30 - Ar-Room ()

|

(1) 1਼ ਅਲਿਫ਼, ਲਾਮ, ਮੀਮ।

(2) 2਼ ਰੂਮੀ (ਈਰਾਨ) ਤੋਂ ਹਾਰ ਗਏ।

(3) 3਼ ਨੇੜੇ ਦੀ ਧਰਤੀ (ਸ਼ਾਮ ਤੇ ਫਲਸਤੀਨ) ਵਿਚ ਉਹ (ਰੂਮੀ) ਆਪਣੀ ਇਸ ਹਾਰ ਮਗਰੋਂ ਛੇਤੀ ਹੀ (ਈਰਾਨ ਉੱਤੇ) ਜਿੱਤ ਪ੍ਰਾਪਤ ਕਰਨਗੇ।

(4) 4਼ ਕੁੱਝ ਕੁ ਵਰ੍ਹਿਆਂ ਵਿਚ ਹੀ ਉਹ ਜਿੱਤ ਜਾਣਗੇ। ਪਹਿਲਾਂ ਵੀ (ਜਿੱਤ-ਹਾਰ ਦਾ) ਅਧਿਕਾਰ ਅੱਲਾਹ ਦਾ ਹੀ ਸੀ ਅਤੇ ਮਗਰੋਂ ਵੀ ਅੱਲਾਹ ਦਾ ਹੀ ਹੈ। ਉਸ ਦਿਨ (ਜਦੋਂ ਰੂਮੀ ਜਿੱਤਣਗੇ) ਮੁਸਲਮਾਨ ਵੀ (ਉਹਨਾਂ ਦੀ ਜਿੱਤ ਉੱਤੇ) ਖ਼ੁਸ਼ੀਆਂ ਮਾਣਨਗੇ।

(5) 5਼ (ਇਹ ਜਿੱਤ) ਅੱਲਾਹ ਦੀ ਮਦਦ ਨਾਲ ਹੋਵੇਗੀ, ਉਹ ਜਿਸ ਦੀ ਚਾਹਵੇ ਮਦਦ ਕਰਦਾ ਹੈ, ਉਹ ਡਾਢਾ ਜ਼ੋਰਾਵਰ ਤੇ ਮਿਹਰਬਾਨ ਹੈ।

(6) 6਼ ਇਹ ਅੱਲਾਹ ਦਾ ਵਚਨ ਹੈ (ਕਿ ਰੂਮ ਦੀ ਜਿੱਤ ਹੋਵੇਗੀ) ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਦੀ ਉਲੰਘਣਾ ਨਹੀਂ ਕਰਦਾ। ਪਰ ਵਧੇਰੇ ਲੋਕ ਨਹੀਂ ਜਾਣਦੇ।

(7) 7਼ ਉਹ ਲੋਕ ਤਾਂ ਕੇਵਲ ਸੰਸਾਰਿਕ ਜੀਵਨ ਦੇ ਦਿਸਦੇ ਪੱਖ ਨੂੰ ਹੀ ਜਾਣਦੇ ਹਨ ਅਤੇ ਪਰਲੋਕ ਤੋਂ ਤਾਂ ਉੱਕਾ ਹੀ ਬੇਖ਼ਬਰ ਹਨ।

(8) 8਼ ਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ।

(9) 9਼ ਕੀ ਉਹ (ਇਨਕਾਰੀ) ਧਰਤੀ ’ਤੇ ਤੁਰੇ ਫਿਰੇ ਨਹੀਂ? ਫੇਰ ਉਹ ਵੇਖਦੇ ਕਿ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਕਿਹੋ ਜਿਹਾ ਅੰਤ ਹੋਇਆ ਸੀ? ਉਹ ਉਹਨਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਧਰਤੀ ਨੂੰ ਇਹਨਾਂ ਤੋਂ ਵੱਧ ਵਾਹਿਆ-ਬੀਜੀਆ ਸੀ ਅਤੇ ਇਸ ਨੂੰ ਆਬਾਦ ਕੀਤਾ ਸੀ ਜਿੱਨਾ ਇਹਨਾਂ ਨੇ (ਅਰਬ ਨੂੰ) ਆਬਾਦ ਕੀਤਾ ਹੈ। ਉਹਨਾਂ ਕੋਲ ਵੀ ਉਹਨਾਂ ਦੇ ਪੈਗ਼ੰਬਰ ਖੁੱਲ੍ਹੀਆਂ ਨਿਸ਼ਾਨੀਆਂ (ਰਸੂਲ ਹੋਣ ਦੀਆਂ) ਲੈ ਕੇ ਆਏ ਸੀ (ਪਰ ਉਹਨਾਂ ਨੇ ਰਸੂਲਾਂ ਦਾ ਇਨਕਾਰ ਕੀਤਾ)। ਫੇਰ ਇੰਜ ਵੀ ਨਹੀਂ ਸੀ ਕਿ ਅੱਲਾਹ (ਬਿਨਾ ਪਾਪ ਕੀਤੇ) ਉਹਨਾਂ ਉੱਤੇ ਜ਼ੁਲਮ ਕਰਦਾ ਜਦ ਕਿ ਉਹ ਆਪਣੇ ਉੱਤੇ ਆਪ ਹੀ ਜ਼ੁਲਮ ਕਰਦੇ ਸਨ।

(10) 10਼ ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ।

(11) 11਼ (ਯਾਦ ਰੱਖੋ ਕਿ) ਅੱਲਾਹ ਹੀ ਸਾਰੀ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਫੇਰ ਉਹੀ ਉਸ ਨੂੰ ਮੁੜ ਪੈਦਾ ਕਰੇਗਾ, ਫੇਰ ਉਸੇ ਵੱਲ ਤੁਹਾਨੂੰ ਪਰਤਾਇਆ ਜਾਵੇਗਾ।

(12) 12਼ ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਉਸ ਦਿਨ ਅਪਰਾਧੀ ਸਖ਼ਤ ਨਿਰਾਸ਼ ਹੋਣਗੇ।

(13) 13਼ ਅਤੇ ਉਹਨਾਂ ਦੇ ਸ਼ਰੀਕਾਂ (ਇਸ਼ਟਾਂ) ਵਿੱਚੋਂ ਇਕ ਵੀ ਉਹਨਾਂ ਦਾ ਸਿਫ਼ਾਰਸ਼ੀ ਨਹੀਂ ਬਣੇਗਾ ਅਤੇ ਉਹ ਆਪਣੇ ਸ਼ਰੀਕਾਂ (ਇਸ਼ਟਾਂ) ਤੋਂ (ਆਪ ਵੀ) ਇਨਕਾਰੀ ਹੋ ਜਾਣਗੇ।

(14) 14਼ ਅਤੇ ਜਦੋਂ ਕਿਆਮਤ ਦਾ ਵੇਲਾ ਆਵੇਗਾ ਉਸ ਦਿਨ ਲੋਕੀ (ਮੋਮਿਨ ਤੇ ਕਾਫ਼ਿਰ) ਵੱਖਰੇ ਵੱਖਰੇ ਹੋ ਜਾਣਗੇ।

(15) 15਼ ਫੇਰ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹ ਜੰਨਤ ਵਿਚ ਹੱਸਦੇ-ਤੁਸਦੇ ਰੱਖੇ ਜਾਣਗੇ।

(16) 16਼ ਜਿਨ੍ਹਾਂ ਲੋਕਾਂ ਨੇ (ਅੱਲਾਹ ਦਾ) ਇਨਕਾਰ ਕੀਤਾ ਹੈ ਅਤੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਤੇ ਪਰਲੋਕ ਦੀ ਮਿਲਣੀ ਨੂੰ ਝੁਠਲਾਇਆ ਹੈ, ਉਹ ਸਾਰੇ ਲੋਕ (ਨਰਕ ਦੇ) ਅਜ਼ਾਬ ਵਿਚ ਹਾਜ਼ਰ ਰੱਖੇ ਜਾਣਗੇ।

(17) 17਼ ਸੋ (ਹੇ ਮੋਮਿਨੋ!) ਤੁਸੀਂ ਅੱਲਾਹ ਦੀ ਪਾਕੀ ਦਾ ਗੁਣਗਾਣ ਕਰੋ ਜਦੋਂ ਤੁਹਾਡੀ ਸ਼ਾਮ ਹੋਵੇ ਅਤੇ ਜਦੋਂ ਸਵੇਰ ਹੋਵੇ।

(18) 18਼ ਅਕਾਸ਼ ਤੇ ਧਰਤੀ ਵਿਚ ਉਸੇ ਦੀ ਉਸਤਤ ਹੋ ਰਹੀ ਹੈ, ਸੋ ਤੁਸੀਂ ਵੀ ਉਸੇ ਦੀ ਤਸਬੀਹ ਤੀਜੇ ਪਹਿਰ ਤੇ ਜ਼ੋਹਰ ਵੇਲੇ (ਦੁਪਹਿਰ ਵੇਲੇ) ਕਰਿਆ ਕਰੋ।

(19) 19਼ ਉਹੀਓ ਜਿਉਂਦਿਆਂ ਨੂੰ ਮੁਰਦਿਆਂ ਵਿੱਚੋਂ ਅਤੇ ਮੁਰਦਿਆਂ ਨੂੰ ਜਿਉਂਦਿਆਂ ਵਿੱਚੋਂ ਕੱਢਦਾ ਹੈ ਅਤੇ ਉਹੀਓ ਧਰਤੀ ਨੂੰ ਉਸ ਦੀ ਮੌਤ (ਬੰਜਰ) ਹੋਣ ਮਗਰੋਂ ਜਿਊਂਦਾ (ਉਪਜਾਊ) ਕਰਦਾ ਹੈ। ਇਸੇ ਪ੍ਰਕਾਰ ਤੁਸੀਂ ਵੀ (ਕਬਰਾਂ ਵਿੱਚੋਂ) ਕੱਢੇ ਜਾਵੋਗੇ।

(20) 20਼ ਇਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਵਿੱਚੋਂ ਹੈ ਕਿ ਉਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ, ਫੇਰ ਹੁਣ ਤੁਸੀਂ ਮਨੁੱਖ ਹੋ ਜਿਹੜੇ ਹਰ ਪਾਸੇ ਫੈਲ ਰਹੇ ਹੋ।

(21) 21਼ ਉਸੇ ਦੀ ਨਿਸ਼ਾਨੀਆਂ ਵਿੱਚੋਂ (ਇਹ ਵੀ) ਹੈ ਕਿ ਉਸ ਨੇ ਤੁਹਾਡੇ ਤੋਂ ਹੀ (ਤੁਹਾਡੀਆਂ) ਪਤਨੀਆਂ ਪੈਦਾ ਕੀਤੀਆਂ ਤਾਂ ਜੋ ਤੁਸੀਂ ਉਹਨਾਂ ਕੋਲੋਂ ਸੁਖ ਸ਼ਾਂਤੀ ਪ੍ਰਾਪਤ ਕਰ ਸਕੋ। ਉਸ ਨੇ ਤੁਹਾਡੇ ਵਿਚਾਲੇ ਮੁਹੱਬਤ ਤੇ ਹਮਦਰਦੀ ਪੈਦਾ ਕਰ ਦਿੱਤੀ। ਜਿਹੜੇ ਲੋਕੀ ਸੋਚ ਵਿਚਾਰ ਕਰਨ ਵਾਲੇ ਹਨ ਉਹਨਾਂ ਲਈ ਇਸ ਵਿਚ ਮਹੱਤਵਪੂਰਣ ਨਿਸ਼ਾਨੀਆਂ ਹਨ।

(22) 22਼ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਅਕਾਸ਼ ਤੇ ਧਰਤੀ ਦੀ ਰਚਨਾ ਅਤੇ ਤੁਹਾਡੀਆਂ ਬੋਲੀਆਂ ਤੇ ਰੰਗਾਂ ਦਾ ਵੱਖ-ਵੱਖ ਹੋਣਾ ਵੀ ਹੈ। ਜਾਣਕਾਰਾਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।

(23) 23਼ ਤੁਹਾਡਾ ਰਾਤ ਤੇ ਦਿਨ ਵੇਲੇ ਸੌਣਾ ਅਤੇ ਉਸ ਦੇ ਫਜ਼ਲਾਂ (ਰੋਜ਼ੀ) ਦੀ ਭਾਲ ਕਰਨਾ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੈ। ਜਿਹੜੇ ਲੋਕੀ (ਧਿਆਨ ਨਾਲ) ਸੁਣਦੇ ਹਨ ਉਹਨਾਂ ਲਈ ਵੀ ਬਥੇਰੀਆਂ ਨਿਸ਼ਾਨੀਆਂ ਹਨ।

(24) 24਼ ਇਹ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੀ ਹੈ ਕਿ ਉਹ ਤੁਹਾਨੂੰ ਡਰਾਉਣ ਲਈ ਅਤੇ ਆਸਵੰਦ ਕਰਨ ਲਈ ਬਿਜਲੀ ਦੀ ਲਿਸ਼ਕ ਵਿਖਾਉਂਦਾ ਹੈ ਅਤੇ ਅਕਾਸ਼ ਤੋਂ ਮੀਂਹ ਵਰ੍ਹਾਉਂਦਾ ਹੈ, ਜਿਸ ਤੋਂ ਮਰੀ ਹੋਈ ਧਰਤੀ ਜਿਊਂਦੀ ਹੋ ਜਾਂਦੀ ਹੈ। ਅਕਲ ਵਾਲਿਆਂ ਲਈ ਇਸ ਵਿਚ ਵੀ ਬਥੇਰੀਆਂ ਨਿਸ਼ਾਨੀਆਂ ਹਨ।

(25) 25਼ ਉਸੇ (ਰੱਬ) ਦੀ ਇਕ ਨਿਸ਼ਾਨੀ ਇਹ ਵੀ ਹੈ ਕਿ ਅਕਾਸ਼ ਤੇ ਧਰਤੀ ਉਸੇ ਦੇ ਹੁਕਮ ਨਾਲ ਕਾਇਮ ਹਨ। ਜਦੋਂ ਉਹ ਤੁਹਾਨੂੰ ਧਰਤੀ (ਕਬਰਾਂ) ਵਿੱਚੋਂ ਸੱਦੇਗਾ ਫੇਰ ਤੁਸੀਂ ਸਾਰੇ ਧਰਤੀ ਵਿੱਚੋਂ ਕੇਵਲ ਇਕ ਸੱਦੇ ’ਤੇ ਹੀ ਬਾਹਰ ਨਿੱਕਲ ਆਓਗੇ।

(26) 26਼ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਉਸ ਦੀ ਮਲਕੀਅਤ ਹੈ ਅਤੇ ਸਾਰੇ ਉਸੇ ਦੇ ਆਗਿਆਕਾਰੀ ਹਨ।

(27) 27਼ ਉਹੀ (ਅੱਲਾਹ) ਹੈ ਜਿਹੜਾ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ ਉਹੀਓ ਫੇਰ ਉਸ ਨੂੰ ਮੁੜ ਪੈਦਾ ਕਰੇਗਾ ਅਤੇ ਇਹ ਕਰਨਾ ਉਸ ਲਈ ਤਾਂ ਇਹ ਬਹੁਤ ਹੀ ਸੌਖਾ ਹੈ ਅਕਾਸ਼ਾਂ ਤੇ ਧਰਤੀ ਵਿਚ ਉਸੇ (ਰੱਬ) ਦੀ ਸ਼ਾਨ ਸਭ ਤੋਂ ਉੱਚੀ ਹੈ ਅਤੇ ਉਹੀ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ।

(28) 28਼ (ਹੇ ਲੋਕੋ!) ਉਸ ਨੇ ਤੁਹਾਡੇ (ਸਮਝਾਉਣ) ਲਈ ਤੁਹਾਡੇ ਵਿੱਚੋਂ ਹੀ ਇਕ ਉਦਾਹਰਨ ਦਿੱਤੀ ਹੈ ਕਿ ਜੋ ਅਸੀਂ ਤੁਹਾਨੂੰ ਰਿਜ਼ਕ ਦਿੱਤਾ ਹੈ, ਕੀ ਉਸ ਵਿਚ ਤੁਹਾਡੇ ਗ਼ੁਲਾਮਾਂ (ਅਧੀਨ ਲੋਕਾਂ) ਵਿੱਚੋਂ ਵੀ ਕੋਈ ਸਾਂਝੀ ਹੋ ਸਕਦਾ ਹੈ ? ਕੀ ਤੁਸੀਂ ਅਤੇ ਉਹ ਇਕੋ ਬਰਾਬਰ ਹੋ ? ਕੀ ਤੁਸੀਂ (ਆਪਣੇ ਮਾਲ ’ਚੋਂ ਖ਼ਰਚ ਕਰਦੇ ਹੋਏ) ਉਹਨਾਂ ਤੋਂ ਇਸ ਤਰ੍ਹਾਂ ਡਰਦੇ ਹੋ ਜਿਵੇਂ ਆਪਣੇ ਸਾਂਝੀਆਂ ਤੋਂ ਡਰਦੇ ਹੋ ? ਇਸ ਤਰ੍ਹਾਂ ਅਸੀਂ ਸਮਝ ਰੱਖਣ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।

(29) 29਼ ਪਰ ਇਹ ਜ਼ਾਲਮ ਬਿਨਾਂ ਸੋਚੇ ਸਮਝੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ। ਜਿਸਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ ਫੇਰ ਉਸ ਨੂੰ ਰਾਹ ਕੌਣ ਵਿਖਾ ਸਕਦਾ ਹੈ ? ਉਹਨਾਂ ਦਾ ਤਾਂ ਕੋਈ ਵੀ ਸਹਾਈ ਨਹੀਂ ਹੋਵੇਗਾ।

(30) 30਼ (ਹੇ ਨਬੀ!) ਤੁਸੀਂ ਇਕਾਗਰਤਾ ਨਾਲ ਆਪਣਾ ਮੂੰਹ (ਅੱਲਾਹ ਦੇ) ਦੀਨ ਇਸਲਾਮ ਵੱਲ ਸਿੱਧਾ ਰੱਖੋ। ਕਾਇਮ ਹੋ ਜਾਓ ਉਸ ਫ਼ਿਤਰਤ (ਸੁਭਾਓ) ਉੱਤੇ ਜਿਸ ਉੱਤੇ ਅੱਲਾਹ ਨੇ ਮਨੁੱਖ ਨੂੰ ਪੈਦਾ ਕੀਤਾ ਹੈ। (ਭਾਵ ਮੁਸਲਮਾਨ ਹੀ ਪੈਦਾ ਕੀਤਾ ਹੈ) ਅੱਲਾਹ ਦੀ ਬਣਾਈ ਹੋਈ ਬਣਤਰ ਨੂੰ ਬਦਲਿਆ ਨਹੀਂ ਜਾ ਸਕਦਾ। ਇਹੋ ਸਿੱਧਾ ਤੇ ਸੱਚਾ ਧਰਮ (ਦੀਨ) ਹੈ, ਪਰ ਵਧੇਰੇ ਲੋਕ ਨਹੀਂ ਜਾਣਦੇ।1
1 ਵੇਖੋ ਸੂਰਤ ਯੂਨੁਸ, ਹਾਸ਼ੀਆ ਆਇਤ 19/10

(31) 31਼ (ਹੇ ਲੋਕੋ!) ਉਸੇ (ਅੱਲਾਹ) ਵੱਲ ਝੁਕਦੇ ਹੋਏ ਦੀਨ ’ਤੇ ਕਾਇਮ ਰਹੋ ਅਤੇ ਤੁਸੀਂ ਉਸੇ ਤੋਂ ਡਰਦੇ ਰਹੋ ਅਤੇ ਨਮਾਜ਼ ਕਾਇਮ ਰੱਖੋ ਅਤੇ ਤੁਸੀਂ ਮੁਸ਼ਰਿਕਾਂ ਵਿੱਚੋਂ ਨਾ ਹੋ ਜਾਓ।

(32) 32਼ (ਉਹਨਾਂ ਵਰਗੇ ਵੀ ਨਾ ਹੋ ਜਾਓ) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੋਟੇ-ਟੋਟੇ ਕਰ ਛੱਡਿਆ ਅਤੇ ਧੜ੍ਹਿਆਂ ਵਿਚ ਵੰਡੇ ਗਏ, ਹਰੇਕ ਧੜੇ ਕੋਲ ਜੋ ਹੈ ਉਹ ਉਸੇ ਵਿਚ ਮਸਤ ਹੈ।

(33) 33਼ ਜਦੋਂ ਲੋਕਾਂ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਹ (ਮਦਦ ਲਈ) ਆਪਣੇ ਰੱਬ ਵੱਲ ਮੁੜ ਆਉਂਦੇ ਹਨ ਤੇ ਉਸੇ ਤੋਂ ਦੁਆਵਾਂ ਮੰਗਦੇ ਹਨ ਫੇਰ ਜਦੋਂ ਉਹ ਆਪਣੇ ਵੱਲੋਂ ਉਹਨਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦਾ ਹੈ (ਭਾਵ ਬਿਪਤਾ ਦੂਰ ਕਰ ਦਿੰਦਾ ਹੈ)। ਤਾਂ ਉਹਨਾਂ ਵਿੱਚੋਂ ਕਈ ਲੋਕ ਆਪਣੇ ਰੱਬ ਨਾਲ ਸ਼ਿਰਕ ਕਰਨ ਲੱਗ ਜਾਂਦੇ।

(34) 34਼ (ਇਹ ਅਸੀਂ ਇਸ ਲਈ ਕਰਦੇ ਹਾਂ) ਤਾਂ ਜੋ ਉਹ ਉਸ ਚੀਜ਼ (ਨਿਅਮਤ) ਦੀ ਨਾ-ਸ਼ੁਕਰੀ ਕਰਨ ਲਗ ਜਾਣ ਜੋ ਅਸੀਂ ਉਹਨਾਂ ਨੂੰ ਬਖ਼ਸ਼ੀ ਹੈ। (ਚੰਗਾ) ਤੁਸੀਂ ਮੌਜਾਂ ਮਾਰ ਲਓ, ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ (ਕਿ ਹਕੀਕਤ ਕੀ ਹੈ ? )

(35) 35਼ ਕੀ ਅਸੀਂ ਉਹਨਾਂ ’ਤੇ ਕੋਈ ਅਜਿਹੀ ਦਲੀਲ ਉਤਾਰੀ ਹੈ ਕਿ ਉਹ ਉਹਨਾਂ ਦੇ ਸ਼ਿਰਕ ਨੂੰ ਜਾਇਜ਼ ਕਰਦੀ ਹੋਵੇ।

(36) 36਼ ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ।

(37) 37਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਰੋਜ਼ੀ ਵਿਚ ਫ਼ਰਾਖ਼ੀ (ਖੁੱਲ੍ਹ) ਜਾਂ ਤੰਗੀ ਦਿੰਦਾ ਹੈ ? ਇਸ ਵਿਚ ਉਹਨਾਂ ਲੋਕਾਂ ਲਈ ਅਨੇਕਾਂ ਨਿਸ਼ਾਨੀਆਂ ਹਨ ਜਿਹੜੇ ਈਮਾਨ ਰੱਖਦੇ ਹਨ।

(38) 38਼ ਤੁਸੀਂ (ਆਪਣੇ ਮਾਲ ’ਚੋਂ) ਆਪਣੇ ਸਾਕ-ਸੰਬੰਧੀਆਂ ਨੂੰ, ਮਸਕੀਨਾਂ ਨੂੰ ਅਤੇ ਮੁਸਾਫ਼ਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਦਾ ਕਰੋ। ਜਿਹੜੇ ਲੋਕੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੰਜ ਕਰਨਾ ਬਹੁਤ ਚੰਗਾ ਹੈ, ਅਜਿਹੇ ਲੋਕ ਹੀ ਕਾਮਯਾਬ ਹੋਣਗੇ।

(39) 39਼ (ਹੇ ਲੋਕੋ!) ਤੁਸੀਂ ਜਿਹੜਾ (ਧੰਨ) ਸੂਦ ’ਤੇ ਦਿੰਦੇ ਹੋ ਤਾਂ ਜੋ ਉਹ ਲੋਕਾਂ ਦੇ ਮਾਲ ਵਿਚ ਰਲ ਕੇ ਵਧਦਾ ਰਹੇ, ਉਹ ਅੱਲਾਹ ਦੀਆਂ ਨਜ਼ਰਾਂ ਵਿਚ ਨਹੀਂ ਵਧਦਾ। ਤੁਸੀਂ ਅੱਲਾਹ ਦੇ ਦਰਸ਼ਨ ਕਰਨ ਲਈ ਜਿਹੜਾ ਕੁੱਝ ਜ਼ਕਾਤ ਵਿਚ ਦਿੰਦੇ ਹੋ ਅਜਿਹੇ ਲੋਕ ਹੀ ਆਪਣੇ ਮਾਲ ਨੂੰ (ਅੱਲਾਹ ਦੀਆਂ ਨਜ਼ਰਾਂ ਵਿਚ) ਕਈ ਗੁਣਾ ਵਧਾਉਣ ਵਾਲੇ ਹਨ।

(40) 40਼ ਅੱਲਾਹ ਹੀ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਫੇਰ (ਖਾਣ ਪੀਣ ਨੂੰ) ਰਿਜ਼ਕ ਦਿੱਤਾ ਫੇਰ ਉਹ ਤੁਹਾਨੂੰ ਮੌਤ ਦੇਵੇਗਾ ਫੇਰ ਉਹ ਤੁਹਾਨੂੰ ਜਿਊਂਦਾ ਕਰੇਗਾ। ਕੀ ਤੁਹਾਡੇ (ਮਿਥੇ ਹੋਏ) ਸ਼ਰੀਕਾਂ ਵਿੱਚੋਂ ਵੀ ਕੋਈ ਅਜਿਹਾ ਹੈ ਜਿਹੜਾ ਇਹ ਕੁੱਝ ਕਰ ਸਕਦਾ ਹੋਵੇ ? ਅੱਲਾਹ ਉਹਨਾਂ ਦੇ ਥਾਪੇ ਹੋਏ ਸ਼ਰੀਕਾਂ ਤੋਂ ਪਾਕ ਪਵਿੱਤਰ ਹੈ ਤੇ ਕਿਤੇ ਉੱਚਾ ਹੈ।

(41) 41਼ ਥਲ ਤੇ ਜਲ ਵਿਚ ਲੋਕਾਂ ਦੀਆਂ ਭੈੜੀਆਂ ਕਰਤੂਤਾਂ ਕਾਰਨ ਵਿਗਾੜ ਫੈਲ ਗਿਆ ਹੈ, ਇਸੇ ਲਈ ਫ਼ਸਾਦੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਸੁਆਦ ਚਖਾਉਂਦਾ ਹੈ, ਸ਼ਾਇਦ ਕਿ ਉਹ ਹਿਦਾਇਤ ਵੱਲ ਪਰਤ ਆਉਣ।

(42) 42਼ (ਹੇ ਨਬੀ!) ਤੁਸੀਂ ਉਹਨਾਂ (ਜ਼ਾਲਮਾਂ) ਨੂੰ ਆਖੋ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਹਿਲੇ ਲੋਕਾਂ ਦਾ ਕਿਹੋ ਜਿਹਾ ਅੰਜਾਮ (ਅੰਤ) ਹੋਇਆ ਸੀ। ਉਹਨਾਂ ਵਿਚ ਬਹੁਤੇ ਤਾਂ ਮੁਸ਼ਰਿਕ ਹੀ ਸਨ।

(43) 43਼ ਸੋ ਤੁਸੀਂ ਆਪਣੀ ਦਿਸ਼ਾ ਉਸ ਸੱਚੇ ਤੇ ਸਿੱਧੇ ਧਰਮ (ਇਸਲਾਮ) ਵਲ ਰੱਖੋ, ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਹੜਾ ਅੱਲਾਹ ਵੱਲੋਂ ਨਹੀਂ ਟਲੇਗਾ। ਉਸ ਦਿਹਾੜੇ ਉਹ (ਮੋਮਿਨ ਤੇ ਕਾਫ਼ਿਰ) ਅੱਡੋ-ਅੱਡ ਹੋ ਜਾਣਗੇ।

(44) 44਼ ਜਿਸ ਨੇ ਕੁਫ਼ਰ ਕੀਤਾ ਹੋਵੇਗਾ ਉਸ ਨੂੰ ਉਸ ਦੀ ਸਜ਼ਾ ਮਿਲੇਗੀ ਅਤੇ ਜਿਨ੍ਹਾਂ ਨੇ ਨੇਕ ਕੰਮ ਕੀਤੇ ਹੋਣਗੇ ਉਹ ਆਪਣੇ ਲਈ (ਸਫ਼ਲਤਾ ਵਾਲੀ) ਰਾਹ ਪੱਧਰ ਕਰ ਰਹੇ ਹੋਣਗੇ।

(45) 45਼ ਤਾਂ ਜੋ ਅੱਲਾਹ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੇ ਈਮਾਨ ਲਿਆਉਣ ਮਗਰੋਂ ਨੇਕ ਕੰਮ ਕੀਤੇ ਹਨ, ਆਪਣੇ ਫ਼ਜ਼ਲ (ਕ੍ਰਿਪਾ) ਨਾਲ ਜਜ਼ਾ (ਵਧੀਆ ਬਦਲਾ) ਦੇਵੇ। ਬੇਸ਼ੱਕ ਉਹ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।

(46) 46਼ ਅਤੇ ਉਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਉਹ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ ਤਾਂ ਜੋ ਉਹ ਤੁਹਾਨੂੰ ਆਪਣੀਆਂ ਮਿਹਰਾਂ ਦਾ ਆਨੰਦ ਦੇਵੇ। ਉਸ ਦੇ ਹੁਕਮ ਨਾਲ ਹੀ (ਪਾਣੀ ਵਿਚ) ਬੇੜੀਆਂ ਚੱਲਦੀਆਂ ਹਨ ਤਾਂ ਜੋ (ਸਮੁੰਦਰਾਂ ਵਿਚ) ਤੁਸੀਂ ਉਸ ਦੇ ਫ਼ਜ਼ਲ ਦੀ ਭਾਲ ਕਰੋ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰ ਸਕੋਂ।

(47) 47਼ (ਹੇ ਮੁਹੰਮਦ ਸ:!) ਅਸੀਂ ਤੁਹਾਥੋਂ ਪਹਿਲਾਂ ਵੀ ਆਪਣੇ ਕਈ ਪੈਗ਼ੰਬਰਾਂ ਨੂੰ ਉਹਨਾਂ ਦੀਆਂ ਹੀ ਕੌਮਾਂ ਵੱਲ ਭੇਜੇ ਸਨ। ਉਹ (ਰਸੂਲ) ਉਹਨਾਂ ਕੋਲ ਸਪਸ਼ਟ ਦਲੀਲਾਂ ਵੀ ਲਿਆਏ ਸਨ। (ਜਦੋਂ ਉਹ ਕੌਮਾਂ ਨਹੀਂ ਮੰਨੀਆਂ) ਫੇਰ ਅਸੀਂ ਗੁਨਾਹਗਾਰਾਂ ਤੋਂ (ਆਪਣੇ ਅਜ਼ਾਬ ਰਾਹੀਂ) ਬਦਲਾ ਲਿਆ। ਸਾਡੇ ਲਈ ਤਾਂ ਮੋਮਿਨਾਂ ਦੀ ਮਦਦ ਕਰਨਾ ਲਾਜ਼ਮੀ ਹੈ।

(48) 48਼ ਅੱਲਾਹ ਉਹ ਜ਼ਾਤ ਰੁ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫੇਰ ਉਹ ਬੱਦਲਾਂ ਨੂੰ ਚੁੱਕਦੀਆਂ ਹਨ ਫੇਰ ਅੱਲਾਹ ਆਪਣੀ ਇੱਛਾ ਅਨੁਸਾਰ ਉਹਨਾਂ (ਬੱਦਲਾਂ) ਨੂੰ ਅਕਾਸ਼ ਵਿਚ ਫੈਲਾ ਦਿੰਦਾ ਹੈ ਅਤੇ ਉਹਨਾਂ (ਬੱਦਲਾਂ) ਨੂੰ ਟੁਕੜੀਆਂ ਵਿਚ ਵੰਡ ਦਿੰਦਾ ਹੈ ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ (ਬੱਦਲਾਂ) ਵਿੱਚੋਂ (ਪਾਣੀ ਦੀਆਂ) ਬੁੰਦਾਂ ਨਿਕਲਦੀਆਂ ਹਨ ਅਤੇ ਜਿਨ੍ਹਾਂ ਬੰਦਿਆਂ ’ਤੇ ਅੱਲਾਹ ਚਾਹੁੰਦਾ ਹੈ, ਉਹਨਾਂ ਉੱਤੇ ਮੀਂਹ ਬਰਸਾਉਂਦਾ ਹੈ। ਉਸ ਸਮੇਂ ਉਹ ਲੋਕ ਖ਼ੁਸ਼ ਹੋ ਜਾਂਦੇ ਹਨ।

(49) 49਼ ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ।

(50) 50਼ ਸੋ ਤੁਸੀਂ ਅੱਲਾਹ ਦੀਆਂ ਮਿਹਰਾਂ ਦੀ ਨਿਸ਼ਾਨੀਆਂ ਵੇਖੋ ਕਿ ਉਹ ਮਰੀ ਹੋਈ (ਉਜਾੜ) ਧਰਤੀ ਨੂੰ ਕਿੱਦਾਂ ਜਿਊਂਦਾ (ਉਪਜਾਊ) ਕਰਦਾ ਹੈ। ਬੇਸ਼ੱਕ ਉਹੀ (ਅੱਲਾਹ) ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਹੈ ਅਤੇ ਉਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।

(51) 51਼ ਅਤੇ ਜੇਕਰ ਅਸੀਂ ਹਵਾਵਾਂ ਦੇ ਝੱਖੜ ਚਲਾ ਦਈਏ ਅਤੇ ਇਹ ਆਪਣੀ ਫ਼ਸਲ ਨੂੰ ਪੀਲੀ (ਮੁਰਝਾਈ) ਹੋਈ ਵੇਖਣ ਤਾਂ ਉਹ ਨਾ-ਸ਼ੁਕਰੀਆਂ ਕਰਨ ਲੱਗ ਜਾਂਦੇ ਹਨ।

(52) 52਼ ਬੇਸ਼ੱਕ (ਹੇ ਨਬੀ!) ਤੁਸੀਂ ਮੁਰਦਿਆਂ ਨੂੰ (ਬੇ-ਸਮਝਾਂ ਨੂੰ) ਨਹੀਂ ਸੁਣਾ ਸਕਦੇ ਅਤੇ ਨਾ ਹੀ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ। ਜਦ ਕਿ ਉਹ ਪਿੱਠ ਫੇਰ ਕੇ ਮੁੜ ਗਏ ਹੋਣ।

(53) 53਼ ਅਤੇ ਨਾ ਹੀ ਤੁਸੀਂ ਅੰਨ੍ਹੇ ਲੋਕਾਂ ਨੂੰ ਕੁਰਾਹਿਓਂ ਕੱਢ ਕੇ ਸਿੱਧੇ ਰਾਹ ਲਿਆ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ’ਤੇ ਈਮਾਨ ਰੱਖਦੇ ਹਨ। ਬਸ ਉਹੀਓ ਆਗਿਆਕਾਰੀ ਹਨ।

(54) 54਼ ਅੱਲਾਹ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਕਮਜ਼ੋਰੀ ਦੀ ਹਾਲਤ ਵਿਚ ਪੈਦਾ ਕੀਤਾ, ਫੇਰ ਇਸ ਕਮਜ਼ੋਰੀ (ਬਚਪਣ) ਤੋਂ ਮਗਰੋਂ ਤਾਕਤ (ਜਵਾਨੀ) ਦਿੱਤੀ, ਫੇਰ ਇਸ ਤਾਕਤ (ਜਵਾਨੀ) ਮਗਰੋਂ ਕਮਜ਼ੋਰੀ ਤੇ ਬੁਢਾਪਾ ਦਿੱਤਾ। ਉਹ ਜਿਵੇਂ ਚਾਹੇ ਪੈਦਾ ਕਰਦਾ ਹੈ। ਉਹ ਸਭ ਕੁੱਝ ਜਾਣਨ ਵਾਲਾ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ।

(55) 55਼ ਜਿਸ ਦਿਨ ਕਿਆਮਤ ਆਵੇਗੀ ਅਪਰਾਧੀ ਕਸਮਾਂ ਖਾਣਗੇ ਕਿ ਉਹ (ਸੰਸਾਰ ਵਿਚ) ਛੁੱਟ ਇਕ ਪਲ ਤੋਂ ਨਹੀਂ ਠਹਿਰੇ। ਇਸ ਤਰ੍ਹਾਂ ਇਹ (ਸੰਸਾਰਿਕ ਜੀਵਨ ਵਿਚ) ਕੁਰਾਹੇ ਪਏ ਰਹੇ।

(56) 56਼ ਅਤੇ ਜਿਨ੍ਹਾਂ ਲੋਕਾਂ ਨੂੰ ਈਮਾਨ ਅਤੇ ਗਿਆਨ ਦਿੱਤਾ ਗਿਆ ਹੈ ਉਹ ਆਖਣਗੇ ਕਿ ਤੁਸੀਂ ਤਾਂ (ਹੇ ਅਪਰਾਧੀਓ!) ਜਿਵੇਂ ਕਿ ਅੱਲਾਹ ਦੀ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਹੈ ਕਿਆਮਤ ਤਕ (ਸੰਸਾਰ ਵਿਚ) ਰਹੇ ਸੀ। ਅੱਜ ਇਹ ਦਿਨ ਮੁੜ ਆਉਣ ਦਾ ਹੈ। ਪਰ ਤੁਸੀਂ ਤਾਂ ਇਸ ਨੂੰ ਮੰਨਦੇ ਹੀ ਨਹੀਂ ਸੀ।

(57) 57਼ ਉਸ ਦਿਨ ਉਹਨਾਂ ਜ਼ਾਲਮਾਂ ਦਾ ਕੋਈ ਵੀ ਬਹਾਨਾ ਉਹਨਾਂ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਨੂੰ ਤੌਬਾ ਕਰਨ ਦਾ ਅਵਸਰ ਦਿੱਤਾ ਜਾਵੇਗਾ।

(58) 58਼ ਬੇਸ਼ੱਕ ਅਸੀਂ ਇਸ .ਕੁਰਆਨ ਵਿਚ ਲੋਕਾਂ ਸਾਹਮਣੇ ਹਰ ਤਰ੍ਹਾਂ ਦੀਆਂ ਉਦਾਹਰਣਾਂ (ਵਿਸਥਾਰ ਨਾਲ) ਬਿਆਨ ਕਰ ਦਿੱਤੀਆਂ ਹਨ। ਫੇਰ ਵੀ ਕਾਫ਼ਿਰ ਤਾਂ ਬਸ ਇਹੋ ਆਖਣਗੇ ਕਿ ਤੁਸੀਂ ਤਾਂ ਨਿਰੇ ਝੂਠੇ ਹੋ।

(59) 59਼ ਇਸ ਤਰ੍ਹਾਂ ਅੱਲਾਹ ਬੇ-ਸਮਝ ਲੋਕਾਂ ਦੇ ਦਿਲਾਂ ’ਤੇ ਮੋਹਰਾਂ ਲਾ ਛੱਡਦਾ ਹੈ।

(60) 60਼ ਸੋ (ਹੇ ਨਬੀ!) ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਚਨ ਸੱਚਾ ਹੈ। ਉਹ (ਕਾਫ਼ਿਰ) ਲੋਕ, ਜਿਹੜੇ ਲੋਕੀ (ਅੱਲਾਹ ਦੀ ਕਿਤਾਬ .ਕੁਰਆਨ) ’ਤੇ ਯਕੀਨ ਨਹੀਂ ਰੱਖਦੇ, ਉਹ ਤੁਹਾਨੂੰ ਹੋਲਾ (ਬੇ-ਸਬਰਾ) ਨਾ ਕਰ ਦੇਣ।