(1) 1਼ ਹਾ, ਮੀਮ।
(2) 2਼ ਸਪਸ਼ਟ (ਰੌਸ਼ਨ) ਕਿਤਾਬ, .ਕੁਰਆਨ ਦੀ ਸੁੰਹ।
(3) 3਼ ਅਸਾਂ ਇਸ (.ਕੁਰਆਨ) ਨੂੰ ਇਕ ਬਰਕਤਾਂ ਵਾਲੀ ਰਾਤ ਵਿਚ ਉਤਾਰਿਆ ਹੈ। ਬੇਸ਼ਕ ਅਸੀਂ (ਇਸ .ਕੁਰਆਨ ਰਾਹੀਂ ਅਜ਼ਾਬ ਤੋਂ) ਡਰਾਉਣ ਵਾਲੇ ਹਾਂ।
(4) 4਼ ਇਸੇ (ਭਾਗਾਂ ਵਾਲੀ ਰਾਤ ਨੂੰ ਸਾਡੇ ਵੱਲੋਂ) ਹਰੇਕ ਮਾਮਲੇ ਦਾ ਯੁਕਤੀ ਭਰਿਆ ਫ਼ੈਸਲਾ ਕੀਤਾ ਜਾਂਦਾ ਹੈ।
(5) 5਼ ਵਿਸ਼ੇਸ਼ ਸਾਡੇ ਹੁਕਮ ਅਨੁਸਾਰ (ਹਰੇਕ ਫ਼ੈਸਲਾ ਹੁੰਦਾ ਹੈ) ਬੇਸ਼ੱਕ ਅਸੀਂ ਹੀ (ਰਸੂਲ) ਭੇਜਣ ਵਾਲੇ ਹਾਂ।
(6) 6਼ ਇਹ ਤੁਹਾਡੇ ਰੱਬ ਦੀ ਵਿਸ਼ੇਸ਼ ਕ੍ਰਿਪਾ ਹੈ। ਨਿਰਸੰਦੇਹ, ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
(7) 7਼ ਉਹ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਹੈ ਅਤੇ ਉਹਨਾਂ ਦਾ ਵੀ ਜਿਹੜਾ ਇਹਨਾਂ ਦੋਵਾਂ ਦੇ ਵਿਚਾਲੇ ਹੈ। ਜੇ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ। (ਤਾਂ ਕਰ ਲਿਓ)।
(8) 8਼ ਕਿ ਛੁੱਟ ਉਸ (ਅੱਲਾਹ) ਤੋਂ ਕੋਈ ਵੀ ਸੱਚਾ ਇਸ਼ਟ ਨਹੀਂ, ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ। ਉਹੀਓ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।
(9) 9਼ ਪਰ ਕਾਫ਼ਿਰਾਂ ਨੂੰ ਵਿਸ਼ਵਾਸ ਨਹੀਂ, ਸਗੋਂ ਉਹ ਤਾਂ ਸ਼ੱਕ ਵਿਚ ਪਏ ਖੇਡ ਰਹੇ ਹਨ।
(10) 10਼ ਸੋ (ਹੇ ਨਬੀ!) ਤੁਸੀਂ ਉਸ ਦਿਹਾੜੇ ਦੀ ਉਡੀਕ ਕਰੋ ਜਦੋਂ ਅਕਾਸ਼ ਪ੍ਰਤਖ ਧੂੰਆਂ ਲੈ ਕੇ ਆਵੇਗਾ।
(11) 11਼ ਉਹ ਧੂੰਆਂ ਲੋਕਾਂ ਨੂੰ ਢੱਕ ਲਵੇਗਾ (ਫੇਰ ਆਖਿਆ ਜਾਵੇਗਾ ਕਿ) ਇਹ ਹੈ (ਇਨਕਾਰ ਕਰਨ ਦਾ) ਦੁਖਦਾਈ ਅਜ਼ਾਬ!।
(12) 12਼ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਥੋਂ ਇਹ ਅਜ਼ਾਬ ਦੂਰ ਕਰ ਦੇ, ਬੇਸ਼ਕ ਅਸੀਂ ਹੁਣੇ ਈਮਾਨ ਲਿਆਉਂਦੇ ਹਾਂ।
(13) 13਼ ਹੁਣ ਭਲਾਂ ਇਹਨਾਂ ਨੂੰ ਨਸੀਹਤ ਕੀ ਕਰੇਗੀ ਜਦ ਕਿ ਇਹਨਾਂ ਕੋਲ ਤਾਂ ਹਿਦਾਇਤ ਬਿਆਨ ਕਰਨ ਵਾਲਾ ਰਸੂਲ ਆ ਗਿਆ ਹੈ।
(14) 14਼ ਪਰ ਉਹਨਾਂ (ਮੱਕੇ ਦੇ ਵਸਨੀਕਾਂ) ਨੇ ਉਸ (ਰਸੂਲ) ਤੋਂ ਮੂੰਹ ਫੇਰ ਲਿਆ ਅਤੇ ਕੁੱਝ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਖਾਇਆ ਪੜ੍ਹਾਇਆ ਹੈ ਅਤੇ ਕੁੱਝ ਨੇ ਸੁਦਾਈ ਆਖਿਆ।
(15) 15਼ ਅਸਾਂ ਥੋੜ੍ਹੀ ਦੇਰ ਲਈ ਇਹਨਾਂ ਤੋਂ ਅਜ਼ਾਬ ਦੂਰ ਕਰਨ ਵਾਲੇ ਹਾਂ, ਬੇਸ਼ੱਕ ਤੁਸੀਂ ਲੋਕ ਮੁੜ ਉਹੀਓ (ਇਨਕਾਰ) ਕਰਨ ਵਾਲੇ ਹੋ।
(16) 16਼ ਜਿਸ ਦਿਨ ਅਸੀਂ ਕਰੜਾਈ ਨਾਲ ਫੜਾਂਗੇ। ਬੇਸ਼ੱਕ (ਉਸ ਦਿਨ) ਅਸੀਂ ਪੂਰਾ-ਪੂਰਾ ਬਦਲਾ ਲੈਣ ਵਾਲੇ ਹਾਂ।
(17) 17਼ ਅਸੀਂ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਫ਼ਿਰਔਨ ਦੀ ਕੌਮ ਨੂੰ ਪਰਖਿਆ ਅਤੇ ਉਹਨਾਂ ਕੋਲ ਇਕ ਪਤਵੰਤਾ ਰਸੂਲ ਆਇਆ ਸੀ।
(18) 18਼ ਉਸ (ਰਸੂਲ) ਨੇ ਫ਼ਿਰਔਨ ਨੂੰ ਆਖਿਆ ਕਿ ਅੱਲਾਹ ਦੇ ਬੰਦਿਆਂ ਭਾਵ (ਬਨੀ-ਇਸਰਾਈਲ) ਨੂੰ ਮੇਰੇ ਹਵਾਲੇ ਕਰਦੇ। ਇਹ ਵੀ ਕਿਹਾ ਕਿ ਬੇਸ਼ਕ ਮੈਂ ਤੁਹਾਡੇ ਲਈ ਇਕ ਅਮਾਨਤਦਾਰ ਪੈਗ਼ੰਬਰ ਹਾਂ।
(19) 19਼ ਤੁਸੀਂ ਅੱਲਾਹ ਦੇ ਅੱਗੇ ਸਰਕਸ਼ੀ ਨਾ ਕਰੋ, ਨਿਰਸੰਦੇਹ, ਮੈਂ ਤੁਹਾਡੇ ਸਾਹਮਣੇ (ਰਸੂਲ ਹੋਣ ਦੀਆਂ) ਸਪਸ਼ਟ ਦਲੀਲਾਂ ਪੇਸ਼ ਕਰਦਾ ਹਾਂ।
(20) 20਼ ਮੈਂਨੇ ਆਪਣੇ ਰੱਬ ਤੇ ਤੁਹਾਡੇ ਰੱਬ ਦੀ ਸ਼ਰਨ ਇਸ ਲਈ ਲਈ ਹੈ ਕਿ ਕਿਤੇ ਤੁਸੀਂ ਮੈਨੂੰ ਪੱਥਰਾਂ ਨਾਲ ਹੀ ਨਾ ਮਾਰ ਦਿਓ।
(21) 21਼ ਜੇ ਤੁਸੀਂ ਮੇਰੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਥੋਂ ਅੱਡ ਹੋ ਜਾਓ।
(22) 22਼ ਫੇਰ ਉਸ (ਮੂਸਾ) ਨੇ ਆਪਣੇ ਰੱਬ ਨੂੰ ਬੇਨਤੀ ਕੀਤੀ ਕਿ ਇਹ ਲੋਕ ਤਾਂ ਅਪਰਾਧੀ ਹਨ।
(23) 23਼ (ਰੱਬ ਵੱਲੋਂ ਹੁਕਮ ਹੋਇਆ ਕਿ) ਮੇਰੇ ਬੰਦਿਆਂ ਨੂੰ ਰਾਤ ਦੇ ਸਮੇਂ ਲੈ ਕੇ ਤੁਰ ਜਾ, ਬੇਸ਼ੱਕ ਤੁਹਾਡਾ ਪਿੱਛਾ ਕੀਤਾ ਜਾਵੇਗਾ।
(24) 24਼ ਅਤੇ ਤੂੰ ਸਮੁੰਦਰ ਨੂੰ ਉਸ ਦੇ ਹਾਲ ’ਤੇ ਛੱਡ ਕੇ ਪਾਰ ਹੋ ਜਾ। ਬੇਸ਼ੱਕ ਇਹ (ਸਾਰਾ ਫ਼ਿਰਔਨੀ) ਲਸ਼ਕਰ ਡੁੱਬ ਜਾਵੇਗਾ।
(25) 25਼ ਉਹ (ਫ਼ਿਰਔਨੀ) ਆਪਣੇ ਪਿੱਛੇ ਕਿੰਨੇ ਹੀ ਬਾਗ਼ ਤੇ ਚਸ਼ਮੇ ਛੱਡ ਗਏ।
(26) 26਼ ਖੇਤੀਆਂ ਤੇ ਸ਼ਾਨਦਾਰ ਮਹਿਲ (ਵੀ ਛੱਡ ਤੁਰੇ)।
(27) 27਼ ਕਿੰਨੀ ਹੀ ਸੁਖ-ਸਮੱਗਰੀ ਸੀ ਜਿਸ ਵਿਚ ਉਹ ਮੌਜਾਂ ਮਾਰਦੇ ਪਏ ਸਨ।
(28) 28਼ ਉਹਨਾਂ ਦਾ ਅੰਤ ਇਸ ਤਰ੍ਹਾਂ ਹੋਇਆ ਕਿ ਅਸੀਂ ਇਕ ਦੂਜੀ ਕੌਮ ਨੂੰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਣਾ ਦਿੱਤਾ।
(29) 29਼ ਫੇਰ ਨਾ ਅਕਾਸ਼ ਤੇ ਨਾ ਹੀ ਧਰਤੀ ਉਹਨਾਂ ਉੱਤੇ ਰੋਈ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਗਈ।
(30) 30਼ ਇਸ ਤਰ੍ਹਾਂ ਅਸੀਂ ਬਨੀ-ਇਸਰਾਈਲ ਨੂੰ ਹੀਣਤਾ ਭਰੇ ਅਜ਼ਾਬ ਤੋਂ ਛੁਟਕਾਰਾ ਦਿੱਤਾ।
(31) 31਼ ਭਾਵ ਫ਼ਿਰਔਨ ਤੋਂ ਬਚਾਇਆ। ਬੇਸ਼ੱਕ ਉਹ ਵੱਡਾ ਹੀ ਸਰਕਸ਼ ਤੇ ਹੱਦਾਂ ਟੱਪਣ ਵਾਲਿਆਂ ਵਿੱਚੋਂ ਸੀ।
(32) 32਼ ਬੇਸ਼ੱਕ ਅਸੀਂ ਬਨੀ-ਇਸਰਾਈਲ ਨੂੰ ਆਪਣੇ ਗਿਆਨ ਅਨੁਸਾਰ ਕੁਲ ਜਹਾਨ ਦੀਆਂ ਕੌਮਾਂ ਉੱਤੇ ਪਹਿਲ ਦਿੱਤੀ।
(33) 33਼ ਅਸੀਂ ਉਹਨਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਸਨ ਜਿਨ੍ਹਾਂ ਵਿਚ ਖੁੱਲ੍ਹੀ ਅਜ਼ਮਾਇਸ਼ ਸੀ।
(34) 34਼ ਅਤੇ ਇਹ (ਮੱਕੇ ਦੇ ਕਾਫ਼ਿਰ) ਲੋਕ ਵੱਡੇ ਜ਼ੋਰਾਂ ਨਾਲ ਆਖਦੇ ਹਨ।
(35) 35਼ ਕਿ ਅਸੀਂ ਮਰਨਾ ਤਾਂ ਇਕ ਵਾਰ ਹੀ ਹੈ ਅਤੇ ਸਾਨੂੰ ਮੁੜ ਉਠਾਇਆ ਨਹੀਂ ਜਾਵੇਗਾ।
(36) 36਼ ਜੇ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ਨੂੰ (ਜਿਊਂਦਾ ਕਰਕੇ) ਲੈ ਆਓ।
(37) 37਼ ਕੀ ਇਹ (ਇਨਕਾਰੀ, ਸ਼ਕਤੀ ਪੱਖੋਂ) ਚੰਗੇਰੇ ਹਨ ਜਾਂ ਤੁੱਬਾ ਦੀ ਕੌਮ, ਜਾਂ ਉਹ ਲੋਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਅਸੀਂ ਉਹਨਾਂ ਸਭ ਨੂੰ ਹਲਾਕ ਕਰ ਦਿੱਤਾ। ਉਹ ਸਾਰੇ ਅਪਰਾਧੀ ਸਨ।
(38) 38਼ ਅਸੀਂ ਅਕਾਸ਼ਾਂ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ ਉਹਨਾਂ ਨੂੰ, ਖੇਡ-ਖੇਡ ਵਿਚ ਨਹੀਂ ਬਣਾਇਆ।
(39) 39਼ ਅਸਾਂ ਇਹਨਾਂ ਦੋਵਾਂ (ਧਰਤੀ ਤੇ ਅਕਾਸ਼) ਨੂੰ ਹੱਕ ਸੱਚ ਦੇ ਅਧਾਰ ’ਤੇ ਪੈਦਾ ਕੀਤਾ ਹੈ। ਪਰ ਇਹਨਾਂ (ਇਨਕਾਰੀਆਂ) ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਸਮਝਦੇ।
(40) 40਼ ਬੇਸ਼ੱਕ ਫ਼ੈਸਲੇ ਦਾ ਦਿਨ (ਭਾਵ ਕਿਆਮਤ) ਉਹਨਾਂ ਸਭ ਦੇ (ਮੁੜ ਜਿਊਂਦੇ ਕਰਨ) ਲਈ ਨਿਸ਼ਚਿਤ ਸਮਾਂ ਹੈ।
(41) 41਼ ਉਸ ਦਿਹਾੜੇ ਕੋਈ ਮਿੱਤਰ ਕਿਸੇ ਮਿੱਤਰ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
(42) 42਼ ਛੁੱਟ ਇਸ ਤੋਂ ਅੱਲਾਹ ਹੀ ਜਿਸ ਉੱਤੇ ਮਿਹਰਬਾਨ ਹੋ ਜਾਵੇ (ਉਸ ਦੀ ਮਦਦ ਕੀਤੀ ਜਾਵੇਗੀ)। ਬੇਸ਼ੱਕ ਉਹ ਅਤਿਅੰਤ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।
(43) 43਼ ਬੇਸ਼ੱਕ ਥੋਹਰ ਦਾ ਰੁਖ,
(44) 44਼ ਪਾਪੀਆਂ ਦਾ ਭੋਜਨ ਹੈ।
(45) 45਼ ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।
(46) 46਼ ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ।
(47) 47਼ (ਹੁਕਮ ਹੋਵੇਗਾ ਕਿ) ਇਸ ਅਪਰਾਧੀ ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ।
(48) 48਼ ਫੇਰ ਉਸ ਦੇ ਸਿਰ ਉੱਤੇ ਉੱਬਲਦਾ ਹੋਇਆ ਪਾਣੀ ਡੋਲ ਦਿਓ।
(49) 49਼ ਫੇਰ ਆਖਿਆ ਜਾਵੇਗਾ ਕਿ ਲੈ ਵੇਖ ਸੁਆਦ, ਤੂੰ ਤਾਂ ਵੱਡਾ ਪਤਵੰਤਾ ਆਗੂ ਬਣੀ ਫਿਰਦਾ ਸੀ।
(50) 50਼ ਬੇਸ਼ੱਕ ਇਹ ਉਹ ਅਜ਼ਾਬ ਹੈ ਜਿਸ ਵਿਚ ਤੂੰ ਸ਼ੱਕ ਕਰਦਾ ਸੀ।
(51) 51਼ ਬੇਸ਼ੱਕ ਮੁੱਤਕੀਨ (ਰੱਬ ਦਾ ਡਰ-ਭੌ ਮੰਣਨ ਵਾਲੇ) ਅਮਨ-ਸ਼ਾਂਤੀ ਵਾਲੀ ਥਾਂ ਵਿਖੇ ਹੋਣਗੇ।
(52) 52਼ ਭਾਵ ਉਹ ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।
(53) 53਼ ਉਹ ਬਰੀਕ ਤੇ ਮੋਟੇ ਰੇਸ਼ਮ ਦੇ ਲਿਬਾਸ ਪਹਿਣੀ ਆਹਮੋ-ਸਾਹਮਣੇ ਬੈਠੇ ਹੋਣਗੇ।
(54) 54਼ ਅਤੇ (ਜੰਨਤ ਵਿਚ) ਇਸ ਤਰ੍ਹਾਂ ਹੋਵੇਗਾ ਕਿ ਅਸੀਂ ਵੱਡੀ-ਵੱਡੀ ਅੱਖਾਂ ਵਾਲੀਆਂ ਹੂਰਾਂ ਨੂੰ ਉਹਨਾਂ ਦੀਆਂ ਪਤਨੀਆਂ ਬਣਾ ਦਿਆਂਗੇ।
(55) 55਼ ਉੱਥੇ ਉਹ ਨਿਸਚਿੰਤ ਹੋਕੇ ਹਰ ਤਰ੍ਹਾਂ ਦੇ ਫਲਾਂ ਦੀ ਮੰਗ ਕਰਨਗੇ।
(56) 56਼ ਉੱਥੇ (ਜੰਨਤ) ਵਿਚ ਉਹ ਮੌਤ ਦਾ ਸੁਆਦ ਕਦੇ ਨਹੀਂ ਵੇਖਣਗੇ, ਛੁੱਟ ਪਹਿਲੀ (ਸੰਸਾਰ ਦੀ) ਮੌਤ ਤੋਂ ਅਤੇ ਅੱਲਾਹ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲਵੇਗਾ।
(57) 57਼ (ਹੇ ਨਬੀ!) ਤੁਹਾਡੇ ਰੱਬ ਦਾ ਫ਼ਜ਼ਲ ਹੈ, (ਨਰਕ ਤੋਂ ਬਚਣਾ ਹੀ) ਸਭ ਤੋਂ ਵੱਡੀ ਕਾਮਯਾਬੀ ਹੈ।
(58) 58਼ (ਹੇ ਨਬੀ!) ਅਸਾਂ ਤਾਂ ਇਸ .ਕੁਰਆਨ ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਸੁਖਾਲਾ ਬਣਾ ਛੱਡਿਆ ਹੈ ਤਾਂ ਜੋ ਉਹ ਲੋਕ ਨਸੀਹਤ ਪ੍ਰਾਪਤ ਕਰ ਸਕਣ।
(59) 59਼ ਹੁਣ ਤੁਸੀਂ ਵੀ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ ਵੀ ਕਿਆਮਤ ਦੀ) ਉਡੀਕ ਕਰ ਰਹੇ ਹਨ।