36 - Yaseen ()

|

(1) 1਼ ਯਾ, ਸੀਨ।

(2) 2਼ ਕਸਮ ਹੈ ਹਿਕਮਤ ਭਰੇ .ਕੁਰਆਨ ਦੀ।

(3) 3਼ ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ।

(4) 4਼ ਅਤੇ ਸਿੱਧੇ ਰਾਹ ’ਤੇ ਹੋ।

(5) 5਼ ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ।

(6) 6਼ ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਕਿਆਮਤ ਤੋਂ) ਡਰਾਵੋ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਡਰਾਇਆ ਨਹੀਂ ਗਿਆ ਸੀ, ਇਸੇ ਕਾਰਨ ਉਹ ਵੀ (ਨਕਰ ਤੋਂ) ਬੇਪਰਵਾਹ ਹਨ।

(7) 7਼ ਨਿਰਸੰਦੇਹ, ਉਹਨਾਂ ਦੀ ਬਹੁ ਗਿਣਤੀ ਅੱਲਾਹ ਦੇ ਫ਼ੈਸਲੇ (ਭਾਵ ਅਜ਼ਾਬ) ਦੀ ਭਾਗੀ ਬਣ ਚੁੱਕੀ ਹੈ, ਸੋ ਇਹ ਈਮਾਨ ਨਹੀਂ ਲਿਆਉਣਗੇ।

(8) 8਼ ਅਸਾਂ ਉਹਨਾਂ ਦੇ ਗਲਾਂ ਵਿਚ ਸੰਗਲ ਪਾ ਛੱਡੇ ਹਨ, ਜਿਹੜੇ ਉਹਨਾਂ ਦੀਆਂ ਠੋਡੀਆਂ ਤੀਕ ਹਨ ਇਸ ਲਈ ਉਹ ਸਿਰ ਚੁੱਕੀਂ ਖੜ੍ਹੇ ਹਨ।

(9) 9਼ ਅਤੇ ਅਸੀਂ ਉਹਨਾਂ ਦੇ ਅੱਗੇ (ਨਫ਼ਰਤ ਦੀ) ਇਕ ਕੰਧ ਖੜ੍ਹੀ ਕਰ ਛੱਡੀ ਹੈ ਅਤੇ ਇਕ ਕੰਧ ਉਹਨਾਂ ਦੇ ਪਿੱਛੇ, ਜਿਸ ਨਾਲ ਅਸੀਂ ਉਹਨਾਂ ਦੀਆਂ ਅੱਖਾਂ ਨੂੰ ਢੱਕ ਦਿੱਤਾ ਹੈ, ਹੁਣ ਉਹ (ਹੱਕ ਸੱਚ) ਵੇਖ ਨਹੀਂ ਸਕਦੇ।

(10) 10਼ (ਹੇ ਨਬੀ!) ਤੁਸੀਂ ਭਾਵੇਂ ਉਹਨਾਂ ਨੂੰ ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।

(11) 11਼ (ਹੇ ਨਬੀ!) ਤੁਸੀਂ ਤਾਂ ਕੇਵਲ ਉਸੇ ਵਿਅਕਤੀ ਨੂੰ ਹੀ ਡਰਾ ਸਕਦੇ ਹੋ ਜਿਹੜਾ ਨਸੀਹਤ (.ਕੁਰਆਨ) ਦੀ ਪੈਰਵੀ ਕਰੇ ਤੇ ਬਿਨਾਂ ਵੇਖੇ ਰਹਿਮਾਨ ਤੋਂ ਡਰੇ, ਸੋ ਤੁਸੀਂ ਉਸ ਵਿਅਕਤੀ ਨੂੰ ਬਖ਼ਸ਼ਿਸ਼ ਤੇ ਮਾਨ-ਸਨਮਾਨ ਵਾਲੇ ਬਦਲੇ (ਭਾਵ ਜੰਨਤ) ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।

(12) 12਼ ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ।

(13) 13਼ (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਲਈ ਇਕ ਬਸਤੀ ਦੀ ਉਦਾਹਰਨ ਦਾ ਉੱਲੇਖ ਕਰੋ, ਜਦੋਂ ਕਿ ਉਸ ਬਸਤੀ ਵਿਚ ਪੈਗ਼ੰਬਰ ਆਏ ਸਨ।

(14) 14਼ ਜਦੋਂ ਅਸੀਂ ਉਹਨਾਂ (ਬਸਤੀ ਵਾਲਿਆਂ) ਕੋਲ ਦੋ (ਪੈਗ਼ੰਬਰਾਂ) ਨੂੰ ਭੇਜਿਆ, ਪਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਝੁਠਲਾਇਆ, ਫੇਰ ਅਸੀਂ ਤੀਜਾ ਪੈਗ਼ੰਬਰ ਉਹਨਾਂ ਦੋਵਾਂ ਦੀ ਸਹਾਇਤਾ ਲਈ ਭੇਜਿਆ, ਸੋ ਉਹਨਾਂ (ਤਿੰਨਾਂ) ਨੇ ਕਿਹਾ ਕਿ ਅਸੀਂ ਤੁਹਾਡੇ ਵੱਲ (ਰੱਬ ਵੱਲੋਂ) ਘੱਲੇ ਗਏ (ਰਸੂਲ) ਹਾਂ।

(15) 15਼ ਉਹਨਾਂ (ਬਸਤੀ ਵਾਲਿਆਂ) ਨੇ ਕਿਹਾ ਕਿ ਤੁਸੀਂ ਤਾਂ ਸਾਡੇ ਹੀ ਵਰਗੇ ਇਕ ਮਨੁੱਖ ਹੋ ਅਤੇ ਰਹਿਮਾਨ (ਰੱਬ) ਨੇ ਤੁਹਾਡੇ ਉੱਤੇ ਕੋਈ ਵੀ ਚੀਜ਼ (ਭਾਵ ਪੈਗ਼ੰਬਰੀ) ਨਹੀਂ ਉਤਾਰੀ, ਤੁਸੀਂ ਤਾਂ ਨਿਰਾ ਹੀ ਝੂਠ ਬੋਲਦੇ ਹੋ।

(16) 16਼ ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਸਾਡਾ ਪਾਲਣਹਾਰ ਜਾਣਦਾ ਹੈ ਕਿ ਬੇਸ਼ੱਕ ਅਸੀਂ ਤੁਹਾਡੇ ਵੱਲ ਹੀ ਭੇਜੇ ਗਏ ਹਾਂ।

(17) 17਼ ਸਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਸੁਨੇਹਾ) ਪਹੁੰਚਾਉਣਾ ਹੈ।

(18) 18਼ ਉਹ (ਬਸਤੀ ਵਾਲੇ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮਨਹੂਸ (ਬੇ-ਭਾਗ) ਸਮਝਦੇ ਹਾਂ, ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਾਂਗੇ ਅਤੇ ਸਾਡੇ ਵੱਲੋਂ ਤੁਹਾਨੂੰ ਕਰੜੀ ਸਜ਼ਾ ਮਿਲੇਗੀ।

(19) 19਼ ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਤੁਹਾਡੀ ਨਹੂਸਤ ਤੁਹਾਡੇ ਨਾਲ ਹੀ ਜੁੜੀ ਹੋਈ ਹੈ। ਕੀ ਤੁਸੀਂ ਇਸ ਨਸੀਹਤ ਨੂੰ ਨਹੂਸਤ ਸਮਝਦੇ ਹੋ ਜਿਹੜੀ ਤੁਹਾਨੂੰ ਕੀਤੀ ਜਾਂਦੀ ਹੈ। (ਉੱਕਾ ਹੀ ਨਹੀਂ ਸਗੋਂ) ਤੁਸੀਂ ਹੱਦੋਂ ਟੱਪਣ ਵਾਲੇ ਲੋਕ ਹੋ।

(20) 20਼ ਇਨ੍ਹਾਂ ਕੋਲ ਇਕ ਵਿਅਕਤੀ, ਬਸਤੀ ਦੇ ਪਰਲੇ ਸਿਿਰਓ, ਨੱਸਦਾ ਹੋਇਆ ਆਇਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਤੁਸੀਂ ਇਹਨਾਂ (ਪੈਗ਼ੰਬਰਾਂ) ਦੀ ਪੈਰਵੀ ਕਰੋ।

(21) 21਼ ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋ ਜਿਹੜੇ ਤੁਹਾਥੋਂ (ਨਸੀਹਤਾਂ ਕਰਨ ਦਾ) ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਲੋਕ ਸਿੱਧੇ ਰਾਹ ’ਤੇ ਵੀ ਹਨ।

(22) 22਼ ਅਤੇ ਮੈਨੂੰ ਕੀ ਹੋਇਆ ਹੈ ਕਿ ਮੈਂ ਉਸ ਜ਼ਾਤ ਦੀ ਇਬਾਦਤ ਨਾ ਕਰਾਂ, ਜਿਸ ਨੇ ਮੈਨੂੰ ਪੈਦਾ ਕੀ? ਤਾ ਹੈ ਅਤੇ ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।

(23) 23਼ ਕੀ ਮੈਂ ਉਸ (ਅੱਲਾਹ) ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਵਾਂ ? ਜੇ ਰਹਿਮਾਨ ਮੈਨੂੰ ਕੋਈ ਹਾਨੀ ਪਚਾਉਣਾ ਚਾਹਵੇ ਤਾਂ ਨਾ ਉਹਨਾਂ (ਇਸ਼ਟਾਂ) ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਆਵੇਗੀ ਅਤੇ ਨਾ ਹੀ ਉਹ ਮੈਨੂੰ (ਅਜ਼ਾਬ ਤੋਂ) ਛੁਡਵਾ ਸਕਦੇ ਹਨ।

(24) 24਼ ਇੰਜ ਤਾਂ ਮੈਂ ਸਪਸ਼ਟ ਰੂਪ ਵਿਚ ਗੁਮਰਾਹੀ ਵਿਚ ਫਸ ਜਾਵਾਂਗਾ।

(25) 25਼ (ਉਹੀ ਵਿਅਕਤੀ ਨੇ ਕਿਹਾ ਕਿ) ਮੈਂ ਤਾਂ ਤੁਹਾਡੇ ਸਭ ਦੇ ਪਾਲਣਹਾਰ ’ਤੇ ਈਮਾਨ ਲੈ ਆਇਆ ਹਾਂ (ਇਹ ਸੁਣ ਕੇ ਕੌਮ ਨੇ ਉਸ ਨੂੰ ਮਾਰ ਦਿੱਤਾ)

(26) 26਼ (ਰੱਬ ਵੱਲੋਂ ਉਸ ਵਿਅਕਤੀ ਨੂੰ) ਕਿਹਾ ਗਿਆ ਕਿ ਸਵਰਗ ਵਿਚ ਪ੍ਰਵੇਸ਼ ਕਰ ਜਾ। ਉਹ (ਵਿਅਕਤੀ ਆਖਣ ਲੱਗਿਆ ਕਿ) ਕਾਸ਼ ਮੇਰੀ ਕੌਮ ਨੂੰ ਵੀ ਗਿਆਨ ਹੋ ਜਾਂਦਾ।

(27) 27਼ ਕਿ ਮੇਰੇ ਮਾਲਿਕ ਨੇ ਮੈਨੂੰ ਬਖ਼ਸ਼ ਦਿੱਤਾ ਹੈ ਅਤੇ ਉਸ ਨੇ ਮੈਨੂੰ ਪਤਵੰਤੇ ਲੋਕਾਂ ਵਿਚ ਸ਼ਾਮਿਲ ਕਰ ਲਿਆ ਹੈ।

(28) 28਼ ਉਸ (ਵਿਅਕਤੀ ਦੇ ਕਤਲ) ਮਗਰੋਂ ਅਸੀਂ ਉਸ ਦੀ ਕੌਮ ’ਤੇ ਅਕਾਸ਼ੋਂ ਕੋਈ ਫ਼ੌਜ (ਸਜ਼ਾ ਦੇਣ ਲਈ) ਨਹੀਂ ਉਤਾਰੀ ਅਤੇ ਨਾ ਹੀ ਅਸੀਂ ਇਸ ਪ੍ਰਕਾਰ ਭੇਜਿਆ ਕਰਦੇ ਹਾਂ।

(29) 29਼ ਉਹ ਤਾਂ ਕੇਵਲ ਇਕ (ਦਿਲ ਦਹਲਾਉਣ ਵਾਲੀ) ਚੀਕ ਸੀ (ਜਿਸ ਨੂੰ ਸੁਣ ਕੇ) ਅਚਣਚੇਤ ਉਹ ਸਾਰੇ ਲੋਕੀ ਬੁਝ ਕੇ ਰਹਿ ਗਏ (ਭਾਵ ਮਰ ਗਏ)

(30) 30਼ ਹਾਏ ਅਫ਼ਸੋਸ ਬੰਦਿਆਂ ਦੇ ਹਾਲ ’ਤੇ, ਜਿਹੜਾ ਵੀ ਰਸੂਲ ਉਹਨਾਂ ਕੋਲ ਆਇਆ, ਉਹ ਉਸ ਦਾ ਮਖੌਲ ਹੀ ਉਡਾਉਂਦੇ ਰਹੇ।

(31) 31਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਬਰਬਾਦ ਕਰ ਚੁੱਕੇ ਹਾਂ ? ਬੇਸ਼ੱਕ ਉਹ ਉਹਨਾਂ ਕੋਲ ਮੁੜ ਕੇ ਨਹੀਂ ਆਉਣਗੀਆਂ।

(32) 32਼ ਅਤੇ ਸਾਰੇ ਦੇ ਸਾਰੇ ਲੋਕ ਸਾਡੀ ਹਜ਼ੂਰੀ ਵਿਚ ਹਾਜ਼ਰ ਕੀਤੇ ਜਾਣਗੇ।

(33) 33਼ (ਜਿਹੜੇ ਲੋਕੀ ਮੁੜ ਜੀਵਨ ਨੂੰ ਨਹੀਂ ਮੰਨੇਦ) ਉਹਨਾਂ ਲਈ ਮੁਰਦਾ (ਭਾਵ ਬੰਜਰ) ਧਰਤੀ ਇਕ ਨਿਸ਼ਾਨੀ ਹੈ, ਜਿਸ ਨੂੰ ਅਸੀਂ ਜਿਊਂਦਾ (ਉਪਜਾਊ) ਕਰ ਦਿੱਤਾ ਅਤੇ ਇਸ ਵਿੱਚੋਂ ਅਨਾਜ ਕੱਢਿਆ, ਫੇਰ ਇਸ ਵਿੱਚੋਂ ਇਹ ਖਾਂਦੇ ਹਨ।

(34) 34਼ ਅਤੇ ਅਸੀਂ ਇਸ (ਧਰਤੀ) ਵਿੱਚੋਂ ਖਜੂਰ ਅਤੇ ਅੰਗੂਰਾਂ ਦੇ ਬਾਗ਼ ਪੈਦਾ ਕੀਤੇ ਅਤੇ ਇਸ (ਧਰਤੀ) ਵਿੱਚੋਂ ਨਹਿਰਾਂ ਵੀ ਵਗਾਈਆਂ।

(35) 35਼ ਤਾਂ ਜੋ (ਲੋਕੀ) ਇਸ ਦੇ ਫਲ ਖਾਣ ਅਤੇ ਇਹਨਾਂ ਫਲਾਂ ਨੂੰ ਇਹਨਾਂ (ਇਨਕਾਰੀਆਂ) ਦੇ ਹੱਥਾਂ ਨੇ ਨਹੀਂ ਬਣਾਇਆ (ਇਹ ਸਭ ਜਾਣਦੇ ਹੋਏ ਵੀ) ਉਹ ਲੋਕ ਧੰਨਵਾਦ ਕਿਉਂ ਨਹੀਂ ਕਰਦੇ।

(36) 36਼ ਪਾਕ ਹੈ ਉਹ ਜ਼ਾਤ ਜਿਸ ਨੇ ਹਰ ਚੀਜ਼ ਦੇ ਜੋੜੇ ਪੈਦਾ ਕੀਤੇ, ਉਹਨਾਂ ਚੀਜ਼ਾਂ ਦੇ ਵੀ ਜਿਨ੍ਹਾਂ ਨੂੰ ਧਰਤੀ ਉਗਾਉਂਦੀ ਹੈ ਅਤ ਇਹਨਾਂ (ਮਨੁੱਖਾਂ) ਦੇ ਵੀ ਅਤੇ ਉਹਨਾਂ ਦੇ ਵੀ (ਜੋੜੇ ਬਣਾਏ) ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ।

(37) 37਼ ਅਤੇ ਇਹਨਾਂ ਲੋਕਾਂ ਲਈ ਰਾਤ ਵੀ ਇਕ ਨਿਸ਼ਾਨੀ ਹੈ। ਅਸੀਂ ਇਸ ਵਿੱਚੋਂ ਦਿਨ ਨੂੰ ਕੱਢਦੇ ਹਾਂ ਤਾਂ ਉਹ (ਦਿਨ) ਹਨੇਰੇ ਵਿਚ ਡੁੱਬ ਜਾਂਦਾ ਹੈ।

(38) 38਼ ਅਤੇ ਸੂਰਜ ਆਪਣੇ ਨਿਯਤ ਟਿਕਾਣੇ ਪਹੁੰਚਣ ਲਈ ਚਲਦਾ ਰਹਿੰਦਾ ਹੈ, ਇਹ (ਨਿਯਤ ਚਾਲਾਂ) ਦਾ ਹਿਸਾਬ ਵੱਡੇ ਜ਼ੋਰਾਵਰ ਤੇ ਜਾਣਨਹਾਰ ਵੱਲੋਂ ਹੈ।

(39) 39਼ ਅਤੇ ਚੰਨ ਦੀਆਂ (ਅਠਾਈ) ਮੰਜ਼ਿਲਾਂ (ਚਾਲਾਂ) ਅਸੀਂ ਨਿਯਤ ਕਰ ਰੱਖੀਆਂ ਹਨ, ਇੱਥੋਂ ਤਕ ਕਿ (ਮਹੀਨੇ ਦੇ ਅਖੀਰ ਵਿਚ) ਉਹ ਮੁੜ ਖਜੂਰ ਦੀ ਇਕ ਪੁਰਾਣੀ ਟੇਢੀ ਟਹਿਣੀ ਵਾਂਗ ਹੋ ਜਾਂਦਾ ਹੈ।

(40) 40਼ ਨਾ ਹੀ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ ਲਵੇ ਅਤੇ ਨਾ ਹੀ ਰਾਤ ਤੋਂ ਪਹਿਲਾਂ ਦਿਨ ਆ ਸਕਦਾ ਹੈ ਅਤੇ ਹਰੇਕ (ਸੂਰਜ, ਚੰਨ, ਤਾਰੇ ਆਦਿ) ਆਪਣੇ ਨਿਯਤ ਘੇਰੇ ਵਿਚ ਤੇਰਦਾ ਫਿਰਦਾ ਹੈ।

(41) 41਼ ਉਹਨਾਂ (ਰੱਬ ਦੇ ਇਨਕਾਰੀਆਂ) ਲਈ ਇਕ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਨਸਲ ਨੂੰ (ਨੂਹ ਦੀ) ਭਰੀ ਹੋਈ ਕਿਸ਼ਤੀ ਵਿਚ ਸਵਾਰ ਕੀਤਾ।

(42) 42਼ ਅਤੇ ਅਸੀਂ ਉਹਨਾਂ ਲਈ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਪੈਦਾ ਕੀਤੀਆਂ ਜਿਨ੍ਹਾਂ ’ਤੇ ਉਹ ਸਵਾਰ ਹੁੰਦੇ ਹਨ।

(43) 43਼ ਜੇਕਰ ਅਸੀਂ ਚਾਹੀਏ ਤਾਂ ਉਹਨਾਂ ਨੂੰ ਡੋਬ ਦਈਏ, ਫੇਰ ਨਾ ਤਾਂ ਕੋਈ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬਚਾਇਆ ਜਾ ਸਕੇਗਾ।

(44) 44਼ ਪ੍ਰੰਤੂ (ਉਹਨਾਂ ਦਾ ਬਚਾਓ) ਸਾਡੀ ਮਿਹਰਾਂ ’ਤੇ ਨਿਰਭਰ ਹੈ ਅਤੇ ਇਕ ਖ਼ਾਸ ਸਮੇਂ ਤਕ (ਭਾਵ ਮਰਨ ਤੱਕ) ਉਹਨਾਂ ਨੂੰ ਜੀਵਨ ਦਾ ਲਾਭ ਦੇ ਰਹੇ ਹਾਂ।

(45) 45਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਅਜ਼ਾਬ ਤੋਂ ਡਰੋ ਜਿਹੜਾ ਤੁਹਾਡੇ ਸਾਹਮਣੇ (ਸੰਸਾਰ ਵਿਚ) ਹੈ ਅਤੇ ਜਿਹੜਾ ਤੁਹਾਡੇ ਪਿੱਛੇ (ਪਰਲੋਕ ਵਿਚ) ਹੈ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ (ਤਾਂ ਉਹ ਕੰਨੀ ਕਤਰਾਉਂਦੇ ਹਨ)

(46) 46਼ ਅਤੇ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਜਿਹੜੀ ਵੀ ਨਿਸ਼ਾਨੀ ਉਹਨਾਂ ਕੋਲ ਆਉਂਦੀ ਹੈ ਤਾਂ ਉਸ ਤੋਂ ਮੂੰਹ ਫੇਰ ਲੈਂਦੇ ਹਨ।

(47) 47਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ।

(48) 48਼ ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ।

(49) 49਼ (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।

(50) 50਼ (ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ।

(51) 51਼ ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ।

(52) 52਼ ਆਖਣਗੇ ਕਿ ਹਾਏ ਸਾਡੇ ਮਾੜੇ ਭਾਗ! ਸਾਨੂੰ ਸਾਡੇ ਨੀਂਦਰ ਸਥਾਨ ਤੋਂ ਕਿਸ ਨੇ ਜਗਾ ਦਿੱਤਾ? (ਉੱਤਰ ਵਿਚ ਕਿਹਾ ਜਾਵੇਗਾ) ਕਿ ਇਹ ਉਹੀਓ (ਕਿਆਮਤ) ਹੈ, ਜਿਸ ਦਾ ਵਚਨ ਰਹਿਮਾਨ ਨੇ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਹੀ ਆਖਿਆ ਸੀ।

(53) 53਼ ਉਹ ਤਾਂ ਕੇਵਲ ਇਕ ਕਰੜੀ (ਡਰਾਉਣ ਵਾਲੀ) ਚੀਕ ਹੋਵੇਗੀ, ਫੇਰ ਉਹ ਸਾਰੇ ਦੇ ਸਾਰੇ ਸਾਡੇ ਹਜ਼ੂਰ ਪੇਸ਼ ਕਰ ਦਿੱਤੇ ਜਾਣਗੇ।

(54) 54਼ ਅੱਜ ਕਿਸੇ ਵਿਅਕਤੀ ’ਤੇ ਕੋਈ ਜ਼ੁਲਮ (ਨਾ-ਇਨਸਾਫ਼ੀ) ਨਹੀਂ ਹੋਵੇਗਾ, ਤੁਹਾਨੂੰ ਕੇਵਲ ਉਹਨਾਂ ਕੰਮਾਂ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।

(55) 55਼ ਬੇਸ਼ੱਕ ਸਵਰਗਾਂ ਵਾਲੇ ਅੱਜ ਐਸ਼ੋ-ਆਰਾਮ ਵਿਚ ਰੁਝੇ ਹੋਣਗੇ।

(56) 56਼ ਉਹ ਤੇ ਉਹਨਾਂ ਦੀਆਂ ਪਤਨੀਆਂ ਛਾਵਾਂ ਹੇਠ ਸਿੰਘਾਸਣਾਂ ਉੱਤੇ ਗਾਵੇ ਲਾਈਂ ਬੈਠੀਆਂ ਹੋਣਗੀਆਂ।

(57) 57਼ ਉਹਨਾਂ ਲਈ ਉੱਥੇ ਹਰ ਪ੍ਰਕਾਰ ਦੇ ਫਲ ਹੋਣਗੇ ਅਤੇ ਜੋ ਵੀ ਉਹ ਇੱਛਾ ਕਰਣਗੇ ਉਹਨਾਂ ਨੂੰ ਉਹੀਓ ਮਿਲੇਗਾ।

(58) 58਼ ਅਤੇ ਅਤਿਅੰਤ ਮਿਹਰਾਂ ਵਾਲੇ ਰੱਬ ਵੱਲੋਂ ਉਹਨਾਂ ਨੂੰ ਸਲਾਮ ਕਿਹਾ ਜਾਵੇਗਾ।

(59) 59਼ (ਅਤੇ ਪਾਪੀਆਂ ਨੂੰ ਕਿਹਾ ਜਾਵੇਗਾ ਕਿ) ਹੇ ਪਾਪੀਓ! ਅੱਜ ਤੁਸੀਂ (ਨੇਕ ਲੋਕਾਂ ਤੋਂ) ਅੱਡ ਹੋ ਜਾਓ।

(60) 60਼ ਹੇ ਆਦਮ ਦੀ ਔਲਾਦ! ਕੀ ਮੈਂਨੇ ਤੁਹਾਨੂੰ ਇਹ ਹਿਦਾਇਤ ਨਹੀਂ ਸੀ ਦਿੱਤੀ ਕਿ ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੀਓ, ਉਹ ਤਾਂ ਤੁਹਾਡਾ ਖੁੱਲ੍ਹਾ ਵੈਰੀ ਹੈ।

(61) 61਼ ਸਗੋਂ ਮੇਰੀ ਹੀ ਇਬਾਦਤ ਕਰਨਾ, ਇਹੋ ਸਿੱਧੀ ਰਾਹ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 22/2

(62) 62਼ ਬੇਸ਼ਕ ਉਸ (ਸ਼ੈਤਾਨ ਨੇ ਤਾਂ ਤੁਹਾਡੇ ਵਿੱਚੋਂ ਕਈਆਂ ਨੂੰ ਕੁਰਾਹੇ ਪਾ ਦਿੱਤਾ ਹੈ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ ?

(63) 63਼ (ਵੇਖੋ) ਇਹੋ ਉਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।

(64) 64਼ ਅੱਜ ਇਸ ਵਿਚ ਪ੍ਰਵੇਸ਼ ਕਰ ਜਾਓ। ਕਿਉਂ ਜੋ ਤੁਸੀਂ ਕੁਫ਼ਰ ਕਰਿਆ ਕਰਦੇ ਸੀ।

(65) 65਼ ਅੱਜ (ਕਿਆਮਤ ਦਿਹਾੜੇ) ਅਸੀਂ ਉਹਨਾਂ (ਕਾਫ਼ਿਰਾਂ) ਦੇ ਮੂੰਹਾਂ ’ਤੇ ਮੋਹਰਾਂ ਲਾ ਦੇਵਾਂਗੇ ਅਤੇ ਉਹਨਾਂ ਦੇ ਹੱਥ ਸਾਡੇ ਨਾਲ (ਭਾਵ ਅੱਲਾਹ ਨਾਲ) ਗੱਲਾਂ ਕਰਨਗੇ ਅਤੇ ਉਹਨਾਂ ਦੇ ਪੈਰ ਉਹਨਾਂ ਦੇ ਕੰਮਾਂ ਦੀ ਗਵਾਹੀਆਂ ਦੇਣਗੇ ਜੋ ਉਹ (ਸੰਸਾਰ ਵਿਚ) ਕਰਦੇ ਸਨ।

(66) 66਼ ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਅੱਖਾਂ ਤੋਂ ਅੰਨ੍ਹਾ ਕਰ ਦਈਏ ਫੇਰ ਉਹ (ਰਾਹ ਲੱਭਣ ਲਈ) ਨੱਸਦੇ, ਪ੍ਰੰਤੂ ਉਹਨਾਂ ਨੂੰ ਵਿਖਾਈ ਕਿਵੇਂ ਦੇਵੇਗਾ ?

(67) 67਼ ਜੇ ਅਸੀਂ ਚਾਹੁੰਦੇ ਤਾਂ ਇਸੇ ਥਾਂ ਉਹਨਾਂ ਦੀਆਂ ਸ਼ਕਲਾਂ ਨੂੰ ਵਿਗਾੜ ਦਿੰਦੇ ਫੇਰ ਉਹ ਨਾ ਹੀ ਅੱਗੇ ਜਾ ਸਕਣਗੇ ਅਤੇ ਨਾ ਹੀ ਪਿੱਛੇ ਮੁੜ ਸਕਣਗੇ।2
2 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3

(68) 68਼ ਜਿਸ ਵਿਅਕਤੀ ਨੂੰ ਅਸੀਂ ਵੱਡੀ ਉਮਰ (ਭਾਵ ਬੁਢਾਪਾ) ਦਿੰਦੇ ਹਾਂ, ਤਾਂ ਉਸ ਨੂੰ ਪੈਦਾ ਹੋਣ ਵਾਲੀ ਸਥਿਤੀ (ਭਾਵ ਬਚਪਣ) ਵੱਲ ਉਲਟਾ ਦਿੰਦੇ ਹਾਂ। ਕੀ ਉਹ ਫੇਰ ਵੀ ਨਹੀਂ ਸਮਝਦੇ ?

(69) 69਼ ਅਸੀਂ ਇਸ (ਮੁਹੰਮਦ ਸ:) ਨੂੰ ਕਵਿਤਾ ਕਹਿਣੀ ਨਹੀਂ ਸਿਖਾਈ ਅਤੇ ਨਾ ਹੀ ਇਸ ਨੂੰ ਸ਼ੋਭਦਾ ਹੈ। ਇਹ (ਰੱਬੀ ਬਾਣੀ) ਤਾਂ ਕੇਵਲ ਇਕ ਨਸੀਹਤ ਤੇ ਖੁੱਲ੍ਹੇ ਰੂਪ ਵਿਚ .ਕੁਰਆਨ ਹੈ।

(70) 70਼ ਤਾਂ ਜੋ ਉਹ (ਨਬੀ) ਉਸ ਨੂੰ (.ਕੁਰਆਨ ਰਾਹੀਂ) ਰੱਬ ਦੇ ਅਜ਼ਾਬ ਤੋਂ ਸਾਵਧਾਨ ਕਰੇ ਜਿਹੜਾ ਜਿਊਂਦਾ ਹੈ (ਭਾਵ ਜਿਸ ਦੀ ਅਕਲ ਨਹੀਂ ਮਰੀ) ਅਤੇ ਕਾਫ਼ਿਰਾਂ ਲਈ (ਅਜ਼ਾਬ ਦੇਣ ਦੀ) ਹੁੱਜਤ ਪੂਰੀ ਹੋ ਜਾਵੇ।

(71) 71਼ ਕੀ ਉਹ (ਕਾਫ਼ਿਰ) ਨਹੀਂ ਵੇਖਦੇ ਕਿ ਅਸੀਂ ਆਪਣੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਵਿੱਚੋਂ ਉਹਨਾਂ ਲਈ ਪਸ਼ੂ ਪੈਦਾ ਕੀਤੇ ਜਿਨ੍ਹਾਂ ਦੇ ਉਹ ਮਾਲਿਕ ਬਣ ਗਏ ਹਨ।

(72) 72਼ ਉਹਨਾਂ (ਪਸ਼ੂਆਂ) ਨੂੰ ਅਸੀਂ ਉਹਨਾਂ ਦੇ ਅਧੀਨ ਕਰ ਛੱਡਿਆ ਹੈ, ਸੋ ਇਹਨਾਂ ਵਿੱਚੋਂ ਕੁੱਝ ਪਸ਼ੂਆਂ (ਘੋੜਾ, ਗਧਾ ਊਂਠ ਆਦਿ) ਦੀ ਤਾਂ ਉਹ ਸਵਾਰੀ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਉਹ ਖਾਂਦੇ ਹਨ (ਜਿਵੇਂ ਬਕਰੀ, ਭੈਡ, ਊਂਠ, ਗਊ, ਮੈਸ) ਆਦਿ।

(73) 73਼ ਉਹਨਾਂ ਲਈ ਉਹਨਾਂ ਪਸ਼ੂਆਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲਾਭ ਹਨ, (ਜਿਵੇਂ ਚਮੜੀ, ਵਾਲ, ਉੱਨ ਆਦਿ) ਅਤੇ ਪੀਣ ਲਈ (ਦੁੱਧ) ਹੈ। ਕੀ ਉਹ ਫੇਰ ਵੀ (ਰੱਬ ਦਾ) ਸ਼ੁਕਰ ਅਦਾ ਨਹੀਂ ਕਰਦੇ?

(74) 74਼ ਅਤੇ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਨੂੰ ਛੱਡ ਹੋਰਾਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹਨਾਂ ਦੀ ਮਦਦ ਕਰ ਸਕਣ।

(75) 75਼ ਜਦੋਂ ਕਿ ਉਹ (ਇਸ਼ਟਾਂ) ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਗੋਂ ਇਹ (ਮੁਸ਼ਰਿਕ) ਤਾਂ ਉਲਟੇ ਉਹਨਾਂ (ਬੁਤਾਂ) ਦੀ ਮਦਦ ਕਰਨ ਲਈ ਹਰ ਵੇਲੇ ਹਾਜ਼ਿਰ ਰਹਿੰਦੇ ਹਨ।

(76) 76਼ ਸੋ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੋ, ਅਸੀਂ ਉਹਨਾਂ (ਕਾਫ਼ਿਰਾਂ) ਦੀਆਂ ਖੁੱਲ੍ਹੀਆਂ ਤੇ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹਾਂ।

(77) 77਼ ਕੀ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਉਸ ਨੂੰ ਵੀਰਜ ਤੋਂ ਪੈਦਾ ਕੀਤਾ ਹੈ ?ਫੇਰ ਉਹ (ਸਿਆਣਾ ਹੋਣ ’ਤੇ ਸਾਡੇ ਮੁਕਾਬਲੇ ਵਿਚ) ਇਕ ਦਮ ਝਗੜਾਲੂ ਬਣ ਗਿਆ।

(78) 78਼ ਅਤੇ ਇਸ (ਝਗੜਾਲੂ ਮਨੁੱਖ) ਨੇ ਸਾਡੇ ਲਈ ਉਦਾਹਰਨ ਬਿਆਨ ਕੀਤੀ ਅਤੇ ਆਪਣੀ ਸਿਰਜਣਾ ਨੂੰ ਭੁੱਲ ਗਿਆ। ਆਖਣ ਲੱਗਾ ਕਿ ਉਹਨਾਂ ਗਲੀਆਂ-ਸੜੀਆਂ ਹੱਡੀਆਂ ਨੂੰ ਕੌਣ ਜਿਊਂਦਾ ਕਰ ਸਕਦਾ ਹੈ।

(79) 79਼ (ਹੇ ਨਬੀ!) ਤੁਸੀਂ ਕਹੋ ਕਿ ਉਹਨਾਂ (ਗਲੀਆਂ ਸੜੀਆਂ ਹੱਡੀਆਂ) ਨੂੰ ਉਹੀ (ਅੱਲਾਹ) ਜਿਊਂਦਾ ਕਰੇਗਾ, ਜਿਨ੍ਹੇ ਉਹਨਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਹੈ ਅਤੇ ਉਹ ਹਰ ਤਰ੍ਹਾਂ ਦੇ ਪੈਦਾ ਕਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

(80) 80਼ ਉਹੀਓ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਡੇ ਲਈ ਹਰੇ ਭਰੇ ਰੁੱਖ ਤੋਂ ਅੱਗ (ਬਾਲਣ ਲਈ ਲੱਕੜ) ਬਣਾਈ ਜਿਸ ਤੋਂ ਤੁਸੀਂ ਅਚਣਚੇਤ ਅੱਗ ਬਾਲ ਲੈਂਦੇ ਹੋ।

(81) 81਼ ਉਹੀ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ। ਕੀ ਉਹ ਉਹਨਾਂ ਵਰਗਿਆਂ ਨੂੰ (ਮੁੜ) ਪੈਦਾ ਕਰਨ ਦੀ ਸਮਰਥਾ ਨਹੀਂ ਰੱਖਦਾ ? ਨਿਰਸੰਦੇਹ, ਸਮਰਥਾ ਰੱਖਦਾ ਹੈ, ਉਹੀਓ ਤਾਂ ਪੈਦਾ ਕਰਨ ਵਾਲਾ ਤੇ ਗਿਆਨ ਰੱਖਣ ਵਾਲਾ ਹੈ।

(82) 82਼ ਜਦੋਂ ਉਹ (ਅੱਲਾਹ) ਕੁੱਝ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੇਵਲ ਇੱਨਾ ਹੀ ਕਹਿਣਾ ਬਥੇਰਾ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ (ਕੰਮ) ਹੋ ਜਾਂਦਾ ਹੈ।

(83) 83਼ ਪਾਕ ਹੈ ਉਹ ਅੱਲਾਹ ਜਿਸ ਦੇ ਹੱਥ ਵਿਚ ਹਰ ਚੀਜ਼ ਦੀ ਸੰਪੂਰਨ ਸੱਤਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।