47 - Muhammad ()

|

(1) 1਼ ਜਿਨ੍ਹਾਂ ਲੋਕਾਂ ਨੇ (ਰੱਬੀ ਆਦੇਸ਼ਾਂ ਤੋਂ) ਇਨਕਾਰ ਕੀਤਾ ਅਤੇ (ਦੂਜਿਆਂ ਨੂੰ ਵੀ) ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਅੱਲਾਹ ਨੇ ਉਹਨਾਂ ਦੇ ਕਰਮਾਂ ਨੂੰ ਅਕਾਰਥ ਕਰ ਛੱਡਿਆ ਹੈ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

(2) 2਼ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਕੀਤੇ ਅਤੇ ਉਹ ਉਸ (.ਕੁਰਆਨ) ਉੱਤੇ ਈਮਾਨ ਲਿਆਏ ਜੋ ਹਜ਼ਰਤ ਮੁਹੰਮਦ (ਸ:) ’ਤੇ ਉਤਾਰਿਆ ਗਿਆ ਅਤੇ ਉਹ ਉਹਨਾਂ ਦੇ ਰੱਬ ਵੱਲੋਂ ਹੱਕ-ਸੱਚ ’ਤੇ ਆਧਾਰਿਤ ਹੈ, ਅੱਲਾਹ ਨੇ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਿੱਤੀਆਂ ਅਤੇ ਉਹਨਾਂ ਦਾ ਹਾਲ ਸੁਆਰ ਦਿੱਤਾ।

(3) 3਼ ਇਹ ਇਸ ਲਈ ਕਿ ਜਿਨ੍ਹਾਂ ਲੋਕਾਂ ਨੇ (.ਕੁਰਆਨ ਦਾ) ਇਨਕਾਰ ਕੀਤਾ ਹੈ, ਉਹਨਾਂ ਨੇ ਕੂੜ ਕੁਸਤਿ (ਝੂਠ) ਦੀ ਪੈਰਵੀ ਕੀਤੀ ਹੈ ਅਤੇ ਜਿਹੜੇ ਲੋਕ ਈਮਾਨ ਲਿਆਏ, ਉਹਨਾਂ ਨੇ ਆਪਣੇ ਰੱਬ ਵੱਲੋਂ ਆਈ ਹੋਈ ਹੱਕ-ਸੱਚ ਦੀ ਪੈਰਵੀ ਕੀਤੀ। ਇਸ ਤਰ੍ਹਾਂ ਅੱਲਾਹ ਲੋਕਾਂ ਦੇ ਲਈ ਉਹਨਾਂ ਦੀਆਂ ਉਦਾਹਰਣਾਂ ਬਿਆਨ ਕਰਦਾ ਹੈ।

(4) 4਼ ਸੋ ਜਦੋਂ ਇਹਨਾਂ ਇਨਕਾਰੀਆਂ ਨਾਲ (ਜੰਗ ਦੇ ਮੈਦਾਨ ਵਿਚ) ਤੁਹਾਡੀ ਮੁਠਭੇੜ ਹੋ ਜਾਵੇ ਤਾਂ (ਸਭ ਤੋਂ ਪਹਿਲਾਂ) ਇਹਨਾਂ ਦੀਆਂ ਧੌਨਾਂ ਵੱਡੋ।1 ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੁਚਲ ਦਿਓ ਤਾਂ ਕੈਦੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ, ਇਸ ਤੋਂ ਪਿੱਛੋਂ ਜਾਂ ਤਾਂ ਤੁਸੀਂ ਉਹਨਾਂ ’ਤੇ ਅਹਿਸਾਨ ਕਰੋ ਜਾਂ ਫ਼ਿਦੀਯਾ (ਫ਼ਿਰੌਤੀ) ਲੈ ਲਓ, ਇੱਥੋਂ ਤਕ ਕਿ ਲੜਾਈ ਆਪਣੇ ਹਥਿਆਰ ਸੁੱਟ ਦੇਵੇ (ਭਾਵ ਜੰਗ ਖ਼ਤਮ ਹੋ ਜਾਵੇ), ਤੁਹਾਡੇ ਲਈ ਹੁਕਮ ਇਹੋ ਹੈ। ਜੇ ਅੱਲਾਹ ਚਾਹੁੰਦਾ ਤਾਂ ਆਪ ਹੀ ਉਹਨਾਂ ਤੋਂ ਬਦਲਾ ਲੈ ਲੈਂਦਾ, ਪਰ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ ਤਾਂ ਜੋ ਉਹ ਤੁਹਾਡੀ ਇਕ ਦੂਜੇ ਰਾਹੀਂ ਪਰਖ ਕਰ ਸਕੇ। ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਕਤਲ (ਸ਼ਹੀਦ) ਕੀਤੇ ਗਏ, ਅੱਲਾਹ ਉਹਨਾਂ ਦੇ ਕੀਤੇ (ਨੇਕ) ਕੰਮ ਅਜਾਈਂ ਨਹੀਂ ਜਾਣ ਦੇਵੇਗਾ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 190/2 ਅਤੇ ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 20/9

(5) 5਼ ਉਹ ਛੇਤੀ ਹੀ ਉਹਨਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਦੇ ਹਾਲ ਸੁਆਰ ਦੇਵੇਗਾ।

(6) 6਼ ਉਹ ਉਹਨਾਂ ਨੂੰ ਉਸ (ਜੰਨਤ) ਵਿਚ ਦਾਖ਼ਲ ਕਰੇਗਾ, ਜਿਸ ਤੋਂ ਉਹ ਉਹਨਾਂ ਨੂੰ ਜਾਣੂ ਕਰਾ ਚੁੱਕਾ ਹੈ।

(7) 7਼ ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।

(8) 8਼ ਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ ਤਾਂ ਉਹਨਾਂ ਲਈ ਬਰਬਾਦੀ ਹੈ ਅਤੇ ਅੱਲਾਹ ਉਹਨਾਂ ਦੇ ਕਰਮਾਂ ਨੂੰ ਅਜਾਈਂ ਕਰ ਦੇਵੇਗਾ।

(9) 9਼ ਇਹ ਇਸ ਲਈ ਹੈ ਕਿ ਬੇਸ਼ੱਕ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ ਹੈ ਜਿਹੜੀ ਅੱਲਾਹ ਨੇ ਉਤਾਰੀ ਹੈ। ਫੇਰ ਉਸ (ਅੱਲਾਹ) ਨੇ ਉਹਨਾਂ ਦੇ (ਨੇਕ) ਕਰਮਾਂ ਨੂੰ ਅਜਾਈਂ ਕਰ ਦਿੱਤਾ।

(10) 10਼ ਫੇਰ ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀਂ ਕਿ ਉਹ ਉਹਨਾਂ ਲੋਕਾਂ ਦਾ ਅੰਤ ਵੇਖ ਲੈਂਦੇ ਜਿਹੜੇ ਉਹਨਾਂ ਤੋਂ ਪਹਿਲਾਂ (ਇਨਕਾਰੀ) ਸਨ?ਅੱਲਾਹ ਨੇ ਉਹਨਾਂ ਨੂੰ ਬਰਬਾਦ ਕਰ ਸੁੱਟਿਆ। ਇਨਕਾਰੀਆਂ ਲਈ ਅਜਿਹੀਆਂ ਹੀ ਸਜ਼ਾਵਾਂ ਨਿਯਤ ਕਰਦੇ ਹਾਂ।

(11) 11਼ ਇਹ ਇਸ ਲਈ ਕਿ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਦਾ ਕੋਈ ਵੀ ਸਹਾਇਕ ਨਹੀਂ।

(12) 12਼ ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਤਾਂ ਅੱਲਾਹ ਉਹਨਾਂ ਲੋਕਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇਗਾ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਨ੍ਹਾਂ ਲੋਕਾਂ ਨੇ (ਰੱਬ ਅਤੇ ਉਸ ਦੇ ਰਸੂਲ ਦਾ) ਇਨਕਾਰ ਕੀਤਾ, ਉਹ ਸੰਸਾਰ ਦਾ ਹੀ ਲਾਭ ਉਠਾਉਂਦੇ ਹਨ। ਉਹ ਇੰਜ ਨਿਸ਼ਚਿੰਤ ਹੋਕੇ ਖਾਂਦੇ-ਪੀਂਦੇ ਹਨ ਜਿਵੇਂ ਡੰਗਰ-ਪਸ਼ੂ ਖਾਂਦੇ ਹਨ। ਅੰਤ ਅੱਗ ਹੀ ਉਹਨਾਂ ਦਾ ਆਖ਼ਰੀ ਟਿਕਾਣਾ ਹੈ।

(13) 13਼ (ਹੇ ਨਬੀ!) ਕਿੰਨੀਆਂ ਹੀ ਉਹ ਬਸਤੀਆਂ ਤੁਹਾਡੀ ਇਸ ਬਸਤੀ (ਮੱਕਾ) ਨਾਲੋਂ ਜਿਸ (ਦੇ ਵਸਨੀਕਾਂ) ਨੇ ਤੁਹਾਨੂੰ ਬਾਹਰ ਕੱਢ ਦਿੱਤਾ, ਕਿਤੇ ਵੱਧ ਜ਼ੋਰਾਵਰ ਸਨ। ਅਸੀਂ ਉਹਨਾਂ ਨੂੰ ਬਰਬਾਦ ਕਰ ਸੁੱਟਿਆ, ਫੇਰ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ।

(14) 14਼ ਭਲਾਂ ਕੀ ਉਹ ਵਿਅਕਤੀ, ਜਿਹੜਾ ਆਪਣੇ ਰੱਬ ਵੱਲੋਂ ਪ੍ਰਤੱਖ ਤੇ ਸਪਸ਼ਟ ਹਿਦਾਇਤ ਉੱਤੇ ਹੋਵੇ, ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਲਈ ਉਸ ਦੀ ਭੈੜੀ ਕਰਨੀ ਸ਼ੋਭਾਮਾਨ ਬਣਾ ਦਿੱਤੀ ਗਈ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਗਿਆ ਹੋਵੇ?

(15) 15਼ ਜਿਸ ਜੰਨਤ ਦਾ ਵਾਅਦਾ ਪਰਹੇਜ਼ਗਾਰਾਂ ਨਾਲ ਕੀਤਾ ਗਿਆ ਹੈ, ਉਸ ਦੀ ਸ਼ਾਨ ਇਹ ਹੈ ਕਿ ਉਸ ਵਿਚ ਅਜਿਹੇ ਪਾਣੀ ਦੀਆਂ ਨਹਿਰਾਂ ਹਨ, ਜਿਹੜਾ ਬਦਲਣ ਵਾਲਾ ਨਹੀਂ ਅਤੇ ਅਜਿਹੇ ਦੁੱਧ ਦੀਆਂ ਨਹਿਰਾਂ ਹਨ ਜਿਸ ਦੇ ਸਵਾਦ ਵਿਚ ਕੋਈ ਫ਼ਰਕ ਨਹੀਂ ਆਇਆ ਹੋਵੇਗਾ ਅਤੇ ਅਜਿਹੀ ਸ਼ਰਾਬ ਦੀਆਂ ਨਹਿਰਾਂ ਹਨ ਜਿਹੜੀਆਂ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ ਅਤੇ ਪਾਕ-ਸਾਫ਼ ਸ਼ਹਿਦ ਦੀਆਂ ਨਹਿਰਾਂ ਹਨ। ਉੱਥੇ ਉਹਨਾਂ ਲਈ ਹਰ ਪ੍ਰਕਾਰ ਦੇ ਫਲ ਹੋਣਗੇ ਤੇ ਉਹਨਾਂ ਦੇ ਰੱਬ ਵੱਲੋਂ ਬਖ਼ਸ਼ਿਸ਼ ਹੋਵੇਗੀ। ਕੀ ਇਹ (ਨੇਕ ਲੋਕ) ਉਹਨਾਂ ਲੋਕਾਂ ਵਾਂਗ ਹੋ ਸਕਦੇ ਹਨ ਜਿਹੜੇ ਸਦਾ ਨਰਕ ਵਿਚ ਰਹਿਣ ਵਾਲੇ ਹਨ। ਉੱਥੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਪਿਆਇਆ ਜਾਵੇਗਾ ਜੋ ਉਹਨਾਂ ਦੀਆਂ ਆਂਤੜਾਂ ਦੇ ਟੋਟੇ-ਟੋਟੇ ਕਰ ਦੇਵੇਗਾ।

(16) 16਼ (ਹੇ ਨਬੀ!) ਇਹਨਾਂ (ਮੁਨਾਫ਼ਿਕਾਂ) ਵਿਚ ਹੀ ਕੁੱਝ ਲੋਕ ਅਜਿਹੇ ਹਨ ਜਿਹੜੇ ਤੁਹਾਡੇ ਵੱਲ ਕੰਨ ਲਾਈਂ ਰੱਖਦੇ ਹਨ। ਜਦੋਂ ਉਹ ਤੁਹਾਡੇ ਕੋਲੋਂ ਨਿਕਲਦੇ ਹਨ ਤਾਂ ਉਹ ਉਹਨਾਂ ਤੋਂ ਜਿਨ੍ਹਾਂ ਨੂੰ (ਆਸਮਾਨੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਹੈ, ਪੁੱਛਦੇ ਹਨ ਕਿ ਇਸ (ਨਬੀ) ਨੇ ਹੁਣੇ-ਹੁਣੇ ਤੁਹਾਨੂੰ ਕੀ ਆਖਿਆ ਸੀ? ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਉੱਤੇ ਅੱਲਾਹ ਨੇ ਮੋਹਰ ਲਾ ਛੱਡੀ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ।

(17) 17਼ ਜਿਹੜੇ ਲੋਕ ਸਿੱਧੇ ਰਾਹ ਪਏ ਹਨ ਅੱਲਾਹ ਉਹਨਾਂ ਨੂੰ ਵਧੇਰੇ ਹਿਦਾਇਤ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਡਰ-ਭੌ ਦਿੰਦਾ ਹੈ।

(18) 18਼ ਇਹ ਲੋਕ ਤਾਂ ਹੁਣ ਕਿਆਮਤ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਉਹਨਾਂ ’ਤੇ ਆ ਜਾਵੇ। ਬੇਸ਼ੱਕ ਉਸ ਦੀਆਂ ਨਿਸ਼ਾਨੀਆਂ ਤਾਂ ਆ ਚੁੱਕੀਆਂ ਹਨ। ਸੋ ਜਦੋਂ ਉਹਨਾਂ ਕੋਲ ਕਿਆਮਤ ਆ ਪੁੱਜੇਗੀ ਤਾਂ ਉਹਨਾਂ ਲਈ ਨਸੀਹਤ ਕਬੂਲ ਕਰਨ ਦਾ ਕਿਹੜਾ ਮੌਕਾ ਬਾਕੀ ਰਹਿ ਜਾਵੇਗਾ?1
1 ਭਾਵ ਉਸ ਸਮੇਂ ਤੌਬਾ ਨਹੀਂ ਕਰ ਸਕਣਗੇ ਨਾ ਹੀ ਤੌਬਾ ਲਾਭਦਾਇਕ ਹੋਵੇਗੀ। ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 158/6

(19) 19਼ ਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਛੁੱਟ ਕੋਈ ਸੱਚਾ ਇਸ਼ਟ ਨਹੀਂ ਹੈ ਤੁਸੀਂ ਆਪਣੇ ਲਈ ਵੀ ਅਤੇ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਦੇ ਗੁਨਾਹਾਂ ਲਈ ਵੀ (ਰੱਬ ਤੋਂ) ਮੁਆਫ਼ੀ ਮੰਗੋ। ਅੱਲਾਹ ਤੁਹਾਡੇ ਤੁਰਨ-ਫਿਰਨ (ਸਰਗਰਮੀਆਂ) ਤੋਂ ਅਤੇ ਤੁਹਾਡੇ ਟਿਕਾਣੇ ਤੋਂ ਵੀ ਜਾਣੂ ਹੈ।

(20) 20਼ ਜਿਹੜੇ ਲੋਕ ਈਮਾਨ ਲਿਆਏ ਉਹ ਆਖਦੇ ਹਨ ਕਿ ਕੋਈ ਸੂਰਤ (ਜਿਹਾਦ ਦੇ ਸੰਬੰਧ ਵਿਚ) ਕਿਉਂ ਨਹੀਂ ਉਤਾਰੀ ਗਈ? ਜਦੋਂ ਕੋਈ ਸਪਸ਼ਟ ਤੇ ਪੱਕੀ ਸੂਰਤ ਉਤਾਰੀ ਜਾਂਦੀ ਹੈ, ਜਿਸ ਵਿਚ ਕਤਲ ਕਰਨ ਦੀ ਚਰਚਾ ਕੀਤੀ ਜਾਂਦੀ ਹੈ। (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਵੇਖਿਆ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਸੀ, ਉਹ ਤੁਹਾਡੇ ਵੱਲ ਉਸ ਵਿਅਕਤੀ ਵਾਂਗ ਵੇਖਦੇ ਹਨ ਜਿਵੇਂ ਕਿਸੇ ’ਤੇ ਮੌਤ ਛਾ ਗਈ ਹੋਵੇ। ਸੋ ਉਹਨਾਂ ਲਈ ਬਰਬਾਦੀ ਹੈ।

(21) 21਼ ਤਾਬੇਦਾਰੀ ਕਰਨਾ ਤੇ ਚੰਗੀਆਂ ਗੱਲਾਂ ਆਖਣੀਆਂ ਵਧੀਆ ਗੱਲ ਹੈ ਪਰ ਜਦੋਂ (ਜਿਹਾਦ ਦਾ) ਸਮਸ਼ਟ ਹੁਕਮ ਆ ਜਾਂਦਾ ਹੈ ਤਾਂ ਜੇ ਉਹ ਅੱਲਾਹ ਨਾਲ ਕੀਤੇ ਪ੍ਰਣ ਵਿਚ ਸੱਚੇ ਰਹਿੰਦੇ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ।

(22) 22਼ ਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।1
1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਰਿਸ਼ਤੇਦਾਰੀਆਂ ਤੌੜਨ ਵਾਲਾ ਜੰਨਤ ਵਿਚ ਦਾਖ਼ਿਲ ਨਹੀਂ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 5984)

(23) 23਼ ਇਹੋ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਨੇ ਫਿਟਕਾਰ ਪਾਈ ਹੈ। ਫੇਰ ਉਸ (ਅੱਲਾਹ) ਨੇ ਉਹਨਾਂ (ਮੁਨਾਫ਼ਿਕਾਂ) ਨੂੰ ਬੋਲਾ ਬਣਾ ਦਿੱਤਾ ਅਤੇ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ।

(24) 24਼ ਕੀ ਉਹ ਲੋਕ .ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?

(25) 25਼ ਬੇਸ਼ੱਕ ਜਿਹੜੇ ਲੋਕਾਂ ਨੇ ਪਿੱਠਾਂ ਫੇਰ ਲਈਆਂ ਜਦ ਕਿ ਉਹਨਾਂ ਉੱਤੇ ਹਿਦਾਇਤ ਸਪਸ਼ਟ ਹੋ ਚੁੱਕੀ ਸੀ ਫੇਰ ਸ਼ੈਤਾਨ ਨੇ ਉਹਨਾਂ ਦੇ ਭੈੜੇ ਅਮਲਾਂ ਨੂੰ ਸ਼ੋਭਾਮਾਨ ਬਣਾ ਛੱਡਿਆ ਹੈ ਅਤੇ ਅੱਲਾਹ ਨੇ ਉਹਨਾਂ ਨੂੰ ਢਿੱਲ ਦੇ ਛੱਡੀ।

(26) 26਼ ਇਹ ਇਸ ਲਈ ਸੀ ਕਿ ਬੇਸ਼ੱਕ ਉਹਨਾਂ ਨੇ ਉਹਨਾਂ (ਯਹੂਦੀ) ਲੋਕਾਂ ਨੂੰ, ਜਿਨ੍ਹਾਂ ਨੇ ਇਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ, ਜਿਹੜਾ ਅੱਲਾਹ ਨੇ ਉਤਾਰਿਆ ਸੀ, ਆਖਿਆ ਕਿ ਕੁੱਝ ਮਾਮਲਿਆਂ ਵਿਚ ਅਸੀਂ ਤੁਹਾਡੀਆਂ ਗੱਲਾਂ ਮੰਨਾਂਗੇ। ਅੱਲਾਹ ਉਹਨਾਂ ਦੇ ਦਿਲਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਜਾਣਦਾ ਹੈ।

(27) 27਼ ਉਸ ਵੇਲੇ ਕੀ ਹੋਵੇਗਾ, ਜਦੋਂ ਫ਼ਰਿਸ਼ਤੇ ਉਹਨਾਂ ਦੇ ਮੂੰਹਾਂ ਤੇ ਪਿੱਠਾਂ ਉੱਤੇ ਮਾਰਦੇ ਹੋਏ ਉਹਨਾਂ ਦੇ ਪ੍ਰਾਣ ਕੱਢਣਗੇ।

(28) 28਼ ਇਹ (ਮਾਰ-ਕੁੱਟ) ਇਸ ਲਈ ਹੋਵੇਗੀ ਕਿ ਉਹਨਾਂ ਨੇ ਉਸ ਚੀਜ਼ ਦੀ ਪੈਰਵੀ ਕੀਤੀ ਜਿਸ ਨੇ ਅੱਲਾਹ ਨੂੰ ਨਾਰਾਜ਼ ਕਰ ਦਿੱਤਾ ਅਤੇ ਉਹਨਾਂ ਨੇ ਅੱਲਾਹ ਦੀ ਰਜ਼ਾਮੰਦੀ ਨੂੰ ਨਾ-ਪਸੰਦ ਕੀਤਾ। ਸੋ ਅੱਲਾਹ ਨੇ ਉਹਨਾਂ ਦੀਆਂ ਸਾਰੀਆਂ ਕਰਨੀਆਂ ਅਜਾਈਂ ਗੁਆ ਦਿੱਤੀਆਂ।

(29) 29਼ ਕੀ ਉਹਨਾਂ ਲੋਕਾਂ ਨੇ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹੈ, ਇਹ ਸਮਝ ਬੈਠੇ ਹਨ ਕਿ ਅੱਲਾਹ ਉਹਨਾਂ ਦੇ ਦਿਲਾਂ ਦੇ ਖੋਟ ਨੂੰ ਪ੍ਰਗਟ ਨਹੀਂ ਕਰੇਗਾ?

(30) 30਼ ਜੇ ਅਸੀਂ ਚਾਹੁੰਦੇ ਤਾਂ ਉਹ ਮੁਨਾਫ਼ਿਕ ਤੁਹਾਨੂੰ ਅੱਖੀਂ ਵਿਖਾ ਦਿੰਦੇ, ਫੇਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਲੈਂਦੇ। ਤੁਸੀਂ ਉਹਨਾਂ ਦੀ ਬੋਲ-ਬਾਣੀ ਤੋਂ ਉਹਨਾਂ ਨੂੰ ਜਾਣ ਲਵੋਗੇ। ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।

(31) 31਼ (ਹੇ ਮੋਮੀਨੋ!) ਅਸੀਂ ਤੁਹਾਨੂੰ ਜ਼ਰੂਰ ਹੀ ਅਜ਼ਮਾਵਾਂਗੇ ਤਾਂ ਜੋ ਅਸੀਂ ਵੇਖ ਲਈਏ ਕਿ ਤੁਹਾਡੇ ਵਿੱਚੋਂ ਜਿਹਾਦ ਕਰਨ ਵਾਲੇ ਤੇ ਸਬਰ ਕਰਨ ਵਾਲੇ (ਭਾਵ ਮੈਦਾਨ ਵਿਚ ਡਟੇ ਰਹਿਣ ਵਾਲੇ) ਕੌਣ ਹਨ ਅਤੇ ਤੁਹਾਡੇ ਦਿਲਾਂ ਦੇ ਹਾਲ ਦੀ ਪਰਖ ਕਰੀਏ।

(32) 32਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਦੂਜਿਆਂ ਨੂੰ ਵੀ ਅੱਲਾਹ ਦੀ ਰਾਹ ਤੋਂ ਰੋਕਿਆ ਅਤੇ ਰਸੂਲ (ਸ:) ਦੀ ਵਿਰੋਧਤਾ ਕੀਤੀ, ਜਦੋਂ ਕਿ ਉਹਨਾਂ ਉੱਤੇ ਸਿੱਧੀ ਰਾਹ ਸਪਸ਼ਟ ਹੋ ਚੁੱਕੀ ਸੀ,1 ਉਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਛੇਤੀ ਹੀ ਉਹ ਉਹਨਾਂ ਦੇ ਅਮਲਾਂ ਨੂੰ ਅਜਾਈਂ ਗੁਆ ਦੇਵੇਗਾ।
1 ਵੇਖੋ ਸੂਰਤ ਅਲ-ਫ਼ਾਤਿਹਾ, ਹਾਸ਼ੀਆ ਆਇਤ 6/1

(33) 33਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਅਤੇ ਆਪਣੇ ਕਰਮਾਂ ਨੂੰ ਅਜਾਈਂ ਨਾ ਕਰੋ।

(34) 34਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਦੂਜਿਆਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ, ਫੇਰ ਉਹ ਉਸੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਗਏ, ਤਾਂ ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

(35) 35਼ ਸੋ ਤੁਸੀਂ ਸੁਸਤੀ ਨਾ ਵਿਖਾਓ, ਨਾ ਹੀ ਸੁਲਾਹ ਲਈ ਬੇਨਤੀ ਕਰੋ ਜਦ ਕਿ ਤੁਸੀਂ ਹੀ ਗ਼ਾਲਬ (ਭਾਰੂ) ਰਹਿਣ ਵਾਲੇ ਹੋ। ਅੱਲਾਹ ਤੁਹਾਡੇ ਅੰਗ-ਸੰਗ ਹੈ, ਉਹ ਤੁਹਾਡੇ ਕਰਮਾਂ (ਦੇ ਸਵਾਬ)ਨੂੰ ਕਦੇ ਵੀ ਘੱਟ ਨਹੀਂ ਕਰੇਗਾ।

(36) 36਼ ਸੰਸਾਰਿਕ ਜੀਵਨ ਤਾਂ ਇਕ ਖੇਡ-ਤਮਾਸ਼ਾ ਹੈ। (ਹੇ ਲੋਕੋ!) ਜੇ ਤੁਸੀਂ (ਅੱਲਾਹ ਤੇ ਉਸ ਦੇ ਰਸੂਲ ਮੁਹੰਮਦ ਸ: ਉੱਤੇ) ਈਮਾਨ ਲੈ ਆਓ ਤੇ ਬੁਰਾਈਆਂ ਤੋਂ ਬਚੇ ਰਹੋ ਤਾਂ ਅੱਲਾਹ ਤੁਹਾਨੂੰ ਤੁਹਾਡੇ ਕਰਮਫਲ ਦੇਵੇਗਾ। ਉਹ ਤੁਹਾਥੋਂ ਤੁਹਾਡੇ ਸਾਰੇ ਧਨ-ਪਦਾਰਥ ਨਹੀਂ ਮੰਗਦਾ।

(37) 37਼ ਜੇ ਅੱਲਾਹ ਤੁਹਾਥੋਂ ਉਹ (ਮਾਲ-ਦੌਲਤ) ਮੰਗ ਲਵੇ ਅਤੇ ਇਸ ਲਈ ਜ਼ੋਰ ਪਾਵੇ, ਤਾਂ ਫੇਰ ਤੁਸੀਂ ਕੰਜੂਸੀ ਕਰੋਗੇ ਅਤੇ ਉਹ ਤੁਹਾਡੇ (ਦਿਲਾਂ ਦੇ) ਖੋਟ ਬਾਹਰ ਕੱਢ ਲਿਆਵੇਗਾ।

(38) 38਼ ਸੁਣੋ! ਤੁਸੀਂ ਤਾਂ ਉਹ ਲੋਕ ਹੋ ਕਿ ਜਿਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਕਰੋ, ਤੁਹਾਡੇ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਜੂਸੀਆਂ ਕਰਦੇ ਹਨ। ਜਿਹੜਾ ਕੋਈ ਕੰਜੂਸੀ ਕਰਦਾ ਹੈ (ਉਹ ਸੁਣ ਲਵੇ!) ਉਹ ਤਾਂ ਆਪਣੇ ਆਪ ਨਾਲ ਹੀ ਕੰਜੂਸੀ ਕਰਦਾ ਹੈ। ਅੱਲਾਹ ਤਾਂ ਬੇਪਰਵਾਹ ਹੈ, ਤੁਸੀਂ ਹੀ ਉਸ ਦੇ ਮੁਥਾਜ ਹੋ। ਜੇ ਤੁਸੀਂ (ਉਸ ਤੋਂ) ਮੂੰਹ ਮੋੜੋਗੇ ਤਾਂ ਅੱਲਾਹ ਤੁਹਾਡੀ ਥਾਂ ਦੂਜੇ ਲੋਕਾਂ ਨੂੰ ਬਦਲ ਦੇਵੇਗਾ, ਫੇਰ ਉਹ ਤੁਹਾਡੇ ਵਰਗੇ (ਨਾ-ਫ਼ਰਮਾਨ) ਨਹੀਂ ਹੋਣਗੇ।