗਿਆ ਦੇ ਦੇਵੇ ਅਤੇ ਪਸੰਦ ਕਰੇ (ਫੇਰ ਸਿਫ਼ਾਰਸ਼ ਹੋ ਸਕਦੀ ਹੈ)

(27) 27਼ ਜਿਹੜੇ ਲੋਕੀ ਪਰਲੋਕ ਨੂੰ ਨਹੀਂ ਮੰਨਦੇ ਉਹ ਫ਼ਰਿਸ਼ਤਿਆਂ ਦੇ ਨਾਂ ਇਸਤਰੀਆਂ ਜਿਹੇ ਰੱਖਦੇ ਹਨ।

(28) 28਼ ਜਦ ਕਿ ਉਹਨਾਂ ਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਉਹ ਤਾਂ ਕੇਵਲ ਅਟਕਲ ਦੇ ਪਿੱਛੇ ਲੱਗੇ ਹੋਏ ਹਨ, ਜਦ ਕਿ ਅਟਕਲ ਹੱਕ ਸੱਚ ਦੇ ਮੁਕਾਬਲੇ ਵਿਚ ਕੁੱਝ ਵੀ ਲਾਭਦਾਇਕ ਨਹੀਂ।

(29) 29਼ ਸੋ ਹੇ ਨਬੀ! ਤੁਸੀਂ ਵੀ ਉਸ ਵਿਅਕਤੀ ਤੋਂ ਮੂੰਹ ਮੋੜ ਲਵੋ (ਭਾਵ ਚਿੰਤਾ ਨਾ ਕਰੋ) ਜਿਹੜਾ ਸਾਡੇ ਜ਼ਿਕਰ (ਯਾਦ) ਤੋਂ ਮੂੰਹ ਮੋੜਦਾ ਹੈ ਅਤੇ ਕੇਵਲ ਸੰਸਾਰਿਕ ਜੀਵਨ ਹੀ ਚਾਹੁੰਦਾ ਹੈ।

(30) 30਼ ਉਹਨਾਂ ਦੇ ਗਿਆਨ ਦੀ ਪਹੁੰਚ ਇਹੋ ਹੈ। ਬੇਸ਼ੱਕ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਉਸ ਦੇ ਰਾਹ ਤੋਂ ਭਟਕ ਗਿਆ ਅਤੇ ਉਹੀਓ ਉਸ ਵਿਅਕਤੀ ਨੂੰ ਵੀ ਜਾਣਦਾ ਹੈ ਜਿਹੜਾ ਸਿੱਧੇ ਰਾਹ ’ਤੇ ਹੈ।

(31) 31਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ ਅੱਲਾਹ ਹੀ ਉਹਨਾਂ ਸਭ ਦਾ ਮਾਲਿਕ ਹੈ, ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਣੀਆਂ ਦੀ ਸਜ਼ਾ ਦੇਵੇ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇ।

(32) 32਼ ਉਹ ਲੋਕ ਜਿਹੜੇ ਮਹਾਂ ਪਾਪਾਂ ਤੋਂ ਤੇ ਅਸ਼ਲੀਲਤਾ ਤੋਂ ਬਚਦੇ ਹਨ ਛੁੱਟ ਇਸ ਤੋਂ ਕਿ ਕੋਈ ਛੋਟਾ ਮੋਟਾ ਗੁਨਾਹ ਹੋ ਜਾਵੇ, ਬੇਸ਼ੱਕ (ਉਹਨਾਂ ਲੋਕਾਂ ਲਈ) ਤੁਹਾਡੇ ਰੱਬ ਦੀ ਬਖ਼ਸ਼ਿਸ਼ ਅਤਿ ਵਿਸ਼ਾਲ ਹੈ। ਉਹ ਤਹਾਨੂੰ ਉਸ ਸਮੇਂ ਤੋਂ ਜਾਣਦਾ ਹੈ ਜਦੋਂ ਉਸ ਨੇ ਤੁਹਾਨੂੰ ਧਰਤੀਓਂ (ਭਾਵ ਮਿੱਟੀ ਤੋਂ) ਪੈਦਾ ਕੀਤਾ ਸੀ। ਜਦੋਂ ਤੁਸੀਂ ਆਪਣੀਆਂ ਮਾਵਾਂ ਦੇ ਗਰਭ ਵਿਚ ਭੂਰਣ ਅਵਸਥਾ ਵਿਚ ਹੀ ਸੀ। ਸੋ ਇਸ ਲਈ ਤੁਸੀਂ ਆਪਣੀ ਪਾਕੀ ਬਿਆਨ ਨਾ ਕਰੋ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੱਬ ਦਾ ਡਰ-ਭੌ ਰਖਣ ਵਾਲਾ ਕੌਣ ਹੈ।

(33) 33਼ ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਹੱਕ ਤੋਂ ਮੂੰਹ ਮੋੜਿਆ ਹੈ?

(34) 34਼ ਉਸ ਨੇ ਬਹੁਤ ਹੀ ਥੋੜ੍ਹਾ ਮਾਲ (ਰੱਬ ਦੀ ਰਾਹ ਵਿਚ) ਦਿੱਤਾ, ਫੇਰ ਉਹ ਵੀ (ਦੇਣਾ) ਬੰਦ ਕਰ ਦਿੱਤਾ।

(35) 35਼ ਕੀ ਉਸ ਵਿਅਕਤੀ ਕੋਲ ਗ਼ੈਬ (ਪਰੋਖ) ਦੀ ਜਾਣਕਾਰੀ ਹੈ ਕਿ ਉਹ (ਸਭ ਕੁੱਝ) ਵੇਖ ਰਿਹਾ ਹੈ ?

(36) 36਼ ਕੀ ਉਸ ਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਜਿਹੜੀ ਮੂਸਾ ਦੇ ਸਹੀਫ਼ਿਆਂ (ਪੋਥੀਆਂ) ਵਿਚ ਹੈ?

(37) 37਼ ਅਤੇ ਜੋ ਇਬਰਾਹੀਮ ਦੇ ਸਹੀਫਿਆਂ (ਪੋਥੀਆਂ) ਵਿਚ ਹੈ, ਜਿਹੜਾ (ਰੱਬ ਦਾ) ਵਫ਼ਾਦਾਰ ਸੀ?

(38) 38਼ ਕਿ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ।

(39) 39਼ ਕਿ ਮਨੁੱਖ ਲਈ ਬਸ ਉਹੀਓ ਹੈ ਜਿਸ ਲਈ ਉਹ ਕੋਸ਼ਿਸ਼ਾਂ ਕਰਦਾ ਹੈ ।1
1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਸਮਾਪਤ ਹੋ ਜਾਂਦਾ ਹੈ। ਛੁਟ ਤਿੰਨ ਗੱਲਾਂ ਤੋਂ 1਼ ਸਦਕਾ-ਏ-ਜਾਰੀਆ, 2਼ ਉਹ ਗਿਆਨ ਜਿਸ ਤੋਂ ਲਾਭ ਉਠਾਉਣ, 3਼ ਨੇਕ ਔਲਾਜ ਜਿਹੜੀ ਆਪਣੇ ਮਾਪਿਆਂ ਲਈ ਰੱਬ ਤੋਂ ਦੁਆਇਆਂ ਕਰਦੀ ਹੈ। (ਸਹੀ ਮੁਸਲਿਮ, ਹਦੀਸ: 1631)

(40) 40਼ ਅਤੇ ਉਸ ਦੀਆਂ ਕੋਸ਼ਿਸ਼ਾਂ ਛੇਤੀ ਹੀ ਵੇਖੀਆਂ ਜਾਣਗੀਆਂ।

(41) 41਼ ਫੇਰ ਉਸ ਨੂੰ (ਕੋਸ਼ਿਸ਼ਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ।

(42) 42਼ (ਹੇ ਨਬੀ!) ਬੇਸ਼ੱਕ ਸਾਰਿਆਂ ਨੇ ਤੁਹਾਡੇ ਰੱਬ ਕੋਲ ਹੀ ਪਹੁੰਚਣਾ ਹੈ।

(43) 43਼ ਬੇਸ਼ੱਕ ਉਹੀਓ ਹਸਾਉਂਦਾ ਹੈ ਤੇ ਉਹੀਓ ਰੁਆਉਂਦਾ ਹੈ।

(44) 44਼ ਉਹੀਓ ਮੌਤ ਦਿੰਦਾ ਹੈ ਤੇ ਉਹੀਓ ਜਿਊਂਦਾ ਕਰਦਾ ਹੈ।

(45) 45਼ ਉਸੇ ਨੇ ਨਰ ਅਤੇ ਮਦੀਨ ਦਾ ਜੋੜਾ ਬਣਾਇਆ।

(46) 46਼ ਵੀਰਜ ਤੋਂ (ਜੋੜਾ ਬਣਾਇਆ) ਜਦੋਂ ਉਹ (ਗਰਭ ਵਿਚ) ਟਪਕਾਇਆ ਜਾਂਦਾ ਹੈ।

(47) 47਼ (ਮਰਨ ਤੋਂ ਬਾਅਦ) ਮੁੜ ਸੁਰਜੀਤ ਕਰਨਾ ਵੀ ਉਸੇ (ਅੱਲਾਹ) ਦੇ ਜ਼ਿੰਮੇ ਹੈ।

(48) 48਼ ਉਹੀਓ ਧੰਨ ਦੌਲਤ ਦਿੰਦਾ ਹੈ ਤੇ ਸਰਮਾਏਦਾਰ ਬਣਾਉਂਦਾ ਹੈ।

(49) 49਼ ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ)

(50) 50਼ ਬੇਸ਼ੱਕ ਉਸੇ ਨੇ ਪਹਿਲੇ ਆਦ ਨੂੰ ਹਲਾਕ ਕੀਤਾ।

(51) 51਼ ਅਤੇ ‘ਸਮੂਦ’ ਨੂੰ ਵੀ (ਹਲਾਕ ਕੀਤਾ), ਫੇਰ ਉਸ ਨੇ ਕਿਸੇ ਨੂੰ ਵੀ ਬਾਕੀ ਨਹੀਂ ਛੱਡਿਆ।

(52) 52਼ ਉਹਨਾਂ (ਆਦ ਤੇ ਮਸੂਦ) ਤੋਂ ਪਹਿਲਾਂ ਨੂਹ ਦੀ ਕੌਮ ਨੂੰ ਵੀ (ਹਲਾਕ ਕੀਤਾ), ਨਿਰਸੰਦੇਹ, ਉਹ ਵੱਡੇ ਜ਼ਾਲਮ ਤੇ ਬਾਗ਼ੀ ਲੋਕ ਸਨ।

(53) 53਼ ਉਸ (ਅੱਲਾਹ) ਨੇ (ਲੂਤ ਕੌਮ ਦੀਆਂ) ਮੂਧੀਆਂ ਕਰਨ ਯੋਗ ਬਸਤੀਆਂ ਨੂੰ ਚੁੱਕ ਕੇ ਧਰਤੀ ਉੱਤੇ ਵਗਾਹ ਮਾਰਿਆ।

(54) 54਼ ਫੇਰ ਉਸ ਬਸਤੀ ਨੂੰ (ਪੱਥਰਾਂ ਤੇ ਮੀਂਹ ਨੇ) ਢੱਕ ਲਿਆ, ਜਿਸ ਨੇ ਉਹਨਾਂ ਨੂੰ ਢਕਣਾ ਸੀ।

(55) 55਼ ਸੋ (ਹੇ ਮਨੁੱਖ!) ਤੂੰ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਵਿਚ ਸ਼ੱਕ ਕਰੇਂਗਾ?

(56) 56਼ ਇਹ (ਰਸੂਲ) ਤਾਂ ਪਹਿਲਾਂ ਤੋਂ ਆਏ ਹੋਏ ਡਰਾਉਣ ਵਾਲਿਆਂ ਵਿੱਚੋਂ ਇਕ ਡਰਾਉਣ ਵਾਲਾ ਹੈ।

(57) 57਼ ਨੇੜੇ ਆਉਣ ਵਾਲੀ (ਕਿਆਮਤ) ਹੋਰ ਨੇੜੇ ਆ ਲੱਗੀ ਹੈ।

(58) 58਼ ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ।

(59) 59਼ ਕੀ ਤੁਸੀਂ ਇਸੇ (.ਕੁਰਆਨ ਦੀ) ਗੱਲ ਉੱਤੇ ਰੁਰਾਨੀ ਪ੍ਰਗਟ ਕਰਦੇ ਹੋ ?

(60) 60਼ ਤੁਸੀਂ ਹਸਦੇ ਹੋ, ਰੌਂਦੇ ਨਹੀਂ।

(61) 61਼ ਤੁਸੀਂ ਖੇਡ-ਕੁੱਦ ਵਿਚ ਮਸਤ ਹੋ।

(62) 62਼ ਤੁਸੀਂ (ਬਾਜ਼ ਆ ਜਾਓ ਤੇ) ਅੱਲਾਹ ਨੂੰ ਸਿਜਦਾ ਕਰੋ ਅਤੇ ਉਸ ਦੀ ਬੰਦਗੀ ਕਰੋ।