78 - An-Naba ()

|

(1) 1਼ ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ?

(2) 2਼ ਕੀ ਉਸ ਵੱਡੀ ਸੂਚਨਾ ਬਾਰੇ ?

(3) 3਼ ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ।

(4) 4਼ ਉਹ ਛੇਤੀ ਹੀ ਜਾਣ ਲੈਣਗੇ।

(5) 5਼ ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।

(6) 6਼ ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ?

(7) 7਼ ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?

(8) 8਼ ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ।

(9) 9਼ ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?

(10) 10਼ ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ।

(11) 11਼ ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ।

(12) 12਼ ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ।

(13) 13਼ ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ।

(14) 14਼ ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ।

(15) 15਼ ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ।

(16) 16਼ ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।

(17) 17਼ ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ।

(18) 18਼ ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ।

(19) 19਼ ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।

(20) 20਼ ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ।

(21) 21਼ ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।

(22) 22਼ ਬਾਗ਼ੀਆਂ ਦਾ ਇਹੋ ਟਿਕਾਣਾ ਹੈ।

(23) 23਼ ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ।

(24) 24਼ ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ।

(25) 25਼ ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ।

(26) 26਼ ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ।

(27) 27਼ ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।

(28) 28਼ (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ।

(29) 29਼ ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ।

(30) 30਼ ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ।

(31) 31਼ ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ।

(32) 32਼ (ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ।

(33) 33਼ ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।

(34) 34਼ ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ।

(35) 35਼ ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ।

(36) 36਼ ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।1
1। ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9

(37) 37਼ (ਇਹ ਇਨਾਮ ਉਸ ਰੱਬ ਵੱਲੋਂ ਮਿਲੇਗਾ) ਜਿਹੜਾ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਇਹਨਾਂ ਵਿਚਕਾਰ ਹੈ, ਉਹਨਾਂ ਸਭ ਦਾ ਰੱਬ ਹੈ ਅਤੇ ਵੱਡਾ ਬਖ਼ਸ਼ਣਹਾਰ ਹੈ।

(38) 38਼ ਜਿਸ ਦਿਨ ਰੂਹ (ਜਿਬਰਾਈਲ) ਅਤੇ (ਸਾਰੇ) ਫ਼ਰਿਸ਼ਤੇ ਕਤਾਰਾਂ ਵਿਚ ਖੜੇ ਹੋਣਗੇ ਤਾਂ ਉਸ (ਅੱਲਾਹ ਨਾਲ) ਉਹੀਓ ਕਲਾਮ ਕਰ ਸਕੇਗਾ, ਜਿਸ ਨੂੰ ਰਹਿਮਾਨ ਆਗਿਆ ਦੇਵੇਗਾ ਅਤੇ ਉਹ ਵੀ ਠੀਕ-ਠੀਕ ਗੱਲ ਆਖੇਗਾ।

(39) 39਼ ਇਹ ਦਿਨ ਹੋਣਾ ਹੱਕ ਹੈ, ਹੁਣ ਜੋ ਵੀ ਚਾਹੁੰਦਾ ਹੈ ਉਹ ਆਪਣੇ ਰੱਬ ਦੇ ਕੋਲ (ਵਧੀਆ) ਟਿਕਾਣਾ ਬਣਾ ਲਵੇ।

(40) 40਼ ਅਸੀਂ ਤੁਹਾਨੂੰ ਛੇਤੀ ਹੀ ਆਉਣ ਵਾਲੇ ਅਜ਼ਾਬ ਤੋਂ ਡਰਾ ਦਿੱਤਾ ਹੈ। ਉਸ ਦਿਨ ਮਨੁੱਖ ਉਹ ਸਭ ਕੁਝ ਵੇਖੇਗਾ ਜੋ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੋਵੇਗਾ ਅਤੇ ਕਾਫ਼ਿਰ ਆਖੇਗਾ ਕਿ ਕਾਸ਼! ਜੇ ਮੈਂ ਮਿੱਟੀ ਹੀ ਹੁੰਦਾ। (ਤਾਂ ਜੋ ਮੈਂ ਹਿਸਾਬ ਤੋਂ ਬਚ ਜਾਂਦਾ)