76 - Al-Insaan ()

|

(1) 1਼ ਜ਼ਰੂਰ ਹੀ ਮਨੁੱਖ ਉੱਤੇ ਅਨੰਤ-ਕਾਲ ਦਾ ਇਕ ਅਜਿਹਾ ਸਮਾਂ ਵੀ ਬੀਤ ਚੁੱਕਾ ਹੈ ਜਦੋਂ ਉਹ ਕੋਈ ਵਰਣਨ ਯੋਗ ਚੀਜ਼ ਨਹੀਂ ਸੀ।

(2) 2਼ ਬੇਸ਼ੱਕ ਅਸੀਂ ਮਨੁੱਖ ਨੂੰ (ਮਰਦ ਤੇ ਔਰਤ ਦੇ) ਰਲੇ ਮਿਲੇ ਵੀਰਜ ਤੋਂ ਸਾਜਿਆ ਹੈ, ਅਸੀਂ ਉਸ ਨੂੰ ਪਰਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਵੇਖਣ ਵਾਲਾ ਬਣਾ ਦਿੱਤਾ।

(3) 3਼ ਅਸੀਂ ਉਸ ਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੀ ਹੁਣ ਭਾਵੇਂ ਉਹ ਸ਼ੁਕਰਗੁਜ਼ਾਰ ਹੋਵੇ ਜਾਂ ਨਾ-ਸ਼ੁਕਰਾ।

(4) 4਼ ਨਿਰਸੰਦੇਹ, ਅਸੀਂ ਕਾਫ਼ਿਰਾਂ ਲਈ ਜ਼ੰਜੀਰਾਂ, ਸੰਗਲ ਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।

(5) 5਼ ਬੇਸ਼ੱਕ ਨੇਕ ਲੋਕ (ਸਵਰਗ ਵਿਚ) ਅਜਿਹੇ ਜਾਮ ਤੋਂ (ਸ਼ਰਾਬ) ਪੀਣਗੇ ਜਿਸ ਵਿਚ ਕਪੂਰ-ਜਲ ਦਾ ਰਲਾ ਹੋਵੇਗ।

(6) 6਼ ਉਹ ਇਕ ਚਸ਼ਮਾਂ ਹੈ ਜਿਸ ਵਿੱਚੋਂ ਅੱਲਾਹ ਦੇ ਨੇਕ ਬੰਦੇ (ਸ਼ਰਾਬ) ਪੀਣਗੇ ਅਤੇ ਜਿੱਥੇ ਵੀ ਚਾਹੁੰਣਗੇ ਉਸ ਦੀਆਂ ਸ਼ਾਖ਼ਾਂ ਕੱਢ ਲੈਣਗੇ।

(7) 7਼ ਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ।

(8) 8਼ ਅਤੇ ਅੱਲਾਹ ਦੀ ਮੁਹੱਬਤ ਵਿਚ ਮੁਥਾਜਾਂ, ਯਤੀਮਾਂ ਅਤੇ ਕੈਦੀਆਂ ਨੂੰ ਭੋਜਨ ਖੁਆਉਂਦੇ ਸੀ।

(9) 9਼ (ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ।

(10) 10਼ ਅਸੀਂ ਤਾਂ ਆਪਣੇ ਰੱਬ ਤੋਂ ਚਿਹਰੇ ਵਿਗਾੜ ਦੇਣ ਵਾਲੇ ਅਤਿਅੰਤ ਕਰੜੇ ਦਿਹਾੜੇ (ਭਾਵ ਕਿਆਮਤ) ਦਾ ਡਰ ਖਾਂਦੇ ਹਾਂ।

(11) 11਼ ਸੋ ਅੱਲਾਹ ਉਹਨਾਂ ਨੂੰ ਉਸ ਦਿਹਾੜੇ ਦੇ ਅਜ਼ਾਬ ਤੋਂ ਬਚਾ ਲਵੇਗਾ ਅਤੇ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਨਾਲ ਨਵਾਜ਼ੇਗਾ।

(12) 12਼ ਅਤੇ ਉਹਨਾਂ ਦੇ ਸਬਰ ਦੇ ਬਦਲੇ ਉਹਨਾਂ ਨੂੰ ਜੰਨਤ ਅਤੇ ਰੇਸ਼ਮੀ ਵਸਤਰ ਦੇਵਾਂਗਾ।

(13) 13਼ ਉਹ ਜੰਨਤ ਵਿਖੇ ਸਿੰਘਾਸਣਾ ਉੱਤੇ ਤਕੀਏ ਲਾਈਂ ਬੈਠੇ ਹੋਣਗੇ, ਉੱਥੇ ਨਾਂ ਧੁੱਪ ਵੇਖਣਗੇ ਤੇ ਨਾ ਹੀ ਠਾਰੀ ਹੋਵੇਗੀ।

(14) 14਼ ਅਤੇ ਜੰਨਤ ਦੀਆਂ ਛਾਵਾਂ ਉਹਨਾਂ ’ਤੇ ਝੁਕੀਆਂ ਹੋਣਗੀਆਂ ਅਤੇ ਉਸ ਦੇ ਫਲਾਂ ਦੇ ਗੁੱਛੇ ਉਹਨਾਂ ਦੀ ਪਹੁੰਚ ਹੇਠ ਕਰ ਦਿੱਤੇ ਜਾਣਗੇ।

(15) 15਼ ਅਤੇ ਉਹਨਾਂ ਦੇ ਅੱਗੇ ਚਾਂਦੀ ਦੇ ਭਾਂਡੇ ਤੇ ਸ਼ੀਸ਼ੇ ਦੇ ਪਿਆਲੇ ਘੁਮਾਏ ਜਾ ਰਹੇ ਹੋਣਗੇ।

(16) 16਼ ਸ਼ੀਸ਼ੇ ਵੀ ਉਹ ਜਿਹੜੇ ਚਾਂਦੀ (ਦੀ ਕਿਸਮ) ਦੇ ਹੋਣਗੇ ਅਤੇ (ਸਾਕੀ) ਉਹਨਾਂ ਨੂੰ ਠੀਕ ਅੰਦਾਜ਼ੇ ਸਿਰ (ਭਾਵ ਚੰਗੀ ਤਰ੍ਹਾਂ) ਭਰਣਗੇ।

(17) 17਼ ਉੱਥੇ ਉਹਨਾਂ ਨੂੰ ਅਜਿਹੇ ਜਾਮ (ਸ਼ਰਾਬ ਦੇ) ਪਿਆਏ ਜਾਣਗੇ ਜਿਨ੍ਹਾਂ ਵਿਚ ਸੁਂਢ ਦਾ ਰਲਾ ਹੋਵੇਗਾ।

(18) 18਼ ਇਹ ਜੰਨਤ ਦਾ ਇਕ ਚਸ਼ਮਾ ਹੈ ਜਿਸ ਨੂੰ ‘ਸਲਸਬੀਲ’ ਦਾ ਨਾਂ ਦਿੱਤਾ ਗਿਆ ਹੈ।

(19) 19਼ ਉਹਨਾਂ ਦੀ ਸੇਵਾ ਲਈ ਮੁੰਢੇ ਫਿਰ ਰਹੇ ਹੋਣਗੇ, ਜਿਹੜੇ ਸਦਾ ਮੁੰਢੇ ਹੀ ਰਹਿਣਗੇ, ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹਨਾਂ ਨੂੰ ਖਿਲਰੇ ਹੋਏ ਮੋਤੀ ਸਮਝੋਗੇ।

(20) 20਼ ਜਦੋਂ ਤੁਸੀਂ ਉੱਥੇ ਜਿੱਧਰ ਵੀ ਵੇਖੋਗੇ ਨਿਅਮਤਾਂ ਹੀ ਨਿਅਮਤਾਂ ਅਤੇ ਇਕ ਵੱਡੀ ਪਾਤਸ਼ਾਹੀ ਵੇਖੋਗੇ।

(21) 21਼ ਉਹਨਾਂ ਦੇ (ਸਰੀਰ) ਉੱਤੇ ਬਰੀਕ ਹਰੇ ਰੰਗ ਦੇ ਰੇਸ਼ਮੀ ਬਸਤਰ ਹੋਣਗੇ, ਅਤੇ ਉਹਨਾਂ ਨੂੰ ਚਾਂਦੀ ਦੇ ਕੰਗਣ ਪਹਿਨਾਏ ਜਾਣਗੇ ਅਤੇ ਉਹਨਾਂ ਦਾ ਰੱਬ ਉਹਨਾਂ ਨੂੰ ਪਵਿੱਤਰ ਸ਼ਰਾਬ ਪਿਆਏਗਾ।

(22) 22਼ (ਆਖਿਆ ਜਾਵੇਗਾ) ਇਹ ਤੁਹਾਡਾ (ਨੇਕੀਆਂ ਦਾ) ਬਦਲਾ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਇਸ ਯੋਗ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਵੇ।

(23) 23਼ ਬੇਸ਼ੱਕ ਅਸੀਂ ਹੀ ਤੁਹਾਡੇ ਉੱਤੇ (ਹੇ ਮੁਹੰਮਦ!) ਇਹ .ਕੁਰਆਨ ਥੋੜ੍ਹਾ ਥੋੜ੍ਹਾ ਕਰਕੇ ਉਤਾਰਿਆ ਹੈ।

(24) 24਼ ਸੋ ਤੁਸੀਂ ਆਪਣੇ ਰੱਬ ਦੇ ਹੁਕਮ ਉੱਤੇ ਸਬਰ ਕਰੋ ਭਾਵ ਦ੍ਰਿੜਤਾ ਨਾਲ ਜਮੇਂ ਰਹੋ ਅਤੇ ਇਹਨਾਂ ਵਿੱਚੋਂ ਕਿਸੇ ਪਾਪੀ ਜਾਂ ਨਾ-ਸ਼ੁਕਰੇ ਦੇ ਪਿੱਛੇ ਨਾ ਲੱਗੋ।

(25) 25਼ ਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ।

(26) 26਼ ਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ।

(27) 27਼ ਬੇਸ਼ੱਕ ਇਹ (ਇਨਕਾਰੀ) ਲੋਕ ਦੁਨੀਆਂ ਨਾਲ ਮੋਹ ਰੱਖਦੇ ਹਨ ਅਤੇ ਭਾਰੀ ਦਿਨ (ਕਿਆਮਤ) ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।

(28) 28਼ ਅਸੀਂ ਹੀ ਇਹਨਾਂ ਨੂੰ ਸਾਜਿਆ ਹੈ ਤੇ ਇਹਨਾਂ ਦੇ ਜੋੜ-ਬੰਦ ਪੱਕੇ ਕੀਤੇ ਹਨ, ਜਦੋਂ ਅਸੀਂ ਚਾਹੀਏ ਇਹਨਾਂ ਵਰਗੇ ਹੋਰ ਲੋਕ ਲਿਆਈਏ।

(29) 29਼ ਬੇਸ਼ੱਕ ਇਹ (.ਕੁਰਆਨ) ਇਕ ਨਸੀਹਤ ਹੈ ਹੁਣ ਜਿਹੜਾ ਚਾਹਵੇ ਆਪਣੇ ਰੱਬ ਵੱਲ (ਜਾਣ ਵਾਲੀ) ਰਾਹ ਤੁਰ ਪਵੇ।

(30) 30਼ ਤੁਹਾਡੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ, ਜਦੋਂ ਤਕ ਅੱਲਾਹ ਹੀ ਨਾ ਚਾਹੇ। ਬੇਸ਼ੱਕ ਅੱਲਾਹ ਜਾਣਨਹਾਰ ਅਤੇ ਯੁਕਤੀਮਾਨ ਹੈ।

(31) 31਼ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਮਿਹਰਾਂ ਵਿਚ ਦਾਖ਼ਲ ਕਰਦਾ ਹੈ ਅਤੇ ਜ਼ਾਲਮਾਂ ਲਈ ਉਸ ਨੇ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।