(1) 1਼ ਅਲਿਫ਼, ਲਾਮ, ਮੀਮ।
(2) 2਼ ਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।
(3) 3਼ ਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।
(4) 4਼ ਅੱਲਾਹ ਉਹ ਜਿਸਨੇ ਅਕਾਸ਼ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ, ਛੇ ਦਿਨਾਂ ਵਿਚ ਸਾਜਿਆ ਹੈ। ਫੇਰ ਉਹ ਅਰਸ਼ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋਇਆ। ਉਸ ਤੋਂ ਛੁੱਟ ਨਾ ਕੋਈ ਤੁਹਾਡਾ ਸਹਾਈ ਹੈ ਅਤੇ ਨਾ ਹੀ ਸਿਫ਼ਾਰਸ਼ੀ। ਕੀ ਤੁਸੀਂ ਫੇਰ ਵੀ ਨਸੀਹਤ ਗ੍ਰਿਹਣ ਨਹੀਂ ਕਰਦੇ ?
(5) 5਼ ਉਹ ਅਕਾਸ਼ ਤੋਂ ਲੈ ਕੇ ਧਰਤੀ ਤਕ (ਭਾਵ ਸੰਸਾਰ) ਦੇ ਸਾਰੇ ਮਾਮਲਿਆਂ ਦਾ ਸੰਚਾਲਨ ਕਰਦਾ ਹੈ ਅਤੇ ਇਕ ਦਿਨ, ਜਿਹੜਾ ਤੁਹਾਡੇ ਇਕ ਹਜ਼ਾਰ ਸਾਲ ਦੇ ਬਰਾਬਰ ਹੈ, ਉਹ ਮਾਮਲਾ ਉਸ ਕੋਲ (ਅਕਾਸ਼ ’ਤੇ ਚੜ੍ਹ) ਜਾਂਦਾ ਹੈ।
(6) 6਼ ਉਹ (ਅੱਲਾਹ) ਤੁਹਾਡੀਆਂ ਗੁੱਪਤ ਤੇ ਖੁੱਲ੍ਹੀਆਂ ਗੱਲਾਂ ਦਾ ਜਾਣਨ ਵਾਲਾ ਹੈ। ਉਹ ਡਾਢਾ ਜ਼ੋਰਾਵਰ ਤੇ ਅਤਿ ਰਹਿਮ ਫ਼ਰਮਾਉਣ ਵਾਲਾ ਹੈ।
(7) 7਼ ਜਿਸ ਨੇ ਹਰਕੇ ਚੀਜ਼ ਨੂੰ ਸੋਹਣੇ ਢੰਗ ਨਾਲ ਸਾਜਿਆ ਅਤੇ ਮਨੁੱਖ ਦੀ ਰਚਨਾ ਮਿੱਟੀ ਤੋਂ ਆਰੰਭ ਕੀਤਾ।
(8) 8਼ ਫੇਰ ਉਸ (ਮਨੁੱਖ ਭਾਵ ਆਦਮ) ਦੀ ਨਸਲ ਇਕ ਤੁੱਛ ਜਿਹੇ ਪਾਣੀ ਦੇ ਨਚੋੜ (ਵੀਰਜ) ਤੋਂ ਚਲਾਈ।
(9) 9਼ ਫੇਰ ਉਸ (ਦੇ ਅੰਗਾਂ) ਨੂੰ ਠੀਕ ਕੀਤਾ ਅਤੇ ਉਸ ਵਿਚ ਆਪਣੀ ਰੂਹ ਫੂੰਕੀ (ਭਾਵ ਜਾਨ ਪਾ ਦਿੱਤੀ)। ਉਸੇ (ਅੱਲਾਹ) ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ, ਪਰ ਤੁਸੀਂ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।
(10) 10਼ ਅਤੇ ਉਹਨਾਂ (ਕਾਫ਼ਿਰ) ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਿੱਟੀ ਵਿਚ ਰਲ-ਮਿਲ ਜਾਵਾਂਗੇ ਤਾਂ ਕੀ ਅਸੀਂ ਨਵੀਂ ਜੀਵਨੀ ਵਿਚ ਪ੍ਰਗਟ ਹੋਵਾਂਗੇ ? (ਨਹੀਂ) ਹੇ ਨਬੀ! ਸਗੋਂ ਉਹ ਤਾਂ ਆਪਣੇ ਪਾਲਣਹਾਰ ਦੇ ਮਿਲਣ ਤੋਂ ਹੀ ਇਨਕਾਰ ਕਰਦੇ ਹਨ।
(11) 11਼ (ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।
(12) 12਼ ਹੇ ਨਬੀ! ਕਾਸ਼! ਤੁਸੀਂ ਵੀ ਵੇਖਦੇ ਜਦੋਂ ਪਾਪੀ ਆਪਣੇ ਰੱਬ ਅੱਗੇ ਨੀਵੀਂ ਪਾਈਂ ਖੜੇ ਹੋਣਗੇ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਇਸ (ਕਿਆਮਤ ਦਿਹਾੜੇ) ਨੂੰ ਵੇਖ ਲਿਆ ਅਤੇ ਸੁਣ ਵੀ ਲਿਆ, ਹੁਣ ਤੂੰ ਸਾਨੂੰ ਮੁੜ (ਧਰਤੀ ’ਤੇ) ਭੇਜ ਦੇ ਹੁਣ ਅਸੀਂ ਭਲੇ ਕੰਮ ਕਰਾਂਗੇ, ਸਾਨੂੰ ਯਕੀਨ ਹੋ ਗਿਆ ਹੈ (ਕਿ ਤੇਰੇ ਨਬੀ ਦੀਆਂ ਗੱਲਾਂ ਸੱਚੀਆਂ ਸਨ)।
(13) 13਼ ਜੇਕਰ ਅਸੀਂ (ਅੱਲਾਹ) ਚਾਹੁੰਦੇ ਤਾਂ ਹਰੇਕ ਵਿਅਕਤੀ ਨੂੰ ਸਿੱਧਾ ਰਾਹ ਦਰਸਾਉਂਦੇ ਪਰ ਮੇਰੇ ਲਈ ਇਹ ਗੱਲ ਸੱਚ ਸਾਬਤ ਹੋ ਗਈ (ਜਿਹੜੀ ਮੈਂ ਆਖੀ ਸੀ) ਕਿ ਮੈਂ ਨਰਕ ਨੂੰ ਮਨੁੱਖਾਂ ਤੇ ਜਿੰਨਾਂ ਨਾਲ ਜ਼ਰੂਰ ਹੀ ਭਰ ਦੇਵਾਂਗਾ।
(14) 14਼ ਸੋ (ਹੇ ਇਨਕਾਰੀਓ!) ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਇਸ ਲਈ ਕਿ ਤੁਸੀਂ ਇਸ ਦਿਨ ਦੀ ਮਿਲਣੀ (ਕਿਆਮਤ) ਨੂੰ ਭੁਲਾ ਬੇਠੇ ਸੀ, ਸੋ ਅੱਜ ਅਸਾਂ ਵੀ ਤੁਹਾਨੂੰ ਭੁਲਾ ਛੱਡਿਆ ਹੈ ਅਤੇ ਜੋ ਬੁਰੇ ਕੰਮ ਤੁਸੀਂ ਕਰਦੇ ਸੀ ਉਹਨਾਂ ਕਾਰਨ ਤੁਸੀਂ ਸਦੀਵੀ ਸਜ਼ਾ ਦਾ ਸੁਆਦ ਲਵੋ।
(15) 15਼ ਸਾਡੀਆਂ ਆਇਤਾਂ (ਹੁਕਮਾਂ) ਨੂੰ ਤਾਂ ਉਹੀਓ ਸੱਚ ਮੰਨਦੇ ਹਨ ਕਿ ਜਦੋਂ ਉਹਨਾਂ ਨੂੰ ਇਹਨਾਂ ਆਇਤਾਂ ਰਾਹੀਂ ਨਸੀਹਤ ਕੀਤੀ ਜਾਂਦੀ ਹੈ ਤਾਂ ਉਹ ਸਿਜਦੇ ਵਿਚ ਡਿਗ ਪੈਂਦੇ ਹਨ (ਭਾਵ ਆਗਿਆ ਦੀ ਪਾਲਣ ਕਰਦੇ ਹਨ) ਅਤੇ ਆਪਣੇ ਰੱਬ ਦੇ ਪ੍ਰਸੰਸ਼ਾਂ ਦੇ ਨਾਲੋ-ਨਾਲ ਉਸ ਦੀ ਪਵਿੱਤਰਤਾ ਵੀ ਬਿਆਨ ਕਰਦੇ ਹਨ। ਉਹ ਝੁਕਣ ਵਿਚ ਘਮੰਡ ਨਹੀਂ ਕਰਦੇ।1
1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22
(16) 16਼ ਉਹਨਾਂ ਦੀਆਂ ਪਿਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ 2 (ਭਾਵ ਉਹ ਰਾਤਾਂ ਨੂੰ ਸੌਂਦੇ ਨਹੀਂ ਸਗੋਂ) ਅਤੇ ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਰਾਤ ਵੇਲੇ ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ।
2 ਇਕ ਹਦੀਸ ਵਿਚ ਰੁ ਕਿ ਅੱਲਾਹ ਦੇ ਨੇਕ ਬੰਦੇ ਰਾਤ ਦੇ ਆਖ਼ਰੀ ਤਿਹਾਈ ਹਿੱਸੇ ਵਿਚ ਨਮਾਜ਼ ਪੜ੍ਹਦੇ ਹਨ, ਆਪ (ਸ:) ਨੇ ਇਹ ਆਇਤ ਤਿਲਾਵਤ ਫ਼ਰਮਾਈ ਕਿ ਉਨ੍ਹਾਂ ਦੀਆਂ ਪਿੱਠਾਂ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ। (ਜਾਮੇ ਤਿਰਮਜ਼ੀ, ਹਦੀਸ: 2616)
(17) 17਼ ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।
(18) 18਼ ਕੀ ਮੋਮਿਨ ਵੀ ਫ਼ਾਸਿਕ (ਝੂਠੇ) ਵਾਂਗ ਹੋ ਸਕਦਾ ਹੈ ? ਇਹ ਦੋਵੇਂ ਇਕ ਸਮਾਨ ਨਹੀਂ ਹੋ ਸਕਦੇ।
(19) 19਼ ਪਰ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕਰਮ ਵੀ ਚੰਗੇ ਹੀ ਕੀਤੇ ਉਹਨਾਂ ਦੇ ਰਹਿਣ ਲਈ ਬਾਗ਼ ਹਨ, ਇਹ ਮਹਿਮਾਨਦਾਰੀ (ਆਓ ਭਗਤ) ਉਹਨਾਂ ਕਰਮਾਂ ਦੇ ਬਦਲੇ ਵਿਚ ਹੈ ਜਿਹੜੇ ਉਹ ਕਰਿਆ ਕਰਦੇ ਸਨ।
(20) 20਼ ਪਰ ਜਿਨ੍ਹਾਂ ਲੋਕਾਂ ਨੇ ਨਾ-ਫ਼ਰਮਾਨੀ ਕੀਤੀ ਉਹਨਾਂ ਦਾ ਟਿਕਾਣਾ ਨਰਕ ਹੈ, ਜਦੋਂ ਵੀ ਉਹ ਉਸ ਵਿੱਚੋਂ ਬਾਹਰ ਆਉਣਾ ਚਾਹੁਣਗੇ ਉਸੇ ਵਿਚ ਧਕੇਲ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ (ਰੱਬ ਤੇ ਉਸ ਦੇ ਰਸੂਲ ਨੂੰਙ) ਝੁਠਲਾਉਣ ਦੇ ਬਦਲੇ ਵਿਚ ਅਗੱਦਾ ਸੁਆਦ ਲਵੋ।
(21) 21਼ ਅਸੀਂ (ਅੱਲਾਹ) ਜ਼ਰੂਰ ਹੀ ਉਹਨਾਂ (ਕਾਫ਼ਿਰਾਂ) ਨੂੰ ਉਸ ਵੱਡੇ (ਨਰਕ ਦੇ) ਅਜ਼ਾਬ ਤੋਂ ਪਹਿਲਾਂ (ਸੰਸਾਰ ਵਿਚ) ਛੋਟੇ ਨਿੱਕੇ ਅਜ਼ਾਬਾਂ ਦਾ ਸੁਆਦ ਦੇਵੇਗਾਂ ਤਾਂ ਜੋ ਉਹ (ਰੱਬ ਵੱਲ) ਪਰਤ ਆਉਣ।
(22) 22਼ ਉਸ ਵਿਅਕਤੀ ਤੋਂ ਵੱਡਾ ਅਪਰਾਧੀ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ (•ਕੁਰਆਨ) ਨਾਲ ਨਸੀਹਤ ਕੀਤੀ ਗਈ ਹੋਵੇ ਫੇਰ ਵੀ ਉਸ ਨੇ ਮੂੰਹ ਮੋੜ ਲਿਆ। ਜ਼ਰੂਰ ਹੀ ਅਸੀਂ ਅਪਰਾਧੀਆਂ ਤੋਂ ਬਦਲਾ ਲੈਣ ਵਾਲੇ ਹਾਂ।
(23) 23਼ ਬੇਸ਼ੱਕ ਅਸੀਂ ਮੂਸਾ ਨੂੰ ਵੀ ਕਿਤਾਬ (ਤੌਰੈਤ) ਬਖ਼ਸ਼ੀ, ਸੋ (ਹੇ ਨਬੀ!) ਤੁਸੀਂ ਇਸ ਕਿਤਾਬ (•ਕੁਰਆਨ) ਨੂੰ ਅੱਲਾਹ ਵੱਲੋਂ ਮਿਲਣ ਉੱਤੇ ਸ਼ੱਕ ਨਾ ਕਰੋ। ਅਸੀਂ ਇਸ (ਤੌਰੈਤ) ਬਨੀ-ਇਸਰਾਈਲ ਲਈ ਹਿਦਾਇਤ (ਦਾ ਸਾਧਨ) ਬਣਾਇਆ।
(24) 24਼ ਜਦੋਂ ਉਹਨਾਂ ਨੇ ਧੀਰਜ ਤੋਂ ਕੰਮ ਲਿਆ ਤਾਂ ਅਸੀਂ ਉਹਨਾਂ ਲਈ ਕੁੱਝ ਅਜਿਹੇ ਆਗੂ ਬਣਾਏ ਜਿਹੜੇ ਸਾਡੇ ਹੁਕਮਾਂ ਅਨੁਸਾਰ ਅਗਵਾਈ ਕਰਦੇ ਸਨ ਅਤੇ ਉਹ ਸਾਡੀਆਂ ਆਇਤਾਂ (ਉਪਦੇਸ਼ਾਂ) ’ਤੇ ਵਿਸ਼ਵਾਸ ਕਰਦੇ ਸਨ।
(25) 25਼ ਨਿਰਸੰਦੇਹ, ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਵਿਚਾਲੇ ਫ਼ੈਸਲਾ ਕਰੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।
(26) 26਼ ਕੀ ਅਜਿਹੇ ਤੀਕ ਉਹਨਾਂ ’ਤੇ ਸਪਸ਼ਟ ਨਹੀਂ ਹੋਇਆ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ, ਜਿਨ੍ਹਾ ਦੇ ਘਰਾਂ ਵਿਚ ਅੱਜ ਉਹ ਤੁਰਦੇ-ਫਿਰਦੇ ਹਨ, ਹਲਾਕ ਕਰ ਚੁੱਕੇ ਹਾਂ, ਬੇਸ਼ੱਕ ਇਸ ਵਿਚ ਸਮਝਣ ਲਈ ਵੱਡੀਆਂ ਨਿਸ਼ਾਨੀਆਂ ਹਨ। ਕੀ ਉਹ ਫੇਰ ਵੀ ਸੁਣਦੇ ਸਮਝਦੇ ਨਹੀਂ ?
(27) 27਼ ਕੀ ਉਹ ਨਹੀਂ ਵੇਖਦੇ ਕਿ ਬੇਸ਼ੱਕ ਅਸੀਂ ਹੀ ਪਾਣੀ ਨੂੰ ਬਹਾ ਕੇ ਬੰਜਰ ਧਰਤੀ ਵੱਲ ਲੈ ਜਾਂਦੇ ਹਾਂ, ਫੇਰ ਅਸੀਂ ਉਸ (ਪਾਣੀ) ਰਾਹੀਂ ਫ਼ਸਲਾਂ ਉਗਾਉਂਦੇ ਹਾਂ, ਜਿਸ ਨੂੰ ਉਹਨਾਂ ਦੇ ਪਸ਼ੂ ਤੇ ਉਹ ਆਪ ਵੀ ਖਾਂਦੇ ਹਨ। ਕੀ ਉਹ ਸੋਚ ਵਿਚਾਰ ਨਹੀਂ ਕਰਦੇ ?
(28) 28਼ ਉਹ ਇਨਕਾਰੀ ਪੁੱਛਦੇ ਹਨ ਕਿ ਜੇ ਤੁਸੀਂ ਸੱਚੇ ਹੋ ਤਾਂ ਦੱਸੋ ਕਿ ਇਹ (ਅਮਲਾਂ) ਦਾ ਨਿਬੇੜਾ ਕਦੋਂ ਹੋਵੇਗਾ ?
(29) 29਼ (ਹੇ ਨਬੀ!) ਤੁਸੀਂ ਆਖ ਦਿਓ ਕਿ ਫ਼ੈਸਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਇਹਨਾਂ ਕਾਫ਼ਿਰਾਂ ਨੂੰ ਉਹਨਾਂ ਦਾ ਈਮਾਨ ਲਿਆਉਣਾ ਕੁੱਝ ਵੀ ਲਾਭ ਨਹੀਂ ਦੇਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਢਿੱਲ ਦਿੱਤੀ ਜਾਵੇਗੀ।
(30) 30਼ ਸੋ ਤੁਸੀਂ (ਹੇ ਨਬੀ!) ਉਹਨਾਂ ਤੋਂ ਮੂੰਹ ਫੇਰ ਲਵੋ (ਭਾਵ ਉਹਨਾਂ ਦੇ ਹਾਲ ’ਤੇ ਛੱਡ ਦਿਓ) ਅਤੇ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ) ਵੀ (ਅੱਲਾਹ ਦੇ ਫੈਸਲੇ ਦੀ) ਉਡੀਕ ਕਰ ਰਹੇ ਹਨ।