68 - Al-Qalam ()

|

(1) 1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।

(2) 2਼ (ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ।

(3) 3਼ ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ।

(4) 4਼ ਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ।

(5) 5਼ ਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ।

(6) 6਼ ਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ।

(7) 7਼ ਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ।

(8) 8਼ ਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ।

(9) 9਼ ਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ।

(10) 10਼ ਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ।

(11) 11਼ ਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ।

(12) 12਼ ਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ।

(13) 13਼ ਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ।

(14) 14਼ ਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ।

(15) 15਼ ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ।

(16) 16਼ ਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ।

(17) 17਼ ਬੇਸ਼ੱਕ ਅਸੀਂ ਇਹਨਾਂ (ਮੱਕੇ ਵਾਲਿਆਂ) ਨੂੰ ਉਸੇ ਤਰ੍ਹਾਂ ਪਰੱਖਿਆ ਸੀ ਜਿੱਦਾਂ ਅਸੀਂ ਬਾਗ਼ ਵਾਲਿਆਂ ਨੂੰ ਪਰੱਖਿਆ ਸੀ, ਜਦੋਂ ਉਹਨਾਂ ਨੇ ਸਹੁੰ ਖਾਂਦੀ ਸੀ ਕਿ ਸਵੇਰ ਹੁੰਦੇ ਹੀ ਅਸੀਂ ਇਸ ਬਾਗ਼ ਦੇ ਫਲਾਂ ਨੂੰ ਤੋੜ ਲਵਾਂਗੇ।

(18) 18਼ ਉਹਨਾਂ ਨੇ ਇਨਸ਼ਾਅੱਲਾਹ (ਭਾਵ ਜੇ ਰੱਬ ਨੇ ਚਾਹਿਆ) ਨਹੀਂ ਕਿਹਾ ਸੀ।

(19) 19਼ ਤੁਹਾਡੇ ਰੱਬ ਵੱਲੋਂ ਇਕ ਬਿਪਤਾ ਉਸ ਬਾਗ਼ ’ਤੇ ਆ ਪਈ ਜਦ ਕਿ ਹਾਲੇ ਉਹ ਸੁੱਤੇ ਪਏ ਸਨ।

(20) 20਼ ਅਤੇ ਉਹ ਬਾਗ਼ ਵਾਡੀ ਕੀਤੀ ਹੋਈ ਖੇਤੀ ਵਾਂਗ ਹੋ ਗਿਆ।

(21) 21਼ ਸਵੇਰ ਹੁੰਦੇ ਹੀ ਉਹਨਾਂ ਨੇ ਇਕ ਦੂਜੇ ਨੂੰ ਆਖਿਆ।

(22) 22਼ ਕਿ ਜੇ ਤੁਸੀਂ ਫਲ ਤੋੜਣੇ ਹਨ ਤਾਂ ਆਪਣੇ ਬਾਗ਼ਾਂ ਵੱਲ ਸਵੇਰੇ-ਸਵੇਰੇ ਨਿੱਕਲ ਤੁਰੋ।

(23) 23਼ ਸੋ ਉਹ ਤੁਰ ਪਏ ਤੇ ਆਪੋ ਵਿਚ ਹੌਲੀ-ਹੌਲੀ ਕਹਿ ਰਹੇ ਸਨ।

(24) 24਼ ਕਿ ਅੱਜ ਤੁਹਾਡੇ ਬਾਗ਼ ਵਿਚ ਕੋਈ ਵੀ ਮੁਥਾਜ ਨਹੀਂ ਵੜਨਾ ਚਾਹੀਦਾ।

(25) 25਼ ਉਹ ਸਵੇਰੇ ਸਵੇਰੇ ਇਹੋ ਸੋਚਦੇ (ਬਾਗ਼ ਵੱਲ) ਤੁਰ ਪਏ ਕਿ ਉਹ ਮੁਥਾਜਾਂ ਨੂੰ ਰੋਕ ਸਕਦੇ ਹਨ।

(26) 26਼ ਪਰ ਜਦੋਂ ਉਹਨਾਂ ਨੇ ਬਾਗ਼ ਨੂੰ ਵੇਖਿਆ ਤਾਂ ਆਖਿਆ ਕਿ “ਅਸੀਂ ਤਾਂ ਰਾਹ ਹੀ ਭੁੱਲ ਗਏ ਹਾਂ”

(27) 27਼ (ਅਤੇ ਕਿਹਾ ਕਿ) ਨਹੀਂ ਅਸੀਂ ਰਾਹ ਨਹੀਂ ਭੁੱਲੇ ਸਗੋਂ ਸਾਡੇ ਤਾਂ ਭਾਗ ਹੀ ਫੁੱਟ ਗਏ।

(28) 28਼ ਉਹਨਾਂ ਵਿੱਚੋਂ ਜਿਹੜਾ ਸਭ ਤੋਂ ਚੰਗਾ ਸੀ ਉਹ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਤੁਸੀਂ (ਆਪਣੇ ਪਾਲਣਹਾਰ ਦੀ) ਤਸਬੀਹ ਕਿਉਂ ਨਹੀਂ ਕਰਦੇ ?

(29) 29਼ ਫੇਰ ਉਹ ਆਖਣ ਲੱਗੇ ਕਿ ਪਾਕ ਹੈ ਸਾਡਾ ਰੱਬ ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।

(30) 30਼ ਫੇਰ ਉਹਨਾਂ ਵਿੱਚੋਂ ਹਰੇਕ ਇਕ ਦੂਜੇ ਨੂੰ ਕੋਸਣ ਲੱਗ ਪਿਆ।

(31) 31਼ ਅਤੇ ਉਹ ਆਖਣ ਲੱਗੇ ਕਿ ਹਾਏ ਅਫ਼ਸੋਸ, ਬੇਸ਼ੱਕ ਅਸੀਂ ਹੀ (ਰੱਬ ਦੇ) ਬਾਗ਼ੀ ਹੋ ਗਏ ਸਾਂ।

(32) 32਼ ਹੋ ਸਕਦਾ ਹੈ ਕਿ ਸਾਡਾ ਰੱਬ ਬਦਲੇ ਵਿਚ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਦੇ ਦੇਵੇ, ਅਸੀਂ ਆਪਣੇ ਰੱਬ ਨਾਲ ਮੋਹ ਰੱਖਣ ਵਾਲੇ ਹਾਂ।

(33) 33਼ ਅਜ਼ਾਬ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਆਖ਼ਿਰਤ ਦਾ ਅਜ਼ਾਬ ਸਭ ਤੋਂ ਵੱਧ ਕਰੜਾ ਹੈ। ਕਾਸ਼! ਇਹਨਾਂ ਨੂੰ ਇਸ ਦਾ ਗਿਆਨ ਹੁੰਦਾ।

(34) 34਼ ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਨਿਅਮਤਾਂ ਭਰੇ ਬਾਗ਼ ਹਨ।

(35) 35਼ ਕੀ ਅਸੀਂ ਮੁਸਲਮਾਨਾਂ (ਭਾਵ ਆਗਿਆਕਾਰੀਆਂ) ਨੂੰ ਅਪਰਾਧੀਆਂ ਦੇ ਬਰਾਬਰ ਕਰ ਦਿਆਂਗੇ।

(36) 36਼ ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹੋ ?

(37) 37਼ ਕੀ ਤੁਹਾਡੇ ਕੋਲ ਕੋਈ ਕਿਤਾਬ ਹੈ ਜਿਸ ਵਿੱਚੋਂ ਤੁਸੀਂ ਇਹ ਸਭ ਪੜ੍ਹਦੇ ਹੋ ?

(38) 38਼ ਕਿ ਜਿਸ ਵਿਚ ਤੁਹਾਡੇ ਮਨ ਭਾਉਂਦੀਆਂ ਗੱਲਾਂ ਹੋਣ।

(39) 39਼ ਕੀ ਤੁਸੀਂ ਸਾਥੋਂ ਕਿਆਮਤ ਦਿਹਾੜੇ ਤਕ ਦੀਆਂ ਸੰਹੁਾਂ ਲੈ ਰੱਖੀਆਂ ਹਨ ਕਿ ਤੁਹਾਡੇ ਲਈ ਓਹੀਓ ਹੋਵੇਗਾ ਜਿਸ ਦਾ ਫ਼ੈਸਲਾ ਤੁਸੀਂ ਕਰੋਗੇ ?

(40) 40਼ ਇਹਨਾਂ ਤੋਂ ਪੁੱਛੋ ਕਿ ਤੁਹਾਡੇ ਵਿੱਚੋਂ ਕੌਣ ਇਸ ਦੀ ਜ਼ਮਾਨਤ ਲੈਂਦਾ ਹੈ?

(41) 41਼ ਕੀ (ਇਸ ਦੇ ਜ਼ਾਮਿਨ) ਇਹਨਾਂ ਦੇ ਮਿੱਥੇ ਹੋਏ (ਰੱਬ ਦੇ) ਸ਼ਰੀਕ ਹਨ ? ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਕ ਲਿਆਉਣ ਜੇ ਉਹ ਸੱਚੇ ਹਨ।

(42) 42਼ ਜਿਸ ਦਿਨ ਪਿੰਨੀ ਖੋਲ੍ਹ ਦਿੱਤੀ ਜਾਵੇਗੀ ਭਾਵ ਔਖਾ ਵੇਲਾ ਆਵੇਗਾ ਅਤੇ ਉਹਨਾਂ ਇਨਕਾਰੀਆਂ ਨੂੰ ਸਿਜਦਾ ਕਰਨ ਲਈ ਬੁਲਾਇਆ ਜਾਵੇਗਾ ਤਾਂ ਉਹ ਸਿਜਦਾ ਨਹੀਂ ਕਰ ਸਕਣਗੇ।1
1 ਵੇਖੋ ਸੂਰਤ ਅਤ-ਤਹਰੀਮ, ਹਾਸ਼ੀਆ ਆਇਤ 8/66

(43) 43਼ ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾਈ ਹੋਵੇਗੀ। ਜਦੋਂ ਸੰਸਾਰ ਵਿਚ ਉਹਨਾਂ ਨੂੰ ਸਿਜਦੇ ਲਈ ਬੁਲਾਇਆ ਜਾਂਦਾ ਸੀ ਉਸ ਵੇਲੇ ਤਾਂ ਉਹ ਭਲੇ ਚੰਗੇ ਸਨ।

(44) 44਼ ਸੋ (ਹੇ ਨਬੀ!) ਅੱਜ ਮੈਨੂੰ ਤੇ ਉਸ ਨੂੰ ਜਿਹੜਾ ਹਦੀਸ (ਭਾਵ .ਕੁਰਆਨ) ਨੂੰ ਝੁਠਲਾਉਂਦਾ ਸੀ (ਦੋਵਾਂ ਨੂੰ ਇਕੱਲਾ) ਛੱਡ ਦਿਓ। ਅਸੀਂ ਉਸ ਨੂੰ ਹੌਲੀ-ਹੌਲੀ ਬਰਬਾਦੀ ਵੱਲ ਲੈ ਜਾਵਾਂਗੇ ਕਿ ਉਸ ਨੂੰ ਪਤਾ ਵੀ ਨਹੀਂ ਲੱਗ ਸਕੇਗਾ।

(45) 45਼ ਮੈਂ ਇਹਨਾਂ ਨੂੰ ਢਿੱਲ ਦੇ ਰਿਹਾ ਹਾਂ, ਬੇਸ਼ੱਕ ਮੇਰੀ ਚਾਲ ਵੱਡੀ ਜ਼ਬਰਦਸਤ ਹੈ।

(46) 46਼ (ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਬਦਲਾ ਭਾਲਦੇ ਹੋ ਕਿ ਇਹ ਉਸ ਤਾਵਾਨ (ਚੱਟੀ) ਦੇ ਭਾਰ ਹੇਠ ਦਬੇ ਜਾ ਰਹੇ ਹਨ ?

(47) 47਼ ਕੀ ਇਹਨਾਂ ਕੋਲ ਪਰੋਖ ਦਾ ਗਿਆਨ ਹੈ, ਜਿਸ ਤੋਂ ਇਹ ਲਿਖ ਲਿਆਉਂਦੇ ਹਨ।

(48) 48਼ ਸੋ ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਧੀਰਜ ਤੋਂ ਕੰਮ ਲਵੋ ਅਤੇ ਮੱਛੀ ਵਾਲੇ (ਯੂਨੁਸ ਅ:) ਵਾਂਗ ਨਾ ਹੋ ਜਾਣਾ ਕਿ ਜਦੋਂ ਉਸ ਨੇ (ਅੱਲਾਹ ਨੂੰ) ਸੱਦਿਆ ਸੀ ਉਸ ਸਮੇਂ ਉਹ ਗ਼ਮ ਨਾਲ ਭਰਪੂਰ ਸੀ।

(49) 49਼ ਜੇਕਰ ਉਸ ਦੇ ਰੱਬ ਦੀ ਮਿਹਰ ਉਸ ਨੂੰ ਨਾ ਜੁੜਦੀ ਤਾਂ ਉਹ ਇਕ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਜਦ ਕਿ ਉਹ ਹੀਣਾ ਤੇ ਰੁਸਵਾ ਵੀ ਹੁੰਦਾ।

(50) 50਼ ਅੰਤ ਉਸ ਦੇ ਰੱਬ ਨੇ ਉਸ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ, ਅਤੇ ਉਸ ਨੂੰ ਭਲੇ ਪੁਰਖਾਂ ਵਿਚ ਰਲਾ ਲਿਆ।

(51) 51਼ ਜਦੋਂ ਇਹ (ਇਨਕਾਰੀ) ਉਸ ਜ਼ਿਕਰ (ਭਾਵ .ਕੁਰਆਨ) ਸੁਣਦੇ ਹਨ ਤਾਂ ਤੁਹਾਨੂੰ ਆਪਣੀਆਂ (ਭੈੜੀਆਂ) ਨਜ਼ਰਾਂ ਨਾਲ ਇੰਜ ਤੱਕਦੇ ਹਨ ਜਿਵੇਂ ਉਹ ਤੁਹਾਡੇ ਪੈਰ (ਸਿੱਧੀ ਰਾਹ ਤੋਂ) ਉਖਾੜ ਦੇਣਗੇ ਅਤੇ ਆਖਦੇ ਹਨ ਕਿ ਬੇਸ਼ੱਕ ਉਹ (ਮੁਹੰਮਦ) ਤਾਂ ਸੁਦਾਈ ਹੈ।

(52) 52਼ ਜਦ ਕਿ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।