20 - Taa-Haa ()

|

(1) 1਼ ਤਾ, ਹਾ।

(2) 2਼ (ਹੇ ਨਬੀ!) ਅਸੀਂ ਇਹ .ਕੁਰਆਨ ਤੁਹਾਡੇ ’ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ।

(3) 3਼ ਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇਕ ਨਸੀਹਤ ਹੈ ਜਿਹੜਾ ਉਸ (ਅੱਲਾਹ) ਤੋਂ ਡਰਦਾ ਹੈ।

(4) 4਼ ਅਤੇ ਇਸ (.ਕੁਰਆਨ) ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸ ਨੇ ਧਰਤੀ ਨੂੰ ਅਤੇ ਉੱਚੇ ਅਕਾਸ਼ ਨੂੰ ਬਣਾਇਆ ਹੈ।

(5) 5਼ ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ ’ਤੇ ਵਿਰਾਜਮਾਨ ਹੈ।

(6) 6਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ (ਰਹਿਮਾਨ) ਦਾ ਹੈ।

(7) 7਼ ਭਾਵੇ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ।

(8) 8਼ ਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾਂ ਉਸੇ ਦੇ ਹਨ।1
1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7

(9) 9਼ (ਹੇ ਨਬੀ!) ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ ?

(10) 10਼ ਜਦੋਂ ਉਹਨਾਂ ਨੇ (ਤੁਵਾ ਘਾਟੀ ਵਿਚ) ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ ਮੈਂਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ।

(11) 11਼ ਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ!

(12) 12਼ ਮੈਂ ਹੀ ਤੇਰਾ ਪਾਲਣਹਾਰ ਹਾਂ। ਤੂੰ ਆਪਣੀਆਂ ਜੂਤੀਆਂ ਉਤਾਰ ਦੇ, ਕਿਉਂ ਜੋ ਤੂੰ ਇਕ ਪਵਿੱਤਰ ਘਾਟੀ ਤੁਵਾ ਵਿਚ (ਖੜ੍ਹਾ) ਹੈ।

(13) 13਼ ਅਤੇ ਮੈਂਨੇ ਤੈਨੂੰ (ਪੈਗ਼ੰਬਰੀ ਵਜੋਂ) ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ (ਸੰਦੇਸ਼) ਆਵੇ, ਉਸ ਨੂੰ ਧਿਆਨ ਨਾਲ ਸੁਣੀਂ।

(14) 14਼ ਨਿਰਸੰਦੇਹ! ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ।

(15) 15਼ ਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ (ਉਸ ਦੀਆਂ ਚੰਗੀਆਂ ਜਾਂ ਮਾੜੀਆਂ) ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ।

(16) 16਼ ਸੋ ਹੁਣ ਉਸ (ਕਿਆਮਤ ਦਿਹਾੜੇ) ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ (ਦਿਨ) ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ (ਹੇ ਮੂਸਾ!) ਤੂੁੰ ਵੀ ਬਰਬਾਦ ਹੋ ਜਾਵੇਂਗਾ।1
1 ਵੇਖੋ ਵੇਖੋ ਸੂਰਤ ਮਰੀਅਮ, ਹਾਸ਼ੀਆ ਆਇਤ 59/19

(17) 17਼ ਹੇ ਮੂਸਾ! ਤੇਰੇ ਸੱਜੇ ਹੱਥ ਵਿਚ ਕੀ ਹੈ ?

(18) 18਼ (ਮੂਸਾ ਨੇ) ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ, ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬਕਰੀਆਂ ਲਈ ਪੱਤੇ ਝਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ।

(19) 19਼ ਕਿਹਾ ਕਿ ਹੇ ਮੂਸਾ! ਇਸ (ਲਾਠੀ) ਨੂੰ ਸੁੱਟ ਦੇ।

(20) 20਼ ਸੁੱਟਦੇ ਹੀ ਉਹ (ਲਾਠੀ) ਸੱਪ ਬਣਕੇ ਨੱਸਣ ਲੱਗ ਪਈ।

(21) 21਼ ਫ਼ਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ। ਅਸੀਂ ਇਸ ਨੂੰ ਪਹਿਲਾਂ ਵਾਂਗ ਹੀ (ਲਾਠੀ) ਬਣਾ ਦਿਆਂਗੇ।

(22) 22਼ ਅਪਣਾ ਸੱਜਾ ਹੱਥ ਕੁੱਛ ਵਿਚ ਲੈ, ਉਹ (ਹੱਥ) ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫ਼ੈਦ ਬਣਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।

(23) 23਼ (ਇਹ ਸਭ ਇਸ ਲਈ ਹੈ ਤਾਂ ਜੋ) ਅਸੀਂ ਤੁਹਾਨੂੰ ਆਪਣੀਆਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵਿਖਾਈਏ।

(24) 24਼ (ਅੱਲਾਹ ਨੇ ਕਿਹਾ ਹੇ ਮੂਸਾ!) ਤੂੰ ਫ਼ਿਰਔਨ ਵੱਲ ਜਾ, ਕਿਉਂ ਜੋ ਉਹ ਸਰਕਸ਼ (ਬਾਗ਼ੀ) ਹੋ ਗਿਆ ਹੈ।

(25) 25਼ (ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਤੂੰ ਮੇਰਾ ਸੀਨਾ ਖੋਲਦੇ (ਭਾਵ ਮੈਨੂੰ ਹੌਸਲਾ ਦੇ)

(26) 26਼ ਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰਦੇ।

(27) 27਼ ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ੍ਹ ਦੇ।

(28) 28਼ ਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।

(29) 29਼ ਅਤੇ ਮੇਰੇ ਪਰਿਵਾਰ ’ਚੋਂ ਮੇਰਾ ਇਕ ਵਜ਼ੀਰ (ਸਹਾਇਕ) ਬਣਾ ਦੇ।

(30) 30਼ ਭਾਵ ਮੇਰੇ ਭਰਾ ਹਾਰੂਨ ਨੂੰ (ਮੇਰਾ ਸਾਥੀ ਬਣਾ)

(31) 31਼ ਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰਦੇ।

(32) 32਼ ਅਤੇ ਉਸ ਨੂੰ ਮੇਰਾ ਭਾਈ ਵਾਲ ਬਣਾ ਦੇ।

(33) 33਼ ਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ।

(34) 34਼ ਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ।

(35) 35਼ ਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ।

(36) 36਼ (ਅੱਲਾਹ ਨੇ) ਫ਼ਰਮਾਇਆ, ਹੇ ਮੂਸਾ! ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ।

(37) 37਼ ਅਸੀਂ ਤੇਰੇ ’ਤੇ ਇਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ।

(38) 38਼ ਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ (ਰੱਬੀ ਇਸ਼ਾਰਾ) ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ।

(39) 39਼ ਕਿ ਤੂੰ ਇਸ (ਮੂਸਾ) ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਚ ਛੱਡ ਦੇ, ਫੇਰ ਦਰਿਆ ਇਸ (ਸੰਦੂਕ) ਨੂੰ ਕੰਡੇ ’ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ (ਮੂਸਾ) ਦਾ ਵੈਰੀ ਕੱਢ ਲਵੇਗਾ। ਮੈਂਨੇ ਆਪਣੇ ਵੱਲੋਂ ਉਸ (ਫ਼ਿਰਔਨ) ਦੇ ਮਨ ਵਿਚ ਤੇਰੇ ਲਈ ਇਕ ਵਿਸ਼ੇਸ਼ ਪ੍ਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ ਰੇਖ ਹੇਠ ਤੇਰੀ ਪਰਵਰਿਸ਼ ਹੋਵੇ।

(40) 40਼ ਜਦੋਂ ਤੇਰੀ (ਮੂਸਾ) ਦੀ ਭੈਣ (ਸੰਦੂਕ ਦੇ ਨਾਲ-ਨਾਲ) ਤੁਰੀ ਜਾ ਰਹੀ ਸੀ (ਅਤੇ ਫ਼ਿਰਔਨ ਨੂੰ) ਕਹਿ ਰਹੀ ਸੀ, ਕੀ ਮੈਂ ਤੁਹਾਨੂੰ ਉਸ (ਇਸਤਰੀ) ਦਾ ਪਤਾ ਦੱਸਾਂ, ਜਿਹੜੀ ਇਸ (ਬੱਚੇ) ਦੀ ਦੇਖ-ਭਾਲ ਕਰ ਸਕਦੀ ਹੈ ? ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਂਨੇ ਇਕ ਵਿਅਕਤੀ ਨੂੰ (ਮੁੱਕਾ ਮਾਰ ਕੇ) ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ। ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਅਨ ਦੇ ਲੋਕਾਂ ਵਿਚ ਗੁਜ਼ਾਰੇ। ਫੇਰ ਹੇ ਮੂਸਾ! ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ।

(41) 41਼ ਅਤੇ ਮੈਂਨੇ ਵਿਸ਼ੇਸ਼ ਆਪਣੇ (ਪੈਗ਼ੰਬਰ ਬਣਾਉਣ) ਲਈ ਤੈਨੂੰ ਚੁਣ ਲਿਆ ਹੈ ।1
1 ਭਾਵ ਮੈਨੇ ਤੁਹਾਨੂੰ ਆਪਣੀ ਵਹੀ ਅਤੇ ਰਸਾਲਤ ਲਈ ਚੁੱਨ ਲਿਆ ਹੈ ਜਾਂ ਮੈਨੇ ਤੁਹਾਨੂੰ ਆਪਣੇ ਲਈ ਪੈਦਾ ਕੀਤਾ ਹੈ ਜਾਂ ਮੈਨੇ ਤੁਹਾਨੂੰ ਦਰਿੜ ਬਣਾਇਆ ਹੈ ਜਾਂ ਤੁਹਾਨੂੰ ਸਿਖਾਇਆ ਤਾਂ ਜੋ ਤੁਸੀਂ ਮੇਰੇ ਬੰਦਿਆਂ ਨੂੰ ਚੰਗੇ ਕੰਮ ਕਰਨ ਦਾ ਹੁਕਮ ਅਤੇ ਮਾੜੇ ਕੰਮ ਕਰਨ ਤੋਂ ਰੋਕਨ ਦਾ ਹੁਕਮ ਪਹੁੰਚਾ ਦਿਓ। (ਤਫ਼ਸੀਰ ਅਲ-ਕੁਰਤਬੀ : 198/11)

(42) 42਼ ਹੁਣ ਤੂੰ ਤੇ ਤੇਰਾ ਭਰਾ (ਹਾਰੂਨ) ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈਕੇ (ਫ਼ਿਰਔਨ ਦੇ ਕੋਲ) ਜਾਓ। ਖ਼ਬਰਦਾਰ ਮੇਰੀ ਯਾਦ ਵਿਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰੀਓ।

(43) 43਼ ਤੁਸੀਂ ਦੋਵੇਂ ਫ਼ਿਰਔਨ ਕੋਲ ਜਾਓ ਕਿਉਂ ਜੋ ਉਹ ਬਾਗ਼ੀ ਹੋ ਗਿਆ ਹੈ।

(44) 44਼ ਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ।

(45) 45਼ ਦੋਵਾਂ (ਮੂਸਾ ਤੇ ਹਾਰੂਨ) ਨੇ ਕਿਹਾ ਕਿ ਹੇ ਸਾਡੇ ਮਾਲਿਕ! ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗ਼ੀ ਨਾ ਹੋ ਜਾਵੇ।

(46) 46਼ (ਅੱਲਾਹ ਨੇ) ਫ਼ਰਮਾਇਆ ਕਿ ਤੁਸੀਂ ਉੱਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ-ਸੰਗ ਹਾਂ, ਮੈਂ ਸਭ ਕੁੱਝ ਸੁਣਦਾ ਅਤੇ ਵੇਖਦਾ ਵੀ ਹਾਂ।

(47) 47਼ ਸੋ ਤੁਸੀਂ (ਮੂਸਾ ਤੇ ਹਾਰੂਨ) ਉਹ ਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗ਼ੰਬਰ ਹਾਂ, ਤੂੰ ਸਾਡੇ ਨਾਲ ਬਨੀ ਇਰਾਈਲ ਨੂੰ ਭੇਜ ਦੇ ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈਕੇ ਆਏ ਹਾਂ ਅਤੇ ਜਿਹੜਾ (ਰੱਬੀ) ਹਿਦਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ।

(48) 48਼ ਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ (ਰੱਬੀ ਹੁਕਮਾਂ ਨੂੰ) ਝੁਠਲਾਏਗਾ, ਉਸ ਲਈ ਅਜ਼ਾਬ ਹੈ।

(49) 49਼ (ਫ਼ਿਰਔਨ ਨੇ) ਕਿਹਾ ਕਿ ਹੇ ਮੂਸਾ! ਤੁਹਾਡਾ ਰੱਬ ਕੌਣ ਹੈ ?

(50) 50਼ ਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈਅ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖ਼ਸ਼ੀ ਫੇਰ ਰਾਹ ਵੀ ਵਿਖਾਈ।

(51) 51਼ ਉਸ (ਫ਼ਿਰਔਨ) ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ (ਇਨਕਾਰੀ) ਲੋਕਾਂ ਦਾ ਕੀ ਬਣੇਗਾ ?

(52) 52਼ ਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਿਖਆ ਹੋਇਆ ਹੈ। ਨਾਂ ਤਾਂ ਮੇਰਾ ਰੱਬ ਕੋਈ ਗ਼ਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁਲ ਹੁੰਦੀ ਹੈ।

(53) 53਼ ਉਸੇ (ਰੱਬ) ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ (ਧਰਤੀ) ਵਿਚ ਤੁਹਾਡੇ ਤੁਰਨ-ਫਿਰਨ ਲਈ ਰਾਹ ਬਣਾਏ ਅਤੇ ਅਕਾਸ਼ੋਂ ਪਾਣੀ ਬਰਸਾਇਆ ਫੇਰ ਉਸ ਰਹੀਂ ਭਾਂਤ-ਭਾਂਤ ਦੀ ਬਨਸਪਤੀ ਕੱਢੀ।

(54) 54਼ ਤੁਸੀਂ ਆਪ ਵੀ ਖਾਓ ਅਤੇ ਅਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ (ਰੱਬ ਦੀ ਸ਼ਕਤੀ ਨੂੰ ਸਮਝਣ ਲਈ) ਇਸ ਵਿਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ।

(55) 55਼ ਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।

(56) 56਼ ਅਸਾਂ ਉਸ (ਫ਼ਿਰਔਨ) ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫੇਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ।

(57) 57਼ (ਫ਼ਿਰਔਨ) ਆਖਣ ਲੱਗਾ ਕਿ ਹੇ ਮੂਸਾ! ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ’ਚੋਂ ਬਾਹਰ ਕੱਢ ਦੇਵੇਂ।

(58) 58਼ ਚੰਗਾ ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ, ਤੂੰ ਸਾਡੇ ਅਤੇ ਆਪਣੇ ਵਿਚਕਾਰ (ਜਾਦੂ ਦਾ ਮੁਕਾਬਲਾ ਹੋਣ ਦਾ) ਇਕ ਸਮਾਂ ਨਿਸ਼ਚਿਤ ਕਰ ਲੈ, ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲ੍ਹੇ ਮੈਦਾਨ ਵਿਚ ਹੋਵੇਗਾ।

(59) 59਼ ਮੂਸਾ ਨੇ ਆਖਿਆ ਕਿ ਤਿਓਹਾਰ ਵਾਲੇ ਦਿਨ ਦਾ ਵਾਅਦਾ (ਨਿਸ਼ਚਿਤ) ਹੈ ਅਤੇ ਦਿਨ ਚੜ੍ਹੇ ਲੋਕੀ ਜਮਾਂ ਹੋ ਜਾਣਗੇ।

(60) 60਼ ਫ਼ਿਰਔਨ ਵਾਪਸ (ਮਹਿਲ ਵਿਚ) ਚਲਾ ਗਿਆ ਅਤੇ ਆਪਣੇ ਸਾਰੇ ਹਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ (ਮੈਦਾਨ ਵਿਚ) ਆ ਗਿਆ।

(61) 61਼ ਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।

(62) 62਼ (ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।

(63) 63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।

(64) 64਼ ਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।

(65) 65਼ (ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।

(66) 66਼ ਮੂਸਾ ਨੇ ਕਿਹਾ ਕਿ ਨਹੀਂ ਤੁਸੀਂ ਹੀ ਪਹਿਲ ਕਰੋ! (ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁਟੀਆਂ ਤਾਂ) ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ (ਜਾਦੂਗਰਾਂ) ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨੱਸ ਭੱਜ ਰਹੀਆਂ ਹਨ।

(67) 67਼ (ਇਹ ਵੇਖ ਕੇ) ਮੂਸਾ ਆਪਣੇ ਮਨ ਹੀ ਮਨ ਵਿਚ ਡਰ ਮਹਿਸੂਸ ਕਰਨ ਲਗਿਆ।

(68) 68਼ ਤਾਂ ਅਸੀਂ ਫ਼ਰਮਾਇਆ ਕਿ ਉੱਕਾ ਨਾ ਡਰ, ਤੂੰ ਹੀ ਭਾਰੂ ਰਹੇਗਾ।

(69) 69਼ ਅਤੇ ਤੇਰੇ ਸੱਜੇ ਹੱਥ ਵਿਚ ਜੋ (ਲਾਠੀ) ਹੈ ਉਸ ਨੂੰ ਸੁੱਟ ਦੇ, ਉਹਨਾਂ (ਜਾਦੂਗਰਾਂ) ਨੇ ਜੋ ਵੀ ਕਾਰੀਗਰੀ (ਕਰਤੱਬ) ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਭਾਵੇਂ ਕਿਤਿਓ ਵੀ ਆਵੇ।

(70) 70਼ (ਜਿਵੇਂ ਹੀ) ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਇਆ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ, ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ’ਤੇ ਈਮਾਨ ਲਿਆਏ ਹਾਂ।

(71) 71਼ ਫ਼ਿਰਔਨ ਨੇ (ਗੁੱਸੇ ਵਿਚ) ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ (ਅੱਲਾਹ) ’ਤੇ ਈਮਾਨ ਲੈ ਆਏ ? ਅਸਲ ਵਿਚ ਇਹ (ਮੂਸਾ) ਤੁਹਾਡਾ ਗੂਰੁ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਢਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ ’ਤੇ ਸੂਲੀ ’ਤੇ ਚਾੜ੍ਹਾਂਗਾ ਅਤੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ (ਅੱਲਾਹ ਤੇ ਫ਼ਿਰਔਨ) ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ।

(72) 72਼ ਉਹਨਾਂ (ਜਾਦੂਗਰਾਂ) ਨੇ ਜਵਾਬ ਵਿਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ (ਫ਼ਿਰਔਨ ਨੂੰ) ਪਹਿਲ ਦੇਇਏ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤਕ ਹੀ ਸੀਮਤ ਹੈ।

(73) 73਼ ਅਸੀਂ (ਜਾਦੂਗਰ) ਇਸ ਲਈ ਆਪਣੇ ਪਾਲਣਹਾਰ ’ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇਗਾ ਅਤੇ (ਵਿਸ਼ੇਸ਼ ਕਰ) ਇਹ ਜਾਦੂਗਰੀ, ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ (ਬਦਲਾ ਦੇਣ ਵਾਲਾ) ਹੈ ਅਤੇ ਉਹੀਓ ਸਦਾ ਰਹਿਣ ਵਾਲਾ ਹੈ।

(74) 74਼ ਅਸਲ ਵਿਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ।

(75) 75਼ ਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿਚ ਹਾਜ਼ਰ ਹੋਵੇਗਾ ਅਤੇ ਉਸ ਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ-ਉੱਚੇ ਮਰਾਤਬੇ ਹੋਣਗੇ।

(76) 76਼ ਭਾਵ ਰਹਿਣ ਲਈ ਸਦਾ ਬਹਾਰ ਬਾਗ਼ ਹੋਣਗੇ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ (ਨੇਕ ਲੋਕ) ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ (ਗੁਨਾਹਾਂ ਤੋਂ) ਪਾਕ ਹੋਵੇਗਾ।

(77) 77਼ ਅਸਾਂ ਮੂਸਾ ਵੱਲ ਪੈਗ਼ਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿਚ (ਸੋਟੀ ਮਾਰ ਕੇ) ਸੁੱਕਾ ਰਾਹ ਬਣਾ। ਫੇਰ ਨਾਂ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ (ਡੁਬੱਣ ਦਾ) ਕੋਈ ਡਰ ਹੋਵੇਗਾ।

(78) 78਼ ਫ਼ਿਰਔਨ ਨੇ ਆਪਣੀਆਂ ਫ਼ੌਜਾਂ ਲੈਕੇ ਉਹਨਾਂ (ਮੂਸਾ ਅਤੇ ਸਾਥੀਆਂ) ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ।

(79) 79਼ ਫ਼ਿਰਔਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ।

(80) 80਼ (ਅੱਲਾਹ ਨੇ ਫ਼ਰਮਾਇਆ) ਹੇ ਬਨੀ-ਇਸਰਾਈਲ! ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਅਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 57/2

(81) 81਼ ਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ ਉਹਨਾਂ ਵਿਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ’ਤੇ ਮੇਰਾ ਗ਼ਜ਼ਬ (ਕਰੋਪ) ਨਾਜ਼ਿਲ ਹੋਵੇਗਾ ਅਤੇ ਜਿਸ ਉੱਤੇ ਵੀ ਮੇਰਾ ਗ਼ਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ।

(82) 82਼ ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ਕ ਮੈਂ ਅਤਿ ਅੰਤ ਬਖ਼ਸ਼ਨਹਾਰ ਹਾਂ।

(83) 83਼ (ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?

(84) 84਼ (ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।

(85) 85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।

(86) 86਼ ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)

(87) 87਼ ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।

(88) 88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।

(89) 89਼ ਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।

(90) 90਼ ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।

(91) 91਼ ਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤਕ ਤਾਂ ਅਸੀਂ ਇਸੇ (ਵੱਛੇ) ਦੀ ਹੀ ਪੂਜਾ ਕਰਾਂਗੇ।

(92) 92਼ ਫੇਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਹੇ ਹਾਰੂਨ! ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ ?

(93) 93਼ ਤੂੰ ਮੇਰੇ ਪਿੱਛੇ (ਤੂਰ ਪਹਾੜ ’ਤੇ) ਨਹੀਂ ਆਇਆ ਕੀ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਨਾਂ ਕਰਨ ਲੱਗ ਪਿਆ ?

(94) 94਼ ਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।

(95) 95਼ ਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?

(96) 96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।

(97) 97਼ (ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।

(98) 98਼ ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।

(99) 99਼ ਇਸ ਪ੍ਰਕਾਰ (ਹੇ ਮੁਹੰਮਦ ਸ:!) ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇਕ ਨਸੀਹਤ (.ਕੁਰਆਨ) ਬਖ਼ਸ਼ ਚੁੱਕੇ ਹਾਂ।

(100) 100਼ ਜਿਹੜਾ ਵੀ ਇਸ (ਨਸੀਹਤ) ਤੋਂ ਮੂੰਹ ਮੋੜੇਗਾ ਉਹ ਕਿਆਮਤ ਵਾਲੇ ਦਿਨ ਆਪਣੇ (ਪਾਪਾਂ ਦਾ) ਭਾਰ ਆਪ ਹੀ ਚੁੱਕੇਗਾ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

(101) 101਼ ਉਹ (ਪਾਪੀ) ਉਸੇ (ਬਿਪਤਾ) ਵਿਚ ਸਦਾ ਲਈ (ਫਸੇ) ਰਹਿੰਣਗੇ ਅਤੇ ਕਿਆਮਤ ਦਿਹਾੜੇ ਇਹ (ਪਾਪਾਂ ਦਾ) ਭਾਰ ਉਹਨਾਂ ਲਈ ਬੜਾ ਹੀ ਦੁਖਦਾਈ ਹੋਵੇਗਾ।

(102) 102਼ ਜਿਸ ਦਿਨ ਬਿਗੁਲ (ਨਰਸਿੰਘਾ) ਬਜਾਇਆ ਜਾਵੇਗੇ, ਉਸ ਦਿਨ ਅਸੀਂ ਸਾਰੇ ਅਪਰਾਧੀਆਂ ਨੂੰ ਇਕੱਠਾ ਕਰਾਂਗੇ ਜਿਨ੍ਹਾਂ ਦੀਆਂ ਅੱਖਾਂ ਨੀਲੀਆਂ (ਪੀਲੀਆਂ) ਹੋ ਰਹੀਆਂ ਹੋਣਗੀਆਂ।

(103) 103਼ ਉਹ (ਪਾਪੀ) ਆਪਸ ਵਿਚ ਹੌਲੀ-ਹੌਲੀ ਗੱਲਾਂ ਕਰਨਗੇ ਕਿ ਅਸੀਂ ਤਾਂ (ਸੰਸਾਰ ਵਿਚ) ਕੇਵਲ ਦਸ ਦਿਨ ਹੀ ਰਹੇ ਸੀ।

(104) 104਼ ਉਹ ਜੋ ਕਹਿ ਰਹੇ ਹਨ ਅਸੀਂ ਉਸ ਦੀ ਸੱਚਾਈ ਨੂੰ ਜਾਣਦੇ ਹਾਂ, ਉਹਨਾਂ (ਪਾਪੀਆਂ) ਵਿੱਚੋਂ ਜਿਹੜਾ ਸੂਝਵਾਣ ਹੋਵੇਗਾ ਉਹ ਕਹੇਗਾ ਕਿ ਤੁਸੀਂ ਤਾਂ ਕੇਵਲ (ਸੰਸਾਰ ਵਿਚ) ਇਕ ਦਿਨ ਹੀ ਰਹੇ ਸੀ।

(105) 105਼ (ਹੇ ਨਬੀ!) ਉਹ (ਕਾਫ਼ਿਰ) ਤੁਹਾਥੋਂ ਪਹਾੜਾਂ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਕਿਆਮਤ ਦਿਹਾੜੇ ਉਹਨਾਂ ਨੂੰ ਮੇਰਾ ਮਾਲਿਕ (ਧੂੜ ਬਣਾ ਕੇ) ਉੜਾ ਦੇਵੇਗਾ।

(106) 106਼ ਅਤੇ ਧਰਤੀ ਨੂੰ ਰੜਾ ਮੈਦਾਨ ਬਣਾ ਦੇਵੇਗਾ।

(107) 107਼ ਜਿਸ ਵਿਚ ਨਾ ਤਾਂ ਕੋਈ ਮੋੜ ਹੋਵੇਗਾ ਤੇ ਨਾ ਹੀ ਕੋਈ ਉੱਚਾਈ ਹੋਵੇਗੀ।

(108) 108਼ ਉਸ ਦਿਨ ਸਾਰੇ ਲੋਕੀ ਬੁਲਾਉਣ ਵਾਲੇ (ਫ਼ਰਿਸ਼ਤੇ) ਦੇ ਪਿੱਛੇ-ਪਿੱਛੇ ਤੁਰਨਗੇ ਜਿਸ ਦੇ ਸਾਹਮਣੇ ਕੋਈ ਆਕੜ ਨਹੀਂ ਵਿਖਾ ਸਕੇਗਾ ਅਤੇ ਰਹਿਮਾਨ ਦੇ ਅੱਗੇ ਸਾਰੀਆਂ ਆਵਾਜ਼ਾਂ ਦਬ ਜਾਣਗੀਆਂ। ਇਕ ਸਰਸਰਾਹਟ ਤੋਂ ਛੁੱਟ ਹੋਰ ਕੁੱਝ ਵੀ ਸੁਣਾਈ ਨਹੀਂ ਦੇਵੇਗਾ।

(109) 109਼ ਉਸ (ਕਿਆਮਤ ਵਾਲੇ) ਦਿਨ ਕੋਈ ਵੀ ਸਿਫ਼ਾਰਸ਼ ਕੰਮ ਨਹੀਂ ਆਵੇਗੀ ਪਰ ਉਹ ਕੰਮ ਆਵੇਗੀ ਜਿਸ ਨੂੰ ਰਹਿਮਾਨ (ਸਿਫ਼ਾਰਸ਼ ਕਰਨ ਦੀ) ਆਗਿਆ ਦੇਵੇ ਅਤੇ ਉਸ ਦੀ ਗੱਲ ਨੂੰ ਪਸੰਦ ਵੀ ਕਰੇ।

(110) 110਼ ਜੋ ਕੁੱਝ ਵੀ ਉਹਨਾਂ ਲੋਕਾਂ ਦਾ ਅਗਲਾ ਪਿਛਲਾ ਹਾਲ ਹੈ ਉਸ ਨੂੰ ਉਹ (ਅੱਲਾਹ) ਜਾਣਦਾ ਹੈ। ਲੋਕਾਂ ਦਾ ਗਿਆਨ ਉਸ (ਅੱਲਾਹ ਦੇ ਗਿਆਨ) ’ਤੇ ਭਾਰੂ ਨਹੀਂ ਹੋ ਸਕਦਾ।

(111) 111਼ ਸਾਰੇ ਲੋਕਾਂ ਦੇ ਚਿਹਰੇ (ਸੀਸ) ਉਸ ਸਦਾ ਜੀਵਿਤ ਅਤੇ ਸਦਾ ਕਾਇਮ ਰਹਿਣ ਵਾਲੇ (ਅੱਲਾਹ) ਦੇ ਅੱਗੇ ਝੁਕੇ ਹੋਏ ਹੋਣਗੇ, ਉਹ ਬਰਬਾਦ ਹੋ ਜਾਵੇਗਾ ਜਿਸ ਨੇ ਆਪਣੇ ਸਿਰ ’ਤੇ ਜ਼ੁਲਮ (ਭਾਵ ਸ਼ਿਰਕ) ਦਾ ਭਾਰ ਚੁੱਕ ਲਿਆ।

(112) 112਼ ਅਤੇ ਜਿਹੜਾ ਭਲੇ ਕੰਮ ਕਰੇ ਅਤੇ ਹੋਵੇ ਵੀ ਈਮਾਨ ਵਾਲਾ ਤਾਂ ਉਸ ਨੂੰ ਨਾ ਤਾਂ ਵਧੀਕੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਹੱਕ ਮਰਨ ਦਾ ਡਰ ਹੋਵੇਗਾ।

(113) 113਼ ਇਸੇ ਕਾਰਨ ਅਸੀਂ ਤੇਰੇ ’ਤੇ (ਹੇ ਨਬੀ!) ਅਰਬੀ .ਕੁਰਆਨ ਉਤਾਰਿਆ ਹੈ ਅਤੇ ਇਸ ਵਿਚ ਤਰ੍ਹਾਂ-ਤਰ੍ਹਾਂ ਨਾਲ ਚਿਤਾਵਨੀਆਂ ਸੁਣਾਈਆਂ ਗਈਆਂ ਹਨ ਤਾਂ ਜੋ ਲੋਕੀ ਬੁਰਾਈਆਂ ਤੋਂ ਬਚ ਜਾਣ ਜਾਂ ਉਹਨਾਂ ਦੇ ਮਨ ਵਿਚ ਨਸੀਹਤ (ਗ੍ਰਹਿਣ ਕਰਨ ਵਾਲੇ) ਲੱਛਣ ਪੈਦਾ ਹੋਣ।

(114) 114਼ ਸੋ ਅੱਲਾਹ ਉੱਚੀਆਂ ਸ਼ਾਨਾ ਵਾਲਾ ਸੱਚਾ ਪਾਤਸ਼ਾਹ ਹੈ (ਹੇ ਮੁਹੰਮਦ ਸ:!) ਤੁਸੀਂ .ਕੁਰਆਨ ਪੜ੍ਹਣ ਵਿਚ ਕਾਹਲੀ ਨਾ ਕਰਿਆ ਕਰੋ ਜਦੋਂ ਤਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ! ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ! ਮੇਰੇ ਗਿਆਨ ਵਿਚ ਵਾਧਾ ਕਰ।

(115) 115਼ ਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇਕ ਵਾਅਦਾ ਲਿਆ ਸੀ (ਕਿ ਸ਼ੈਤਾਨ ਦੀਆਂ ਗੱਲਾਂ ਵਿਚ ਨਹੀਂ ਆਉਣਾ ਸ਼ੈਤਾਨ ਤੇਰਾ ਵੈਰੀ ਹੈ) ਪਰੰਤੂ ਉਹ ਭੁਲ ਗਿਆ ਅਸੀਂ ਉਸ ਵਿਚ ਦ੍ਰਿੜਤਾ ਨਹੀਂ ਵੇਖੀ।

(116) 116਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ (ਇਬਲੀਸ) ਨੇ ਇਨਕਾਰ ਕਰ ਦਿੱਤਾ।

(117) 117਼ ਫੇਰ ਅਸੀਂ ਕਿਹਾ ਕਿ ਹੇ ਆਦਮ! ਇਹ (ਸ਼ੈਤਾਨ) ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ’ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿਚ ਫੱਸ ਜਾਓ।

(118) 118਼ ਇੱਥੇ (ਜੰਨਤ ਵਿਚ) ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ।

(119) 119਼ ਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ।

(120) 120਼ ਪਰ ਸ਼ੈਤਾਨ ਨੇ ਉਸ (ਆਦਮ) ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੇ ਆਦਮ! ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ-ਖ਼ਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖ਼ਤ ਬਾਰੇ ਨਾ ਦੱਸਾਂ ?

(121) 121਼ ਅੰਤ ਉਹਨਾਂ ਦੋਵਾਂ (ਆਦਮ ਤੇ ਹੱਵਾ) ਨੇ ਉਸ ਦਰਖ਼ਤ ਦਾ ਫਲ ਖਾ ਲਿਆ। (ਸਿੱਟੇ ਵਜੋਂ) ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ (ਗੁਪਤ ਅੰਗ) ਉਹਨਾਂ ’ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ।

(122) 122਼ ਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ।

(123) 123਼ ਫ਼ਰਮਾਇਆ ਕਿ ਤੁਸੀਂ ਦੋਵੇਂ (ਆਦਮ ਤੇ ਸ਼ੈਤਾਨ) ਇੱਥੋਂ (ਅਕਾਸ਼ ਤੋਂ ਧਰਤੀ ’ਤੇ) ਇਕੱਠੇ ਉੱਤਰ ਜਾਓ, (ਅੱਜ ਤੋਂ) ਤੁਸੀਂ ਇਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ (ਕਿਤਾਬ ਤੇ ਨਬੀਆਂ ਦੁਆਰਾ) ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ (ਸਿੱਧੀ ਰਾਹ ਤੋਂ) ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਨਾਈ ਹੋਵੇਗੀ।

(124) 124਼ ਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ, ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨ੍ਹਾ ਕਰਕੇ ਉਠਾਵਾਂਗੇ।

(125) 125਼ ਉਹ ਆਖੇਗਾ ਕਿ ਹੇ ਰੱਬਾ! ਤੈਨੇ ਮੈਨੂੰ ਅੰਨ੍ਹਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ (ਸੰਸਰ ਵਿਚ) ਸੁਜਾਖਾ ਸੀ।

(126) 126਼ (ਰੱਬ) ਆਖੇਗਾ ਕਿ ਇੰਜ ਹੀ ਹੋਣਾ ਸੀ (ਸੰਸਾਰ ਵਿਚ) ਤੂੰ ਮੇਰੀਆਂ ਆਇਤਾਂ (ਹੁਕਮਾਂ) ਨੂੰ ਭੁਲ ਗਿਆ ਸੀ ਤਾਂ ਅੱਜ (ਕਿਆਮਤ ਦਿਹਾੜੇ) ਤੈਨੂੰ ਭੁਲਾ ਦਿੱਤਾ ਗਿਆ ਹੈ।

(127) 127਼ ਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਇਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ, ਪਰਲੋਕ ਦਾ ਅਜ਼ਾਬ (ਸਜ਼ਾ) ਬਹੁਤ ਹੀ ਕਰੜਾ ਅਤੇ ਸਦੀਵੀ ਹੈ।

(128) 128਼ ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।

(129) 129਼ ਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ (ਅਜ਼ਾਬ ਨਾ ਭੇਜਣ ਦੀ) ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ (ਕਿਆਮਤ ਲਈ) ਇਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ (ਹੇ ਨਬੀ ਸ:!) ਉਹਨਾਂ ਨੂੰ ਉਸੇ ਸਮੇਂ (ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ) ਅਜ਼ਾਬ ਆ ਚਿਮੜਦਾ।

(130) 130਼ ਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।

(131) 131਼ (ਹੇ ਨਬੀ ਸ:!) ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖੋ-ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸੱਬ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ।

(132) 132਼ (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।

(133) 133਼ ਅਤੇ (ਕਾਫ਼ਿਰ) ਕਹਿਣ ਲੱਗੇ ਕਿ ਇਹ ਨਬੀ (ਮੁਹੰਮਦ ਸ:) ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ (ਨਬੀ ਹੋਣ ਦੀ) ਨਿਸ਼ਾਨੀ ਕਿਉਂ ਨਹੀਂ ਲਿਆਇਆ ? ਕੀ ਉਹਨਾਂ (ਕਾਫ਼ਿਰਾਂ) ਕੋਲ ਪਹਿਲੀਆਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ਵਿਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ।

(134) 134਼ ਜੇ ਅਸੀਂ ਇਸ (ਨਬੀ) ਤੋਂ ਪਹਿਲਾਂ ਹੀ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਅਜ਼ਾਬ ਵਿਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੇ ਸਾਡੇ ਮਾਲਿਕ! ਤੂੰ ਸਾਡੇ ਕੋਲ ਆਪਣਾ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮਾਂ) ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ (ਇਨਕਾਰੀ) ਜ਼ਲੀਲ ਤੇ ਰੁਸਵਾ ਹੁੰਦੇ।

(135) 135਼ (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹਰੇਕ ਵਿਅਕਤੀ ਉਡੀਕ ਵਿਚ ਹੈ (ਕਿ ਕੌਣ ਭਾਰੂ ਰਹੇਗਾ) ਸੋ ਤੁਸੀਂ ਵੀ ਉਡੀਕੋ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੱਧੇ ਰਾਹ ’ਤੇ ਤੁਰਨ ਵਾਲੇ ਕੌਣ ਹਨ ਅਤੇ ਕਿਹੜੇ ਹਿਦਾਇਤ ਪ੍ਰਾਪਤ ਕਰ ਚੁੱਕੇ ਹਨ ?