87 - Al-A'laa ()

|

(1) 1਼ ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।

(2) 2਼ ਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।

(3) 3਼ ਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।

(4) 4਼ ਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।

(5) 5਼ ਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।

(6) 6਼ ਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।

(7) 7਼ ਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।

(8) 8਼ ਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।

(9) 9਼ ਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।

(10) 10਼ ਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।

(11) 11਼ ਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।

(12) 12਼ ਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।

(13) 13਼ ਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।

(14) 14਼ ਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।

(15) 15਼ ਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।

(16) 16਼ ਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।

(17) 17਼ ਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।

(18) 18਼ ਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।

(19) 19਼ ਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।