75 - Al-Qiyaama ()

|

(1) 1਼ ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ।

(2) 2਼ ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ।

(3) 3਼ ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ?

(4) 4਼ ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।1
1 ਇਹ ਇਕ ਸੱਚਾਈ ਹੈ ਕਿ ਹਰੇਕ ਵਿਅਕਤੀ ਦੇ ਵਿਸ਼ੇਸ਼ ਉਂਗਲਾ ਦੇ ਨਿਸ਼ਾਨ ਸੰਸਾਰ ਦੇ ਕਿਸੇ ਵੀ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਹ ਆਇਤ ਉਸੇ ਵੱਲ ਅਗਵਾਈ ਕਰਦੀ ਹੈ ਕਿ ਸਾਡਾ ਪਾਲਣਹਾਰ ਸਭ ਤੋਂ ਉੱਚਾ ਤੇ ਵਡਿਆਈ ਵਾਲਾ ਹੈ ਅਤੇ ਹਰੇਕ ਚੀਜ਼ ਦਾ ਬਣਾਉਣ ਵਾਲਾ ਉਹੀਓ ਹੈ, ਛੁੱਟ ਉਸ ਤੋਂ ਹੋਰ ਕੋਈ ਬੰਦਗੀ ਦੇ ਯੋਗ ਨਹੀਂ।

(5) 5਼ ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ।

(6) 6਼ ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ।

(7) 7਼ (ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ।

(8) 8਼ ਚੰਨ ਬੇ-ਨੂਰ ਹੋ ਜਾਵੇਗਾ।

(9) 9਼ ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। 2
2 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਦਿਹਾੜੇ ਸੂਰਜ ਤੇ ਚੰਨ ਦੋਵੇਂ ਬੇ-ਨੂਰ ਹੋ ਜਾਣਗੇ। (ਸਹੀ ਬੁਖ਼ਾਰੀ, ਹਦੀਸ: 3200)

(10) 10਼ ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ?

(11) 11਼ ਉੱਕਾ ਨਹੀਂ! ਉੱਥੇ ਕੋਈ ਸ਼ਰਨ-ਅਸਥਾਨ ਨਹੀਂ।

(12) 12਼ ਉਸ ਦਿਨ ਤੇਰੇ ਰੱਬ ਦੇ ਸਾਹਮਣੇ ਹੀ ਜਾ ਕੇ ਠਹਿਰਨਾ ਹੋਵੇਗਾ।

(13) 13਼ ਉਸ ਦਿਨ ਮਨੁੱਖ ਨੂੰ ਦੱਸ ਦਿੱਤਾ ਜਾਵੇਗਾ ਜੋ ਉਸ ਨੇ (ਚੰਗੇ ਜਾਂ ਮਾੜੇ ਕਰਮ) ਅੱਗੇ (ਆਖ਼ਿਰਤ ਲਈ) ਭੇਜੇ ਹਨ ਅਤੇ ਜੋ ਉਸ ਨੇ ਪਿੱਛੇ (ਦੁਨੀਆਂ ਵਿਚ) ਛੱਡੇ ਹਨ।

(14) 14਼ ਸਗੋਂ ਮਨੁੱਖ ਆਪੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

(15) 15਼ ਉਹ ਭਾਵੇਂ ਕਿੰਨੇ ਹੀ ਬਹਾਨੇ ਪੇਸ਼ ਕਰੇ।

(16) 16਼ (ਹੇ ਨਬੀ!) ਤੁਸੀਂ ਇਸ .ਕੁਰਆਨ ਨੂੰ ਛੇਤੀ ਯਾਦ ਕਰਨ ਲਈ ਆਪਣੀ ਜ਼ੁਬਾਨ ਨੂੰ (ਛੇਤੀ-ਛੇਤੀ) ਹਰਕਤ ਨਾ ਦਿਓ।

(17) 17਼ ਇਸ ਨੂੰ (ਤੁਹਾਡੇ ਸੀਨੇ ਵਿਚ) ਜਮ੍ਹਾਂ ਕਰਨਾ ਅਤੇ ਇਸ ਨੂੰ (ਆਪ ਜੀ ਤੋਂ) ਪੜ੍ਹਵਾ ਦੇਣਾ ਸਾਡੇ ਜ਼ਿੰਮੇ ਹੈ।

(18) 18਼ ਜਦੋਂ ਅਸੀਂ ਤੁਹਾਨੂੰ ਇਸ ਨੂੰ ਪੜ੍ਹਵਾ ਚੁੱਕੀਏ ਤਾਂ ਉਸ ਪੜ੍ਹਾਈ ਦੀ ਪਾਲਣਾ ਕਰੋ।

(19) 19਼ ਫੇਰ ਇਸ ਦੀ ਵਿਆਖਿਆ ਕਰਨਾ ਸਾਡੇ ਜ਼ਿੰਮੇ ਹੈ।

(20) 20਼ ਉੱਕਾ ਹੀ ਨਹੀਂ! ਸਗੋਂ ਤੁਸੀਂ ਲੋਕ ਤਾਂ ਦੁਨੀਆਂ ਨੂੰ ਹੀ ਪਸੰਦ ਕਰਦੇ ਹੋ।

(21) 21਼ ਅਤੇ ਆਖ਼ਿਰਤ (ਦੀ ਚਿੰਤਾ) ਨੂੰ ਛੱਡ ਦਿੰਦੇ ਹੋ।

(22) 22਼ ਉਸ (ਕਿਆਮਤ) ਦਿਹਾੜੇ ਕਈ ਚਿਹਰੇ ਲਹਿ-ਲਹਿ ਕਰਦੇ ਹੋਣਗੇ।

(23) 23਼ ਆਪਣੇ ਰੱਬ ਵੱਲ ਵੇਖ ਰਹੇ ਹੋਣਗੇ।

(24) 24਼ ਉਸ (ਕਿਆਮਤ) ਦਿਹਾੜੇ ਕਈ ਚਿਹਰੇ ਉਦਾਸ ਹੋਣਗੇ।

(25) 25਼ ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ।

(26) 26਼ ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ।

(27) 27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?

(28) 28਼ ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ।

(29) 29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1
1। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਘਬਰਾਹਟ ਵਿਚ ਹੋਰ ਵੀ ਬਿਪਤਾ ਦਾ ਵਾਧਾ ਹੋ ਜਾਵੇਗਾ ਭਾਵ ਮੌਤ ਤੇ ਮੌਤ ਮਗਰੋਂ ਹੋਣ ਵਾਲੀ ਘਬਰਾਹਟ ਤੇ ਪਰੇਸ਼ਾਨੀ। (ਤਫ਼ਸੀਰ ਤਿਬਰੀ, ਹਦੀਸ: 243/29)

(30) 30਼ ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ।

(31) 31਼ ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ।

(32) 32਼ ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ।

(33) 33਼ ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ।

(34) 34਼ ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ।

(35) 35਼ ਬਰਬਾਦੀ ਹੀ ਬਰਬਾਦੀ ਹੈ ਤੇਰੇ ਲਈ।

(36) 36਼ ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ (ਭਾਵ ਬਿਨਾਂ ਹਿਸਾਬ ਕਿਤਾਬ ਤੋਂ) ਛੱਡ ਦਿੱਤਾ ਜਾਵੇਗਾ।

(37) 37਼ ਕੀ ਉਹ ਵੀਰਜ ਦੀ ਇਕ ਬੂੰਦ ਨਹੀਂ ਸੀ ਜਿਹੜੀ (ਮਾਂ ਦੇ) ਗਰਭ ਵਿਚ ਟਪਕਾਈ ਜਾਂਦੀ ਹੈ।

(38) 38਼ ਫੇਰ ਉਹ ਲੋਥੜਾ ਬਣਿਆ, ਫੇਰ ਅੱਲਾਹ ਨੇ ਉਸ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਗ ਠੀਕ-ਠਾਕ ਕੀਤੇ।1
1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 5/22

(39) 39਼ ਫੇਰ ਉਸ ਤੋਂ ਨਰ ਤੇ ਮਦੀਨ ਦਾ ਜੋੜਾ ਬਣਾਇਆ।

(40) 40਼ ਫੇਰ ਕੀ ਉਹ (ਅੱਲਾਹ) ਇਸ ਦੀ ਸਮਰਥਾ ਨਹੀਂ ਰੱਖਦਾ ਕਿ ਮੁਰਦਿਆਂ ਨੂੰ ਜਿਊਂਦਾ ਕਰ ਦੇਵੇ।