19 - Maryam ()

|

(1) 1਼ ਕਾਫ਼, ਹਾ, ਯਾ, ਐਨ, ਸਾੱਦ।

(2) 2਼ (ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ।

(3) 3਼ ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ।

(4) 4਼ (ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ।

(5) 5਼ ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ।

(6) 6਼ ਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ।

(7) 7਼ (ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ।

(8) 8਼ (ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ।

(9) 9਼ ਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ।

(10) 10਼ (ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ।

(11) 11਼ ਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ।

(12) 12਼ (ਜਦੋਂ ਯਾਹਯਾ ਜਵਾਨ ਹੋ ਗਿਆ ਤਾਂ ਰੱਬ ਨੇ ਉਸ ਨੂੰ ਆਪਣਾ ਨਬੀ ਘੋਸ਼ਿਤ ਕਰਦੇ ਹੋਏ) ਅੱਲਾਹ ਨੇ ਫ਼ਰਮਾਇਆ ਕਿ ਹੇ ਯਾਹਯਾ! (ਮੇਰੀ) ਕਿਤਾਬ (ਤੌਰੈਤ) ਨੂੰ ਜ਼ੋਰ ਨਾਲ ਫੜ ਲੈ। ਅਸੀਂ ਉਸ ਨੂੰ ਛੋਟੀ ਉਮਰ (ਬਚਪਣ) ਵਿਚ ਹੀ ਨਿਰਣਾ-ਸ਼ਕਤੀ ਨਾਲ ਨਿਵਾਜ਼ਿਆ ਸੀ।

(13) 13਼ ਅਤੇ ਆਪਣੇ ਵੱਲੋਂ ਉਸ (ਯਾਹਯਾ) ਨੂੰ ਨਿਮਰਤਾ ਤੇ ਪਵਿੱਤਰਤਾ ਬਖ਼ਸ਼ੀ। ਉਹ ਇਕ ਪਰਹੇਜ਼ਗਾਰ (ਰੱਬ ਦੀ ਨਾਰਾਜ਼ਗੀ ਤੋਂ ਡਰਨ ਵਾਲਾ) ਵਿਅਕਤੀ ਸੀ।

(14) 14਼ ਉਹ ਆਪਣੇ ਮਾਪਿਆ ਨਾਲ ਭਲਾਈ ਕਰਨ ਵਾਲਾ ਸੀ ਉਹ ਸਰਕਸ਼ ਤੇ ਨਾ-ਫ਼ਰਮਾਨ ਨਹੀਂ ਸੀ।

(15) 15਼ ਉਸ (ਯਾਹਯਾ) ’ਤੇ ਸਲਾਮ, ਜਿਸ ਦਿਨ ਉਹ ਪੈਦਾ ਹੋਇਆ, ਜਿਸ ਦਿਨ ਉਹ ਅਕਾਲ ਚਲਾਣਾ ਕਰੇਗਾ ਅਤੇ ਜਿਸ ਦਿਨ ਉਹ ਮੁੜ ਜਿਊਂਦਾ ਕਰਕੇ ਉਠਾਇਆ ਜਾਵੇਗਾ।

(16) 16਼ ਇਸ ਕਿਤਾਬ ਵਿਚ ਮਰੀਅਮ ਦਾ ਵੀ ਜ਼ਿਕਰ ਹੈ, ਜਦੋਂ ਉਹ ਆਪਣੇ ਲੋਕਾਂ ਤੋਂ ਵੱਖ ਹੋਕੇ ਪੂਰਬ ਵੱਲ ਘਰ ਵਿਚ ਜਾ ਬੈਠੀ।

(17) 17਼ ਅਤੇ ਉਹਨਾਂ ਲੋਕਾਂ ਤੋਂ ਪੜਦਾ ਕਰ ਲਿਆ ਫੇਰ ਅਸੀਂ ਅੱਲਾਹ ਨੇ ਉਸ (ਮਰੀਅਮ) ਕੋਲ ਆਪਣੀ ਰੂਹ (ਜਿਬਰਾਈਲ) ਨੂੰ ਭੇਜਿਆ, ਉਹ (ਜਿਬਰਾਈਲ) ਉਸ (ਮਰੀਅਮ) ਦੇ ਸਾਹਮਣੇ ਪੂਰੇ ਮਨੁੱਖ ਦੇ ਰੂਪ ਵਿਚ ਪ੍ਰਗਟ ਹੋਇਆ।

(18) 18਼ ਇਹ ਵੇਖ ਕੇ ਮਰੀਅਮ ਆਖਣ ਲੱਗੀ ਕਿ ਮੈਂ ਤੈਥੋਂ ਰਹਿਮਾਨ ਦੀ ਪਨਾਹ ਮੰਗਦੀ ਹਾਂ ਜੇ ਤੂੰ ਰਤਾ ਵੀ ਉਸ ਤੋਂ ਡਰਨ ਵਾਲਾ ਹੈ।

(19) 19਼ ਉਸ (ਜਿਬਰਾਈਲ) ਨੇ ਉੱਤਰ ਵਿਚ ਕਿਹਾ ਕਿ ਮੈਂ ਤਾਂ ਤੇਰੇ ਰੱਬ ਵੱਲੋਂ ਹੀ ਭੇਜਿਆ ਹੋਇਆ ਹਾਂ ਤਾਂ ਜੋ ਤੈਨੂੰ ਰੱਬੀ ਹੁਕਮ ਨਾਲ ਇਕ ਪਵਿੱਤਰ ਬਾਲਕ ਬਖ਼ਸ਼ਾਂ।

(20) 20਼ (ਮਰੀਅਮ) ਆਖਣ ਲੱਗੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ? ਮੈਨੂੰ ਤਾਂ ਕਿਸੇ ਪੁਰਖ ਨੇ ਹੱਥ ਤਕ ਨਹੀਂ ਲਾਇਆ ਅਤੇ ਨਾ ਹੀ ਮੈਂ ਬਦਕਾਰ ਹਾਂ।

(21) 21਼ ਫ਼ਰਿਸ਼ਤੇ (ਜਿਬਰਾਈਲ) ਨੇ ਆਖਿਆ ਕਿ ਇੰਜ ਹੀ ਹੋਵੇਗਾ ਤੇਰੇ ਰੱਬ ਦਾ ਫਰਮਾਨ ਹੈ ਕਿ ਇੰਜ ਕਰਨਾ ਮੇਰੇ ਲਈ ਬਹੁਤ ਹੀ ਆਸਾਨ ਹੈ। ਅਸੀਂ ਉਸ ਬਾਲਕ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦੇਵਾਂਗੇ ਅਤੇ ਆਪਣੇ ਵੱਲੋਂ ਇਕ ਵਿਸ਼ੇਸ਼ ਰਹਿਮਤ ਬਣਾ ਦੇਵਾਂਗੇ ਅਤੇ ਇਹ ਕੰਮ ਹੋਣਾ ਨਿਸ਼ਚਿਤ ਹੈ।

(22) 22਼ ਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।
1 ਇਸ ਹਕੀਕਤ ਨੂੰ ਦੂਜੀ ਥਾਂ ਇੰਜ ਬਿਆਨ ਕੀਤਾ ਗਿਆ ਹੈ “ਉਹ ਪਾਕ ਤੇ ਪਵਿੱਤਰ ਜ਼ਨਾਨੀ ਜਿਸ ਨੇ ਆਪਣੀ ਇੱਜ਼ਤ ਦੀ ਰਾਖੀ ਕੀਤੀ। ਅਸੀਂ ਉਸ ਵਿਚ ਆਪਣੇ ਵੱਲੋਂ ਜਾਨ (ਰੂਹ) ਪਾ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਦੁਨੀਆਂ ਵਾਲਿਆਂ ਲਈ ਨਿਸ਼ਾਨੀ ਬਣਾ ਦਿੱਤਾ” (ਅੰਬੀਆਂ 91/21)।

(23) 23਼ ਫੇਰ ਪਰਸੂਤ ਦੀਆਂ ਪੀੜਾਂ ਨੇ ਉਸ ਨੂੰ ਖਜੂਰ ਦੇ ਦਰਖ਼ਤ ਹੇਠ ਪਹੁੰਚਾ ਦਿੱਤਾ। ਆਖਣ ਲੱਗੀ ਕਿ ਕਾਸ਼! ਮੈਂ ਇਸ (ਬਾਲਕ ਦੇ ਜੰਮਣ) ਤੋਂ ਪਹਿਲਾਂ ਹੀ ਮਰ ਜਾਂਦੀ ਅਤੇ ਲੋਕੀ ਮੈਨੂੰ ਭੁਲ ਜਾਂਦੇ।

(24) 24਼ ਉਦੋਂ ਹੀ ਫ਼ਰਿਸ਼ਤੇ ਨੇ ਉਸ ਦੇ ਹੇਠੋਂ ਅਵਾਜ਼ ਮਾਰ ਕੇ ਆਖਿਆ ਕਿ ਚਿੰਤਾ ਨਾ ਕਰ ਤੇਰੇ ਰੱਬ ਨੇ ਤੇਰੇ ਪੈਰਾਂ ਹੇਠ ਇਕ ਸੋਮਾ ਵਗਾ ਦਿੱਤਾ ਹੈ।

(25) 25਼ ਅਤੇ ਖਜੂਰ ਦੇ ਤਨੇ ਨੂੰ ਹਲੂਣਾ ਮਾਰ, ਇਹ ਤੇਰੇ ਅੱਗੇ (ਖਾਨ ਲਈ) ਤਾਜ਼ੀਆਂ ਤੇ ਪੱਕੀਆਂ ਹੋਈਆਂ ਖਜੂਰਾਂ ਝਾੜ ਦੇਵੇਗਾ।

(26) 26਼ ਸੋ ਹੁਣ ਤੂੰ ਖਾ ਪੀ ਅਤੇ (ਬੱਚੇ ਨੂੰ ਵੇਖ ਕੇ) ਆਪਣੀਆਂ ਅੱਖਾਂ ਠੰਢੀਆਂ ਕਰ, ਜੇ ਤੈਨੂੰ ਕੋਈ ਵਿਅਕਤੀ ਵਿਖਾਈ ਦੇਵੇ ਤਾਂ ਉਹ ਨੂੰ ਆਖ ਦਈਂ ਕਿ ਮੈਂ ਰਹਿਮਾਨ ਲਈ ਰੋਜ਼ੇ ਦੀ ਸੁੱਖ ਸੁੱਖੀ ਹੈ ਸੋ ਅੱਜ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ।

(27) 27਼ ਜਦੋਂ ਉਹ (ਮਰੀਅਮ) ਆਪਣੇ ਬੱਚੇ ਨੂੰ ਲੈ ਕੇ ਆਪਣੀ ਕੌਮ ਵੱਲ ਆਈ ਤਾਂ ਉਹ ਕਹਿਣ ਲੱਗੇ ਕਿ ਹੇ ਮਰੀਅਮ! ਇਹ ਤਾਂ ਤੂੰ ਘੋਰ ਪਾਪ ਕੀਤਾ ਹੈ।

(28) 28਼ (ਕੌਮ ਨੇ ਆਖਿਆ ਕਿ) ਹੇ ਹਾਰੂਨ ਦੀ ਭੈਣ! ਨਾ ਹੀ ਤੇਰਾ ਪਿਓ ਭੈੜਾ ਵਿਅਕਤੀ ਸੀ ਅਤੇ ਨਾ ਹੀ ਤੇਰੀ ਮਾਂ ਕੋਈ ਬਦਕਾਰ ਔਰਤ ਸੀ।

(29) 29਼ ਮਰੀਅਮ ਨੇ ਆਪਣੇ ਬੱਚੇ ਵੱਲ ਇਸ਼ਾਰਾ ਕੀਤਾ (ਜੋ ਪੁਛਣਾ ਹੈ ਇਸ ਤੋਂ ਪੱਛੋ ਕਿ ਇਸ ਤੋਂ ਪੁੱਛੋ)। ਉਹ ਲੋਕ ਕਹਿਣ ਲੱਗੇ ਕਿ ਭਲਾਂ ਗੋਦੀ ਵਾਲੇ ਬੱਚੇ ਨਾਲ ਅਸੀਂ ਕਿੱਦਾ ਗੱਲਾਂ ਕਰ ਸਕਦੇ ਹਾਂ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 46/3

(30) 30਼ ਪਰ ਬੱਚਾ ਬੋਲ ਪਿਆ ਕਿ ਮੈਂ ਅੱਲਾਹ ਦਾ ਬੰਦਾ ਹਾਂ ਉਸ ਨੇ ਮੈਨੂੰ ਕਿਤਾਬ (ਇੰਜੀਲ) ਬਖ਼ਸ਼ੀ ਹੈ ਅਤੇ ਮੈਨੂੰ ਪੈਗ਼ੰਬਰ ਬਣਾਇਆ ਹੈ।

(31) 31਼ ਉਸ (ਅੱਲਾਹ) ਨੇ ਮੈਨੂੰ ਬਰਕਤਾਂ ਵਾਲਾ ਬਣਾਇਆ ਹੈ, ਮੈਂ ਜਿੱਥੇ ਵੀ ਹੋਵਾਂ ਅਤੇ ਜਦੋਂ ਤੀਕ ਮੈਂ ਜਿਊਂਦਾ ਰਹਾਂ, ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦੇਣ ਦਾ ਹੁਕਮ ਦਿੱਤਾ ਹੈ।

(32) 32਼ ਅਤੇ ਉਸ ਨੇ ਮੈਨੂੰ ਆਪਣੀ ਮਾਤਾ ਦਾ ਸੇਵਾਦਾਰ ਬਣਾਇਆ ਹੈ। ਉਸ (ਅੱਲਾਹ) ਨੇ ਮੈਨੂੰ ਜ਼ੋਰ ਜ਼ਬਰਦਸਤੀ ਕਰਨ ਵਾਲਾ ਅਤੇ ਮੰਦਭਾਗਾ ਨਹੀਂ ਬਣਾਇਆ।

(33) 33਼ ਸਲਾਮ ਹੈ ਮੇਰੇ ਉੱਤੇ ਜਦੋਂ ਮੈਂ ਜਨਮਿਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਦੋਂ ਮੈਂ ਮੁੜ ਜਿਊਂਦਾ ਕਰਕੇ ਖੜਾ ਕੀਤਾ ਜਾਵਾਂਗਾ।

(34) 34਼ ਇਹ ਹੈ ਈਸਾ ਪੁੱਤਰ ਮਰੀਅਮ (ਦੀ ਹਕੀਕਤ), ਇਹੋ ਹੱਕ ਸੱਚ ਵਾਲੀ ਗੱਲ ਹੈ, ਜਿਸ ਵਿਚ ਲੋਕੀ ਸ਼ੱਕ ਕਰ ਰਹੇ ਹਨ।

(35) 35਼ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਸ ਦੇ ਕੋਈ ਸੰਤਾਨ ਹੋਵੇ, ਉਹ ਤਾਂ ਇਕ ਪਾਕ ਜ਼ਾਤ ਹੈ। ਉਹ ਜਦੋਂ ਕਿਸੇ ਕੰਮ ਦੇ ਕਰਨ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਆਖਦਾ ਹੈ ਕਿ ਹੋ ਜਾ ਤਾਂ ਉਹ ਝੱਟ ਹੋ ਜਾਂਦਾ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2

(36) 36਼ (ਈਸਾ ਨੇ ਆਖਿਆ) ਬੇਸ਼ੱਕ ਅੱਲਾਹ ਹੀ ਮੇਰਾ ਅਤੇ ਤੁਹਾਡਾ ਰੱਬ ਹੈ, ਸੋ ਤੁਸੀਂ ਸਾਰੇ ਉਸੇ ਦੀ ਬੰਦਗੀ ਕਰੋ, ਇਹੋ ਸਿੱਧਾ ਰਾਹ ਹੈ।

(37) 37਼ ਪਰ ਫੇਰ ਵੱਖ-ਵੱਖ ਧੜੇ ਆਪੋ ਵਿਚਾਲੇ ਮਤਭੇਦ ਕਰਨ ਲੱਗ ਪਏ, 2 ਸੋ ਉਹਨਾਂ ਲਈ ਬਰਬਾਦੀ ਹੈ ਜਿਨ੍ਹਾਂ ਨੇ ਵੱਡੇ ਦਿਹਾੜੇ (ਭਾਵ ਕਿਆਮਤ) ਦੀ ਪੇਸ਼ੀ ਦਾ ਇਨਕਾਰ ਕੀਤਾ।
2 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 103/3

(38) 38਼ ਉਹ ਲੋਕ ਕਿੰਨਾਂ ਵਧੀਆ ਵੇਖਣ ਵਾਲੇ ਤੇ ਸੁਣਨ ਵਾਲੇ ਹੋਣਗੇ ਜਦੋਂ (ਕਿਆਮਤ ਦਿਹਾੜੇ) ਉਹ ਕਾਫ਼ਿਰ ਸਾਡੇ ਕੋਲ ਆਉਣਗੇ ਪਰ ਅੱਜ ਦੇ ਦਿਨ ਤਾਂ ਇਹ ਜ਼ਾਲਮ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।

(39) 39਼ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿਚ) ਇਹ ਲੋਕੀ ਭੁਲੇਖੇ ਵਿਚ ਹਨ 1 ਉਹ ਈਮਾਨ ਨਹੀਂ ਲਿਆਉਣਗੇ।
1 ਜਦੋਂ ਕਿਆਮਤ ਦੀ ਘਟਨਾ ਵਾਪਰੇਗੀ ਤਾਂ ਇਨਕਾਰੀਆਂ ਦੀਆਂ ਅੱਖਾਂ ਖੁਲ੍ਹੀਆਂ ਰਹਿ ਜਾਣਗੀਆਂ ਅਤੇ ਅਫ਼ਸੋਸ ਕਰਨਗੇ ਪਰ ਹੁਣ ਇਸ ਦੀ ਭਰਪਾਈ ਨਹੀਂ ਹੋ ਸਕਦੀ ਕਿਉਂ ਜੇ ਉੱਥੇ ਜਿਹੜਾ ਵੀ ਕੋਈ ਆਰਾਮ ਤੇ ਖ਼ੁਸ਼ੀ ਵਿਚ ਹੋਵੇਗਾ ਉਹ ਸਦਾ ਲਈ ਹੋਵੇਗਾ ਅਤੇ ਜਿਹੜਾ ਅਜ਼ਾਬ ਵਿਚ ਫ਼ਸਿਆ ਹੋਵੇਗਾ ਉਹ ਵੀ ਸਦਾ ਲਈ ਹੋਵੇਗਾ। ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਕਿਆਮਤ ਦਿਹਾੜੇ ਮੌਤ ਨੂੰ ਇਕ ਚਿਤਕਬਰੇ ਮਿੰਢੇ ਦੀ ਸ਼ਕਲ ਵਿਚ ਲਿਆਇਆ ਜਾਵੇਗਾ ਅਤੇ ਫੇਰ ਇਕ ਆਵਾਜ਼ ਦੇਣ ਵਾਲੀ ਆਵਾਜ਼ ਦੇਵੇਗਾ ਕਿ ਹੇ ਜੰਨਤੀਓ! ਜਦੋਂ ਉਹ ਗਰਦਨ ਚੁੱਕ ਕੇ ਵੇਖਣਗੇ ਕਿ ਉਹਨਾਂ ਨੂੰ ਕਿਹਾ ਜਾਵੇਗਾ ਕੀ ਤੁਸੀਂ ਇਸ ਨੂੰ ਜਾਣਦੇ ਹੋ ? ਤਾਂ ਉਹ ਆਖਣਗੇ ਕਿ ਹਾਂ! ਜਾਣਦੇ ਹਾਂ ਇਹ ਤਾਂ ਮੌਤ ਹੈ ਕਿਉਂ ਜੋ ਇਸ ਨੂੰ ਸਾਰੇ ਹੀ ਵੇਖ ਚੁੱਕੇ ਹਨ। ਫੇਰ ਦੁਬਾਰਾ ਪੁੱਛਿਆ ਜਾਵੇਗਾ ਹੇ ਨਰਕੀਓ! ਉਹ ਵੀ ਗਰਦਨ ਚੁੱਕਣਗੇ ਤਾਂ ਉਹਨਾਂ ਨੂੰ ਵੀ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਇਸ ਨੂੰ ਜਾਣਦੇ ਹੋ ? ਉਹ ਕਹਿਣਗੇ ਕਿ ਹਾਂ! ਇਹ ਤਾਂ ਮੌਤ ਹੈ ਕਿਉਂ ਜੋ ਉਸ ਸਮੇਂ ਤਕ ਸਾਰੇ ਹੀ ਉਸ ਨੂੰ ਵੇਖ ਚੁੱਕੇ ਹੋਣਗੇ। ਫੇਰ ਇਸ ਮੀਢੇ ਨੂੰ ਜ਼ਿਬਹ ਕੀਤਾ ਜਾਵੇਗਾ ਅਤੇ ਮਨਾਦੀ ਕਰਨ ਵਾਲਾ ਆਖੇਗਾ ਕਿ ਹੇ ਸਵਰਗ ਵਾਲਿਓ! ਤੁਸੀਂ ਸਦਾ ਲਈ ਇਸ ਵਿਚ ਰਹੋਗੇ ਹੁਣ ਤੁਹਾਨੂੰ ਮੌਤ ਨਹੀਂ ਆਵੇਗੀ ਅਤੇ ਹੇ ਨਰਕ ਵਾਲਿਓ! ਤੁਸੀਂ ਸਦਾ ਇਸੇ ਵਿਚ ਰਹੋਗੇ ਹੁਣ ਤੁਹਾਨੂੰ ਮੌਤ ਨਹੀਂ ਆਵੇਗੀ ਫੇਰ ਇਸ ਤੋਂ ਬਾਅਦ ਰਸੂਲ (ਸ:) ਨੇ ਇਸੇ ਆਇਤ ਦਾ ਪਾਠ ਕੀਤਾ। (ਸਹੀ ਬੁਖ਼ਾਰੀ, ਹਦੀਸ: 4730)

(40) 40਼ ਅੰਤ ਨੂੰ ਅਸਾਂ ਹੀ ਧਰਤੀ ਦੇ ਅਤੇ ਸਾਰੇ ਧਰਤੀ ਵਾਲਿਆਂ ਦੇ ਵਾਰਸ ਹੋਵਾਂਗੇ ਅਤੇ ਸਾਰੇ ਹੀ ਲੋਕੀ ਸਾਡੇ ਵੱਲ ਹੀ ਪਰਤਾਏ ਜਾਣਗੇ।

(41) 41਼ (ਹੇ ਨਬੀ!) ਇਸੇ ਕਿਤਾਬ (.ਕੁਰਆਨ) ਵਿੱਚੋਂ ਇਬਰਾਹੀਮ ਦਾ ਵੀ ਕਿੱਸਾ ਬਿਆਨ ਕਰੋ, ਬੇਸ਼ੱਕ ਉਹ (ਇਬਰਾਹੀਮ) ਇਕ ਸੱਚਾ ਨਬੀ ਸੀ।

(42) 42਼ ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ ਜੀ! ਤੁਸੀਂ ਇਨ੍ਹਾਂ (ਦੇਵੀ ਦੇਵਤਿਆਂ) ਨੂੰ ਕਿਉਂ ਪੂਜਦੇ ਹੋ ਜੋ ਨਾ ਕੁੱਝ ਸੁਣਨ, ਨਾ ਹੀ ਵੇਖਣ ਤੇ ਨਾ ਹੀ ਤੁਹਾਡੇ ਕਿਸੇ ਕੰਮ ਆਉਣ ?

(43) 43਼ ਮੇਰੇ ਪਿਆਰੇ ਪਿਤਾ ਜੀ ਬੇਸ਼ੱਕ ਮੇਰੇ ਕੋਲ (ਮੇਰੇ ਰੱਬ ਵਲੋਂ) ਅਜਿਹਾ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਸੋ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਿੱਧੀ ਰਾਹ ਦਰਸਾਵਾਂਗਾ।

(44) 44਼ ਪਿਤਾ ਜੀ, ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੋ। ਬੇਸ਼ੱਕ ਸ਼ੈਤਾਨ ਤਾਂ ਰਹਿਮਾਨ (ਭਾਵ ਅੱਲਾਹ) ਦਾ ਨਾ-ਫ਼ਰਮਾਨ ਹੈ।

(45) 45਼ ਪਿਤਾ ਜੀ ਮੈਨੂੰ ਡਰ ਹੈ ਕਿ ਤੁਹਾਡੇ ਉੱਤੇ ਰਹਿਮਾਨ ਵੱਲੋਂ ਕੋਈ ਅਜ਼ਾਬ ਨਾ ਆ ਜਾਵੇ ਫੇਰ ਤੁਸੀਂ ਸ਼ੈਤਾਨ ਦੇ ਸਾਥੀ ਬਣ ਜਾਓ।

(46) 46਼ (ਪਿਤਾ) ਆਜ਼ਰ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੈਂ ਮੇਰੇ ਇਸ਼ਟਾਂ ਤੋਂ ਮੂੰਹ ਫੇਰ ਲਿਆ ਹੈ ? ਜੇ ਤੂੰ ਬਾਜ਼ ਨਾ ਆਇਆ ਤਾਂ ਮੈਂ ਪੱਥਰ ਮਾਰ-ਮਾਰ ਕੇ ਤੈਨੂੰ ਮਾਰ ਦਿਆਂਗਾ ਜਾਂ ਤੂੰ ਸਦਾ ਲਈ ਮੈਥੋਂ ਦੂਰ ਚਲਿਆ ਜਾ।

(47) 47਼ (ਇਬਰਾਹੀਮ ਨੇ) ਕਿਹਾ ਕਿ ਚੰਗਾ ਤੁਸੀਂ ਸਲਾਮਤ ਰਹੋ, ਮੈਂ ਛੇਤੀ ਹੀ ਤੁਹਾਡੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਦੁਆ ਕਰਾਂਗਾ ਬੇਸ਼ੱਕ ਉਹ ਮੇਰੇ ’ਤੇ ਅਤਿ ਮਿਹਰਬਾਨ ਹੈ।

(48) 48਼ ਮੈਂ ਤਾਂ ਤੁਹਾਨੂੰ ਵੀ ਛਡਦਾ ਹਾਂ ਅਤੇ ਉਹਨਾਂ ਨੂੰ ਵੀ ਛੱਡਦਾ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਨੂੂੰ ਛੱਡ ਕੇ ਪੁਕਾਰਦੇ ਹੋ। ਮੈਂ ਤਾਂ ਕੇਵਲ ਆਪਣੇ ਰੱਬ ਨੂੰ ਹੀ (ਆਪਣੀ ਮਦਦ ਲਈ) ਪੁਕਾਰਦਾ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਨਾ-ਮੁਰਾਦ ਨਹੀਂ ਰਹਾਂਗਾ।

(49) 49਼ ਜਦੋਂ ਉਹ (ਇਬਰਾਹੀਮ) ਉਹਨਾਂ (ਬਸਤੀ ਵਾਲਿਆਂ) ਤੋਂ ਅਤੇ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ, ਅੱਡ ਹੋ ਗਿਆ, ਫੇਰ ਅਸੀਂ ਉਸ ਨੂੰ ਇਸਹਾਕ (ਪੁੱਤਰ) ਅਤੇ ਯਾਕੂਬ (ਪੋਤਰਾ) ਜਿਹੀ ਔਲਾਦ ਬਖ਼ਸ਼ੀ ਅਤੇ ਅਸੀਂ ਉਨ੍ਹਾਂ ਸਭ ਨੂੰ ਨਬੀ ਬਣਾਇਆ।

(50) 50਼ ਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਨਿਵਾਜ਼ਿਆ ਅਤੇ ਉਹਨਾਂ ਲਈ ਸੱਚਾਈ ਦੇ ਬੋਲਾਂ ਨੂੰ ਉਚਾਈ (ਪ੍ਰਸਿੱਧੀ) ਬਖ਼ਸ਼ੀ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 135/2 ਅਤੇ ਸੂਰਤ ਅਨ-ਨਹਲ, ਹਾਸ਼ੀਆ ਆਇਤ 121/16

(51) 51਼ (ਹੇ ਨਬੀ ਸ:!) ਇਸ ਕਿਤਾਬ (.ਕੁਰਆਨ) ਵਿੱਚੋਂ ਮੂਸਾ ਦਾ ਵੀ ਕਿੱਸਾ ਬਿਆਨ ਕਰੋ, ਉਹ ’ਚੋਂਣਵਾਂ ਰਸੂਲ (ਨਬੀ) ਸੀ।

(52) 52਼ ਅਸੀਂ ਉਸ (ਮੂਸਾ) ਨੂੰ ਤੂਰ (ਪਹਾੜ) ਦੇ ਸੱਜੇ ਪਾਸਿਓਂ ਆਵਾਜ਼ ਦਿੱਤੀ ਅਤੇ ਭੇਤ ਭਰੀਆਂ ਗੱਲਾਂ ਕਰਨ ਲਈ ਨੇੜੇ ਕਰ ਲਿਆ।

(53) 53਼ ਅਤੇ ਆਪਣੀ ਵਿਸ਼ੇਸ਼ ਕ੍ਰਿਪਾ ਕਰਦੇ ਹੋਏ ਉਸ ਦੇ ਭਰਾ (ਹਾਰੂਨ) ਨੂੰ ਵੀ ਨਬੀ ਬਣਾਇਆ।

(54) 54਼ ਇਸ ਕਿਤਾਬ (.ਕੁਰਆਨ) ਵਿੱਚੋਂ ਇਸਮਾਈਲ ਦੀ ਵੀ ਚਰਚਾ ਕਰੋ ਉਹ ਵਾਅਦੇ ਦਾ ਪੱਕਾ ਸੀ ਰਸੂਲ ਤੇ ਨਬੀ ਸੀ।

(55) 55਼ ਉਹ (ਇਸਮਾਈਲ) ਆਪਣੇ ਘਰ ਵਾਲਿਆਂ ਨੂੰ ਨਮਾਜ਼ ਤੇ ਜ਼ਕਾਤ ਦਾ ਹੁਕਮ ਦਿਆ ਕਰਦਾ ਸੀ। ਬੇਸ਼ੱਕ ਉਹ ਆਪਣੇ ਰੱਬ ਦਾ ਮਨ-ਭਾਉਂਦਾ ਬੰਦਾ ਸੀ।

(56) 56਼ ਇਸ ਕਿਤਾਬ (.ਕੁਰਆਨ) ਵਿਚ ਇਦਰੀਸ ਦੀ ਵੀ ਚਰਚਾ ਕਰੋ ਉਹ ਇਕ ਸੱਚਾ ਨਬੀ ਸੀ।

(57) 57਼ ਅਤੇ ਅਸੀਂ ਉਸ (ਇਦਰੀਸ) ਨੂੰ ਇਕ ਉੱਚਾ ਸਥਾਨ ਬਖ਼ਸ਼ਿਆ ਸੀ।

(58) 58਼ ਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।1
1 .ਕੁਰਆਨ ਪੜ੍ਹਣ ਵਾਲਾ ਜਦੋਂ ਇਹ ਆਇਤ ਪੜ੍ਹੇ ਤਾਂ ਕਿਬਲਾ ਵੱਲ ਮੂੰਹ ਕਰਕੇ ਅੱਲਾਹ ਦੇ ਹਜ਼ੂਰ ਸਿਜਦਾ ਕਰੇ ਜਿਸ ਵਿਚ ਦੁਆਵਾਂ ਪੜ੍ਹੇ ਜਿਨ੍ਹਾਂ ਦਾ ਅਰਥ ਹੈ ਕਿ ਹੇ ਅੱਲਾਹ! ਮੇਰੇ ਲਈ ਆਪਣੇ ਕੋਲ ਤੋਂ ਇਸ .ਕੁਰਆਨ ਨੂੰ ਪੜ੍ਹਣ ਦਾ ਸਵਾਬ ਲਿਖ ਦੇ ਅਤੇ ਬਦਲ ਵਿਚ ਮੈਨੂੰ ਗੁਨਾਹਾਂ ਤੋਂ ਪਾਕ ਕਰ ਅਤੇ ਮੇਰੇ ਵੱਲੋਂ ਇਸ ਪੜ੍ਹਾਈ ਨੂੰ ਆਪਣੇ ਕੋਲ ਜਮਾਂ ਕਰ ਲੈ ਅਤੇ ਮੇਰੇ ਵੱਲੋਂ ਇਸ ਦੇ ਪੜ੍ਹਣ ਨੂੰ ਕਬੂਲ ਕਰ ਜਿਵੇਂ ਤੂੰ ਅਪਣੇ ਬੰਦੇ ਦਾਊਦ ਅ:ਸ ਦੇ ਪੜ੍ਹਣ ਨੂੰ ਕਬੂਲ ਕੀਤਾ ਸੀ। (ਇਬਨੇ ਮਾਜਾ, ਹਦੀਸ: 1053, ਜਾਮਅੇ ਤਿਰਮਜ਼ੀ, ਹਦੀਸ: 3424, 579)

(59) 59਼ ਫੇਰ ਉਹਨਾਂ ਤੋਂ ਬਾਅਦ ਕੁੱਝ ਅਜਿਹੇ ਅਯੋਗ ਜਾਨਸ਼ੀਨ ਬਣੇ ਕਿ ਉਹ ਨਮਾਜ਼ਾਂ ਨੂੰ ਅਜਾਈਂ ਕਰਦੇ ਰਹੇ ਅਤੇ ਅਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗੇ ਰਹੇ। 2 ਛੇਤੀ ਹੀ ਉਹਨਾਂ ਨੂੰ ਹਲਾਕਤ ਤੇ ਗੁਮਰਾਹੀ ਦਾ ਫਲ ਭੁਗਤਣਾ ਪਵੇਗਾ।
2 ਜਿਵੇਂ ਸ਼ਰਾਬ ਆਦਿ ਦਾ ਨਸ਼ਾ ਕਰਨਾ, ਝੂਠੀ ਗਵਾਹੀ ਦੇਣਾ, ਹਰਾਮ ਖਾਣਾ, ਜ਼ਨਾ ਕਰਨਾ, ਲੋਕਾਂ ਦੇ ਹੱਕ ਮਾਰਨਾ, ਚੋਰੀ, ਚੁੱਗਲੀ ਆਦਿ ਕਰਨਾ, ਝੂਠੇ ਅਲਜ਼ਾਮ, ਨਾ-ਹੱਕਾ ਕਤਲ ਆਦਿ ਕਰਨਾ ਸ਼ਾਮਲ ਹਨ।

(60) 60਼ ਪਰ ਜਿਹੜੇ ਲੋਕ ਤੌਬਾ ਕਰ ਲੈਣ ਅਤੇ ਈਮਾਨ ਲਿਆਉਣ ਅਤੇ ਨੇਕ ਅਮਲ ਵੀ ਕਰਨ, ਅਜਿਹੇ ਲੋਕ ਹੀ ਜੰਨਤ ਵਿਚ ਜਾਣਗੇ ਅਤੇ ਉਹਨਾਂ ਦਾ ਭੋਰਾ ਭਰ ਵੀ ਹੱਕ ਨਹੀਂ ਮਾਰਿਆ ਜਾਵੇਗਾ।3
3 ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 121/9

(61) 61਼ ਇਹ ਜੰਨਤਾਂ ਸਦੀਵੀ ਹਨ ਜਿਨ੍ਹਾਂ ਦਾ ਵਾਅਦਾ ਰਹਿਮਾਨ ਨੇ ਆਪਣੇ ਆਗਿਆਕਾਰੀ ਬੰਦਿਆ ਨਾਲ ਅਣ-ਡਿਠਿਆਂ ਹੀ ਕੀਤਾ ਹੋਇਆ ਹੈ। ਨਿਰਸੰਦੇਹ, ਉਸ (ਰੱਬ) ਦਾ ਇਹ ਵਾਅਦਾ ਪੂਰਾ ਹੋ ਕੇ ਰਹੇਗਾ।

(62) 62਼ ਉਹ ਲੋਕ ਉੱਥੇ (ਜੰਨਤ ਵਿਚ) ਛੁੱਟ ਸਲਾਮ ਤੋਂ, ਕੋਈ ਬੇਹੂਦਾ ਗੱਲਾਂ ਨਹੀਂ ਸੁਣਨਗੇ। ਉੱਥੇ ਉਹਨਾਂ ਲਈ ਸਵੇਰੇ-ਸ਼ਾਮ ਰਿਜ਼ਕ ਹੋਵੇਗਾ।

(63) 63਼ ਇਹ ਉਹ ਸਵਰਗ ਹੈ ਜਿਸ ਦਾ ਵਾਰਸ ਅਸੀਂ ਆਪਣੇ ਬੰਦਿਆਂ ਵਿੱਚੋਂ ਉਹਨਾਂ ਨੂੰ ਬਣਾਉਂਦੇ ਹਾਂ ਜਿਹੜੇ ਪਰਹੇਜ਼ਗਾਰ ਹੁੰਦੇ ਹਨ।

(64) 64਼ (ਹੇ ਨਬੀ!) ਅਸੀਂ (ਭਾਵ ਫ਼ਰਿਸ਼ਤੇ) ਤੁਹਾਡੇ ਰੱਬ ਦੀ ਆਗਿਆ ਨਾਲ ਹੀ (ਧਰਤੀ ’ਤੇ) ਉੱਤਰਦੇ ਹਾਂ, ਜੋ ਸਾਡੇ ਅੱਗੇ ਹੈ ਤੇ ਜੋ ਸਾਡੇ ਪਿੱਛੇ ਹੈ ਅਤੇ ਜੋ ਉਹਨਾਂ ਦੇ ਵਿਚਕਾਰ ਹੈ ਉਹ ਸਭ ਉਸੇ ਦਾ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।

(65) 65਼ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਿਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉੇਸੇ ਦੀ ਇਬਾਦਤ ’ਤੇ ਕਾਇਮ ਰਹੋ। ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੈ ?1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 73/3

(66) 66਼ ਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ?

(67) 67਼ ਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ।

(68) 68਼ ਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ।

(69) 69਼ ਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ।

(70) 70਼ ਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ।

(71) 71਼ ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,1 ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।
1 ਇਸ ਆਇਤ ਦਾ ਵਿਆਖਣ ਹਦੀਸ ਦੀਆਂ ਕਿਤਾਬਾਂ ਵਿਚ ਇੰਜ ਕੀਤਾ ਗਿਆ ਹੈ, ਕਿ ਨਰਕ ਦੇ ਉੱਤੇ ਇਕ ਪੁਲ ਬਣਾਇਆ ਜਾਵੇਗਾ ਜਿਸ ਤੋਂ ਹਰੇਕ ਵਿਅਕਤੀ ਨੂੰ ਲੰਘਣਾ ਪਵੇਗਾ ਮੋਮਿਨ ਤਾਂ ਆਪਣੇ ਕਰਮਾਂ ਅਨੁਸਾਰ ਛੇਤੀ ਜਾਂ ਦੇਰੀ ਨਾਲ ਲੰਘ ਹੀ ਜਾਣਗੇ ਕੁੱਝ ਤਾਂ ਉਹਨਾਂ ਵਿੱਚੋਂ ਅੱਖ ਝਮਕਦੇ ਹੀ ਕੁੱਝ ਬਿਜਲੀ ਜਾਂ ਹਵਾਂ ਦੀ ਤਰ੍ਹਾਂ, ਕੁੱਝ ਪੰਛੀਆਂ ਵਾਂਗ ਅਤੇ ਕੁੱਝ ਘੋੜ੍ਹਿਆਂ ਅਤੇ ਦੂਜੀਆਂ ਸਵਾਰੀਆਂ ਵਾਂਗ ਲੰਘ ਜਾਣਗੇ ਐਵੇਂ ਹੀ ਕੁੱਝ ਠੀਕ-ਠਾਕ ਕੁੱਝ ਜਖ਼ਮੀ ਪੁਲ ਪਾਰ ਕਰ ਹੀ ਲੈਂਣਗੇ ਕੁੱਝ ਨਰਕ ਵਿਚ ਗਿਰ ਜਾਣਗੇ ਪਰ ਕੁੱਝ ਸਮੇਂ ਬਾਅਦ ਸਿਫ਼ਾਰਸ਼ ਦੁਆਰਾ ਉਹਨਾਂ ਨੂੰ ਕੱਢ ਲਿਆ ਜਾਵੇਗਾ ਪਰ ਕਾਫ਼ਿਰ ਉਸ ਪੁਲ ਨੂੰ ਪਾਰ ਨਹੀਂ ਕਰ ਸਕਣਗੇ ਉਹ ਸਾਰੇ ਨਰਕ ਵਿਚ ਡਿਗ ਜਾਣਗੇ ਇਸ ਗੱਲ ਦੀ ਪੁਸ਼ਟੀ ਇਸ ਹਦੀਸ ਤੋਂ ਵੀ ਹੁੰਦੀ ਹੈ ਕਿ “ਜਿਸ ਦੇ ਤਿੰਨ ਬੱਚੇ ਬਾਲਗ ਹੋਣ ਤੋਂ ਪਹਿਲਾਂ ਹੀ ਮਰ ਜਾਣ ਉਹਨਾਂ ਨੂੰ ਅੱਗ ਨਹੀਂ ਛੂਏਗੀ ਪਰ ਇਹ ਕਸਮ ਹਲਾਲ ਲਈ ਹੈ”। (ਸਹੀ ਬੁਖ਼ਾਰੀ, ਹਦੀਸ: 1251, ਸਹੀ ਮੁਸਲਿਮ, ਹਦੀਸ: 2632) ● ਇਹ ਉਹੀਓ ਕਸਮ ਹੈ ਜਿਸ ਨੂੰ ਇਸੇ ਆਇਤ ਵਿਚ ‘ਆਖ਼ਿਰੀ ਪੱਕਾ ਫ਼ੈਸਲਾ’ ਕਿਹਾ ਗਿਆ ਹੈ ਭਾਵ ਇਸ ਦਾ ਵਿਰਦ ਨਰਕ ਤੋਂ ਪੁਲ ਸਰਾਤ ਉੱਤੋਂ ਲੰਘਣ ਤੱਕ ਹੀ ਹੋਵੇਗਾ। (ਅਹਸਨੁਲ ਬਿਆਨ)

(72) 72਼ ਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ।

(73) 73਼ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ।

(74) 74਼ ਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ।

(75) 75਼ ਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ।

(76) 76਼ ਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ।

(77) 77਼ ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ।

(78) 78਼ ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ।

(79) 79਼ ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ।

(80) 80਼ ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ।

(81) 81਼ ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ।

(82) 82਼ ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ।

(83) 83਼ ਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ।

(84) 84਼ ਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ।

(85) 85਼ ਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ।

(86) 86਼ ਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ।

(87) 87਼ (ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ।

(88) 88਼ ਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ।

(89) 89਼ ਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ।

(90) 90਼ ਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ।

(91) 91਼ ਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ।

(92) 92਼ ਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ।

(93) 93਼ ਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ।

(94) 94਼ ਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ।

(95) 95਼ ਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ।

(96) 96਼ ਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।1
1 ਧਰਤੀ ’ਤੇ ਲੋਕਾਂ ਦੇ ਦਿਲਾਂ ਵਿਚ ਅਤੇ ਅਕਾਸ਼ ਵਿਚ ਫ਼ਰਿਸ਼ਤਿਆਂ ਦੇ ਦਿਲਾਂ ਵਿਚ ਨੇਕ ਲੋਕਾਂ ਲਈ ਮੁਹੱਬਤ ਪੈਦਾ ਕਰ ਦੇਵੇਗਾ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਕਿਸੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤਾਂ ਉਹ ਜਿਹਬਰਾਈਲ ਅ:ਸ ਨੂੰ ਬੁਲਾ ਕੇ ਕਹਿੰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਸੋ ਤੂੰ ਵੀ ਉਸ ਨਾਲ ਮੁਹੱਬਤ ਕਰ ਜਦੋਂ ਜਿਬਰਾਈਲ ਉਸ ਵਿਅਕਤੀ ਨਾਲ ਮੁਹੱਬਤ ਕਰਨ ਲੱਗ ਜਾਂਦਾ ਹੈ ਤਾਂ ਫੇਰ ਜਿਬਰਾਈਲ ਅਕਾਸ਼ ਵਾਲਿਆਂ ਵਿਚ ਐਲਾਨ ਕਰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤੁਸੀਂ ਵੀ ਉਸ ਨਾਲ ਮੁਹੱਬਤ ਕਰੋ ਇੰਜ ਸਾਰੇ ਅਕਾਸ਼ ਵਾਲੇ ਵੀ ਉਹਦੇ ਨਾਲ ਮੁਹੱਬਤ ਕਰਨ ਲਗ ਜਾਂਦੇ ਹਨ ਫੇਰ ਧਰਤੀ ਤੋਂ ਵਸਨ ਵਾਲਿਆਂ ਦੇ ਦਿਲਾਂ ਵਿਚ ਉਸ ਦੀ ਮੁਹੱਬਤ ਰੱਖ ਦਿੱਤੀ ਜਾਂਦੀ ਹੈ ਇੰਜ ਉਹ ਧਰਤੀ ’ਤੇ ਵੀ ਅੱਲਾਹ ਦੇ ਨੇਕ ਬੰਦਿਆਂ ਦਾ ਮਹਬੂਬ ਬਣਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 6040)

(97) 97਼ (ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।1
1 ਝਗੜਾਲੂ ਉਹ ਕੌਮ ਹੈ, ਜਿਹੜੀ ਅੱਲਾਹ ਦੇ ਇਕ ਹੋਣ ਅਤੇ ਉਸ ਰਸੂਲ (ਸ:) ਦੀ ਰਸਾਲਤ ’ਤੇ ਈਮਾਨ ਨਹੀਂ ਰੱਖਦੇ।

(98) 98਼ ਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ?