63 - Al-Munaafiqoon ()

|

(1) 1਼ (ਹੇ ਨਬੀ!) ਜਦੋਂ ਮੁਨਾਫ਼ਿਕ (ਭਾਵ ਦੋਗਲੇ) ਤੁਹਾਡੇ ਕੋਲ ਆਉਂਦੇ ਹਨ ਤਾਂ ਆਖਦੇ ਹਨ ਕਿ ਅਸੀਂ ਗਵਾਹੀ ਦਿੰਦੇ ਹਾਂ ਕਿ ਬੇਸ਼ੱਕ ਤੁਸੀਂ ਅੱਲਾਹ ਦੇ ਪੈਗਬੰਰ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੂਠੇ ਹਨ।

(2) 2਼ ਉਹਨਾਂ (ਮੁਨਾਫ਼ਿਕਾਂ) ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਰੱਖਿਆ ਹੈ, ਇਸ ਤਰ੍ਹਾਂ ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ। ਬੇਸ਼ੱਕ ਉਹ ਜੋ ਵੀ ਕਰਦੇ ਹਨ ਬਹੁਤ ਹੀ ਭੈੜਾ ਅਮਲ ਕਰਦੇ ਹਨ।

(3) 3਼ ਭਾਵੇਂ ਕਿ ਉਹ ਈਮਾਨ ਲਿਆਏ ਪਰ ਫੇਰ ਵੀ ਉਹਨਾਂ ਨੇ ਇਨਕਾਰ ਹੀ ਕੀਤਾ ਇਸੇ ਲਈ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੈ, ਉਹ ਸਮਝਦੇ ਨਹੀਂ।

(4) 4਼ ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਤੁਹਾਨੂੰ ਉਹਨਾਂ ਦੇ ਸਰੀਰ (ਜੁੱਸੇ) ਭਲੇ ਚੰਗੇ ਲਗਦੇ ਹਨ। ਜੇ ਉਹ ਕੋਈ ਗੱਲ ਆਖਣ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ ਸੁਣੋ (ਪਰ ਹਕੀਕਤ ਵਿਚ) ਉਹ ਇੰਜ ਹਨ ਜਿਵੇਂ ਕਿ ਉਹ ਕੰਧ ਨਾਲ ਚਿਨ ਕੇ ਰੱਖਿਆਂ ਹੋਈਆਂ ਲਕੜੀਆਂ ਹੋਣ। ਉਹ ਹਰ ਉੱਚੀ ਆਵਾਜ਼ ਨੂੰ ਇਹੋ ਸਮਝਦੇ ਹਨ ਕਿ ਉਹਨਾਂ ਉੱਤੇ (ਕੋਈ ਬਿਪਤਾ ਆ ਖੜੀ) ਹੈ, ਉਹੀਓ ਤੁਹਾਡੇ ਅਸਲੀ ਦੁਸ਼ਮਨ ਹਨ। ਸੋ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ, ਅੱਲਾਹ ਉਹਨਾਂ ਨੂੰ ਹਲਾਕ ਕਰੇ, ਉਹ ਕਿੱਥੇ ਫਿਰੀਂ ਜਾ ਰਹੇ ਹਨ ?

(5) 5਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ।

(6) 6਼ ਹੇ ਨਬੀ! ਤੁਸੀਂ ਭਾਵੇਂ ਉਹਨਾਂ ਲਈ ਮੁਆਫ਼ੀ ਮੰਗੋ ਭਾਵੇਂ ਨਾ ਮੰਗੋ ਉਹਨਾਂ ਲਈ ਇਕ ਬਰਾਬਰ ਹੈ, ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਬੇਸ਼ੱਕ ਅੱਲਾਹ ਨਾ-ਫ਼ਰਮਾਨ ਕੌਮ ਨੂੰ ਹਿਦਾਇਤ ਨਹੀਂ ਦਿੰਦਾ।1
1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 138,145/4

(7) 7਼ ਇਹ ਉਹੀਓ ਹਨ ਜਿਹੜੇ ਇਹ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨਾਲ ਰਹਿੰਦੇ ਹਨ ਤੁਸੀਂ ਉਹਨਾਂ (ਮਹਾਜਰਾਂ) ਉੱਤੇ ਖ਼ਰਚ ਨਾ ਕਰੋ ਤਾਂ ਜੋ ਉਹ (ਮਦੀਨੇ ’ਚੋਂ) ਨੱਸ ਜਾਣ। ਜਦੋਂ ਕਿ ਅਕਾਸ਼ਾਂ ਅਤੇ ਧਰਤੀ ਦੇ ਸਾਰੇ ਖ਼ਜ਼ਾਨੇ ਅੱਲਾਹ ਦੇ ਹੀ ਹਨ, ਪਰ ਮੁਨਾਫ਼ਿਕ ਇਹ ਗੱਲ ਨਹੀਂ ਸਮਝਦੇ।

(8) 8਼ ਉਹ ਇਹ ਵੀ ਆਖਦੇ ਹਨ ਕਿ ਜੇ ਅਸੀਂ ਮੁੜ ਮਦੀਨੇ ਵਿਖੇ ਗਏ ਤਾਂ ਜਿਹੜੇ ਪਤਵੰਤੇ ਹਨ ਉਹ ਹੀਣੇ ਲੋਕਾਂ ਨੂੰ ਉਥਿੱਓਂ ਕੱਢ ਦੇਣਗੇ, ਜਦ ਕਿ ਆਦਰ-ਮਾਨ ਤਾਂ ਅੱਲਾਹ, ਉਸ ਦੇ ਰਸੂਲ ਤੇ ਮੋਮਿਨਾਂ ਲਈ ਹੈ, ਪ੍ਰੰਤੂ ਮੁਨਾਫ਼ਿਕ ਲੋਕ ਇਸ ਸੱਚਾਈ ਨੂੰ ਨਹੀਂ ਜਾਣਦੇ।

(9) 9਼ ਹੇ ਈਮਾਨ ਵਾਲਿਓ! ਤੁਹਾਡੇ ਮਾਲ ਅਤੇ ਤੁਹਾਡੀ ਸੰਤਾਨ ਤੁਹਾਨੂੰ ਅੱਲਾਹ ਦੀ ਯਾਦ ਤੋਂ ਗਾਫ਼ਿਲ ਨਾ ਕਰ ਦੇਵੇ। ਜਿਹੜਾ ਕੋਈ ਅਜਿਹਾ ਕਰੇਗਾ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।

(10) 10਼ ਅਤੇ ਜੋ ਅਸੀਂ ਤੁਹਾਨੂੰ ਰੋਜ਼ੀ ਦਿੱਤੀ ਹੈ ਤੁਸੀਂ ਉਸ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਮੌਤ ਆ ਜਾਵੇਂ ਫੇਰ ਉਹ ਆਖੇ ਕਿ ਹੇ ਮੇਰੇ ਰੱਬ! ਮੈਨੂੰ ਕੁੱਝ ਸਮੇਂ ਦੀ ਮੋਹਲਤ ਕਿਉਂ ਨਹੀਂ ਦਿੱਤੀ ਕਿ ਮੈਂ ਸਦਕਾ (ਪੁੰਨ-ਦਾਨ) ਕਰਦਾ ਅਤੇ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਂਦਾ। 2
2 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3 ਅਤੇ ਸੂਰਤ ਅਨ-ਨਿਸਾ, ਹਾਸ਼ੀਆ ਆਇਤ 37/4

(11) 11਼ ਜਦੋਂ ਉਸ ਦੀ ਮੌਤ ਦਾ ਸਮਾਂ ਆ ਜਾਵੇਗਾ ਫੇਰ ਅੱਲਾਹ ਕਦੇ ਵੀ ਕਿਸੇ ਨੂੰ ਮੋਹਲਤ ਨਹੀਂ ਦੇਵੇਗਾ। ਤੁਸੀਂ ਜੋ ਕੁੱਝ ਵੀ ਅਮਲ ਕਰਦੇ ਹੋ ਅੱਲਾਹ ਉਸ ਦੀ ਖ਼ਬਰ ਰੱਖਦਾ ਹੈ।