(1) 1਼ ਸੁੰਹ ਉਹਨਾਂ ਹਵਾਵਾਂ ਦੀ ਜਿਹੜੀਆਂ (ਧੂੜ) ਉਡਾਉਣ ਵਾਲੀਆਂ ਹਨ।
(2) 2਼ ਫੇਰ ਉਹਨਾਂ ਬੱਦਲਾਂ ਦੀ ਜਿਹੜੇ ਪਾਣੀ ਦਾ ਭਾਰ ਚੁੱਕਣ ਵਾਲੇ ਹਨ।
(3) 3਼ (ਸੁੰਹ) ਉਹਨਾਂ ਬੇੜੀਆਂ ਦੀ ਜਿਹੜੀਆਂ ਆਸਾਨੀ ਨਾਲ ਵਗਣ ਵਾਲੀਆਂ ਹਨ।
(4) 4਼ (ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।
(5) 5਼ ਕਿ ਬੇਸ਼ੱਕ (ਕਿਆਮਤ ਦਿਹਾੜੇ) ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਉਹ ਸੱਚਾ ਹੈ।
(6) 6਼ ਨਿਰਸੰਦੇਹ, ਕਰਮਾਂ ਦਾ ਬਦਲਾ ਜ਼ਰੂਰ ਮਿਲਣ ਵਾਲਾ ਹੈ।
(7) 7਼ ਸੁੰਹ ਹੈ ਉਨ੍ਹਾਂ ਅਕਾਸ਼ਾਂ ਦੀ ਜਿਹੜੇ ਰਾਹਾਂ ਵਾਲੇ ਹਨ।
(8) 8਼ ਬੇਸ਼ੱਕ ਤੁਸੀਂ (ਪਰਲੋਕ ਬਾਰੇ) ਵਾਦ ਵਿਵਾਦ ਵਿਚ ਪਏ ਹੋਏ ਹੋ।
(9) 9਼ ਉਸ ਈਮਾਨ ਤੋਂ ਉਹੀਓ ਬੇਮੁੱਖ ਹੁੰਦਾ ਹੈ ਜਿਹੜਾ ਭਲਾਈ ਤੋਂ ਬੇਮੁਖਾ ਹੋਵੇ।
(10) 10਼ ਅਟਕਲ-ਪੱਚੂ ਗੱਲਾਂ ਕਰਨ ਵਾਲੇ ਤਾਂ ਮਾਰੇ ਗਏ।
(11) 11਼ ਉਹ ਲੋਕ ਜਿਹੜੇ ਗਫ਼ਲਤ ਵਿਚ ਬੇ-ਸੁਰਤ ਹਨ।
(12) 12਼ ਉਹ ਪੁੱਛਦੇ ਹਨ ਕਿ ਬਦਲੇ ਵਾਲਾ ਦਿਨ ਕਦੋਂ ਆਵੇਗਾ ?
(13) 13਼ (ਪ੍ਰਲੋਕ ਉਸ ਦਿਨ ਆਵੇਗਾ) ਜਦੋਂ ਉਹ (ਬੇ-ਸੁਰਤ ਲੋਕ) ਅੱਗ ਵਿਚ ਸਾੜੇ ਜਾਣਗੇ।
(14) 14਼ ਅਤੇ ਆਖਿਆ ਜਾਵੇਗਾ ਕਿ ਹੁਣ ਆਪਣੇ ਅਜ਼ਾਬ ਦਾ ਸੁਆਦ ਵੇਖੋ, ਇਹੋ ਉਹ ਅਜ਼ਾਬ ਹੈ ਜਿਸ ਲਈ ਤੁਸੀਂ ਕਾਹਲੀ ਪਾ ਰਹੇ ਸੀ।
(15) 15਼ ਬੇਸ਼ੱਕ ਉਸ ਦਿਹਾੜੇ ਮੁੱਤਕੀ (ਭਾਵ ਰੱਬ ਤੋਂ ਡਰਨ ਵਾਲੇ) ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
(16) 16਼ ਜੋ ਵੀ ਉਹਨਾਂ ਦਾ ਰੱਬ ਉਹਨਾਂ ਨੂੰ ਦੇਵੇਗਾ, ਉਹ ਉਸ ਨੂੰ (ਖ਼ੁਸ਼ੀ ਖ਼ੁਸ਼ੀ) ਲੈ ਰਹੇ ਹੋਣਗੇ। ਬੇਸ਼ੱਕ ਉਹ ਇਸ (ਦਿਹਾੜੇ ਆਉਣ) ਤੋਂ ਪਹਿਲਾਂ ਨੇਕੀ ਕਰਨ ਵਾਲੇ ਲੋਕ ਸਨ।
(17) 17਼ ਉਹ ਰਾਤਾਂ ਨੂੰ ਬਹੁਤ ਹੀ ਘੱਟ ਸੌਂਦੇ ਸਨ।
(18) 18਼ ਅਤੇ ਉਹ ਸਰਘੀ ਵੇਲੇ ਬਖ਼ਸ਼ਿਸ਼ (ਦੀ ਦੁਆਵਾਂ) ਮੰਗਦੇ ਸਨ।
(19) 19਼ ਉਹਨਾਂ ਦੀ ਧਨ-ਦੌਲਤ ਵਿਚ ਮੰਗਤਿਆਂ ਤੇ ਮਹਿਰੂਮਾਂ (ਲੋੜਵੰਦਾਂ) ਦਾ ਵੀ ਹੱਕ ਹੁੰਦਾ ਸੀ।
1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 37/4
(20) 20਼ ਵਿਸ਼ਵਾਸ ਕਰਨ ਵਾਲਿਆਂ ਲਈ ਧਰਤੀ ਵਿਚ (ਬਹੁਤ ਸਾਰੀਆਂ) ਨਿਸ਼ਾਨੀਆਂ ਹਨ।
(21) 21਼ ਅਤੇ ਤੁਹਾਡੀ ਆਪਣੀ ਜ਼ਾਤ ਵਿਚ ਵੀ (ਨਿਸ਼ਾਨੀਆਂ) ਹਨ, ਕੀ ਫੇਰ ਵੀ ਤੁਸੀਂ ਵੇਖਦੇ ਨਹੀਂ ?
(22) 22਼ ਤੁਹਾਡੀ ਰੋਜ਼ੀ ਅਤੇ ਉਹ ਚੀਜ਼ ਵੀ (ਸਵਰਗ-ਨਰਕ) ਜਿਸ ਦਾ ਤੁਹਾਨੂੰ ਵਚਨ ਦਿੱਤਾ ਜਾ ਰਿਹਾ ਹੈ, ਅਕਾਸ਼ ਵਿਚ ਹੈ।
(23) 23਼ ਅਕਾਸ਼ ਤੇ ਧਰਤੀ ਦੇ ਰੱਬ ਦੀ ਸੁੰਹ, ਇਹ (ਕਿਆਮਤ) ਇਕ ਅਟੱਲ ਸੱਚਾਈ ਹੈ, ਜਿਵੇਂ ਤੁਹਾਡਾ ਬੋਲਣਾ।
(24) 24਼ (ਹੇ ਨਬੀ!) ਕੀ ਤੁਹਾਡੇ ਕੋਲ ਇਬਰਾਹੀਮ ਦੇ ਪਤਵੰਤੇ ਮਹਿਮਾਨਾਂ ਦੀ ਖ਼ਬਰ ਪਹੁੰਚੀ ਹੈ ?
(25) 25਼ ਜਦੋਂ ਉਹ (ਫ਼ਰਿਸ਼ਤੇ ਮਹਿਮਾਨ ਬਣ ਕੇ) ਉਸ (ਇਬਰਾਹੀਮ) ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਆਖਿਆ ਇਬਰਾਹੀਮ ਨੇ ਆਖਿਆ ਕਿ ਤੁਹਾਨੂੰ ਵੀ ਸਲਾਮ ਹੋਵੇ, ਫੇਰ ਮਨ ਵਿਚ ਹੀ ਕਿਹਾ ਕਿ ਤੁਸੀਂ ਲੋਕ ਤਾਂ ਅਣਪਛਾਤੇ ਹੋ।
(26) 26਼ ਫੇਰ ਚੁਪ-ਚਪੀਤਾ ਆਪਣੇ ਘਰ ਆਇਆ ਅਤੇ ਇਕ ਮੋਟਾ ਤਾਜ਼ਾ (ਭੁੱਜਾ ਹੋਇਆ) ਵੱਛਾ ਲਿਆਇਆ।
(27) 27਼ ਅਤੇ ਉਹਨਾਂ ਅੱਗੇ ਪੇਸ਼ ਕੀਤਾ ਅਤੇ (ਜਦੋਂ ਉਹਨਾਂ ਨੇ ਨਹੀਂ ਖਾਇਆ ਤਾਂ) ਆਖਿਆ ਕਿ ਤੁਸੀਂ ਖਾਂਦੇ ਕਿਉਂ ਨਹੀਂ ?
(28) 28਼ ਫੇਰ ਉਹ (ਦਿਲ ਹੀ ਦਿਲ ਵਿਚ) ਉਹਨਾਂ ਕੋਲੋਂ ਡਰ ਗਿਆ। ਅਤੇ ਉਹਨਾਂ (ਮਹਿਮਾਨਾਂ) ਨੇ ਆਖਿਆ ਕਿ ਤੂੰ ਸਾਥੋਂ ਨਾ ਡਰ ਅਤੇ ਉਸ ਨੂੰ ਇਕ ਗਿਆਨਵਾਨ ਪੁੱਤਰ ਹੋਣ ਦੀ ਖ਼ੁਸ਼ਖ਼ਬਰੀ ਸੁਣਾਈ।
(29) 29਼ ਇਹ ਸੁਣ ਕੇ ਇਬਰਾਹੀਮ ਦੀ ਪਤਨੀ (ਸਾਰਾ) ਹਾਏ-ਦੁਹਾਈ ਪਾਉਂਦੀ ਹੋਈ ਸਾਹਮਣੇ ਆਈ, ਉਸ ਨੇ ਆਪਣਾ ਮੂੰਹ-ਮੱਥਾ ਪਿੱਟ ਲਿਆ ਤੇ ਆਖਿਆ ਕਿ ਮੈਂ ਇਕ ਬੁੱਢੀ ਬਾਂਝ ਹਾਂ (ਭਲਾਂ ਮੇਰੇ ਔਲਾਦ ਕਿਵੇਂ ਹੋਵੇਗੀ)।1
1 ਜਦੋਂ ਹਜ਼ਰਤ ਸਾਰਾ ਨੇ ਇਹ ਕਿਹਾ ਸੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ਉਸ ਸਮੇਂ ਹਜ਼ਰਤ ਸਾਰਾ ਦੀ ਉਮਰ 99 ਸਾਲ ਸੀ।
(30) 30਼ ਉਹਨਾਂ (ਫ਼ਰਿਸ਼ਤਿਆਂ) ਨੇ ਆਖਿਆ ਕਿ ਤੁਹਾਡੇ ਰੱਬ ਨੇ ਇਹੋ ਫ਼ਰਮਾਇਆ ਹੈ। ਬੇਸ਼ੱਕ ਉਹ ਯੁਕਤੀਮਾਨ ਤੇ ਵੱਡਾ ਜਾਣਨਹਾਰ ਹੈ।
(31) 31਼ ਇਬਰਾਹੀਮ ਨੇ ਪੁੱਛਿਆ, ਹੇ ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਕੀ ਉਦੇਸ਼ ਹੈ?
(32) 32਼ ਉਹਨਾਂ ਨੇ ਆਖਿਆ ਕਿ ਸਾਨੂੰ ਇਕ ਅਪਰਾਧੀ ਕੌਮ ਵੱਲ ਭੇਜਿਆ ਗਿਆ ਹੈ।
(33) 33਼ ਤਾਂ ਜੋ ਅਸੀਂ ਉਸ ’ਤੇ ਖੰਘਰਾਂ ਦਾ ਮੀਂਹ ਵਰ੍ਹਾ ਦੇਈਏ।
(34) 34਼ ਜਿਹੜੇ ਤੁਹਾਡੇ ਰੱਬ ਕੋਲ ਹੱਦੋਂ ਟੱਪਣ ਵਾਲਿਆਂ (ਉੱਤੇ ਸੁੱਟਣ) ਲਈ ਨਿਸ਼ਾਨ ਲਾਏ ਪਏ ਹਨ।
(35) 35਼ ਫੇਰ ਅਸੀਂ ਉਸ ਬਸਤੀ ਵਿੱਚੋਂ ਈਮਾਨ ਵਾਲਿਆਂ ਨੂੰ ਕੱਢ ਲਿਆ।
(36) 36਼ ਅਸੀਂ ਉੱਥੇ ਕੇਵਲ ਇਕ ਹੀ ਘਰ ਮੁਸਲਮਾਨਾਂ (ਆਗਿਆਕਾਰੀਆਂ) ਦਾ ਵੇਖਿਆ।1
1 ਇਕ ਹਦੀਸ ਵਿਚ ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਮੇਰੀ ਉਮਤ ਵਿਚ ਇਕ ਧੜਾ ਸਦਾ ਹੀ ਹੱਕ ਉੱਤੇ ਕਾਇਮ ਰਹੇਗਾ। ਜੋ ਕੋਈ ਵੀ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੇਗਾ ਜਾਂ ਝੁਠਲਾਏਗਾ ਉਹ ਉਨ੍ਹਾਂ ਦਾ ਕੁਝ ਨਹੀਂ ਬਿਗਾੜ ਸਕੇਗਾ। ਇਥੋਂ ਤੱਕ ਕਿ ਅੱਲਾਹ ਦਾ ਹੁਕਮ ਆ ਪਹੁੰਚੇਗਾ ਅਤੇ ਉਹ ਇਸੇ ਹਾਲਤ ਵਿਚ ਰਹਿਣਗੇ। (ਸਹੀ ਬੁਖ਼ਾਰੀ, ਹਦੀਸ: 7460)
(37) 37਼ ਅਸੀਂ ਉਹਨਾਂ ਲੋਕਾਂ ਲਈ, ਜਿਹੜੇ ਦੁਖਦਾਈ ਅਜ਼ਾਬ ਤੋਂ ਡਰਦੇ ਹਨ, ਇਕ ਨਿਸ਼ਾਨੀ ਰੱਖ ਛੱਡੀ।
(38) 38਼ ਮੂਸਾ ਦੇ ਕਿੱਸੇ ਵਿਚ ਵੀ ਇਕ ਵੱਡੀ ਨਿਸ਼ਾਨੀ ਹੈ, ਜਦੋਂ ਅਸੀਂ ਉਸ ਨੂੰ ਫ਼ਿਰਔਨ ਵੱਲ ਇਕ ਮੋਅਜਜ਼ਾ (ਸਪਸ਼ਟ ਦਲੀਲਾਂ) ਦੇਕੇ ਭੇਜਿਆ।
(39) 39਼ ਉਸ ਨੇ ਆਪਣੀ ਤਾਕਤ ਦੇ ਬਲਬੂਤੇ ’ਤੇ ਹੱਕ ਤੋਂ ਮੂੰਹ ਮੋੜਿਆ ਅਤੇ ਕਿਹਾ ਕਿ ਮੂਸਾ ਤਾਂ ਜਾਦੂਗਰ ਹੈ ਜਾਂ ਸੁਦਾਈ ਹੈ।
(40) 40਼ ਅੰਤ ਅਸੀਂ ਉਸ ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ ਲਿਆ ਅਤੇ ਉਹਨਾਂ ਸਾਰਿਆਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਕਿਉਂ ਜੋ ਉਹ ਨਿੰਦਨ ਯੋਗ ਕੰਮ ਕਰਦੇ ਸਨ।
(41) 41਼ ਆਦ ਦੇ ਕਿੱਸੇ ਵਿਚ ਵੀ ਨਿਸ਼ਾਨੀਆਂ ਹਨ, ਅਸੀਂ ਉਹਨਾਂ ਉੱਤੇ ਇਕ ਅਸ਼ੁਭ ਹਨੇਰੀ ਭੇਜੀ।
(42) 42਼ ਜਿਸ ਉੱਤੋਂ ਵੀ ਉਹ ਲੰਘਦੀ ਉਸ ਨੂੰ ਚੂਰਾ-ਚੂਰਾ ਬਣਾ ਛੱਡਦੀ।
(43) 43਼ ਸਮੂਦ ਦੇ ਕਿੱਸੇ ਵਿਚ ਵੀ (ਕੁਦਰਤ ਦੀ) ਨਿਸ਼ਾਨੀ ਹੈ ਜਦੋਂ ਉਹਨਾਂ ਨੂੰ (ਉਹਨਾਂ ਦੇ ਰਸੂਲ ਨੇ) ਆਖਿਆ ਸੀ ਕਿ ਤੁਸੀਂ ਇਕ ਵਿਸ਼ੇਸ਼ ਸਮੇਂ ਤਕ (ਸੰਸਾਰ ਦਾ) ਲਾਭ ਉਠਾ ਲਓ।
(44) 44਼ ਪਰ ਉਹਨਾਂ ਨੇ ਆਪਣੇ ਰੱਬ ਦੇ ਹੁਕਮਾਂ ਦੀ ਉਲੰਘਨਾਂ ਕੀਤੀ, ਅੰਤ ਉਹਨਾਂ ਨੂੰ ਇਕ ਕੜਕ ਨੇ ਆ ਨੱਪਿਆ, ਜਦੋਂ ਕਿ ਉਹ ਉਸ ਨੂੰ ਵੇਖ ਰਹੇ ਸੀ।
(45) 45਼ ਫੇਰ ਨਾ ਤਾਂ ਉਹਨਾਂ ਵਿਚ ਉੱਠਣ ਦੀ ਹਿੱਮਤ ਸੀ ਤੇ ਨਾ ਹੀ ਉਹ ਆਪਣਾ ਬਦਲਾ ਲੈ ਸਕਦੇ ਸੀ।
(46) 46਼ ਇਸ ਤੋਂ ਪਹਿਲਾਂ ਅਸੀਂ ਨੂਹ ਦੀ ਕੌਮ ਨੂੰ ਹਲਾਕ ਕੀਤਾ, ਬੇਸ਼ੱਕ ਉਹ ਲੋਕ ਨਾ-ਫ਼ਰਮਾਨ ਸਨ।
(47) 47਼ ਅਕਾਸ਼ ਨੂੰ ਅਸੀਂ ਆਪਣੇ ਹੱਥੀ ਬਣਾਇਆ, ਬੇਸ਼ੱਕ ਅਸੀਂ ਇਸ ਦੀ ਸਮਰਥਾ ਰੱਖਦੇ ਹਾਂ।
(48) 48਼ ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ, ਅਸੀਂ ਕਿੰਨੇ ਵਧੀਆ ਵਿਛਾਉਣ ਵਾਲੇ ਹਾਂ।
(49) 49਼ ਅਸੀਂ ਹਰ ਜੀਵ-ਜੰਤੂ ਦਾ ਜੋੜਾ ਪੈਦਾ ਕੀਤਾ ਤਾਂ ਜੋ ਤੁਸੀਂ ਨਸੀਹਤ ਪ੍ਰਾਪਤ ਕਰ ਸਕੋ।
(50) 50਼ ਸੋ ਤੁਸੀਂ ਅੱਲਾਹ ਵੱਲ ਨੱਸੋ, ਮੈਂ ਤੁਹਾਨੂੰ ਉਸ (ਅਜ਼ਾਬ) ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
(51) 51਼ ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਬਣਾਓ, ਨਿਰਸੰਦੇਹ, ਮੈਂ ਤੁਹਾਨੂੰ ਇਸ ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।
(52) 52਼ ਇਸੇ ਤਰ੍ਹਾਂ ਜਿਹੜੇ ਲੋਕ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ ਤਾਂ ਉਹਨਾਂ ਨੇ ਬਸ ਇਹੋ ਆਖਿਆ ਕਿ ਇਹ ਤਾਂ ਜਾਦੂਗਰ ਹੈ ਜਾਂ ਕੋਈ ਸੁਦਾਈ ਹੈ।
(53) 53਼ ਕੀ ਉਹ ਇਕ ਦੂਜੇ ਨੂੰ ਇਹੋ ਗੱਲ ਦੱਸਦੇ ਆਏ ਹਨ ? ਨਹੀਂ ਸਗੋਂ ਉਹ ਤਾਂ ਸਾਰੇ ਬਾਗ਼ੀ ਹਨ।
(54) 54਼ (ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਮੂੰਹ ਫੇਰ ਲਓ ਤਾਂ ਤੁਹਾਡੇ ਲਈ ਕੋਈ ਗੁਨਾਹ ਨਹੀਂ।
(55) 55਼ ਸੋ ਤੁਸੀਂ ਨਸੀਹਤ ਕਰਦੇ ਰਹੋ ਕਿਉਂ ਜੋ ਨਸੀਹਤ ਕਰਨਾ ਈਮਾਨ ਵਾਲਿਆਂ ਲਈ ਲਾਹੇਵੰਦ ਹੈ।
(56) 56਼ ਮੈਂਨੇ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।
(57) 57਼ ਮੈਂ ਉਹਨਾਂ ਕੋਲੋਂ ਕੋਈ ਰੋਜ਼ੀ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਇਹ ਚਾਹੁੰਦਾ ਹਾਂ ਕਿ ਉਹ ਮੈਨੂੰ ਖਵਾਉਣ।
(58) 58਼ ਨਿਰਸੰਦੇਹ, ਅੱਲਾਹ ਤਾਂ ਆਪ ਹੀ ਰੋਜ਼ੀ ਦੇਣ ਵਾਲਾ ਹੈ, ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।
(59) 59਼ ਸੋ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਹਨ ਉਹਨਾਂ ਦੇ ਭਾਗਾਂ ਵਿਚ ਅਜ਼ਾਬ ਹੈ ਜਿਵੇਂ ਉਹਨਾਂ ਦੇ ਸਾਥੀਆਂ ਦੇ ਭਾਗਾਂ ਵਿਚ ਸੀ। ਇਸ ਲਈ ਇਹ ਲੋਕ ਮੈਂਥੋ (ਅਜ਼ਾਬ ਲਈ) ਕਾਹਲੀ ਨਾ ਪਾਉਣ।
(60) 60਼ ਅੰਤ ਇਨਕਾਰੀਆਂ ਲਈ ਬਰਬਾਦੀ ਹੈ, ਉਸ ਦਿਹਾੜੇ ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।1
1 ਹਜ਼ਰਤ ਅਨਸ ਨਬੀ (ਸ:) ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਉਨ੍ਹਾਂ ਨਰਕੀਆਂ ਤੋਂ ਪੱਛੇਗਾ ਜਿਨ੍ਹਾਂ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ ਕਿ ਜੇ ਤੁਹਾ` ਉਹ ਸਭ ਕੁਝ ਮਿਲੇ ਜਾਵੇ ਜੋ ਧਰਤੀ ਉੱਤੇ ਹੈ ਤਾਂ ਕੀ ਤੁਸੀਂ ਉਸ ਦੇ ਬਦਲੇ ਇਸ ਬਿਪਤਾ ਤੋਂ ਮੁਕਤੀ ਪਾਉਣਾ ਪਸੰਦ ਕਰੋਗੇ? ਉਹ ਆਖਣਗੇ ਕਿ ਹੇ ਅੱਲਾਹ! ਜ਼ਰੂਰ ਹੀ ਕਰਾਂਗੇ। ਅੱਲਾਹ ਆਖੇਗਾ ਕਿ ਜਦੋਂ ਤੁਸੀਂ ਆਦਮ ਦੀ ਪਿੱਠ ਵਿਚ ਸੀ ਤਾਂ ਮੈਨੇ ਤੁਹਾਥੋਂ ਇਸ ਤੋਂ ਬਹੁਤ ਹੀ ਘਟ ਮੰਗ ਕੀਤੀ ਸੀ। ਪਰ ਤੁਸੀਂ ਮੇਰੇ ਨਾਲ ਦੂਜਿਆਂ ਇਸ਼ਟਾਂ ਦੀ ਵੀ ਪੂਜਾ ਕਰਦੇ ਰਹੇ। ਸੋ ਹੁਣ ਤੁਸੀਂ ਨਰਕ ਦਾ ਵੀ ਸਵਾਦ ਲਵੋ। (ਸਹੀ ਬੁਖ਼ਾਰੀ, ਹਦੀਸ: 3334)