(1) 1਼ ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।
(2) 2਼ (ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।
(3) 3਼ (ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।
(4) 4਼ ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।
(5) 5਼ ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?
(6) 6਼ ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।
(7) 7਼ ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।
(8) 8਼ ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?
(9) 9਼ ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?
(10) 10਼ ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?
(11) 11਼ ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।
(12) 12਼ ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?
(13) 13਼ ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।1
1 ਹਦੀਸਾਂ ਵਿਚ ਗ਼ੁਲਾਮ ਨੂੰ ਆਜ਼ਾਦ ਕਰਨ ਦੀ ਬਹੁਤ ਮਹੱਤਤਾ ਦੱਸੀ ਗਈ ਹੈ ਸੋ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਕਿਸੇ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰੇ ਅੱਲਾਹ ਉਸ ਦੇ ਹਰ ਅੰਗ ਨੂੰ ਗ਼ੁਲਾਮ ਦੇ ਅੰਗ ਦੇ ਬਦਲੇ ਨਰਕ ਦੀ ਅੱਗ ਤੋਂ ਬਚਾਏਗਾ। (ਸਹੀ ਬੁਖ਼ਾਰੀ, ਹਦੀਸ: 2517)
(14) 14਼ ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।
(15) 15਼ ਕਿਸੇ ਰਿਸ਼ਤੇਦਾਰ ਯਤੀਮ ਨੂੰ।
(16) 16਼ ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।
(17) 17਼ (ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।
(18) 18਼ ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।
(19) 19਼ ਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ।
(20) 20਼ ਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।1
1 ਵੇਖੋ ਸੂਰਤ ਅੰਬੀਆ, ਹਾਸ਼ੀਆ ਆਇਤ 100/21